ਹੁਣ ਪਰਚਾਰ ਦੀ ਨਹੀਂ ਘਾਟ…….
ਅੱਜ ਜਦੋਂ ਸਿੱਖੀ ਦਾ ਪ੍ਰਚਾਰ ਨਵੀਂ ਸਦੀ ਦੀਆਂ ਨਵੀਆਂ ਤਕਨੀਕਾਂ, ਟੀ. ਵੀ.ਚੈਨਲਾਂ, ਡਾਕੂਮੈਂਟਰੀ ਫਿਲਮਾਂ, ਕੀਰਤਨ ਦਰਬਾਰਾਂ, ਧਾਰਮਿਕ ਸਮਾਗਮਾਂ, ਨਗਰ ਕੀਰਤਨਾਂ, ਰਾਗੀਆਂ, ਢਾਡੀਆਂ, ਕਥਾਵਾਚਕਾਂ, ਧਾਰਮਿਕ ਸਭਾ ਸੁਸਾਇਟੀਆਂ ਰਾਹੀਂ ਵੱਡੀ ਪੱਧਰ ਤੇ ਹੋ ਰਿਹਾ ਹੈ ਅਤੇ ਸਿੱਖੀ ਪ੍ਰਚਾਰ ਦੀ ਇੱਕ ਲਹਿਰ ਵਿਖਾਈ ਦੀ ਰਹੀ ਹੈ, ਉਥੇ ਦੂਜੇ ਪਾਸੇ ਦਿਨੋ ਦਿਨ ਵੱਧਦੇ ਧਾਰਮਿਕ ਸਮਾਗਮਾਂ ਦੇ ਬਾਵਜੂਦ ਸਿੱਖ ਕੌਮ ’ਚੋਂ ਸਿੱਖੀ ਜੀਵਨ ਦੀ ਜਾਂਚ ਦੀ ਘਾਟ, ਗੁਰਮਤਿ ਪ੍ਰਤੀ ਬੇਮੁੱਖਤਾ ਵੀ ਵੱਧਦੀ ਜਾ ਰਹੀ ਹੈ। ਪ੍ਰਚਾਰ ਦੀ ਘਾਟ ਦਾ ਬਹਾਨਾ ਖ਼ਤਮ ਹੋ ਗਿਆ ਹੈ, ਪ੍ਰੰਤੂ ਪ੍ਰਚਾਰ ਦਾ ਨਤੀਜਾ ਮਨਫ਼ੀ ਹੈ। ਜਿਸ ਤੋਂ ਇਹ ਸਾਫ਼ ਹੈ ਕਿ ਧਰਮ-ਪ੍ਰਚਾਰ ਦੀ ਦਿਸ਼ਾ ’ਚ ਕਿਤੇ ਨਾ ਕਿਤੇ ਕੋਈ ਗਲਤੀ ਜ਼ਰੂਰ ਹੈ, ਜਿਸ ਨੂੰ ਫੜ੍ਹੇ ਅਤੇ ਫਿਰ ਦੂਰ ਕੀਤੇ ਬਿਨਾਂ ਪ੍ਰਚਾਰ ਦੀ ਇਸ ਹਨੇਰੀ ਦਾ ਕੋਈ ਲਾਭ ਨਹੀਂ ਹੋਣ ਵਾਲਾ ਹੈ।
ਅਸਲ ’ਚ ਜਿਥੇ ਬਾਣੀ ਤੇ ਬਾਣੇ ਦੇ ਧਾਰਨੀ ਗੁਰਮਤਿ ਦੇ ਗਾਡੀ ਰਾਹ ਤੇ ਸਾਬਤ ਕਦਮੀ ਚੱਲਣ ਵਾਲੇ ਗੁਰਸਿੱਖ ਆਲੋਪ ਹੋ ਰਹੇ ਹਨ, ਉਥੇ ਸਿੱਖੀ ਦੇ ਮੁੱਢਲੇ ਸਿਧਾਂਤਾਂ, ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ, ਨਿਰਲੇਪ ਰਹਿਣਾ ਅਤੇ ਭਾਣਾ ਮੰਨਣ ਨੂੰ ਕੌਮ ਨੇ ਵਿਸਾਰ ਦਿੱਤਾ ਹੈ। ਜਦੋਂ ਧਰਤੀ ਹੀ ਜਰਖੇਜ਼ ਨਾ ਰਹੀ, ਫਿਰ ਉਸਤੇ ਸਿੱਖੀ ਦੀ ਫ਼ਸਲ ਕਿਵੇਂ ਲਹਿਰਾ ਸਕੇਗੀ। ਗੁਰਬਾਣੀ ਦੇ ਇਨ੍ਹਾਂ ਸਿਧਾਤਾਂ ਨੂੰ ਵਿਸਾਰ ਦਿੱਤੇ ਜਾਣ ਕਾਰਨ ਹੀ ਹੱਕ, ਸੱਚ ਤੇ ਨਿਆਂ ਤੇ ਅਧਾਰਿਤ ਹਲੀਮੀ ਰਾਜ ਦਾ ਸੰਕਲਪ ਆਲੋਪ ਹੋ ਗਿਆ ਹੈ।ਅਸੀਂ ਕੌਮ ਬਾਰੇ ਸੋਚਣਾ ਛੱਡ ਦਿੱਤਾ ਹੈ ਅਤੇ ਧਨ ਪਦਾਰਥ ਦੀ ਅੰਨ੍ਹੀ ਦੌੜ ’ਚ ਇੱਕ-ਦੂਜੇ ਦਾ ਗਲਾ ਕੱਟਣ ਦੀ ਆਪੋ-ਧਾਪੀ ’ਚ ਪੈ ਗਏ ਹਾਂ।
ਸਾਡੀ ਨਵੀਂ ਪੀੜ੍ਹੀ ਸਿੱਖੀ ਵਿਰਸੇ ਤੋਂ ਕੋਹਾਂ ਦੂਰ ਚਲੀ ਗਈ ਹੈ, ਕਿਉਂਕਿ ਉਹ ਆਪਣੇ ਵਿਰਸੇ ਤੋਂ ਜਾਣੂ ਹੀ ਨਹੀਂ, ਘਰ ’ਚ ਚੱਲਦੇ ਟੀ. ਵੀ. ਤੇ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦੇ ਸਿੱਧੇ ਪ੍ਰਸਾਰਣ ਤੋਂ ਇਲਾਵਾ ਹਰ ਵੱਡੇ ਧਾਰਮਿਕ ਸਮਾਗਮ ਨੂੰ ਲਾਈਵ ਵਿਖਾਇਆ ਜਾ ਰਿਹਾ ਹੈ, ਪ੍ਰੰਤੂ ਉਸਨੂੰ ਵੇਖਣ ਵਾਲੇ ਵੱਡੀ ਉਮਰ ਵਾਲੇ ਹੀ ਹਨ, ਨਵੀਂ ਪੀੜ੍ਹੀ ਨੂੰ ਸਿੱਖ ਸੱਭਿਅਤਾ, ਵਿਰਸੇ ਤੇ ਸਿੱਖੀ ਸਿਧਾਂਤਾਂ ਨਾਲ ਜੋੜ੍ਹਨ ਲਈ ਜਿਹੜੇ ਉਪਰਾਲਿਆਂ ਦੀ ਲੋੜ ਹੈ, ਉਸ ਬਾਰੇ ਕੌਮ ਦੇ ਆਗੂਆਂ ਨੇ ਕਦੇ ਸੋਚਣ ਦੀ ਲੋੜ ਹੀ ਨਹੀਂ ਸਮਝੀ, ਜਿਸ ਕਾਰਨ ਨਗਰ ਕੀਰਤਨਾਂ, ਲੰਗਰਾਂ, ਪ੍ਰਭਾਤ ਫੇਰੀਆਂ ’ਚ ਮੂਹਰੇ ਹੋ ਕੇ ਵੱਧ ਚੜ੍ਹ ਕੇ ਸੇਵਾ ਕਰਨ ਵਾਲੇ, ਘੋਨੇ-ਮੋਨੇ, ਸ਼ਾਮ ਨੂੰ ਠੇਕੇ ਤੱਕ ਪੁੱਜਣ ਤੋਂ ਪਹਿਲਾ ਹੀ ਸਿਰ ਤੇ ਬੰਨ੍ਹਿਆ ‘ਪੀਲਾ ਪਰਨਾ’ ਅਕਸਰ ਲਾਹ ਦਿੰਦੇ ਹਨ, ਉਨ੍ਹਾਂ ਦੇ ਮਨ ਅੰਦਰੋਂ-ਅੰਦਰੋਂ ਆਪਣੀ ਵਿਰਾਸਤ ਨਾਲ ਜ਼ਰੂਰ ਜੁੜੇ ਹੋਏ ਹਨ, ਪ੍ਰੰਤੂ ਬਾਹਰ ਮੁਖੀ ਪ੍ਰਭਾਵ ਉਨ੍ਹਾਂ ਨੂੰ ਸਿੱਖੀ ਤੋਂ ਦੂਰ ਲੈ ਜਾਂਦੇ ਹਨ, ਇਸ ਵਰਤਾਰੇ ਨੂੰ ਸਮਝਣ ਅਤੇ ਨਵੀਂ ਪੀੜ੍ਹੀ ਦੇ ਮਨ ਟਟੋਲ ਕੇ ਉਨ੍ਹਾਂ ਦੀ ਤਾਰ ਮੁੜ ਤੋਂ ਸਿੱਖੀ ਧੁਰੇ ਨਾਲ ਜੋੜ੍ਹਣ ਦੀ ਵੱਡੀ ਲੋੜ ਹੈ।
ਜਦੋਂ ਤੱਕ ਅਸੀਂ ਨਵੀਂ ਪੀੜ੍ਹੀ ਨੂੰ ਗੁਰਮਤਿ ਦੇ ਸਾਰੇ ਖੂਬਸੂਰਤ ਪੱਖ ਜਿਹੜੇ ਇੱਕ ਮਨੁੱਖ ਨੂੰ ਪਰਮ ਮਨੁੱਖ ਬਣਾਉਂਦੇ ਹਨ, ਉਨ੍ਹਾਂ ਦੇ ਵਾਸਤਵਿਕ ਚਾਨਣ ਨਹੀਂ ਕਰਵਾਉਂਦੇ, ਉਹ ਭਟਕੇ ਹੀ ਰਹਿਣਗੇ। ਗੁਰਮਤਿ ਦਾ ਸੱਭ ਤੋਂ ਖੂਬਸੂਰਤ ਪੱਖ, ਇਸਦਾ ਮਨੁੱਖ ਨੂੰ ਧਰਤੀ ਨਾਲ ਜੋੜ੍ਹਨਾ ਹੈ। ਉਤਮ ਸੁੱਖੀ ਜੀਵਨ ਜਿੳੂਣ ਦੀ ਪ੍ਰੇਰਨਾ ਦੇਣਾ ਹੈ। ਨਾਮ ਜਪਣਾ, ਅਗਿਆਨਤਾ ਦੇ ਹਨੇਰੇ ਨੂੰ ਛੱਡਣਾ ਅਤੇ ਕੁਦਰਤ ਦੇ ਨਿਯਮਾਂ ਅਨੁਸਾਰ ਆਪਣੇ-ਆਪ ਨੂੰ ਆਪਣੇ ਜੀਵਨ ਨਾਲ ਇਕ ਸੁਰ ਕਰਨਾ ਹੈ।