ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਭਗਤ ਜਨਾਂ ਕਉ ਦੇਹੁਰਾ ਫਿਰੈ॥
ਭਗਤ ਜਨਾਂ ਕਉ ਦੇਹੁਰਾ ਫਿਰੈ॥
Page Visitors: 2647

ਭਗਤ ਨਾਮਦੇਉ ਜੀ ਦਾ, ਗੁਰੁ ਗ੍ਰੰਥ ਸਾਹਿਬ ਜੀ ਦੇ, ੧੧੬੪ ਅੰਗ ਤੇ ਸ਼ਬਦ ਹੈ ਜਿਸ ਦੀ ਇਹ ਤੁਕ ਹੈ, ਆਉ ਅੱਜ ਇਸ ਸ਼ਬਦ ਦੀ ਹੀ ਵਿਚਾਰ ਕਰਦੇ ਹਾਂ। ਸ਼ਬਦ ਹੈ:
ਹਸਤ ਖੇਲਤ ਤੇਰੇ ਦੇਹੁਰੇ ਆਇਆ॥ ਭਗਤਿ ਕਰਤ ਨਾਮਾ ਪਕਰਿ ਉਠਾਇਆ॥ ੧॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥ ਛੀਪੇ ਕੇ ਜਨਮਿ ਕਾਹੇ ਕਉ ਆਇਆ॥ ੧॥ ਰਹਾਉ॥
ਲੈ ਕਮਲੀ ਚਲਿਓ ਪਲਟਾਇ॥ ਦੇਹੁਰੈ ਪਾਛੈ ਬੈਠਾ ਜਾਇ॥ ੨॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ॥ ਭਗਤ ਜਨਾਂ ਕਉ ਦੇਹੁਰਾ ਫਿਰੈ॥ ੩॥ (੧੧੬੪)

ਰਹਾਉ = ਭਗਤ ਨਾਮਦੇਉ ਜੀ ਪਰਮਾਤਮਾ ਅੱਗੇ ਇੱਕ ਵਿਚਾਰ ਰਖਦੇ ਹਨ, ਇੱਕ ਸਵਾਲ ਪੁਛਦੇ ਹਨ ਕਿ ਹੇ ਯਾਦਵਾਂ ਦੇ ਰਾਜੇ ਕ੍ਰਿਸ਼ਨ ਜੀ, ਜੇ ਛੀਂਬੇ ਦੀ ਜਾਤ ਹੀਨੜੀ ਹੈ, ਹੀਨ ਭਾਵਨਾ ਪੈਦਾ ਕਰਨ ਵਾਲੀ ਹੈ, ਨੀਚ ਜਾਤੀ ਹੈ, ਤਾਂ ਮੈਂ ਇਸ ਜਾਤੀ ਵਿੱਚ ਕਿਉਂ ਆਇਆ ਹਾਂ? ਤੂੰ ਮੈਨੂੰ ਇਸ ਜਾਤੀ ਵਿੱਚ ਕਿਉਂ ਭੇਜਿਆ ਹੈ? ਕੀ ਮੇਰੇ ਕਰਮ ਏਨੇ ਹੀ ਭੈੜੇ ਸਨ ਕਿ ਤੂੰ ਮੈਨੂੰ, ਛੀਂਬੇ ਦੀ ਜਾਤ ਵਿੱਚ ਘੱਲਦਾ?
