# - “ ਕੁਝ ਵਿਚਾਰ ” - #
ਦੁਨੀਆਂ ਦਾ ਇਕ ਅਟੱਲ ਨਿਯਮ ਹੈ ਕਿ , ਉਸ ਤੋਂ ਬਚਣ ਲਈ ਸੁਚੇਤ ਕੀਤਾ ਜਾਂਦਾ ਹੈ , ਜਿਸ ਦੀ ਕੋਈ ਹੋਂਦ ਹੋਵੇ , ਜਿਸ ਦਾ ਕੋਈ ਵਜੂਦ ਹੋਵੇ । ਬਚਣ ਦੇ ਨਿਯਮ ਵੀ ਉਸ ਬਾਰੇ ਹੀ ਦੱਸੇ ਜਾਂਦੇ ਹਨ , ਜਿਸ ਤੋਂ ਕੁਝ ਖਤਰਾ ਹੋਵੇ । ਬ੍ਰਾਹਮਣ ਨੇ ਇਸ ਨਿਯਮ ਦਾ ਨਾ-ਜਾਇਜ਼ ਫਾਇਦਾ ਉਠਾਉਣ ਲਈ , ਇਸ ਨੂੰ ਆਤਮਕ ਪੱਖ ਨਾਲ ਜੋੜਦਿਆਂ (ਜਿਸ ਬਾਰੇ ਕੋਈ ਠੋਸ ਸਬੂਤ ਨਹੀਂ ਦਿੱਤਾ ਜਾ ਸਕਦਾ) ਇਕ ਅਜਿਹਾ ਜਾਲ ਬੁਣਿਆ , ਜਿਸ ਵਿਚ ਬਹੁਤ ਸਾਰੇ ਕਲਪਿਤ ਦੇਵੀ-ਦੇਵਤੇ , ਅਵਤਾਰ , ਰਾਕਸ਼ਸ , ਨਰਕ-ਸਵਰਗ , ਦੇਵੀ-ਦੇਵਤਿਆਂ ਦੀਆਂ ਪੁਰੀਆਂ ਅਤੇ ਹੋਰ ਵੀ ਬਹੁਤ ਕੁਝ ਕਲਪਿਤ ਸਥਾਪਿਤ ਕਰ ਦਿੱਤਾ ।
ਜਿਨ੍ਹਾਂ ਦੀ ਪ੍ਰੋੜ੍ਹਤਾ ਸਰੂਪ ਬਹੁਤ ਸਾਰੀਆਂ ਸਾਖੀਆਂ , ਕਹਾਣੀਆਂ ਦੇ ਗਰੰਥ (ਵੇਦ-ਸਿਮਿਰਿਤੀਆਂ-ਸ਼ਾਸਤਰ-ਪੁਰਾਣ-ਰਾਮਾਇਣ-ਗੀਤਾ-ਮਹਾਂਭਾਰਤ ਆਦਿ) ਲਿਖ ਧਰੇ । ਲਿਖੇ ਵੀ ਅਜਿਹੀ ਭਾਸ਼ਾ ਵਿਚ , ਜਿਸ ਨੂੰ ਦੇਵ ਭਾਸ਼ਾ ਦਾ ਲਕਬ ਦੇ ਕੇ , ਆਮ ਜੰਤਾ ਲਈ ਪੜ੍ਹਨਾ ਵਰਜਿਤ ਕੀਤਾ ਹੋਇਆ ਸੀ , ਤਾਂ ਜੋ ਕੋਈ ਵੀ ਇਹ ਨਾ ਖੋਜ ਕਰ ਸਕੇ ਕਿ ਇਸ ਵਿਚ ਕੀ ਜਾਲ ਵਿਛਾਇਆ ਹੋਇਆ ਹੈ ।
