ਕੈਟੇਗਰੀ

ਤੁਹਾਡੀ ਰਾਇ

New Directory Entries


ਕਿਰਪਾਲ ਸਿੰਘ ਬਠਿੰਡਾ
‘ਪੰਜਾਬ ਦਾ ਇਤਿਹਾਸ’ ਇਕ ਵਿਸਲੇਸ਼ਣ !
‘ਪੰਜਾਬ ਦਾ ਇਤਿਹਾਸ’ ਇਕ ਵਿਸਲੇਸ਼ਣ !
Page Visitors: 2911

‘ਪੰਜਾਬ ਦਾ ਇਤਿਹਾਸ’ ਇਕ ਵਿਸਲੇਸ਼ਣ !
ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਜਾਣਕਾਰੀ ਤੋਂ ਸੱਖਣਾ ਹੈ ਬਾਰ੍ਹਵੀਂ ਕਲਾਸ ਲਈ ‘ ਪੰਜਾਬ ਦਾ ਇਤਿਹਾਸ’ ਲਿਖਣ ਵਾਲਾ ਇਤਿਹਾਸਕਾਰ
ਪੰਜਾਬ ਸਿੱਖਿਆ ਬੋਰਡ ਦੀ ਬਾਰ੍ਹਵੀਂ ਕਲਾਸ ਲਈ ‘ਪੰਜਾਬ ਦਾ ਇਤਿਹਾਸ’ ਲਿਖਣ ਵਾਲੇ ਡਾ: ਏ. ਸੀ. ਅਰੋੜਾ ਐੱਮ. ਏ., ਪੀ.ਐੱਚ.ਡੀ. (ਗੋਲਡ ਮੈਡਲਿਸਟ), ਜੋ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਇਤਿਹਾਸ ਵਿਭਾਗ ਵੀ ਰਹਿ ਚੁੱਕੇ ਹਨ; ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੰਭੀਰ ਤੇ ਡੂੰਘਾ ਅਧਿਐਨ ਨਹੀਂ ਕੀਤਾ ਜਾਪਦਾ, ਕਿਉਂਕਿ ਉਨ੍ਹਾਂ ਦੁਆਰਾ ਕਿਤਾਬ ਵਿਚ ਰੱਖੇ ਗਏ ਵੀਚਾਰ ਸੰਦੇਹ ਪੈਦਾ ਕਰਦੇ ਹਨ; ਜਿਵੇਂ:  
    ਪੁਸਤਕ ਦੇ ਪੰਨਾ ਨੰ: 17 ਉੱਪਰ (ਗੁਰੂ) ਗ੍ਰੰਥ ਸਾਹਿਬ ਜੀ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ: ਅਰੋੜਾ ਜੀ ਲਿਖਦੇ ਹਨ ਕਿ: ‘ਇਸ ਦਾ ਸੰਪਾਦਨ ਗੁਰੂ ਅਰਜੁਨ ਦੇਵ ਜੀ ਨੇ 1604 ਈ: ਵਿੱਚ ਅੰਮ੍ਰਿਤਸਰ ਵਿਖੇ ਕੀਤਾ ਸੀ। ਇਸ ਵਿੱਚ ਪਹਿਲੇ ਪੰਜ ਗੁਰੂਆਂ  ਅਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ। ਸਿੱਖ ਗੁਰੂਆਂ ਤੋਂ ਇਲਾਵਾ ਇਸ ਗ੍ਰੰਥ ਵਿੱਚ ਪੂਰਬ-ਕਾਲੀ ਤੇ ਸਮਕਾਲੀ ਹਿੰਦੂ ਭਗਤਾਂ, ਮੁਸਲਿਮ ਸੂਫੀਆਂ, ਭੱਟਾਂ ਆਦਿ ਦੀ ਬਾਣੀ ਦੇ ਸ਼ਬਦਾਂ ਨੂੰ ਵੀ ਥਾਂ ਦਿੱਤੀ ਗਈ ਹੈ। ਆਦਿ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂਆਂ ਅਤੇ ਭਗਤਾਂ ਦੀਆਂ ਜੀਵਨ ਕਥਾਵਾਂ ਨਹੀਂ ਦਿੱਤੀਆਂ ਗਈਆਂ ਅਤੇ ਨਾ ਹੀ ਇਸ ਵਿੱਚ ਉਸ ਸਮੇਂ ਦੀਆਂ ਇਤਿਹਾਸਕ ਘਟਨਾਵਾਂ ਬਿਆਨ ਕੀਤੀਆਂ ਗਈਆਂ ਹਨ।’
ਟਿੱਪਣੀ:- ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂਆਂ ਅਤੇ ਭਗਤਾਂ ਦਾ ਜੀਵਨ ਅਤੇ ਉਸ ਸਮੇਂ ਦੀ ਹਰ ਇਤਿਹਾਸਕ ਘਟਨਾ ਦਰਜ ਨਹੀਂ ਹੈ ਪਰ ਹੈਰਾਨੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਤਿਹਾਸ ਵਿੱਚ ਸਭ ਤੋਂ ਵੱਡੀ ਡਿਗਰੀ (ਪੀ.ਐੱਚ.ਡੀ) ਪ੍ਰਾਪਤ ਇਤਿਹਾਸਕਾਰ ਨੂੰ ਇਹ ਵੀ ਨਹੀਂ ਪਤਾ ਕਿ ਉਸ ਵਿੱਚ ਬਹੁਤ ਸਾਰੀਆਂ ਅਹਿਮ ਇਤਿਹਾਸਕ ਘਟਨਾਵਾਂ ਸੰਕੇਤ ਮਾਤਰ ਦਰਜ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਦਾ ਸੰਖੇਪ ਵਰਨਣ ਹੇਠ ਲਿਖੇ ਅਨੁਸਾਰ ਹੈ:-