ਇਸ ਵਿਚੋਂ ਇਹ ਸਾਬਤ ਨਹੀਂ ਹੁੰਦਾ ਕਿ ਨਾਮਦੇਉ ਜੀ, ਕ੍ਰਿਸ਼ਨ ਦੇ ਭਗਤ ਸਨ। ਬਲਕਿ ਇਹ ਜ਼ਾਹਰ ਹੋ ਰਿਹਾ ਹੈ ਕਿ, ਪੰਡਰ ਪੁਰ ਰਹਣ ਕਾਰਨ, ਇਲਾਕਾ ਵਾਸੀਆਂ ਦੇ ਪ੍ਰਭਾਵ ਹੇਠ (ਉਸ ਵੇਲੈ ਤਕ) ਉਹ ਵੀ ਕ੍ਰਿਸ਼ਨ ਨੂੰ ਹੀ ਭਗਵਾਨ ਕਰ ਕੇ ਸਮਝਦੇ ਸਨ। ਮੰਦਰ ਵਿਚਲੀ, ਕ੍ਰਿਸ਼ਨ ਦੀ ਮੂਰਤੀ ਨੂੰ ਹੀ ਭਗਵਾਨ ਸਮਝਦੇ ਸਨ। ਏਸੇ ਪ੍ਰਭਾਵ ਹੇਠ ਉਹ ਮੰਦਰ ਵਿੱਚ ਕ੍ਰਿਸ਼ਨ ਦੀ ਮੂਰਤੀ ਦੀ ਭਗਤੀ ਕਰਨ ਗਏ ਸਨ।
੧ = ਭਗਤ ਜੀ ਕ੍ਰਿਸ਼ਨ ਰੂਪ ਭਗਵਾਨ ਨੂੰ, ਅਪਣੇ ਸਵਾਲ ਬਾਰੇ ਸਪੱਸ਼ਟ ਕਰਦੇ ਕਹਿੰਦੇ ਹਨ ਕਿ, ਹੇ ਭਗਵਾਨ ਕਹਾਉਂਦੇ ਯਾਦਵਾਂ ਦੇ ਰਾਜੇ, ਜਦ ਮੈਂ ਹਸਦਾ ਖੇਡਦਾ, ਬੜੇ ਚਾਉ ਨਾਲ, ਤੇਰੇ ਮੰਦਰ ਵਿੱਚ ਤੇਰੀ ਪੂਜਾ ਕਰਨ ਗਿਆ, ਅਤੇ ਤੇਰੀ ਭਗਤੀ ਕਰਨ ਲੱਗਾ, ਤਾਂ ਮੈਨੂੰ, ਨਾਮੇ ਨੂੰ, ਭਗਤੀ ਕਰਦੇ ਨੂੰ, ਤੇਰੇ ਪੁਜਾਰੀਆਂ ਨੇ ਬਾਹੋਂ ਫੜ ਕੇ ਉਠਾ ਦਿੱਤਾ, ਤੇਰੇ ਮੰਦਰ ਵਿਚੋਂ ਬਾਹਰ ਕੱਢ ਦਿੱਤਾ। ਹੁਣ ਮੇਰੇ ਕੁੱਝ ਸਵਾਲ ਹਨ, ਧਿਆਨ ਨਾਲ ਸੁਣ। ਇੱਕ ਤਾਂ ਕੀ ਮੈਂ ਅਜਿਹੇ ਮਾੜੇ ਕਮ ਕੀਤੇ ਸਨ, ਜੋ ਤੂੰ ਮੈਨੂੰ ਇਸ ਛੀਂਬੇ ਦੇ ਜਨਮ ਵਿੱਚ ਭੇਜਿਆ, ਜਿਸ ਨੂੰ ਭਗਤੀ ਕਰਨ ਦਾ ਵੀ ਕੋਈ ਅਧਿਕਾਰ ਨਹੀਂ? ਜੇ ਤੂੰ ਹੀ ਇਹ ਜਾਤਾਂ ਬਣਾਈਆਂ ਹਨ, ਜਿਨ੍ਹਾਂ ਵਿੱਚ ਬੰਦੇ ਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ ਤਾਂ ਇਹ ਮਨੁੱਖਾ ਜੂਨ, ਜੋ ਤੂੰ ਹੀ, ਭਗਤੀ ਕਰ ਕੇ ਤੇਰੇ ਨਾਲ ਇੱਕ ਮਿਕ ਹੋਣ ਦੇ ਵਸੀਲੇ ਵਜੋਂ ਬਣਾਈ ਹੈ, ਤਾਂ ਮੈਨੂੰ, ਜਾਂ ਮੇਰੇ ਵਰਗੇ ਹੋਰ ਨੀਵੀਆਂ ਜਾਤੀਆਂ ਵਾਲਿਆਂ ਨੂੰ, ਸਾਰੀ ਇਸਤ੍ਰੀ ਜਾਤੀ ਸਮੇਤ ਇਹ ਜੂਨ ਦੇਣ ਦਾ ਕੀ ਲਾਭ? ਅਸੀਂ ਤੇਰੇ ਨਾਲ ਕਿਵੇਂ ਮਿਲ ਸਕਦੇ ਹਾਂ?
(ਭਗਵਾਨ ਕੋਲੋਂ ਪੁਛੇ ਇਸ ਸਵਾਲ ਵਿੱਚ ਨੀਵੀਆਂ ਜਾਤਾਂ ਵਾਲਿਆਂ, ਔਰਤਾਂ ਨੂੰ ਚਨੌਤੀ ਅਤੇ ਮੂਰਤੀ ਰੂਪੀ ਕ੍ਰਿਸ਼ਨ ਭਗਵਾਨ ਦੀ ਨਿਰਾਰਥਿਕਤਾ ਦਾ ਹੋਕਾ ਸੀ।)
ਦੂਸਰਾ ਇਹ ਕਿ, ਹੇ ਪ੍ਰਭੂ ਪਰਮਾਤਮਾ ਕੀ ਇਹ ਮੂਰਤੀ ਤੇਰਾ ਹੀ ਰੂਪ ਹੈ, ਜਿਸ ਦੀ ਭਗਤੀ ਕਰਨ ਦਾ ਵੀ ਮੈਨੂੰ ਕੋਈ ਅਧਿਕਾਰ ਨਹੀਂ? ਕੀ ਇਹ ਮੰਦਰ ਤੇਰਾ ਹੀ ਨਿਵਾਸ ਅਸਥਾਨ ਹੈ, ਜਿਸ ਵਿੱਚ ਦਾਖਲ ਹੋਣ ਦਾ ਵੀ ਮੈਨੂੰ ਕੋਈ ਅਧਿਕਾਰ ਨਹੀਂ? ਕੀ ਇਹ ਮੰਦਰ ਦੇ ਪੁਜਾਰੀ ਤੇਰੇ ਹੀ ਭਗਤ ਹਨ, ਜੋ ਮੈਨੂੰ ਤੇਰੀ ਭਗਤੀ ਕਰਨ ਤੋਂ ਰੋਕਦੇ ਹਨ?
ਪਰ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਨਾਮਦੇਉ ਜੀ ਨੂੰ ਇਸ ਸਵਾਲ ਦਾ ਜਵਾਬ ਕਿਸ ਕੋਲੋਂ ਅਤੇ ਕਿਵੇਂ ਮਿਲਣਾ ਸੀ? ਇਸ ਦਾ ਜਵਾਬ ਸਿਰਫ ਗਿਆਨ ਗੁਰੂ ਦੀ ਸਿਖਿਆ ਅਨੁਸਾਰ ਭਗਤ ਜੀ ਨੇ ਅਪਣੇ ਅੰਦਰੋਂ ਹੀ ਲੱਭਣਾ ਸੀ, ਇਹੀ ਉਨ੍ਹਾਂ ਨੇ ਕੀਤਾ, ਜਿਸ ਦਾ ਵਰਣਨ ਉਨ੍ਹਾਂ ਨੇ ਅਗਲੇ ਦੋ ਪਦਿਆਂ ਵਿੱਚ ਕੀਤਾ ਹੈ।
੨ = ਜਦੋਂ ਮੈਨੂੰ ਮੰਦਰ ਵਿਚੋਂ ਬਾਂਹ ਫੜ ਕੇ ਧੱਕੇ ਨਾਲ ਬਾਹਰ ਕੱਢ ਦਿੱਤਾ ਤਾਂ ਮੈਂ ਸਮਝ ਗਿਆ ਕਿ ਇਹ ਮੂਰਤੀ ਉਸ ਭਗਵਾਨ ਦੀ ਨਹੀਂ ਹੋ ਸਕਦੀ, ਜੋ ਸਭ ਨੂੰ ਜੀਵਨ ਦਿੰਦਾ ਹੈ, ਸਭ ਨੂੰ (ਬਿਨਾ ਵਿਤਕਰੇ ਦੇ) ਜ਼ਿੰਦਾ ਰਹਣ ਲਈ ਦਾਤਾਂ ਦਿੰਦਾ ਹੈ। ਜੋ ਸਭ ਦੇ ਅੰਦਰ ਵਸਦਾ ਹੈ। ਸੋ ਮੈਂ ਅਪਣੀ ਕੰਬਲੀ, ਅਪਣਾ ਸਾਰਾ ਸਮਾਨ ਲੈ ਕੇ, ਉਸ ਮੂਰਤੀ ਨਾਲੋਂ ਨਾਤਾ ਤੋੜ ਕੇ ਵਾਪਸ ਆ ਗਿਆ ਅਤੇ ਦੇਹੁਰੇ, ਮੰਦਰ ਦੇ ਪਿਛਵਾੜੇ ਜਾ ਕੇ ਬੈਠ ਗਿਆ। ਪੰਜਾਬੀ ਵਿੱਚ ਇੱਕ ਕਹਾਵਤ ਹੈ ਕਿ, ਭੁੰਜੇ ਸੌਣਾ ਤਾਂ ਪਰੇ ਕੀ ਅਖਵਾਉਣਾ? ਅਰਥਾਤ ਜਦੋਂ ਕਰਤਾਰ ਦੀ ਬਖਸ਼ੀ ਧਰਤੀ ਤੇ ਹੀ ਸੌਣਾ ਹੈ ਤਾਂ ਇਹ ਅਖਵਾਉਣ ਦੀ ਗੁੰਜਾਇਸ਼ ਕਿੱਥੇ ਕਿ ਪਰ੍ਹੇ ਹੋ ਕੇ ਸੌਂ? ਜਦ ਨਾਮਦੇਉ ਜੀ ਮੰਦਰ ਨਾਲੋਂ ਨਾਤਾ ਤੋੜ ਕੇ ਉਸ ਤੋਂ ਬਾਹਰ ਆ ਗਏ, ਤਾਂ ਫਿਰ ਮੰਦਰ ਨਾਲ ਕਾਹਦਾ ਮੋਹ? ਮੰਦਰ ਦੇ ਪਛਵਾੜੇ ਬੈਠਣ ਦੀ ਕੀ ਤੁਕ? ਸਪੱਸ਼ਟ ਹੈ ਕਿ ਭਗਤ ਜੀ ਮੰਦਰ ਦੇ ਪਛਵਾੜੇ ਨਹੀਂ ਬੈਠੇ, ਬਲਕਿ ਮੰਦਰ ਨੂੰ ਪਿੱਠ ਦੇ ਕੇ, ਸਦਾ ਲਈ ਤਿਆਗ ਬੈਠੇ।
੩ = ਜਿਵੇਂ ਜਿਵੇਂ ਨਾਮਾ ਹਰੀ ਦੇ ਗੁਣ ਗਾਉਂਦਾ ਹੈ, ਗੁਣਾਂ ਦੀ ਵਿਚਾਰ ਕਰਦਾ ਹੈ, ਉਸ ਦੀ ਬਿਬੇਕ ਬੁੱਧੀ ਜਾਗਦੀ ਜਾਂਦੀ ਹੈ, ਉਸ ਨੂੰ ਗਿਆਨ ਹੁੰਦਾ ਜਾਂਦਾ ਹੈ ਕਿ ਇਹ ਦੇਹੁਰਾ, ਇਹ ਮੰਦਰ ਭਗਤਾਂ ਦਾ ਨਹੀਂ, ਪੁਜਾਰੀਆਂ ਦੀ ਲੁੱਟ ਦਾ ਅੱਡਾ ਹੈ। ਇਹ ਪੁਜਾਰੀ ਭਗਵਾਨ ਦੇ ਭਗਤ ਨਹੀਂ, ਬਨਾਰਸ ਦੇ ਠੱਗ ਹਨ। ਇਹ ਮੂਰਤੀ, ਸਭ ਨੂੰ ਪਾਲਣ ਵਾਲੇ ਭਗਵਾਨ ਦੀ ਨਹੀਂ, ਉਸ ਦੀਆਂ ਮੂਰਤੀਆਂ ਤਾਂ ਇਹ ਚਲਦੇ ਫਿਰਦੇ, ਉਸ ਦੀ ਰਜ਼ਾ ਵਿੱਚ ਚਲਦੇ ਇਨਸਾਨ ਹਨ। ਇਹ ਮੂਰਤੀਆਂ ਤਾਂ ਬ੍ਰਾਹਮਣ ਦੀ ਲੁੱਟ ਦਾ ਸਾਧਨ ਹਨ। ਇਹ ਜਾਤਾਂ ਪਾਤਾਂ, ਉਸ ਨਿਰਵੈਰ ਪ੍ਰਭੂ ਦੀਆਂ ਬਣਾਈਆਂ ਹੋਈਆਂ ਨਹੀਂ ਹਨ ਬਲਕਿ ਬ੍ਰਾਹਮਣ ਵਲੋਂ, ਅਪਣੇ ਲੁੱਟ ਜਾਲ ਨੂੰ ਪੱਕਿਆਂ ਕਰਨ ਲਈ ਸਮਾਜ ਵਿੱਚ ਪਾਈਆਂ ਹੋਈਆਂ ਵੰਡੀਆਂ ਹਨ।