ਗਿਆਨ ਪ੍ਰਾਪਤ ਕਰਨ ਨੂੰ ਗੁਰੂ ਸਾਹਿਬਾਨ ਨੇ ਕਰਮਾਂ ਨਾਲ ਜੋੜ੍ਹਿਆ ਹੈ। ਧਰਮੀ ਜੀਵਨ ਜਿੳੂਣ ਲਈ ਜ਼ਰੂਰੀ ਹੈ ਕਿ ਮਨੁੱਖ ਹੱਕ ਦੀ ਕਮਾਈ ਖਾਏ, ਪ੍ਰੰਤੂ ਅੱਜ ਦੇ ਪਦਾਰਥਵਾਦ ਦੀ ਦੌੜ ਨੇ ‘ਹੱਕ ਦੀ ਕਮਾਈ’ ਵਾਲੇ ਅਧਿਆਏ ਨੂੰ ਇੱਕ ਤਰ੍ਹਾਂ ਲਾਂਭੇ ਹੀ ਕਰ ਦਿੱਤਾ ਹੈ, ਇਸੇ ਕਾਰਨ ਹੱਕ ਪਰਾਇਆ ਖਾਣ ਵਾਲਿਆਂ ਦੇ ਹਿਰਦੇ ‘ਅਸਾਂਤ’ ਹੋ ਗਏ ਹਨ ਅਤੇ ਉਹ ਸ਼ਾਂਤੀ ਦੀ ਥਾਂ, ਕਲੇਸ਼ ਦੇ ਦੂਤ ਬਣਕੇ ਰਹਿ ਗਏ ਹਨ।
ਵੰਡ ਛਕਣਾ, ਮਨੁੱਖ-ਮਨੁੱਖ ’ਚ ਪੈਦਾ ਹੋਈ ਨਾ-ਬਰਾਬਰੀ ਨੂੰ ਖ਼ਤਮ ਕਰਨਾ ਸੀ ਅਤੇ ਲੰਗਰ ਵਰਗੀ ਮਹਾਨ ਪ੍ਰਥਾ ਵੀ ਇਸੇ ਸਿਧਾਂਤ ’ਚੋਂ ਹੀ ਨਿਕਲੀ ਹੋਈ ਹੈ। ਪ੍ਰੰਤੂ ਅੱਜ ਲੰਗਰ ਦੀ ਉਹ ਮਹਾਨ ਪ੍ਰਥਾ ਹੀ ਖ਼ਤਮ ਕੀਤੀ ਜਾ ਰਹੀ ਹੈ ਅਤੇ ‘ਲੰਗਰ’ ਸਿਰਫ਼ ਭੋਜਨ ’ਚ ਤਬਦੀਲ ਹੋ ਗਿਆ ਹੈ, ‘ਮੇਰਾ ਨਹੀਂ, ਸਭ ਕੁਝ ਤੇਰਾ’ ਦੀ ਭਾਵਨਾ ਖ਼ਤਮ ਹੋ ਗਈ ਹੈ। ਉਸਦੀ ਥਾਂ ‘ਮੈਂ ਵਾਲੀ ਹੳੂਮੈ ਨੇ’ ਲੈ ਲਈ ਹੈ, ਜਿਸ ਕਾਰਨ ਨਿਰਲੇਪਤਾ ਖ਼ਤਮ ਹੋ ਗਈ ਹੈ। ਭਾਣਾ ਮੰਨਣਾ, ਗੁਰੂ ਨੂੰ ਸਮਰਪਿਤ ਹੋਣ ਦਾ ਸਿਖ਼ਰ ਹੈ, ਪ੍ਰੰਤੂ ਬੌਣੀ ਮਾਨਸਿਕਤਾ ਭਾਣਾ ਮੰਨਣ ਦੇ ਕਦਾਚਿਤ ਸਮਰੱਥ ਨਹੀਂ ਹੋ ਸਕਦੀ ਹੈ।
ਜਸਪਾਲ ਸਿੰਘ ਹੇਰਾਂ