ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ ?
ਮਤ ਨੇ ਉਪਰ ਵੰਨੀ ਵਿਕਾਸ ਹੀ ਉਦੋਂ ਕਰਨਾ ਜਦ ਮਨ ਹੇਠਾਂ ਵਲ ਜਾਣ ਲੱਗ ਪਿਆ। ਮਨ ਤੇ ਮੱਤ, ਦੋਨੋਂ ਇੱਕੋ ਸਮੇਂ ਉੱਚੇ ਰਹਿਣ, ਇਹ ਕੁਦਰਤੀਂ ਅਸੂਲਾਂ ਦੇ ਵਿਰੁਧ ਹੈ। ਇੱਕ ਸਮੇਂ ਇੱਕੋ ਚੀਜ ਉੱਚੀ ਰਹਿ ਸਕਦੀ, ਜਾਂ ਮਨ ਜਾਂ ਮੱਤ। ਜੇ ਮੱਤ ਮੇਰੀ ਵਿਕਾਸ ਨਹੀਂ ਕਰ ਰਹੀ ਤਾਂ ਜਰੂਰ ਮਨ ਉਪਰ ਹੋਵੇਗਾ। ਮਨ, ਮਤ ਨੂੰ ਉਠਣ ਹੀ ਨਹੀਂ ਦਿੰਦਾ।
ਅਸੀਂ ਕੀ ਕੀਤਾ ਕਿ ਪਿੱਛੇ ਯਾਰਡ ਵਿਚ ਕੋਈ 6-7 ਮਰਲੇ ਥਾਂ 'ਤੇ ਸਬਜੀਆਂ, ਖ਼ਰਬੂਜੇ, ਤਰਬੂਜ, ਗਾਜਰਾਂ, ਮੂਲੀਆਂ ਤੇ ਕਈ ਕੁਝ ਜਿਹਾ ਗੱਡ ਮਾਰਿਆ। ਰੂੜੀ ਚੰਗੀ ਸੁੱਟੀ ਸੀ ਤੇ ਜਦ ਰੱਜ ਕੇ ਮੀਂਹ ਪਿਆ ਤਾਂ ਘਾਹ-ਫੂਸ ਤੇ ਇੰਝ ਸਿਰੀ ਕੱਢੀ ਜਿਵੇਂ ਅਸੀਂ ਛੱਟਾ ਦਿੱਤਾ ਹੁੰਦਾ। ਕੋਈ ਚਿਰ ਤਾਂ ਅਸੀਂ ਸਮਝੀ ਗਏ ਕਿ ਇਹ ਉੱਗ ਰਿਹਾ ਸਮ੍ਹਾਨ ਮੂਲੀਆਂ-ਗੋਂਗਲੂ ਹੀ ਨੇ, ਪਰ ਪਤਾ ਹੀ ਉਦੋਂ ਲੱਗਾ ਜਦ ਕੁਝ ਕੁ ਦਿਨਾ ਵਿਚ ਘਾਹ ਨੇ ਸਭ ਕੁਝ ਨੂੰ ਨੱਪ ਲਿਆ। ਛੋਟੇ ਛੋਟੇ ਗਾਜਰਾਂ-ਮੂਲੀਆਂ ਦੇ ਦਿੱਸਦੇ ਬੂਟਿਆ ਦਾ ਜਿਵੇਂ ਵਿਚੇ ਹੀ ਸਾਹ ਘੁੱਟ ਗਿਆ ਹੋਵੇ। ਥੋੜੀ ਥੋੜੀ ਸਿਰੀ ਜਿਹੜੀ ਬੂਟਿਆਂ ਕੱਢੀ ਸੀ ਉਹ ਘਾਹ ਨੇ ਦੱਬ ਲਈ। ਘਾਹ ਬੜਾ ਜੋਰਾਵਰ ਸੀ ਉਹ ਕੁਝ ਇੱਕ ਦਿਨਾ ਵਿਚ ਹੀ ਜੜ੍ਹਾਂ ਫੜਨ ਲੱਗ ਗਿਆ।
ਅਸੀਂ ਰੂੜੀ-ਪਾਣੀ ਘਾਹ ਨੂੰ ਨਹੀਂ ਸੀ ਪਾਇਆ, ਪਰ ਉਹ ਛਾਲਾਂ ਮਾਰ ਆਇਆ। ਮਨ ਨੂੰ ਕੁੱਝ ਨਹੀਂ ਪਾਉਂਣਾ ਪੈਂਦਾ, ਮਨ ਤਾਂ ਜਮਾਂਦਰੂੰ ਹੀ ਉੱਚਾ ਰਹਿਣਾ ਚਾਹੁੰਦਾ। ਬੱਚਪਨ ਤੋਂ ਹੀ! ਜੰਮਣ ਤੋਂ ਲੈ ਕੇ। ਮਾਂ ਦੇ ਪੇਟ ਤੋਂ ਬਾਹਰ ਆਉਂਦਿਆਂ ਹੀ। ਪਹਿਲਾਂ ਉੱਗਦਾ ਹੀ ਮਨ ਹੈ। ਸ਼ੂਰੂਆਤ ਹੀ ਮਨ ਤੋਂ ਹੁੰਦੀ। ਇਹ ਬਲਵਾਨ ਹੋਈ ਜਾਂਦਾ। ਜੜ੍ਹਾਂ ਫੜੀ ਜਾਂਦਾ। ਪੱਕੀਆਂ ਜੜ੍ਹਾਂ। ਤੇ ਚਿਰ ਪਾ ਕੇ ਜੇ ਕੋਈ ਇਸ ਨੂੰ ਸਾਫ ਨਾ ਕਰੇ ਤਾਂ ਇਹ ਜੰਗਲ ਬਣ ਜਾਂਦਾ ਹੈ। ਤੁਸੀਂ ਅਪਣੀ ਖੇਤੀ ਨੂੰ ਕੁਝ ਚਿਰਾਂ ਲਈ ਛੱਡ ਦਿਓ ਉਥੇ ਜੰਗਲ ਹੀ ਤਾਂ ਬਣ ਜਾਵੇਗਾ।
ਮਨ ਉਪਰ ਜੇ ਤੁਸੀਂ ਨਾਲੋ ਨਾਲ ਰੰਬਾ ਨਹੀਂ ਫੇਰਦੇ, ਤਾਂ ਇਹ ਕੁਝ ਚਿਰ ਪਾ ਕੇ ਜੰਗਲ ਬਣ ਜਾਂਦਾ ਹੈ ਫਿਰ ਇਹ ਰੰਬਿਆਂ ਕੋਲੋਂ ਕਿਥੇ ਖੋਦ ਹੁੰਦਾ। ਤੇ ਇਸ ਜੰਗਲ ਵਿਚ ਮੱਤ ਕਿਥੇ ਲੱਭ ਲਉਂਗੇ।
ਮੇਰੀ ਨਿੱਤ ਦੀ ਅਰਦਾਸ ਦੇ ਇਹ ਲਫਜ ਬੜੇ ਖੂਬਸੂਰਤ ਨੇ ਕਿ ‘ਸਿੱਖ ਦਾ ਮਨ ਨੀਵਾਂ ਮਤ ਉੱਚੀ’। ਪਰ ਇਸ ਦੇ ਅਰਥਾਂ ਨੂੰ ਅੰਦਰ ਤੱਕ ਨਾ ਕਹਿਣ ਵਾਲਾ ਭਾਈ ਲੈ ਕੇ ਜਾਂਦਾ, ਨਾ ਸੁਣਨ ਵਾਲਾ ਸਿੱਖ। ਮਤ ਉਨਾ ਚਿਰ ਉੱਚੀ ਨਹੀਂ ਹੋ ਸਕਦੀ, ਜਿੰਨਾ ਚਿਰ ਮਨ ਨੀਵਾਂ ਨਹੀਂ ਹੁੰਦਾ। ਮਨ ਤਾਂ ਸੁਭਾਅ ਤੋਂ ਹੀ ਉੱਚਾ ਸੀ, ਪਰ ਇਸ ਨੂੰ ਮੈਂ ਹੋਰ ਖਾਦ ਪਾਉਂਣੀ ਸ਼ੁਰੂ ਕਰ ਦਿੱਤੀ। ਕਬਜਿਆਂ ਦੀ ਖਾਦ, ਚੌਧਰਾਂ ਦੀ ਖਾਦ, ਅਹੁਦਿਆਂ ਦੀ ਖਾਦ, ਗੋਲਕਾਂ ਦੀ ਖਾਦ! ਹੁਣ ਤਾਂ ਇਸ ਨੂੰ ਮੈਂ ਇਨਾ ਵੱਡਾ ਕਰ ਲਿਆ ਕਿ ਮਤ ਲੱਭਦੀ ਹੀ ਕਿਥੇ ਇਸ ਜੰਗਲ ਵਿਚ।
ਮਨ ਪੁੱਟਣਾ ਸੀ, ਮਤ ਨੂੰ ਖਾਦ-ਪਾਣੀ ਪਾਉਂਣਾ ਸੀ, ਪਰ ਮੈਂ ਉਲਟਾ ਕਰ ਲਿਆ। ਮਤ ਪੁੱਟ ਸੁੱਟੀ ਤੇ ਮਨ ਨੂੰ ਖਾਦ ਪਾਉਂਣੀ ਸ਼ੁਰੂ ਕਰ ਦਿੱਤੀ। ਹੁਣ ਮਨ ਮੇਰਾ ਜੰਗਲ ਬਣ ਗਿਆ ਹੰਕਾਰ ਦਾ।
ਮੇਰੇ ਘਰ ਦੇ ਪਿੱਛੇ ਬੜਾ ਵੱਡਾ ਜੰਗਲ ਹੈ। ਤੁਸੀਂ ਕਦੇ ਉਸ ਵਿਚ ਵੜੋ, ਝਾੜੀਆਂ ਕੰਡੇ ਤੁਹਾਨੂੰ ਤੁਰਨ ਹੀ ਨਹੀਂ ਦਿੰਦੇ ਤੇ ਲੀੜੇ-ਕੱਪੜੇ ਕਈ ਵਾਰ ਲੀਰਾਂ। ਮੇਰੇ ਹੰਕਾਰ ਦੇ ਜੰਗਲ ਵਿੱਚ ਪਤਾ ਨਹੀਂ ਕੀ ਕੀ ਉਗਿਆ ਫਿਰਦਾ ਕਿ ਬੰਦਾ ਤੁਰਦਾ ਤਾਂ ਲੀਰਾਂ ਹੋ ਜਾਦੀਆਂ। ਮਨ ਮੇਰਾ ਬਹੁਤ ਉਚਾ ਹੋ ਚੁਕਾ ਤੇ ਮਤ ਦਿੱਸਦੀ ਨਹੀਂ। ਮਤ ਨੇ ਨਿਰਣਾ ਕਰਨਾ ਸੀ ਕਿ ਕੀ ਮਾੜਾ ਕੀ ਚੰਗਾ। ਮਤ ਨੇ ਨਿਰਣਾ ਕਰਨਾ ਸੀ ਕਿ ਆਹ ਗੱਲ ਮੇਰੇ ਗੁਰੂ ਦੀ, ਆਹ ਚੋਲੇ ਵਾਲੇ ਸਾਧ ਦੀ। ਮਤ ਨੇ ਦੱਸਣਾ ਸੀ ਕਿ ਇਹ ਕਬਜੇ, ਇਹ ਚੌਧਰਾਂ ਕਿਸੇ ਦੀਆਂ ਨਹੀਂ ਰਹੀਆਂ, ਮੇਰੀਆਂ ਕਿਥੇ ਰਹਿ ਜਾਣਗੀਆਂ। ਇਥੇ ਸਕੰਦਰ, ਹਿਟਲਰ, ਬੁਸ਼ ਵਰਗੇ ਨਹੀਂ ਦਿੱਸਦੇ ਕਿਤੇ, ਮੈਂ ਕਿਹੜੇ ਬਾਗ ਦੀ ਮੂਲੀ ਹਾਂ। ਉਚੀ ਮਤ ਨੇ ਮੈਨੂੰ ਦਸਣਾ ਸੀ ਕਿ ਜੀਵਨ ਬਹੁਤ ਲੰਮੀ ਖੇਡ ਨਹੀਂ ਤੇ ਇਸ ਛੋਟੀ ਜਿਹੀ ਮੀਟੀ ਵਿਚ ਮੈਂ ਰੋਂਦ ਕਿਉਂ ਮਾਰਾਂ। ਇਹ ਸਾਰੀਆਂ ਗੱਲਾਂ ਦੱਸਣ ਵਾਲੀ ਮਤ ਦਾ ਤਾਂ ਉਚੇ ਮਨ ਨੇ ਸਾਹ ਘੁੱਟ ਸੁੱਟਿਆ। ਮਤ ਦੀ ਸੁਣਨ ਹੀ ਨਹੀਂ ਦਿੰਦਾ ਮਨ, ਮਤ ਦਿਸਣ ਹੀ ਨਹੀਂ ਦਿੰਦਾ ਮਨ ਤੇ ਨਤੀਜਾ ਇਹ ਹੋਇਆ ਕਿ ਮੈਂ ਕੌਮੀ ਲੈਵਲ 'ਤੇ ਵੀ ਅਤੇ ਨਿੱਜੀ ਜਿੰਦਗੀ ਵਿਚ ਜੰਗਲ ਬਣ ਕੇ ਰਹਿ ਗਿਆ ਹਾਂ, ਜਿਥੇ ਲੱਭਦਾ ਦਿੱਸਦਾ ਹੀ ਕੁਝ ਨਹੀਂ ਤੇ ਐਵੇਂ ਝਾੜੀਆਂ ਵਿਚ ਫਸਿਆ ਲੀੜੇ ਪੜਵਾਈ ਜਾਂਨਾ ਹਾਂ। ਭਾਈ ਪਰ ਪੈਸੇ ਲੈ ਕੇ ਰੋਜ ਪੜੀ ਜਾਂਦਾ ਹੈ ‘ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਹਿਗਰੂ’। ਮਤ ਹੋਊ ਤਾਂ ਪਤ ਹੋਊ। ਤੇ ਵਾਹਿਗੁਰੂ ਰਾਖੀ ਕਾਹਦੀ ਕਰੂ ਜੇ ਦੋਵੇਂ ਨਾ ਹੋਈਆਂ।
ਲੋਕਾਂ ਨੂੰ ਗੁਰਦੁਆਰੇ ਵਿਚ ਇੱਕ ਟੋਕੇ ਮਾਰਨ ਦੀ ਸਜਾ ਭੁਗਤ ਚੁੱਕਾ ਇੱਕ ਗੁਰਦੁਆਰੇ ਦਾ ਚੌਧਰੀ ਕਹਿ ਰਿਹਾ ਸੀ ‘ਲੈ ਪੱਗ ਦੇ ਕਿਹੜੇ ਮੇਖਾਂ ਲੱਗੀਆਂ ਹੁੰਦੀਆਂ ਲੜਦਿਆਂ ਲਹਿ ਹੀ ਜਾਂਦੀ’!
