-: ਗੁਰਬਾਣੀ ਉਤਾਰੇ ਵੇਲੇ ਹੋਈਆਂ ਗ਼ਲਤੀਆਂ- ਭਾਗ 3 :-
‘ੴ ਸਤਿ ਗੁਰਪ੍ਰਸਾਦਿ’ ਜਾਂ ‘ੴ ਸਤਿਗੁਰ ਪ੍ਰਸਾਦਿ’:-
ਕੁਝ ਸਮਾਂ ਪਹਿਲਾਂ ਫੇਸਬੁਕ ਤੇ ਇਕ ਪੋਸਟ ਪਾਈ ਗਈ ਸੀ, ਜਿਸ ਵਿੱਚ ਕੁਝ ਸੱਜਣਾਂ ਵੱਲੋਂ ‘ੴ ਸਤਿਗੁਰ ਪ੍ਰਸਾਦਿ’ ਨੂੰ ਛਪਾਈ ਵੇਲੇ ਹੋਈ ਗ਼ਲਤੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਪੇਸ਼ ਹੈ ਉਸ ਸੰਬੰਧੀ ਜੋ ਵਿਚਾਰ ਵਟਾਂਦਰਾ ਹੋਇਆ (ਨੋਟ:- ਲੇਖ ਵਿੱਚ ਬੁਨਿਆਦੀ ਗਲਾਂ ਸਾਰੀਆਂ ਉਹੀ ਲਿਖੀਆਂ ਗਈਆਂ ਹਨ, ਜਿਵੇਂ ਵਿਚਾਰ ਵਟਾਂਦਰੇ ਦੌਰਾਨ ਹੋਈਆਂ ਸਨ।ਲੇਖ ਰੂਪ ਵਿੱਚ ਲਿਖਣ ਵੇਲੇ ਕੁਝ ਗੱਲਾਂ ਦਾ ਘਾਟਾ ਵਾਧਾ ਕੀਤਾ ਗਿਆ ਹੈ):-
ਮਨਪ੍ਰੀਤ ਸਿੰਘ:- ਅਸੀਂ ਜਦੋਂ ਪਾਠ ਕਰੀਦਾ ਹੈ ਤਾਂ ਮੂਲ ਮੰਤਰ’ਚ ਰੱਬ ਦੇ ਗੁਣ ਲਿਖੇ ਹਨ, ਤਾਂ ਅਖੀਰ’ਚ ਲਿਖਿਆ ਹੈ ਕਿ ਏਹੋ ਜੇਹਾ ਰੱਬ ਗੁਰ ਪ੍ਰਸਾਦਿ ਦੀ ਰਾਹੀਂ ਮਿਲਦਾ ਹੈ।ਭਾਵ ਗੁਰ ਪ੍ਰਸਾਦਿ ਗੁਰੂ ਦੇ ਰਾਹੀਂ ਜਾਂ ਦੁਆਰਾ।
ਜਦੋਂ ਅਸੀਂ ਹੋਰ ਬਾਣੀ ਪੜ੍ਹਦੇ ਹਾਂ ਤਾਂ ਇਵੇਂ ਮੰਗਲਾਚਰਨ ਆਉਂਦਾ ਹੈ:- “ੴ ਸਤਿਗੁਰ ਪ੍ਰਸਾਦਿ॥”
ਇਸ ਦਾ ਮਤਲਬ ਸਿੱਧਾ ਬਣਦਾ ਹੈ, ਰੱਬ ਇੱਕ ਹੈ, ‘ਸਤਿ’ ਮਤਲਬ ਸੱਚਾ ਹੈ, ਨਾਲ ਗੁਰ ਜੋੜ ਦਿੱਤਾ, ਇਸ ‘ਗੁਰ’ ਦਾ ਸੰਬੰਧ ਕਿਸ ਨਾਲ ਹੈ, ‘ਪ੍ਰਸਾਦਿ’ ਨਾਲ ਹੈ ਜਾਂ ‘ਸਤਿਗੁਰ’ ਨਾਲ?