1.‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
  ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ……
…… ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ
॥ (ਤਿਲੰਗ ਮ: ੧, ਗੁਰੂ ਗ੍ਰੰਥ ਸਾਹਿਬ - ਅੰਗ ੭੨੩)
ਇਸ ਸ਼ਬਦ ਤੋਂ ਸੰਕੇਤ ਮਿਲਦਾ ਹੈ ਕਿ ਬਾਬਰ ਵੱਲੋਂ ਸੰਮਤ 1578 ਬਿਕ੍ਰਮੀ ਵਿੱਚ ਭਾਰਤ ’ਤੇ ਕੀਤੇ ਗਏ ਤੀਜੇ ਹਮਲੇ ਦੌਰਾਨ ਐਮਨਾਬਾਦ ਸ਼ਹਿਰ ਵਿੱਚ ਕੀਤੇ ਕਤਲੇਆਮ ਅਤੇ ਲੁੱਟਮਾਰ ਦਾ ਜ਼ਿਕਰ ਹੈ ਅਤੇ ਸੰਮਤ 1597 ਵਿੱਚ ਸ਼ੇਰ ਸ਼ਾਹ ਸੂਰੀ ਵੱਲੋਂ ਹਮਲਾ ਕਰਕੇ ਹਿੰਮਾਯੂ ਨੂੰ ਭਜਾ ਦੇਣ ਦੀ ਪਸ਼ੀਨਗੋਈ ਕੀਤੀ ਗਈ ਹੈ। ਇਸੇ ਤਰ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚਾਰ ਸ਼ਬਦ ਦਰਜ ਹਨ ਜਿਨ੍ਹਾਂ ਵਿੱਚ ਬਾਬਰ ਵੱਲੋਂ ਕੀਤੀ ਲੁਟਮਾਰ ਅਤੇ ਕਤਲੇਆਮ ਦਾ ਜ਼ਿਕਰ ਕੀਤਾ ਹੋਇਆ ਹੈ। ਇਨ੍ਹਾਂ ਸ਼ਬਦਾਂ ਨੂੰ ਬਾਬਰ ਬਾਣੀ ਦੇ ਨਾਮ ਹੇਠ ਯਾਦ ਕੀਤਾ ਜਾਂਦਾ ਹੈ।
2.‘ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥
  ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ
॥੧॥ …
…… ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥
ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ
॥੨॥ ……
..… ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ
॥੩॥
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ
ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥ …… ॥੪॥
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥ ……॥੫॥ …… ॥੬॥੪॥੧੦॥’ -
(ਤੁਖਾਰੀ ਮ: ੪, ਗੁਰੂ ਗ੍ਰੰਥ ਸਾਹਿਬ - ਅੰਗ ੧੧੧੭)।
   ਚੌਥੇ ਪਾਤਸ਼ਾਹ ਗੁਰੂ ਰਾਮ ਦਾਸ ਜੀ ਨੇ ਇਸ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਵੱਲੋਂ ਸੂਰਜ ਗ੍ਰਹਿਣ ਦੇ ਮੌਕੇ ਪ੍ਰਚਾਰ ਲਈ ਕੁਰਕਸ਼ੇਤਰ, ਜਮਨਾ ਅਤੇ ਗੰਗਾ ਆਦਿਕ ਤੀਰਥ ਅਸਥਾਨਾਂ ਦੀ ਕੀਤੀ ਯਾਤਰਾ ਦਾ ਸੰਖੇਪ ਵਰਨਣ ਕੀਤਾ ਹੈ।