ਮਤ ਹੀ ਜਦ ਜਾਂਦੀ ਲੱਗੀ ਤਾਂ ਪਤ ਦਾ ਕਿਸ ਨੂੰ ਫਿਕਰ?
ਇੱਕ ਹੋਰ ਗੁਰਦੁਆਰੇ ਦਾ ਚੌਧਰੀ ਪਤਾ ਕੀ ਕਹਿੰਦਾ’ ‘ਓ ਭਾਈ ਬੇਇਜਤੀ ਪਹਿਲੀ ਦੂਜੀ ਕੁ ਵਾਰ ਜਾਪਦੀ ਹੁੰਦੀ, ਤੀਜੀ ਕੁ ਵਾਰ ਬੰਦਾ ਓਂ ਈ ਆਦੀ ਹੋ ਜਾਂਦਾ’!
ਤੁਸੀਂ ਦੇਖਿਆਂ ਹੋਣਾਂ ਕਿ ਦਸਤਾਰ ਦਾ ਸਭ ਤੋਂ ਜਿਆਦਾ ਰੌਲਾ ਪਾਉਂਣ ਵਾਲੇ ਸਭ ਤੋਂ ਛੇਤੀ ਪੱਗ ਲਾਹੁੰਦੇ ਵੀ ਗੁਰੂ ਘਰਾਂ ਦੇ ਚੌਧਰੀ ਹੀ ਨੇ ਇੱਕ ਦੂਜੇ ਦੀ। ਮਤ ਨਾ ਰਹੀ, ਤਾਂ ਪਤ ਕਿਥੇ ਰਹਿ ਜਾਊ। ਤਾਂ ਗੁਰੂ ਜਿਹੜੀ ਮਤ ਪਤ ਦੀ ਰਾਖੀ ਕਰੂ। ਦੋਵੇਂ ਹੀ ਗਾਇਬ ਨੇ। ਦੋਵੇ ਹੀ ਨਾ ਰਹੀਆਂ ਤਾਂ ਰਾਖੀ ਦਾ ਮੱਤਲਬ ਹੀ ਕੀ ਰਹਿ ਗਿਆ।
ਉਚੇ ਹੋ ਚੁੱਕੇ ਮਨ ਦੇ ਜੰਗਲ ਵਿਚ ਨਾ ਮਤ ਦਾ ਫੁੱਲ ਖਿੜ ਸਕਦਾ, ਨਾ ਪਤ ਦੀ ਫਸਲ ਹੋ ਸਕਦੀ। ਨਾ ਮਤ ਰਹਿੰਦੀ ਨਾ ਪਤ, ਤੇ ਨਾ ਗੁਰੂ ਕਿਸ ਦੀ ਰਾਖੀ ਕਰਦਾ।ਹੁਣ ਤੁਸੀਂ ਹੀ ਦੱਸੋ ਕਿ ਗੁਰੂ ਰਾਖੀ ਜੰਗਲ ਦੀ ਕਰੇ? ਕਦੇ ਜੰਗਲ ਦਾ ਰਾਖਾ ਬੈਠਾ ਦੇਖਿਆ ਕਿਸੇ ਨੂੰ? ਉਹ ਵੀ ਹੰਕਾਰ ਦੇ ਜੰਗਲ ਦਾ ?
ਗੁਰਦੇਵ ਸਿੰਘ ਸੱਧੇਵਾਲੀਆ