ਜਿਸ ਵਿਚ ਆਮ ਜੰਤਾ ਨੂੰ ਭਰਮ-ਭੁਲੇਖਿਆਂ ਵਿਚ ਪਾ ਕੇ , ਉਨ੍ਹਾਂ ਦੇ ਆਨੰਦ ਮਾਣਨ ਦੀ ਲਾਲਸਾ ਅਧੀਨ ਲੋਕਾਂ ਨੂੰ ਲੁਟਿਆ ਜਾ ਸਕੇ । ਡਰਾਉਣੀਆਂ ਚੀਜ਼ਾਂ ਤੋਂ ਬਚਣ ਦੇ ਉਪਾਉ ਕਰਨ ਦੇ ਨਾਮ ਤੇ ਲੁਟਿਆ ਜਾ ਸਕੇ । ਫਿਰ ਇਹ ਮਿਥ ਦਿੱਤਾ ਕਿ ਦੇਵਤਿਾਂ ਦੀ ਪੂਜਾ ਸਰੂਪ ਦਿੱਤੀ ਹਰ ਵਸਤ ਲੈਣ ਦਾ ਹੱਕਦਾਰ ਸਿਰਫ ਬ੍ਰਾਹਮਣ ਹੈ । ਡਰ ਤੋਂ ਬਚਾਉ ਸਰੂਪ ਕੀਤੇ ਜਾਣ ਵਾਲੇ ਉਪਾਉ ਕਰਨ ਵਿਚ ਸਮਰੱਥ ਕੇਵਲ ਬ੍ਰਾਹਮਣ ਹੈ । ਯੱਗ ਆਦਿ ਕਰਨ ਦਾ ਅਧਿਕਾਰੀ ਸਿਰਫ ਬ੍ਰਾਹਮਣ ਹੈ । ਵਿਦਿਆ ਦੇਣ ਅਤੇ ਲੈਣ ਦਾ ਅਧਿਕਾਰੀ , ਸਿਰਫ ਬ੍ਰਾਹਮਣ ਹੈ ।
ਫਿਰ ਤਾਂ ਮਨੂੰ ਸਿਮ੍ਰਤੀ ਰਾਹੀਂ ਇਹ ਹੀ ਸਥਾਪਤ ਕਰ ਦਿੱਤਾ ਕਿ ਬ੍ਰਾਹਮਣ ਹੀ ਸਭ ਤੋਂ ਵੱਡਾ ਦੇਵਤਾ ਹੈ ।
ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ਾ ਦੁਨੀਆਂ ਨੂੰ ਲੁੱਟਣਾ ਨਹੀਂ ਹੈ , ਬਲਕਿ ਦੁਨੀਆਂ ਵਿਚ ਹੋ ਰਹੀ ਲੁੱਟ ਤੋਂ ਸੁਚੇਤ ਕਰਨਾ ਹੈ , ਇਸ ਲਈ ਉਸ ਵਿਚ , ਉਸ ਲੁੱਟ ਜਾਲ ਨੂੰ ਉਜਾਗਰ ਕਰਦਿਆਂ , ਆਤਮਕ ਪੱਖ ਦਾ ਸੱਚ ਬਿਆਨ ਕੀਤਾ ਹੈ , ਉਸ ਵਿਚਲੀਆਂ ਬੁਰਾਈਆਂ ਤੋਂ ਬਚਣ ਦਾ ਢੰਗ ਦੱਸਿਆ ਹੈ । ਜਿਸ ਨੂੰ ਸਮਝਣ ਅਤੇ ਉਸ ਅਨੁਸਾਰ ਜੀਵਨ ਢਾਲਣ ਦੀ ਲੋੜ ਹੈ ।
ਆਉ ਜ਼ਰਾ ਇਸ ਪੱਖੋਂ ਥੋੜਾ ਵਿਸਤਾਰ ਨਾਲ ਵਿਚਾਰਦੇ ਹਾਂ । ਬ੍ਰਾਹਮਣ ਵਲੋਂ ਨਰਕ ਦਾ ਡਰਾਵਾ ਦੇ ਕੇ ਜਾਂ ਗ੍ਰੈਹਾਂ ਦੀਆਂ ਚਾਲਾਂ ਦਾ ਡਰਾਵਾ ਦੇ ਕੇ , ਉਸ ਤੋਂ ਬਚਾਉ ਦਾ ਉਪਰਾਲਾ ਕਰਨ ਦੇ ਨਾਮ ਤੇ ਲੁੱਟ । ਅਮੀਰ ਜਜਮਾਨਾਂ ਨੂੰ ਸਵਰਗ ਵਿਚਲੀਆਂ ਐਸ਼ਾਂ ਦੇ ਲੁਭਾਵਣੇ ਵੇਰਵੇ ਦੇ ਕੇ , ਸਵਰਗ ਵਿਚ ਅਪੜਨ ਦੀ ਲਾਲਸਾ ਵਿਚ ਫਸੇ ਜਜਮਾਨਾਂ ਕੋਲੋਂ ਦਾਨ ਦੇ ਨਾਮ ਤੇ ਸਭ ਕੁਝ ( ਘਰ-ਬਾਰ , ਬੀਵੀ-ਬੱਚੇ , ਦੌਲਤ ਆਦਿ ) ਲੈ ਲੈਣਾ ਅਤੇ ਜਜਮਾਨਾਂ ਨੂੰ ਜੰਗਲ ਵਿਚ ਜਾਂ ਪਹਾੜਾਂ ਤੇ ਮਰਨ ਲਈ ਭੇਜ ਦੇਣਾ । ( ਇਸ ਲਾਲਚ ਜਾਲ ਵਿਚੋਂ ਤਾਂ ਪਾਂਡੋ ਵੀ ਨਹੀਂ ਬਚ ਸਕੇ ਸਨ , ਅੰਤ ਪਹਾੜਾਂ ਦੀ ਬਰਫ ਵਿਚ ਗਲ ਕੇ ਮਰੇ ਦੱਸੇ ਜਾਂਦੇ ਹਨ )
ਮਗਰੋਂ ਅਜਿਹੀਆਂ ਘਟਨਾਂ ਵੀ ਵਾਪਰੀਆਂ ਕਿ , ਕੁਝ ਲੁੱਟ ਹੋਏ ਵਿਅਕਤੀ , ਲੁੱਟ ਦੀ ਅਸਲੀਅਤ ਨੂੰ ਸਮਝ ਕੇ , ਵਾਪਸ ਘਰ ਆ ਗਏ । ਇਵੇਂ ਬ੍ਰਾਹਮਣ ਦਾ ਪਾਜ ਉਘੜਨ ਲੱਗਾ ਤਾਂ ਬ੍ਰਾਹਮਣ ਨੇ ਇਕ ਆਰਾ ਈਜਾਦ ਕਰ ਲਿਆ , ਜਿਸ ਨੂੰ ਕਰਵਤ ਕਿਹਾ ਜਾਂਦਾ ਸੀ । ਬ੍ਰਾਹਮਣ ਅਨੁਸਾਰ , ਸਭ ਕੁਝ ਦਾਨ ਕਰ ਕੇ ਇਸ ਆਰੇ ਨਾਲ ਚੀਰ ਹੋਣਾ , ਸਿੱਧਾ ਸਵਰਗ ਵਿਚ ਜਾਣ ਦਾ ਰਾਹ ਸੀ ।
( ਮਾਇਆ ਧਾਰੀ ਅੰਨ੍ਹੇ-ਬੋਲੇ ਇਸ ਢੰਗ ਨਾਲ ਵੀ ਸਵਰਗ ਵਿਚ ਜਾਂਦੇ ਰਹੇ ਹਨ ।)
ਬ੍ਰਾਹਮਣ ਪਹਿਲਾਂ ਹੀ ਸਥਾਪਤ ਕਰ ਚੁੱਕਾ ਸੀ ਕਿ ਦਾਨ ਲੈਣ ਦਾ ਹੱਕਦਾਰ , ਸਿਰਫ ਬ੍ਰਾਹਮਣ ਹੀ ਹੈ । ਇਵੇਂ ਹੀ ਜਮਾਂ ਦੇ , ਸੰਢੇ (ਝੋਟੇ) ਤੇ ਚੜ੍ਹ ਕੇ ਆਉਣ ਵਾਲੇ ਡਰਾਵਣੇ ਰੂਪ ਅਤੇ ਧਰਮ ਰਾਜ ਦੀਆਂ ਵਹੀਆਂ ਦੇ ਖਾਤੇ , ਚਿਤ੍ਰ-ਗੁਪਤ ਆਦਿ ਦਾ ਡਰਾਵਾ , ਉਹ ਹਿੰਦੂਆਂ ਵਿਚ ਸਥਾਪਤ ਕਰ ਚੁੱਕਾ ਸੀ । ਜਿਸ ਤੋਂ ਛੁਟਕਾਰੇ ਦਾ ਸਾਧਨ , ਕੇਵਲ ਬ੍ਰਾਹਮਣ ਹੀ ਸੀ । ਇਹ ਵੱਡੀ ਸਚਾਈ ਹੈ ਕਿ ਬੰਦਾ , ਜਾਂ ਕੁਝ ਡਰ ਅਧੀਨ ਦਾਨ ਕਰਦਾ ਹੈ , ਜਾਂ ਲਾਲਚ ਅਧੀਨ । ਅੱਜ ਦੇ ਗੁਰਦਵਾਰਿਆਂ ਦਾ ਚੜ੍ਹਾਵਾ ਵੀ ਇਨ੍ਹਾਂ ਦੋਵਾਂ ਕਾਰਨਾਂ ਕਰ ਕੇ ਹੈ , ਅਸੀਂ ਇਸ ਨੂੰ ਲੱਖ ਵਾਰੀ ਦਸਵੰਧ ਪਏ ਆਖੀਏ ।
ਇਵੇਂ ਹੀ ਦੇਵਤਿਆਂ ਦੀ ਤਾਕਤ , ਵਰ ਦੇਣ ਦੀ ਸਮਰਥਾ ਦੇ ਆਧਾਰ ਤੇ , ਲੋਕਾਂ ਵਲੋਂ ਦੇਵਤਿਆਂ ਦੀ ਪੂਜਾ ਅਤੇ ਚੜ੍ਹਾਵਾ (ਜਿਸ ਵਿਚ ਬੱਚੀਆਂ ਵੀ ਹੁੰਦੀਆਂ ਸਨ) ਖਾਲੀ ਬ੍ਰਾਹਮਣ ਲਈ ਹੀ ਰਾਖਵਾਂ ਸੀ । ਬ੍ਰਾਹਮਣ ਨੇ ਬੜੇ ਚਲਾਕੀ ਭਰਪੂਰ ਢੰਗ ਨਾਲ ਏਨੇ ਦੇਵਤੇ ਬਣਾ ਦਿੱਤੇ ਸਨ ਕਿ ਕੋਈ ਵੀ ਬੰਦਾ ਇਨ੍ਹਾਂ ਦੇ ਪਰਭਾਵ ਤੋਂ ਬਚ ਨਾ ਸਕਿਆ । ਔਖੀ ਵੇਲੇ ਬੰਦਾ ਕੋਈ ਨਾ ਕੋਈ ਆਸਰਾ ਭਾਲਦਾ ਹੈ , ਦੇਵਤਿਆਂ ਦੇ ਆਸਰੇ ਭਾਲਦਿਆਂ-ਭਾਲਦਿਆਂ ਕਦੇ ਨਾ ਕਦੇ ਬੰਦੇ ਦੇ ਔਖੇ ਦਿਨ ਬਦਲ ਜਾਂਦੇ ਹਨ , ਉਸ ਵੇਲੇ ਬੰਦੇ ਨੂੰ ਜਿਸ ਦੇਵਤੇ ਦੀ ਕਿਰਪਾ ਦਾ ਅਹਿਸਾਸ ਹੋ ਜਾਵੇ , ਉਹ ਪੱਕੇ ਤੌਰ ਤੇ ਉਸ ਦੇਵਤੇ ਦਾ ਗੁਲਾਮ ਹੋ ਜਾਂਦਾ ਹੈ । ਬੰਦਾ ਕਿਸੇ ਦੇਵਤੇ ਨਾਲ ਵੀ ਜੁੜੇ , ਲਾਭ ਤਾਂ ਬ੍ਰਾਹਮਣ ਦਾ ਹੀ ਹੈ ।
(ਅੱਜ ਦੇ ਸੰਤ , ਮਹਾਂ-ਪੁਰਖ , ਬ੍ਰਹਮ-ਗਿਆਨੀ ਵੀ ਕੁਝ ਏਸੇ ਤਰ੍ਹਾਂ ਹੀ ਸਥਾਪਤ ਹੋਏ ਹਨ)