ਅਤੇ ਜੇ ਆਖੋ ਕਿ ਸਤਗੁਰ ਨਾਲ ਹੈ, ਫਿਰ ਪ੍ਰਸਾਦਿ ਦਾ ਮਤਲਬ ਕੱਲੇ ਦਾ ਕੀ ਬਣ ਜਾਂਦਾ ਹੈ???
ਕੀ ਇਹ ਉੱਪਰ ਵਾਲਾ ਮੰਗਲ-ਰਚਨ ਸਹੀ ਹੈ ਜਾਂ “ੴ ਸਤਿ ਗੁਰਪ੍ਰਸਾਦਿ” ਵਾਲਾ ਸਹੀ ਅਰਥ ਰੱਖਦਾ ਹੈ???
ਜਿਸ ਦਾ ਬਤਲਬ ਹੈ, ਰੱਬ ਇੱਕ ਹੈ, ਉਸਦਾ ਨਾਮ ਸੱਚਾ ਹੈ, ਅਤੇ ਏਹੋ ਜੇਹਾ ਰੱਬ, ਗੁਰਪ੍ਰਸਾਦਿ ਦੁਆਰਾ ਮਤਲਬ ਗੁਰੂ ਦੁਆਰਾ ਮਿਲਦਾ ਹੈ।
ਆਉ ਸਾਰੇ ਦੋਨਾਂ ਅਰਥਾਂ ਨੂੰ ਸਾਹਮਣੇ ਰੱਖਕੇ ਵਿਚਾਰ ਕਰੀਏ ਕਿ “ੴ ਸਤਿ ਗੁਰਪ੍ਰਸਾਦਿ” ਜਾਂ “ੴ ਸਤਿਗੁਰ ਪ੍ਰਸਾਦਿ” ਇਹਨਾਂ ਦੋਨਾਂ’ਚ ਕਿਹੜਾ ਪੜ੍ਹਨਾ ਹੈ???
ਹਰਜਿੰਦਰ ਸਿੰਘ ਘੜਸਾਣਾ:- “ੴ ਸਤਿ ਗੁਰਪ੍ਰਸਾਦਿ॥” ਇਹ ਮੰਗਲ ਦੀ ਬਣਤਰ ਦਰੁਸਤ ਹੈ।
‘ਗੁਰਪ੍ਰਸਾਦਿ’ ਸੰਯੁਕਤ ਪਦ ਹੈ।ਇਕੱਠਾ ਪ੍ਰਿੰਟ ਹੋਵੇਗਾ।
‘ਸਤਿ’ ੴ ਦਾ ਵਿਸ਼ੇਸ਼ਣ ਹੈ, ‘ਗੁਰ’ ਦਾ ਨਹੀਂ।
ਸੋ ਸਮੂੰਹ ਬਾਰ ਦੀ ਬਣਤਰ- “ੴ ਸਤਿ ਗੁਰਪ੍ਰਸਾਦਿ” ਦਰੁਸਤ ਹੈ।
ਕੁਲਦੀਪ ਸਿੰਘ:- ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਠਾ ਕਿਉਂ ਲਿਖਿਆ ਜਾਂਦਾ ਹੈ?
