ਪੁਰਾਤਨ ਮਨਮਤ ! (ਨਿੱਕੀ ਕਹਾਣੀ)
ਜੇਕਰ ਤੁਸੀਂ ਇਸਨੂੰ ਬਚਪਨ ਵਿੱਚ ਹੀ ਰੋਕਿਆ ਹੁੰਦਾ ਤਾਂ ਅੱਜ ਤੁਹਾਡੇ ਅੱਗੇ ਬੋਲਣ ਤੋਂ ਪਹਿਲਾਂ ਦਸ ਵਾਰ ਸੋਚਦਾ ! ਪਰ ਤੁਸੀਂ ਹੀ ਛੋਟਾ ਹੈ, ਛੋਟਾ ਹੈ ਕਹ ਕੇ ਸਿਰ ਚੜਾ ਲਿਆ ! (ਕੁਲਜੀਤ ਕੌਰ ਆਪਣੇ ਪਤੀ ਹਰਬੰਸ ਸਿੰਘ ਨੂੰ ਸਮਝਾ ਰਹੀ ਸੀ)
ਭਾਗਵਾਨੇ ! ਹੁਣ ਰਣਜੀਤ ਵੱਡਾ ਅੱਤੇ ਮੇਰੇ ਨਾਲੋਂ ਵੀ ਤਕੜਾ ਹੋ ਚੁੱਕਾ ਹੈ ਤੇ ਉਸ ਅੱਗੇ ਮੇਰੀ ਵੱਸ ਨਹੀਂ ਚਲ ਰਹੀ ! ਜਦੋਂ ਰਣਜੀਤ ਜੰਮਿਆ ਸੀ ਤਾਂ ਮੇਰੇ ਨਾਲੋਂ "ਤੀਹ ਗੁਣਾ ਛੋਟਾ" ਸੀ ਤੇ ਮੈਂ ਸੋਚਿਆ ਕਿ ਇਤਨੇ ਛੋਟੇ ਬੱਚੇ ਨੂੰ ਰੋਕਣ ਦਾ ਕੀ ਫਾਇਦਾ, ਪਰ ਅੱਜ ਮੈਂ ਸੱਠ ਸਾਲ ਦਾ ਹਾਂ ਤੇ ਇਹ ਮੇਰੇ ਨਾਲੋਂ ਸਿਰਫ "ਦੋ ਗੁਣਾ ਛੋਟਾ" ਰਹ ਗਿਆ ਹੈ ! ਲਾਡ ਲਾਡ ਵਿੱਚ ਮੈਂ ਭੁੱਲ ਗਿਆ ਕੀ ਬੱਚੇ ਛੇਤੀ ਵੱਡੇ ਹੋ ਜਾਂਦੇ ਹਨ ਤੇ ਵੱਡੇਆਂ ਦੀ ਉਮਰ ਦੀ ਰਫਤਾਰ ਘੱਟ ਜਾਂਦੀ ਹੈ ! (ਹਰਬੰਸ ਸਿੰਘ ਆਪਣੀ ਗਲਤੀ ਉੱਤੇ ਰੋਣ ਅੱਕਾ ਸੀ)
ਤੁਹਾਡੀਆਂ ਇਨ੍ਹਾਂ ਗੱਲਾਂ ਨੇ ਮੈਨੂੰ ਇੱਕ ਨਵੀਂ ਗੱਲ ਸੁਝਾ ਦਿੱਤੀ ਹੈ ! (ਨਾਲ ਖੜੇ ਹਰਬੰਸ ਸਿੰਘ ਦੇ ਭਤੀਜੇ ਗੁਰਨਾਮ ਸਿੰਘ ਦੀਆਂ ਅੱਖਾਂ ਵਿੱਚ ਚਮਕ ਸੀ)
ਓਹ ਕੀ ਪੁੱਤਰ ? (ਕੁਲਜੀਤ ਕੌਰ ਨੇ ਪੁੱਛਿਆ)