ਵੇਲੇ ਦੇ ਰਾਜਿਆਂ ਨੂੰ ਅਵਤਾਰ ਥਾਪਣਾ ਵੀ ਇਸ ਲੁੱਟ ਦੀ ਇਕ ਕੜੀ ਹੀ ਹੈ । ਜਿਸ ਵਿਚ ਬ੍ਰਾਹਮਣ , ਆਪਣੇ ਧਾਰਮਿਕ ਪ੍ਰਭਾਵ ਅਧੀਨ ਰਾਜੇ ਦੇ ਵਿਰੋਧੀਆਂ ਨੂੰ , ਜੰਤਾ ਨਾਲੋਂ ਤੋੜ ਕੇ ਪ੍ਰਭਾਵ-ਹੀਨ ਕਰਨ ਦਾ ਕੰਮ ਕਰਦਾ ਸੀ , ਜਿਸ ਨਾਲ ਰਾਜੇ ਦੀ ਲੁੱਟ ਨਿਰਵਿਘਨ ਚਲਦੀ ਸੀ । ਜਿਸ ਦੇ ਬਦਲੇ ਰਾਜਾ ਆਪਣੇ ਰਾਜ ਬਲ ਨਾਲ ਬ੍ਰਾਹਮਣ ਦੀ ਲੁੱਟ ਨੂੰ ਆਸਰਾ ਦਿੰਦਾ ਸੀ , ਇਵੇਂ ਦੋਵਾਂ ਦੀ ਲੁੱਟ ਨਿਰਵਿਘਨ ਚਲਦੀ ਸੀ ।
(ਦੈਂਤਾਂ ਦੀ ਸਾੜ੍ਹ-ਸਤੀ ਵੀ ਏਸੇ ਲੁੱਟ ਦੀ ਇਕ ਕੜੀ ਹੈ )
ਆਉ ਹੁਣ ਮੁੜਦੇ ਹਾਂ ਆਵਾ ਗਵਣ ਵੱਲ । ਪਹਿਲਾਂ ਇਸ ਨਾਲ ਸਬੰਧਤ ਬ੍ਰਾਹਮਣ ਦੀ ਲੁੱਟ ਦਾ ਥੋੜ੍ਹਾ ਵਿਸਲੇਸ਼ਨ ਕਰ ਲਈਏ , ਤਾਂ ਜੋ ਵਿਸ਼ੇ ਨੂੰ ਸਮਝਣਾ ਸੌਖਾ ਹੋ ਜਾਵੇ ।
ਬ੍ਰਾਹਮਣ ਜਜਮਾਨਾਂ ਨੂੰ ਪਿਤਰਾਂ ਦੇ ਨਾਮ ਤੇ ਲੁੱਟਦਾ ਹੈ , ਜਿਸ ਵਿਚ ਇਕ ਹੈ ਪਿਤਰਾਂ ਦਾ ਵੈਤਰਣੀ ਨਦੀ ਪਾਰ ਹੋਣ ਦੀ ਔਕੜ । ਇਹ ਨਦੀ ਪਾਰ ਕਰਾਉਣ ਲਈ ਆਮ ਕਰ ਕੇ ਗਊ ਦਾ ਆਸਰਾ ਲਿਆ ਜਾਂਦਾ ਹੈ , ਪਿਤਰ ਗਊ ਦੀ ਪੂਛ ਫੜ ਕੇ ਹੀ ਵੈਤਰਣੀ ਪਾਰ ਕਰ ਕਸਦੇ ਹਨ । ਇਹ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਪਿਤਰ , ਕਿਸੇ ਫੰਡਰ ਗਊ ਦੀ ਪੂਛ ਫੜ ਕੇ ਵੀ ਵੈਤਰਣੀ ਪਾਰ ਕਰ ਸਕਦੇ ਹਨ । ਬ੍ਰਾਹਮਣ ਨੂੰ ਲਵੇਰੀ ਗਊ ਦਾਨ ਦਿੱਤੀ ਜਾਂਦੀ ਸੀ ਉਹ ਵੀ ਸੱਜਰ , ਤਾਂ ਜੋ ਕਿਤੇ , ਗਊ ਪਿਤਰਾਂ ਨੂੰ ਨਦੀ ਦੇ ਵਿਚਾਲੇ ਹੀ ਡੋਬ ਕੇ ਮਾਰ ਨਾ ਦੇਵੇ । ਇਸ ਮਗਰੋਂ ਧਰਮ ਰਾਜ ਦੇ ਲੇਖੇ ਵਜੋਂ , ਸਵਰਗ ਜਾਂ ਨਰਕ ਦੀ ਉਡੀਕ ਵਿਚ ਪਿਤਰ , ਕਿਸੇ ਰੈਸਟ ਹਾਊਸ , ਕਿਸੇ ਟ੍ਰੈਨਜ਼ਿਟ ਕੈਂਪ ਜਾਂ ਕਿਸੇ ਵਿਸ਼ਰਾਮ ਘਰ ਵਿਚ ਵਿਸ਼ਰਾਮ ਕਰਦੇ ਸਨ , ਜਿਸ ਵਿਚੋਂ ਪਿਤਰ ਆਪਣੇ ਪੁੱਤਰਾਂ ਦੇ ਜਿਊਂਦਿਆਂ ਤਾਂ ਅਗਾਂਹ ਜਾਂਦੇ ਹੀ ਨਹੀਂ ਸਨ ।(ਇਸ ਵਿਸ਼ਰਾਮ-ਘਰ ਦੀ ਚੋਣ ਵੀ ਪੈਸੇ ਤੇ ਆਧਾਰਿਤ ਹੁੰਦੀ ਸੀ ) ਪੁੱਤਰ ਹਰ ਸਾਲ ਆਪਣੇ ਪਿਤਰਾਂ ਦੇ ਖਾਣ ਪੀਣ ਲਈ , ਅਤੇ ਹੋਰ ਵਰਤੋਂ ਲਈ ਸਾਮਾਨ ਬ੍ਰਾਹਮਣ ਰਾਹੀਂ ਨਿਰੰਤਰ ਭੇਜਦੇ ਰਹਿੰਦੇ ਸਨ ।
(ਤਾਂ ਜੋ ਪਿਤ੍ਰ ਕਿਤੇ ਭੁੱਖੇ ਹੀ ਨਾ ਮਰ ਜਾਣ, ਇਹ ਕਿਸੇ ਵੀ ਨਹੀਂ ਸੋਚਿਆ ਕਿ ਇਹ ਸਾਰੀਆਂ ਵਸਤਾਂ, ਸਿਰਫ ਸਰੀਰ ਦੀ ਵਰਤੋਂ ਦੀਆਂ ਹਨ, ਅਤੇ ਸਰੀਰ ਏਥੇ ਹੀ ਰਹਿ ਗਿਆ ਸੀ, ਜੋ ਹੁਣ ਸਾੜਿਆ ਜਾ ਚੁੱਕਾ ਹੈ)
ਕੁਝ ਅਮੀਰਾਂ ਵਲੋਂ ਆਪਣੇ ਪਿਤਰਾਂ ਦੇ ਨਾਮ ਤੇ ਜੱਗ ਕਰਵਾਏ ਜਾਂਦੇ ਸਨ , ਜਿਸ ਵਿਚ ਬ੍ਰਾਹਮਣ ਰਾਹੀ ਪਿਤਰਾਂ ਨੂੰ ਸ਼ਰਾਬ ਆਦਿ ਨਸ਼ੇ ਅਤੇ ਅਲੱਗ-ਅਲੱਗ ਜਾਨਵਰਾਂ ਦਾ ਮਾਸ ਭੇਜਿਆ ਜਾਂਦਾ ਸੀ , ਜਿਸ ਦੀ ਬ੍ਰਾਹਮਣ ਨੇ (ਅੱਜ ਦੇ ਡੇਰੇ-ਦਾਰਾਂ ਦੇ ਅਲੱਗ-ਅਲੱਗ ਪਾਠਾਂ ਦੀ ਅਲੱਗ-ਅਲੱਗ ਭੇਟਾ ਵਾਙ ) ਪੂਰੀ ਲਿਸਟ ਬਣਾਈ ਹੋਈ ਸੀ , ਜਿਸ ਅਨੁਸਾਰ ਪਿਤਰਾਂ ਦੇ ਇਕ ਸਾਲ ਤੋਂ 12 ਸਾਲ ਤੱਕ ਰੱਜੇ ਰਹਿਣ ਦੀ ਗ੍ਰੰਟੀ ਸੀ ।