ਪੂਜਾ ਆਰਿਯਾ:- ਪਹਿਲੇ ਇਹ ਲਿਖਤ ਲੜੀਵਾਰ ਸੀ।ਛਾਪੇ ਵਾਲੀਆਂ ਬੀੜਾਂ’ਚ ਬਦਲਾਵ ਆਇਆ ਸੀ ਟਰਾਂਸਲੇਸ਼ਨ ਦੇ ਵਕਤ।
ਹਰਜਿੰਦਰ ਸਿੰਘ ਘੜਸਾਣਾ:- ‘ਗੁਰ’ ਦਾ ਸੰਬੰਧ ‘ਪ੍ਰਸਾਦਿ’ ਨਾਲ ਹੈ।ਜਿੱਥੇ ਵੀ ਗੁਰਬਾਣੀ’ਚ ‘ਪ੍ਰਸਾਦਿ’ ਲਫਜ਼ ਆਉਂਦਾ ਹੈ, ‘ਪ੍ਰਸਾਦਿ’ ਦਾ ਸੰਬੰਧ ਉਸ ਤੋਂ ਅੱਗੇ ਆਏ ਅੱਖਰ ਨਾਲ ਹੁੰਦਾ ਹੈ।ਜਿਵੇਂ ‘ਸੰਤ ਪ੍ਰਸਾਦਿ, ਗੁਰ ਪ੍ਰਸਾਦਿ, ਕੱਲਾ ਪ੍ਰਸਾਦਿ ਕਿਤੇ ਗੁਰਬਾਣੀ’ਚ ਆਇਆ ਨਹੀਂ ਦਿਸੇਗਾ।
ਚਮਕੌਰ ਬਰਾੜ:- ‘ਸਤਿ’ ੴ ਦਾ ਵਿਸ਼ੇਸ਼ਣ ਹੈ ਅਤੇ ਗੁਰਪ੍ਰਸਾਦਿ ਨਾਲੋਂ ਵੱਖਰਾ ਹੋਣਾ ਚਾਹੀਦਾ ਦਾ ਹੈ।ਇਹ ਛਾਪੇ ਦੀ ਗ਼ਲਤੀ ਹੋਈ ਜਾਂ ਇਸ ਦੇ ਪਦ-ਛੇਦ ਕਰਨ ਵੇਲੇ ਕੋਈ ਗ਼ਲਤੀ ਰਹਿ ਗਈ।ਜਿੱਥੇ ਸੰਤ ਪ੍ਰਸਾਦਿ ਸ਼ਬਦ ਆਇਆ ਹੈ ਉੱਥੇ ਸੰਬੰਧ ਕਾਰਕ ਅਤੇ ‘ਪ੍ਰਸਾਦਿ’ ਪੂਰਵ ਪੂਰਣ ‘ਕਾਰਦੰਤ’ ਹੈ।
ਜਸਬੀਰ ਸਿੰਘ ਵਿਰਦੀ:- ਹਰਜਿੰਦਰ ਸਿੰਘ ਘੜਸਾਣਾ ਜੀ! ਤੁਸੀਂ ਲਿਖਿਆ ਹੈ- ਸਮੂੰਹ ਬਾਰ ਦੀ ਬਣਤਰ “ੴ ਸਤਿ ਗੁਰਪ੍ਰਸਾਦਿ” ਦਰੁਸਤ ਹੈ।
ਵੀਰ ਜੀ! ਫੇਰ ‘ਗੁਰਪ੍ਰਸਾਦਿ’ ਦੇ ਕੀ ਅਰਥ ਹੋਏ? “ੴ ਸਤਿ ਗੁਰਪ੍ਰਸਾਦਿ” ਦੇ ਕੀ ਅਰਥ ਹੋਣਗੇ?
ਗੁਰ ਅਤੇ ਪ੍ਰਸਾਦਿ ਦੇ ਵਿਚਾਲੇ ਲੁਪਤ ਸੰਬੰਧ ਕਾਰਕ ਹੈ ਜਾਂ ਨਹੀਂ? ਜੇ ਹੈ ਤਾਂ ‘ਗੁਰਪ੍ਰਸਾਦਿ ਦੇ ਅਰਥ ਕੀ ਹੋਣਗੇ?