(ਇਹ ਅਜਿਹੀ ਗੱਲ ਸੀ ਜਿਸ ਨੂੰ ਬ੍ਰਾਹਮਣ ਹਜ਼ਮ ਨਹੀਂ ਕਰ ਸਕਦਾ ਸੀ, ਉਸ ਦਾ ਤਾਂ ਤਾਣਾ-ਬਾਣਾ ਹੀ ਇੱਟਾਂ ਦਾ ਮੰਦਰ, ਪੱਥਰ ਦੀਆਂ ਮੂਰਤੀਆਂ ਅਤੇ ਸਮਾਜ ਵਿੱਚ ਪਾਈਆਂ ਵੰਡੀਆਂ ਆਸਰੇ ਖੜਾ ਹੈ।)
ਭਗਤ ਜੀ ਦੇ ਸ਼ਬਦ ਦੇ ਸਹੀ ਅਰਥ ਕੀਤਿਆਂ ਤਾਂ ਉਸ ਦੀ ਫੂਹਵੀ ਹੀ ਵਲੇਟ੍ਹੀ ਜਾਣੀ ਸੀ, ਪਰ ਲੁੱਟ ਦਾ ਮਾਲ ਖਾਣ ਵਾਲੇ ਦਮਾਗੀ ਤੌਰ ਤੇ ਬਹੁਤ ਚਤੁਰ (ਆਤਮਕ ਤੌਰ ਤੇ ਓਨੇ ਹੀ ਮੁਰਦਾ) ਹੁੰਦੇ ਹਨ। ਉਨ੍ਹਾਂ ਨੇ ਇਸ ਸ਼ਬਦ ਦਾ ਅਰਥ ਕਰ ਦਿੱਤਾ ਕਿ ਜਦ ਨਾਮਦੇਉ ਜੀ ਨੂੰ ਬ੍ਰਾਹਮਣਾਂ ਨੇ ਧੱਕੇ ਮਾਰ ਕੇ ਮੰਦਰ `ਚੋਂ ਬਾਹਰ ਕੱਢ ਦਿੱਤਾ ਤਾਂ ਭਗਤ ਜੀ ਮੰਦਰ ਦੇ ਪਿਛਵਾੜੇ ਬੈਠ ਕੇ ਭਗਤੀ ਕਰਨ ਲੱਗੇ। (ਮੰਦਰ ਨਾਲੋਂ, ਮੂਰਤੀਆਂ ਨਾਲੋਂ ਅਤੇ ਬ੍ਰਾਹਮਣ ਨਾਲੋਂ ਨਾਤਾ ਨਹੀਂ ਤੋੜਿਆ) ਜਿਵੇਂ ਜਿਵੇਂ ਨਾਮਦੇਉ ਜੀ ਭਗਵਾਨ ਦੀ ਭਗਤੀ ਕਰਦੇ ਰਹੇ, ਦੇਹੁਰੇ ਦਾ, ਮੰਦਰ ਦਾ ਦੁਆਰ ਘੁੰਮ ਕੇ ਭਗਤ ਜੀ ਵੱਲ ਹੁੰਦਾ ਗਿਆ।
ਯਾਨੀ ਭਗਤ ਜੀ ਦੀ ਭਗਤੀ ਆਸਰੇ, ਕਰਾਮਾਤ ਵਾਪਰ ਗਈ ਅਤੇ ਦੇਹੁਰੇ ਦਾ ਦਵਾਰ ਘੁੰਮ ਕੇ ਭਗਤ ਜੀ ਵੱਲ ਹੋ ਗਿਆ।
ਫਿਰ ਮੰਦਰ ਵਿਚਲੀਆਂ ਮੂਰਤੀਆਂ ਵਿੱਚ ਭਗਵਾਨ ਨਹੀਂ ਤਾਂ ਹੋਰ ਕਿੱਥੇ ਹੈ? ਮੰਦਰ ਵਿਚਲੇ ਬ੍ਰਾਹਮਣ, ਭਗਵਾਨ ਦੇ ਭਗਤ ਨਹੀਂ ਤਾਂ ਹੋਰ ਕੌਣ ਹਨ?