ਪਰ ਪੁੱਤਰਾਂ ਦੇ ਮਰਨ ਮਗਰੋਂ ਬ੍ਰਾਹਮਣ ਦੀ ਲਿਵ , ਪੁੱਤਰਾਂ ਦੇ ਕਲਿਆਣ ਲਈ , ਪੋਤਰਿਆਂ ਨਾਲ ਜੁੜ ਜਾਂਦੀ ਹੈ , ਫਿਰ ਪਿਤਰਾਂ ਦਾ ਪਤਾ ਨਹੀਂ ਕੀ ਹੁੰਦਾ ਹੈ ? ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ , ਪਿਤਰਾਂ ਦੀ ਥਾਂ ਪੁੱਤਰ ਅਤੇ ਪੁੱਤਰਾਂ ਦੀ ਥਾਂ ਪੋਤਰੇ ਲੈਂਦੇ ਰਹਿੰਦੇ ਹਨ , ਬ੍ਰਾਹਮਣ ਨੂੰ ਪਿਤਰਾਂ ਦੀ ਕੋਈ ਚਿੰਤਾ ਨਹੀਂ ਰਹਿ ਜਾਂਦੀ , ਕਿਉਂਕਿ ਉਸ ਦੀ ਲੁੱਟ ਦਾ ਸਬੰਧ ਏਥੋਂ ਤਕ ਹੀ ਹੁੰਦਾ ਹੈ । ਅਗਾਂਹ ਇਸ ਲੁੱਟ ਦੀ ਪੂਰਤੀ ਲਈ ਇਕ ਤੋਂ ਵਧ ਕੇ ਤਿੰਨ-ਚਾਰ ਪਿਤਰ ਹੋ ਜਾਂਦੇ ਹਨ , ਅਤੇ ਲੁੱਟ ਹੋਣ ਵਾਲੇ ਦਸ-ਬਾਰਾਂ ਪੁੱਤਰ ਹੋ ਜਾਂਦੇ ਹਨ ।
ਜੇ ਬ੍ਰਾਹਮਣ ਗੁਰਮਤਿ ਦੇ ਇਸ ਸਿਧਾਂਤ ਨੂੰ ਮੰਨ ਲੈਂਦਾ ਕਿ ਮਰਨ ਮਗਰੋਂ ਜੀਵ ਆਪਣੇ ਚੰਗੇ ਕਰਮਾਂ ਦੇ ਆਧਾਰ ਤੇ ਪਰਮਾਤਮਾ ਨਾਲ ਇਕ-ਮਿਕ ਹੋ ਕੇ ਜਨਮ-ਮਰਨ , ਆਵਾ-ਗਵਣ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ । ਜਾਂ ਬੁਰੇ ਕਰਮਾਂ ਦੇ ਆਧਾਰ ਤੇ ਫਿਰ ਜਨਮ-ਮਰਨ ਦੇ ਗੇੜ ਵਿਚ ਪੈ ਜਾਂਦਾ ਹੈ , ਤਾਂ ਉਸ ਦਾ ਲੁੱਟ ਜਾਲ ਤਾਂ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ । ਉਸ ਦਾ ਲੁੱਟ ਜਾਲ ਤਾਂ ਤਦ ਤੱਕ ਹੀ ਹੈ , ਜਦ ਤੱਕ ਉਹ ਕਿਸੇ ਬੰਨੇ ਨਹੀਂ ਲਗਦੇ , ਕਿਸੇ ਟ੍ਰਾਂਜ਼ੈਟ ਕੈਂਪ ਵਿਚ , ਅਗਲੇ ਟਿਕਾਣੇ ਦੀ ਭਾਲ ਵਿਚ ਟਿਕੇ ਰਹਿੰਦੇ ਹਨ ।
ਜੇ ਬੰਦੇ ਨੂੰ ਸਮਝ ਆ ਜਾਵੇ ਕਿ , ਸ਼ਬਦ ਗੁਰੂ ਤੋਂ ਚੰਗੇ ਕੰਮਾਂ ਦੀ ਸੋਝੀ ਹਾਸਲ ਕਰ ਕੇ , ਉਸ ਅਨੁਸਾਰ ਜੀਵਨ ਢਾਲਿਆਂ ਹੀ ਜੀਵਨ ਮੁਕਤੀ ਦੀ ਸੰਭਾਵਨਾ ਹੈ । ਜੋ ਲੋਗ ਅਜਿਹਾ ਨਹੀਂ ਕਰਦੇ ਉਹ ਆਪਣੇ ਕਰਮਾਂ ਅਨੁਸਾਰ ਅਗਲੀ ਜੂਨ ਵਿਚ ਪੈ ਜਾਂਦੇ ਹਨ । ਤਾਂ ਇਸ ਵਿਚ ਬ੍ਰਾਹਮਣ ਕਿੱਥੇ ਫਿੱਟ ਹੁੰਦਾ ਹੈ ? ਉਸ ਦੀ ਲੁੱਟ ਦਾ ਸਾਧਨ ਕੀ ਬਣਦਾ ਹੈ ? ਉਹ ਬੰਦੇ ਤਾਂ ਆਪਣੇ ਆਪ ਹੀ ਬ੍ਰਾਹਮਣ ਨੂੰ ਨਕਾਰ ਦੇਣਗੇ , ਉਸ ਦੇ ਜੂਲੇ ਥਲਿਉਂ ਨਿਕਲ ਜਾਣਗੇ । ਵਿਦਵਾਨ ਵੀਰਾਂ ਨੂੰ ਪਤਾ ਨਹੀਂ “ ਆਵਾ-ਗਵਣ ” ਕਿਸ ਆਧਾਰ ਤੇ ਹਿੰਦੂ ਮੱਤ ਦੀ ਇੱਟ ਨਜ਼ਰ ਆ ਗਈ , ਜੋ ਸਿੱਖ ਮੱਤ ਦੇ ਮਹੱਲ ਵਿਚ ਕਿਤੇ ਵੀ ਫਿੱਟ ਨਹੀਂ ਹੁੰਦੀ ।
ਸਿੱਖਾਂ ਨੂੰ ਬੇਨਤੀ ਹੈ ਕਿ ਉਹ ਗੁਰਬਾਣੀ ਨੂੰ ਸਮਝਣ ਦੀ ਖੇਚਲ ਕਰਨ , ਗੁਰਬਾਣੀ ਨੂੰ ਆਪਣੀ ਮਨਮਤਿ ਅਨੁਸਾਰ ਢਾਲਣ ਤੋਂ ਪਰਹੇਜ਼ ਕਰਨ । ਗੁਰਬਾਣੀ ਨੂੰ ਸਮਝਣਾ , ਉਸ ਅਨੁਸਾਰ ਜੀਵਨ ਢਾਲਣਾ ਹੀ , ਸਾਡੇ ਸਿੱਖ ਹੋਣ ਦੀ ਇਕੋ-ਇਕ ਸ਼ਰਤ ਹੈ ।
ਅਮਰ ਜੀਤ ਸਿੰਘ ਚੰਦੀ
ਫੋਨ:- 95685 41414