ਹਰਜਿੰਦਰ ਸਿੰਘ ਘੜਸਾਣਾ:- ਗੁਰਪ੍ਰਸਾਦਿ ਦੋ ਵੱਖਰੇ-ਵੱਖਰੇ ਸ਼ਬਦਾਂ ‘ਗੁਰ’ ਅਤੇ ‘ਪ੍ਰਸਾਦਿ’ ਦੇ ਸੁਮੇਲ ਤੋਂ ਸਮਾਸੀ ਸ਼ਬਦ ਹੈ।ਸਮਾਸੀ ਸ਼ਬਦ ਸੰਯੁਕਤ ਰੂਪ ਹੁੰਦਾ ਹੈ।‘ਗੁਰ’ ਨਾਂਵ ਪੁਲਿੰਗ ਇਕ ਵਚਨ ਸੰਬੰਧ ਕਾਰਕ ਵਿੱਚ ਹੈ ਅਤੇ ‘ਪ੍ਰਸਾਦਿ’ ਇਸਤ੍ਰੀਲਿੰਗ ਨਾਂਵ ਇਕਵਚਨ ਕਰਣ ਕਾਰਕ ਵਿੱਚ ਹੈ।ਓਧਰ ‘ਇਕ ਓਅੰਕਾਰ (ਓਅੰ + ਅਕਾਰ) ਦਾ ਸੰਧੀ ਰੂਪ ਹੈ।‘ਸਤਿ’ ਸ਼ਬਦ ਪ੍ਰਾਕ੍ਰਿਤ ਤੋਂ ਤਦਭਵ ਰੂਪ ਹੋ ਕੇ ਇੱਕ ਸਧਾਰਨ ਨਾਂਵ ‘ਇਕ ਓਅੰਕਾਰ’ ਦਾ ਵਿਸ਼ੇਸ਼ਣ ਆਇਆ ਹੈ।ਜੇਕਰ ਸੰਬੰਧੀ ਨਾਂਵ ਦਾ ਵਿਸ਼ੇਸ਼ਣ ਸਧਾਰਨ ਰੂਪ ਵਿੱਚ ਹੋਵੇ ਤਾਂ ਜੁੜਤ ਪਦ ਹੁੰਦਾ ਹੈ।ਸੋ ਇਹਨਾਂ ਸਮੂੰਹ ਵਿਚਾਰ-ਅਧੀਨ ਸ਼ਬਦਾਂ ਦਾ ਅਰਥ ਬਣ ਜਾਂਦਾ ਹੈ ‘ਸਿਰਜਨਾਤਮਕ ਅਤੇ ਵਿਆਪਕ-ਸੱਤਾ-ਸੰਪੰਨ ਬ੍ਰਹਮ ਕੇਵਲ ਇੱਕ ਹੈ ਅਤੇ ਸਦੀਵੀ ਹੋਂਦ ਵਾਲਾ ਅਦੁੱਤੀ ਹੈ।ਗੁਰਬਾਣੀ ਵਿਆਕਰਣ ਅਨੁਸਾਰ ਇਸ ਪੰਗਲ ਦਾ ਸ਼ਬਦ-ਜੋੜ ਇਉਂ ਬਨਣਾ ਦਰੁੱਸਤ ਹੈ:- “ੴ ਸਤਿ ਗੁਰਪ੍ਰਸਾਦਿ”
ਹਾਂ ਜਿੱਥੇ ‘ਸਤਿਗੁਰੁ’ ਪਦ ਇਕੱਲੇ ਰੂਪ ਵਿੱਚ ਆਵੇ ਸਿਰਲੇਖ ਤੋਂ ਬਿਨਾਂ ਉਹ ਆਪਣੇ ਆਪ ਵਿੱਚ ਇੱਕ ਮੂਲ ਪਦ ਨਾਂਵ ਹੈ।ਉਹ ਇਕੱਠਾ ਰਹੇਗਾ।ਗੁਰਪ੍ਰਸਾਦਿ ਦਾ ਅਰਥ ਬਣ ਜਾਂਦਾ ਹੈ, ਐਸਾ ਬ੍ਰਹਮ, ਜੋ ਇਕ ਓਅੰਕਾਰ ਸਤਿ ਹੈ ਗੁਰੂ ਦੀ ਕਿਰਪਾ ਰਾਹੀਂ ਅਨੁਭਵ ਹੁੰਦਾ ਹੈ, ਗੁਰ ਕਿਰਪਾ ਨਾਲ ਪ੍ਰਾਪਤੀ ਸੰਭਵ ਹੈ।
ਜਸਬੀਰ ਸਿੰਘ ਵਿਰਦੀ:- ‘ਗੁਰਪ੍ਰਸਾਦਿ (ਗੁਰ ਪ੍ਰਸਾਦਿ)’ = ਗੁਰੂ ਦੀ ਕਿਰਪਾ ਰਾਹੀਂ ਅਨੁਭਵ ਹੁੰਦਾ ਹੈ, ਗੁਰ (ਦੀ) ਕਿਰਪਾ ਨਾਲ ਪ੍ਰਾਪਤੀ ਸੰਭਵ ਹੈ।
ਜੇ ਇਸ ਵਿੱਚ ‘ਦੀ’ ਆ ਗਿਆ (ਪ੍ਰਤੱਖ ਜਾਂ ਲੁਪਤ ਰੂਪ ਵਿੱਚ) ਤਾਂ ਸਮਾਸੀ ਕਿਵੇਂ ਰਹਿ ਗਿਆ?