ਮਜ਼ੇ ਦੀ ਗੱਲ ਤਾਂ ਇਹ ਹੈ ਕਿ ਕੇਸਾ ਧਾਰੀ ਪੁਜਾਰੀ (ਬ੍ਰਾਹਮਣ) ਜੋ ਗੁਰੁ ਗ੍ਰੰਥ ਸਾਹਿਬ ਜੀ ਨੂੰ, ਭਗਤ ਨਾਮਦੇਊ ਜੀ ਦੇ ਇਸ ਸ਼ਬਦ ਨੂੰ ਅਪਣਾ ਗੁਰੂ ਮੰਨਦੇ ਹਨ, ਉਸ ਦੀ ਸਿਖਿਆ ਅਨੁਸਾਰ ਕੰਮ ਕਰਨ ਦਾ ਵਿਖਾਵਾ ਕਰਦੇ ਹਨ। ਉਹ ਗੁਰਦਵਾਰਿਆਂ ਵਿਚੋਂ, ਜਿਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ, ਭਗਤ ਨਾਮਦੇਉ ਵਲੋਂ ਆਤਮਸਾਤ, ਇਸ ਸਿਧਾਂਤ ਦਾ ਪਰਚਾਰ ਹੋਣਾ ਸੀ, ਓਥੋਂ ਹੀ ਇਸ ਸਿਧਾਂਤ ਨੂੰ ਦੇਖ ਕੇ ਵੀ ਅਣਡਿੱਠ ਕਰ ਕੇ, ਪਰਚਾਰਦੇ ਹਨ ਕਿ ਭਗਤੀ ਵਿੱਚ ਏਨੀ ਸ਼ਕਤੀ ਹੈ ਕਿ ਕਿਸੇ ਭਵਨ ਦੀ ਦਿਸ਼ਾ ਵੀ ਬਦਲ ਸਕਦੀ ਹੈ। ਜਦ ਕਿ ਗੁਰੁ ਗ੍ਰੰਥ ਸਾਹਿਬ ਜੀ, ਪੈਰ-ਪੈਰ ਤੇ ਹੋਕਾ ਦਿੰਦੇ ਹਨ ਕਿ ਪਰਮਾਤਮਾ ਵਲੋਂ ਬਣਾਏ ਨਿਯਮ ਕਾਨੂਨ, ਸਿਧਾਂਤ ਅਟੱਲ ਹਨ, ਉਨ੍ਹਾਂ ਨੂੰ ਕੋਈ ਬਦਲ ਨਹੀਂ ਸਕਦਾ, ਯਾਨੀ ਜਿਸ ਚੀਜ਼ ਦੀਆਂ ਜੜ੍ਹਾਂ ਧਰਤੀ ਵਿੱਚ ਹਨ, ਉਹ ਚਲ ਫਿਰ ਨਹੀਂ ਸਕਦੀ।
ਜੇ ਪੁਜਾਰੀ ਪਰਮਾਤਮਾ ਦੇ ਨਿਯਮ-ਕਾਨੂਨਾਂ ਦੀ ਗੱਲ ਸਿੱਖਾਂ ਨੂੰ ਸਮਝਾਉਣ ਤਾਂ ਸਿੱਖ, ਉਨ੍ਹਾਂ ਕਰਾਮਾਤਾਂ ਤੇ ਕਿਵੇਂ ਵਿਸ਼ਵਾਸ ਕਰਨ, ਜਿਨ੍ਹਾਂ ਆਸਰੇ ਪੁਜਾਰੀਆਂ ਨੇ ਭੋਲੇ-ਭਾਲੇ ਸਿੱਖਾਂ ਨੂੰ ਕੁਰਾਹੇ ਪਾ ਕੇ ਲੁੱਟਣਾ ਹੈ? ਪਤਾ ਨਹੀਂ ਸਿੱਖ ਕਦੋਂ ਗੁਰਬਾਣੀ ਦੇ ਇਸ ਸਿਧਾਂਤ ਨੂੰ ਸਮਝਣਗੇ?