ਗੁਰਨਾਮ ਸਿੰਘ (ਚਾਚਾ-ਚਾਚੀ ਦਾ ਧਿਆਨ ਬਦਲਣ ਦੀ ਕੋਸ਼ਿਸ਼ ਕਰਦਾ ਹੋਇਆ): ਸਿੱਖਾਂ ਵਿੱਚ ਬਹੁਤ ਸਾਰੀਆਂ ਮਨਮਤਾਂ ਅੱਤੇ ਮਸਲੇ ਬਹੁਤ ਸਮੇਂ ਤੋਂ ਸਾਡੇ ਲੀਡਰਾਂ ਅੱਤੇ ਧਾਰਮਿਕ ਆਗੂਆਂ ਵੱਲੋਂ ਟਾਲ-ਮਟੋਲ ਕਰ ਕੇ ਲਮਕਾਏ ਜਾ ਰਹੇ ਹਨ ! ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਉੱਤੇ ਚਰਚਾ ਕਰਨ ਨਾਲ ਪੰਥ ਵਿੱਚ ਪਾੜਾ ਪਵੇਗਾ ਤੇ ਉਨ੍ਹਾਂ ਨੇ ਸਮੇਂ ਸਿਰ ਕੋਈ ਫੈਸਲਾ ਨਹੀਂ ਲਿੱਤਾ ਤੇ ਮਸਲੇ ਲਮਕਾ ਦਿੱਤੇ, ਪਰ ਅੱਜ ਓਹੀ ਮਨਮਤਾਂ ਅੱਤੇ ਮਸਲੇ ਇਤਨੇ ਵੱਡੇ ਹੋ ਚੁੱਕੇ ਹਨ ਭਾਵ ਸਿੱਖਾਂ ਦੇ ਦਿਮਾਗ ਵਿੱਚ ਪਰੰਪਰਾ (ਪੁਰਾਤਨ ਪਰੰਪਰਾ) ਦੇ ਰੂਪ ਵਿੱਚ ਇਤਨੇ ਗਹਿਰੇ ਵੜ ਚੁੱਕੇ ਹਨ ਕੀ ਜ਼ਖਮ ਖੁਰਚੇ ਬਗੈਰ ਉਨ੍ਹਾਂ ਦਾ ਇਲਾਜ਼ ਹੋ ਨਹੀਂ ਸਕਦਾ ! ਬਹੁਤ ਸਾਰੀ ਮਨਮਤਾਂ ਅੱਜ ਗੁਰਮਤ ਸਮਝ ਕੇ ਕੀਤੀਆਂ ਜਾ ਰਹੀਆਂ ਹਨ ਕਿਓਂਕਿ ਇਨਸਾਨੀ ਸੁਭਾ ਹੈ ਕੀ
"ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ " !!
ਕੁਲਜੀਤ ਕੌਰ : ਠੀਕ ਕਹਿੰਦਾ ਹੈ ਪੁੱਤਰ ! ਜੇਕਰ ਮਸਲੇ ਜਾਂ ਮਨਮਤ ਨੂੰ ਸ਼ੁਰੂ ਹੋਣ ਦੇ ਨਾਲ ਹੀ ਰੋਕ ਦਿੱਤਾ ਜਾਵੇ ਤਾਂ ਓਹ ਨਾਸੂਰ ਭਾਵ ਪੁਰਾਤਨ ਪਰੰਪਰਾ ਦਾ ਰੂਪ ਨਹੀਂ ਧਾਰ ਸਕਦੀ, ਪਰ ਗੁਰੂ ਦੀ ਮੱਤ ਵਿਸਾਰ ਕੇ ਸਭ ਨੂੰ ਖੁਸ਼ ਰਖਣ ਦੀ ਮੱਤ ਨੇ ਸਾਰੇ ਪੁਆੜੇ ਨੂੰ ਜਨਮ ਦਿੱਤਾ ਹੈ !