ਹਰਜਿੰਦਰ ਸਿੰਘ ਘੜਸਾਣਾ:- ਸਮਾਸ ਦੋ ਸ਼ਬਦਾਂ ਦੇ ਜੋੜ ਤੋਂ ਬਣਦਾ ਹੈ।ਸਦਾ ਹੀ ਵਿਚਕਾਰ ਸੰਬੰਧਕੀ ਨਿਕਲਦਾ ਹੈ ਸਮਾਸੀ ਪਦ ਤੋਂ।ਜਿਵੇਂ:-
ਮੋਖਦੁਆਰ = ਮੁਕਤੀ ਦਾ ਦਰਵਾਜਾ (ਸੰਬੰਧ ਕਾਰਕ)
ਗੁਰਸਿਖ = ਗੁਰੂ ਦਾ ਸਿੱਖ (ਸੰਬੰਧ ਕਾਰਕ)
ਗੁਰਬਾਣੀ = ਗੁਰੂ ਦੀ ਬਾਣੀ (ਸੰਬੰਧ ਕਾਰਕ)
ਸਧਾਰਨ ਸਮਾਸੀ ਸ਼ਬਦ ਵਿੱਚੋਂ ਪ੍ਰਤਿਯ ਰੂਪ ਵਿੱਚ ਸੰਬੰਧ ਕਾਰਕ ਦਾ ਵਾਚੀ ਹੁੰਦਾ ਹੈ।ਬਹੁਬ੍ਰੀਹੀ ਸਮਾਸ ਵਿੱਚੋਂ ਕੋਈ ਸੰਬੰਧਕ ਨਹੀਂ ਹੁੰਦਾ, ਕਿਉਂਕਿ ਉਸ ਵਿੱਚ ਨਾਂਵ ਦੀ ਥਾਏਂ ਵਿਸ਼ੇਸ਼ਣ ਨੂੰ ਮੁਖ ਰੱਖਿਆ ਹੁੰਦਾ ਹੈ।ਜਿਵੇਂ:-
‘ਕਰਤਲ’ ਇਤਿਆਦਿ।
ਭਾਸ਼ਾਈ ਗਿਆਨ ਅਤੇ ਗੁਰਬਾਣੀ ਵਿਆਕਰਣ ਅਨੁਸਾਰ ‘ਗੁਰਪ੍ਰਸਾਦਿ’ ਜੁੜਤ ਪਦ ਹੀ ਰਹੇਗਾ!!
ਜਸਬੀਰ ਸਿੰਘ ਵਿਰਦੀ:- ਹਰਜਿੰਦਰ ਸਿੰਘ ਘੜਸਾਣਾ ਜੀ! ਪਹਿਲਾਂ ਤਾਂ ਮੈਂ ਆਪ ਜੀ ਤੋਂ ਜਾਨਣਾ ਚਾਹਾਂਗਾ ਕਿ ਵਿਆਕਰਣ ਦੇ ਜਿਹੜੇ ਨਿਯਮ ਤੁਸੀਂ ਦੱਸ ਰਹੇ ਹੋ, ਇਹ ਤੁਹਾਡੀ ਆਪਣੀ ਖੋਜ ਹੈ ਜਾਂ ਕਿਸੇ ਹੋਰ ਵਿਆਕਰਣ ਵਿੱਚੋਂ ਨਿਯਮ ਦੱਸ ਰਹੇ ਹੋ? ਜੇ ਤੁਹਾਡੀ ਆਪਣੀ ਖੋਜ ਹੈ ਤਾਂ ਮੈਂ ਜਾਨਣਾ ਚਾਹਾਂਗਾ ਕਿ ਤੁਹਾਡੀ ਖੋਜ ਦਾ ਆਧਾਰ ਕੀ ਹੈ, ਤੁਹਾਡੀ ਖੋਜ ਦਾ ਆਧਾਰ ਗੁਰਬਾਣੀ ਹੈ ਜਾਂ ਕੋਈ ਹੋਰ?