ਅੱਜ ਤਾਂ ੯੫ % ਤੋਂ ਵੱਧ ਸਿੱਖ, ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਮੰਦਰਾਂ ਨਾਲ, ਉਨ੍ਹਾਂ ਮੂਰਤੀਆਂ ਨਾਲ, ਉਨ੍ਹਾਂ ਬ੍ਰਾਹਮਣਾਂ ਨਾਲ ਜੁੜੇ ਹੋਏ ਹਨ। ਹੱਦ ਤਾਂ ਇਹ ਹੈ ਕਿ ਪਰਚਾਰਿਆ ਜਾਂਦਾ ਸਿੱਖੀ ਦਾ ਕੇਂਦਰ, ਦਰਬਾਰ ਸਾਹਿਬ ਵੀ, ਹਰੀ ਦਾ ਮੰਦਰ ਹੋ ਗਿਆ ਹੈ, ਓਥੋਂ ਦੇ ਪੁਜਾਰੀ ਵੀ ਕੇਸਾ ਧਾਰੀ ਬ੍ਰਾਹਮਣ ਹਨ। ਕਿਸੇ ਵੇਲੇ ਇਸ ਥਾਂ ਮੂਰਤੀਆਂ ਵੀ ਸਥਾਪਤ ਹੋ ਗਈਆਂ ਸਨ। (ਜੋ ੧੯੨੦ ਵਿੱਚ ਹਟਾਈਆਂ ਗਈਆਂ) ਅੱਜ ਹਾਲਤ ਇਹ ਹੈ ਕਿ, ਜੇ ਉਸ ਥਾਂ ਦੁਬਾਰਾ ਮੂਰਤੀਆਂ ਸਥਾਪਤ ਹੋ ਜਾਣ ਤਾਂ, ਉਨ੍ਹਾਂ ਨੂੰ ਕੋਈ ਹਟਾਉਣ ਵਾਲਾ ਨਹੀਂ। ਪੁਜਾਰੀ ਲਾਣਾ (ਸੰਤ ਸਮਾਜ) ਇਹ ਤਾਂ ਬਰਦਾਸ਼ਤ ਕਰ ਲਵੇਗਾ ਕਿ ਸਿੱਖਾਂ ਵਿੱਚ ਖਾਨਾਜੰਗੀ ਹੋ ਜਾਵੇ। ਸਿੱਖੀ ਸਿਧਾਂਤਾਂ ਦਾ ਵਿਨਾਸ਼ ਹੋ ਜਾਵੇ, ਪਰ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਸਿਧਾਂਤ ਹੀਣ ਅੜੀ ਤੇ, ਉਸ ਦੀ ਮੁੱਛ ਨੀਵੀਂ ਹੋ ਜਾਵੇ। ਸਿੱਖ ਉਸ ਨੂੰ ਪੁਜਾਰੀ ਵਜੋਂ, (ਗੁਰਮਤਿ ਸਿਧਾਂਤ ਅਨੁਸਾਰ) ਮਾਨਤਾ ਦੇਣੀ ਰੱਦ ਕਰ ਦੇਣ।
ਪਰਮਾਤਮਾ ਹੀ ਮਿਹਰ ਕਰੇ, ਸਿੱਖਾਂ ਨੂੰ, ਗੁਰੁ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਮਝਣ ਦੀ ਬੁੱਧੀ ਬਖਸ਼ੇ।
ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨੬੪੬੨੧.

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.