ਹਰਬੰਸ ਸਿੰਘ (ਵਿੱਚ ਟੋਕਦਾ ਹੋਇਆ) : ਠੀਕ ਕਹਿੰਦੇ ਹੋ ! ਮੈਂ ਵੀ ਜੇਕਰ ਸਮੇਂ ਰਹਿੰਦੇ ਆਪਣੇ ਪੁੱਤਰ ਦੀ ਮਨਮਤ (ਗਲਤ ਹਰਕਤਾਂ) ਨੂੰ ਰੋਕ ਲੈਂਦਾ ਤਾਂ ਅੱਜ ਇਹ ਦਿਨ ਵੇਖਣੇ ਨਾ ਪੈਂਦੇ ! ਪਰ ਹੁਣ ਕੀ ਹੋ ਸਕਦਾ ਹੈ ? ਉਸ ਅੱਗੇ ਮੇਰੀ ਵੱਸ ਨਹੀਂ ਚਲਦੀ ਹੁਣ, ਗਭਰੂ ਜਵਾਨ ਹੋ ਚੁੱਕਾ ਹੈ ਓਹ ! ਉਸੀ ਤਰੀਕੇ ਮਸਲੇ ਅੱਤੇ ਮਨਮਤਾਂ ਇਤਨੀਆਂ ਵੱਡੀਆਂ ਹੋ ਚੁੱਕੀਆਂ ਹਨ ਕੀ ਉਨ੍ਹਾਂ ਦੇ ਅੱਗੇ ਗੁਰਮਤ ਨੂੰ ਵੀ ਅੱਜ ਝੂਠ ਸਾਬਿਤ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ !
ਗੁਰਨਾਮ ਸਿੰਘ : ਗੁਰੂ ਦੀ ਮੱਤ ਨੂੰ ਅਪਨਾਉਣਾ ਹੀ ਹਰ ਮਨਮਤ ਦਾ ਖਾਤਮਾ ਹੈ ! ਹੁਣ ਸੰਗਤੀ ਰੂਪ ਵਿੱਚ ਉੱਦਮ ਕਰਨਾ ਪਵੇਗਾ ! ਹੁਣ ਸਿਰਫ ਪ੍ਰਚਾਰਕਾਂ ਜਾਂ ਪ੍ਰਬੰਧਕਾਂ ਉੱਤੇ ਗੱਲ ਨਹੀਂ ਛੱਡੀ ਜਾ ਸਕਦੀ ! ਗੁਰੂ ਨਾਨਕ ਸਾਹਿਬ ਦੇ ਸਿਧਾਂਤ "ਘਰ ਘਰ ਅੰਦਰ ਧਰਮਸ਼ਾਲ" ਨੂੰ ਅਮਲੀ ਰੂਪ ਦੇਣਾ ਪਵੇਗਾ ਤੇ ਹਰ ਸਿੱਖ ਨੂੰ ਆਪ "ਸਿੱਖੀ ਦਾ ਬ੍ਰਾਂਡ ਐੰਮਬੈਸਡਰ" ਬਣ "ਧਰਮਸ਼ਾਲ ਰੂਪ ਹੋਣਾ ਪਵੇਗਾ" !
ਕੁਲਜੀਤ ਕੌਰ : ਪੁੱਤਰ ਜੀ ! ਜਿਸ ਦਿਨ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਮੱਥਾ ਟੇਕਣ ਦੀ ਥਾਂ ਉਸ ਵਿੱਚ ਦਰਜ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਾਂਗੇ ਅੱਤੇ ਫਿਰ ਉਨ੍ਹਾਂ ਸ਼ੁਭ ਅਮਲਾਂ ਨੂੰ ਆਪਣੀ ਜਿੰਦਗੀ ਵਿੱਚ ਵਰਤਾਂਗੇ ਤਾਂ ਫਿਰ ਹਰ ਮਨਮਤ ਦਾ ਭੋਗ ਪੈ ਜਾਵੇਗਾ ! ਕਿਓਂਕਿ ਵੱਡੇ ਤੋਂ ਵੱਡੇ ਹਨੇਰੇ ਨੂੰ ਗਿਆਨ ਦੀ ਰੋਸ਼ਿਨੀ ਹਟਾ ਸਕਦੀ ਹੈ !
ਗੁਰਨਾਮ ਸਿੰਘ (ਜੋਸ਼ ਵਿੱਚ) ਸਾਨੂੰ ਮਨਮਤ ਨੂੰ ਕਹਿਣਾ ਪਵੇਗਾ ਕੀ "ਤੂੰ ਭਾਵੇਂ ਜਿਤਨੀ ਵੀ ਵੱਡੀ ਹੋ ਜਾ, ਪਰ ਗੁਰਮਤ ਭਾਵ ਸਾਡਾ ਗੁਰੂ ਦਾ ਗਿਆਨ ਤੇਰੇ ਨਾਲੋਂ ਹਮੇਸ਼ਾ ਵੱਡਾ ਰਹੇਗਾ " !
"ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ" !
ਬਲਵਿੰਦਰ ਸਿੰਘ ਬਾਈਸਨ