(ਨੋਟ- ਇਹ ਸਵਾਲ ਇਸ ਲਈ ਪੁੱਛਿਆ ਗਿਆ ਸੀ, ਕਿਉਂਕਿ ਹਰਜਿੰਦਰ ਸਿੰਘ ਜੀ ਲਿਖਦੇ ਹਨ- “ਜਿੱਥੇ ‘ਸਤਿਗੁਰੁ’ ਪਦ ਇਕੱਲੇ ਰੂਪ ਵਿੱਚ ਆਵੇ ਸਿਰਲੇਖ ਤੋਂ ਬਿਨਾਂ ਉਹ ਆਪਣੇ ਆਪ ਵਿੱਚ ਇੱਕ ਮੂਲ ਪਦ ਨਾਂਵ ਹੈ” --- ਅਤੇ ਮੈਨੂੰ ਨਹੀਂ ਲੱਗਦਾ ਕਿ ‘ਸਿਰਲੇਖ ਤੋਂ ਬਿਨਾ’ ਐਸਾ ਕੋਈ ਵਿਆਕਰਣ ਨਿਯਮ ਕਿਤੇ ਲਿਖਿਆ ਹੋਵੇ)
ਹਰਜਿੰਦਰ ਸਿੰਘ ਜੀ! ਬਹੁਬ੍ਰੀਹੀ ਸਮਾਸ ਦੀ ਜਿਹੜੀ ਪਰਿਭਾਸ਼ਾ ਤੁਸੀਂ ਦੱਸ ਰਹੇ ਹੋ, ਮੈਨੂੰ ਇਹ ਕੁਝ ਠੀਕ ਨਹੀਂ ਲੱਗਦੀ।ਮੇਰੀ ਸਮਝ ਮੁਤਾਬਕ ਬਹੁਬ੍ਰੀਹੀ ਸਮਾਸ ਉਹ ਹੈ ਜਿਸ ਦੇ ਮਿਲਾਏ ਗਏ ਦੋ ਪਦਾਂ ਤੋਂ ਕੋਈ ਸੰਕੇਤਕ ਅਰਥ ਵਾਲਾ ਸ਼ਬਦ ਬਣਦਾ ਹੋਵੇ।ਜਿਵੇਂ:- ਚਤੁਰਭੁਜ = ਚਾਰ ਬਾਹਾਂ ਵਾਲਾ, ਇਸਦਾ ਸੰਕੇਤਕ ਅਰਥ ਹੈ, “ਬ੍ਰਹਮਾ”। ਪੀਤੰਬਰ = ਪੀਲੇ ਬਸਤ੍ਰਾਂ ਵਾਲਾ, ਇਸ ਦਾ ਸੰਕੇਤਕ ਅਰਥ ਹੈ “ਕ੍ਰਿਸ਼ਨ”।
ਤੁਸੀਂ ਲਿਖਿਆ ਹੈ- “ਬਹੁਬ੍ਰੀਹੀ ਸਮਾਸ ਵਿੱਚ ਕੋਈ ਸੰਬੰਧਕ ਨਹੀਂ ਹੁੰਦਾ, ਕਿਉਂਕਿ ਉਸ ਵਿੱਚ ਨਾਂਵ ਦੀ ਥਾਏਂ ਵਿਸ਼ੇਸ਼ਣ ਨੂੰ ਮੁਖ ਰੱਖਿਆ ਹੁੰਦਾ ਹੈ।ਜਿਵੇਂ:-‘ਕਰਤਲ’
ਵੀਰ ਜੀ! ਮੇਰੀ ਸਮਝ ਮੁਤਾਬਕ ‘ਕਰਤਲ’ ਬਹੁਬ੍ਰੀਹੀ ਸਮਾਸ ਨਹੀਂ ਹੈ ਅਤੇ ਇਸ ਵਿੱਚ ਲੁਪਤ; ਦਾ, ਦੇ, ਦੀ ਵੀ ਸ਼ਾਮਲ ਹੈ- ਕਰਤਲ = ਹੱਥ ਦੀ ਤਲੀ।
ਹਰਜਿੰਦਰ ਸਿੰਘ ਘੜਸਾਣਾ ਜੀ! ‘ਸਤਿ ਨਾਮ (ਸਤਿਨਾਮ)’ ਦੇ ਅਰਥ ਤੁਸੀਂ ਸਮਝਾਏ ਹਨ:- ਉਚਾਰਣ ਸੇਧ- “ਇਸ ਦਾ ਉਚਾਰਣ ਅਲਗ ਅਲਗ ਕਰਨਾ ਹੈ, ਇਕੱਠਾ ਨਹੀਂ ‘ਸਤਿ ਨਾਮ’।
ਪਦ ਅਰਥ:- ‘ਸਤਿ’ ਹੋਂਦ ਵਾਲਾ (ਵਿਸ਼ੇਸ਼ਣ ਹੈ)
ਅਰਥ:- ਸਦਾ ਅਟੱਲ ਰਹਿਣ ਵਾਲੇ ਇੱਕ ਓਅੰਕਾਰ ਬ੍ਰਹਮ ‘ਦਾ’ ‘ਨਾਮ ਵੀ ਸਦੀਵੀ ਹੋਂਦ ਵਾਲਾ ਹੈ’।
ਅੱਗੇ ਤੁਸੀਂ ਲਿਖਿਆ ਹੈ- “ਜੇਕਰ ਸੰਬੰਧੀ ਨਾਂਵ ਦਾ ਕੋਈ ਵਿਸ਼ੇਸ਼ਣ ਸਧਾਰਣ ਰੂਪ ਵਿੱਚ ਹੋਵੇ ਤਾਂ ਜੁੜਤ ਪਦ ਹੁੰਦਾ ਹੈ”।
ਹਰਜਿੰਦਰ ਸਿੰਘ ਜੀ! ਮਿਸਾਲ ਦੇ ਤੌਰ ਤੇ- ਗੋਪਾਲ ਦਾ ਘੋੜਾ ਚਿੱਟਾ ਹੈ।ਇਸ ਵਿੱਚ ਚਿੱਟਾ ਕਿਸ ਦਾ ਵਿਸ਼ੇਸ਼ਣ ਹੈ? ‘ਗੋਪਾਲ’ ਦਾ ਜਾਂ ‘ਘੋੜੇ’ ਦਾ? ਮੇਰੀ ਸਮਝ ਮੁਤਾਬਕ ‘ਘੋੜੇ’ ਦਾ।
ਇਸੇ ਤਰ੍ਹਾਂ “ਬ੍ਰਹਮ ਦਾ ਨਾਮ ਹੋਂਦ ਵਾਲਾ ਹੈ”। ਦੱਸੋਗੇ ਕਿ ‘ਹੋਂਦ ਵਾਲਾ’ ਕਿਸ ਦਾ ਵਿਸ਼ੇਸ਼ਣ ਹੋਇਆ, ‘ਬ੍ਰਹਮ’ ਦਾ ਜਾਂ ‘ਨਾਮ’ ਦਾ? ਉੱਪਰ ਦਿੱਤੀ ਉਦਾਹਰਣ ਮੁਤਾਬਕ, ‘ਹੋਂਦ ਵਾਲਾ’ ‘ਨਾਮ’ ਦਾ ਵਿਸ਼ੇਸ਼ਣ ਹੋਇਆ ‘ਬ੍ਰਹਮ’ ਦਾ ਨਹੀਂ।ਇਸ ਤਰ੍ਹਾਂ ‘ਸਤਿ’ ਨਾਮ ਦੇ ਨਾਲ ਜੁੜਤ ਪਦ ਹੋਣਾ ਚਾਹੀਦਾ ਹੈ, ਜਾਂ ‘ਬ੍ਰਹਮ’ ਦੇ ਨਾਲ?
ਤੁਸੀਂ ਲਿਖਿਆ ਹੈ- “ਗੁਰਪ੍ਰਸਾਦਿ ਦਾ ਅਰਥ ਬਣ ਜਾਂਦਾ ਹੈ- ਐਸਾ ਬ੍ਰਹਮ ਜੋ ‘ਇੱਕ ਓਅੰਕਾਰ ਸਤਿ ਹੈ”
ਵੀਰ ਜੀ! “ਜੋ ਇਕ ਓਅੰਕਾਰ ਸਤਿ ਹੈ” ਇਹ ਕੀ ਬਣਿਆ? ਇਸ ਦਾ ਕੋਈ ਮਤਲਬ ਵੀ ਬਣਦਾ ਹੈ? ਕੀ ਇਹ ਜ਼ਬਰਦਸਤੀ ‘ਸਤਿ’ ਨੂੰ ‘ਨਾਮ’ ਨਾਲੋਂ ਵੱਖ ਕਰਕੇ ‘ਓਅੰਕਾਰ’ ਨਾਲ ਜੋੜਨ ਦੀ ਕੋਸ਼ਿਸ਼ ਨਹੀਂ? ਕੀ- ‘ਐਸਾ ਬ੍ਰਹਮ ਜੋ ਹੋਂਦ ਵਾਲਾ ਹੈ’ ਨਹੀਂ ਹੋਣਾ ਚਾਹੀਦਾ?
ਤੁਸੀਂ ਲਿਖਿਆ ਹੈ- “ਜਿੱਥੇ ਸਤਿਗੁਰੁ ਪਦ ਇਕੱਲੇ ਰੂਪ ਵਿੱਚ ਆਵੇ, ਸਿਰਲੇਖ ਤੋਂ ਬਿਨਾ ਆਪਣੇ ਆਪ ਵਿੱਚ ਇੱਕ ਮੂਲ ਪਦ ਨਾਂਵ ਹੈ, ਇਹ ਇਕੱਠਾ ਰਹੇਗਾ”
ਵੀਰ ਜੀ! ਜਿਹੜਾ ਤੁਸੀਂ ਲਿਖਿਆ ਹੈ- “ਸਿਰਲੇਖ ਤੋਂ ਬਿਨਾ” ਇਹ ਵੀ ਵਿਆਕਰਣ ਦਾ ਕੋਈ ਨਿਯਮ ਹੈ ਜਾਂ ਤੁਹਾਨੂੰ ਜੋ ਠੀਕ ਲੱਗਦਾ ਹੈ, ਉਹੀ ਨਿਯਮ ਬਣ ਜਾਂਦਾ ਹੈ? ਕੀ ਸਿਰਲੇਖ ਵਿੱਚ ਵਰਤੇ ਗਏ ਵਿਆਕਰਣ-ਨਿਯਮ ਬਾਕੀ ਬਾਣੀ ਵਿੱਚ ਵਰਤੇ ਗਏ ਵਿਆਕਰਣ-ਨਿਯਮਾਂ ਨਾਲੋਂ ਵੱਖਰੇ ਹਨ?
----------
ਨੋਟ:- ਇਸ ਤੋਂ ਅੱਗੇ ਹਰਜਿੰਦਰ ਸਿੰਘ ਘੜਸਾਣਾ ਜੀ ਦਾ ਕੋਈ ਜਵਾਬ ਨਹੀਂ ਸੀ ਆਇਆ।
-------------
ਜਸਬੀਰ ਸਿੰਘ ਵਿਰਦੀ 01-07-2015
ਜਸਬੀਰ ਸਿੰਘ ਵਿਰਦੀ
-: ਗੁਰਬਾਣੀ ਉਤਾਰੇ ਵੇਲੇ ਹੋਈਆਂ ਗ਼ਲਤੀਆਂ- ਭਾਗ 3 :-
Page Visitors: 2949