3. ‘ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥ ……
…. ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥
    ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
    ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥
    ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ
॥ ……… ॥੬॥੧॥
{ਰਾਮਕਲੀ ਸਦ (ਬਾਬਾ ਸੁੰਦਰ ਜੀ) ਗੁਰੂ ਗ੍ਰੰਥ ਸਾਹਿਬ - ਅੰਗ ੯੨੩-੨੪)
ਇਸ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਵੱਲੋਂ ਜੋਤੀ ਜੋਤ ਸਮਾਉਣ ਵੇਲੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪੇ ਜਾਣ ਦਾ ਇਤਿਹਾਸਕ ਵੇਰਵਾ ਦਰਜ ਕੀਤਾ ਗਿਆ ਹੈ।
4. ‘ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥’ (ਭੈਰਉ ਮ: ੫, ਗੁਰੂ ਗ੍ਰੰਥ ਸਾਹਿਬ - ਅੰਗ ੧੧੩੭);
ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥’ (ਗਉੜੀ ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੨੦੦);
ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥
(ਬਿਲਾਵਲੁ ਮ: ੧) ਗੁਰੂ ਗ੍ਰੰਥ ਸਾਹਿਬ - ਅੰਗ ੮੨੫)
ਇਨ੍ਹਾਂ ਸ਼ਬਦਾਂ ਵਿੱਚ ਬਾਬਾ ਪ੍ਰਿਥੀ ਚੰਦ ਵੱਲੋਂ ਗੁਰਗੱਦੀ ਹਾਸਲ ਕਰਨ ਲਈ ਲਾਲਚ/ਈਰਖਾ ਵੱਸ ਬਾਲ (ਗੁਰੂ) ਹਰਿਗੋਬਿੰਦ ਸਾਹਿਬ ਜੀ ਦੇ ਖਿਡਾਵੇ ਬਿਪਰ ਦੁਨੀ ਚੰਦ ਨੂੰ ਲਾਲਚ ਦੇ ਕੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਬਾਲ ਹਰਿਗੋਬਿੰਦ ਨੂੰ ਖਵਾ ਕੇ ਮਰਵਾਉਣ ਦੀ ਚਾਲ ਦਾ ਅਸਫਲ ਹੋਣਾ; ਬਾਲ (ਗੁਰੂ) ਹਰਿਗੋਬਿੰਦ ਨੂੰ ਚੇਚਕ ਦੀ ਬਿਮਾਰੀ ਹੋਣੀ ਪਰ ਪ੍ਰਭੂ ਦੀ ਕ੍ਰਿਪਾ ਦੁਆਰਾ ਠੀਕ ਹੋ ਜਾਣਾ ਅਤੇ ਗੁਰੂ ਅਰਜੁਨ ਸਾਹਿਬ ਜੀ ’ਤੇ ਚੜ੍ਹਾਈ ਕਰਕੇ ਆ ਰਹੇ ਸੁਲਹੀ ਖਾਨ ਦਾ ਇੱਟਾਂ ਦੇ ਭੱਠੇ ਵਿੱਚ ਸੜ ਕੇ ਮਰ ਜਾਣਾ ਆਦਿ ਦੇ ਇਤਿਹਾਸਕ ਵੇਰਵਿਆਂ ਦੇ ਸੰਕੇਤ ਹਨ। ਸਤੇ ਬਲਵੰਡ ਦੀ ਵਾਰ ਵਿੱਚ ਪੰਜਵੀਂ ਪਾਤਸ਼ਾਹੀ ਤੱਕ ਪਰਖ ਪੜਚੋਲ ਕੇ ਗੁਰਿਆਈ ਦਿੱਤੇ ਜਾਣ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰਾਂ ਵੱਲੋਂ ਗੁਰੂ ਹੁਕਮ ਮੰਨਣ ਤੋਂ ਇਨਕਾਰੀ ਹੋਣ, ਮਾਤਾ ਖੀਵੀ ਜੀ ਵੱਲੋਂ ਲੰਗਰ ਵਿੱਚ ਸੇਵਾ ਕਰਨ ਆਦਿਕ ਦੇ ਭਰਪੂਰ ਹਵਾਲੇ ਹਨ। ਜਿਵੇਂ:
(੧)  (ਬਾਬਾ) ਲਹਿਣਾ ਜੀ, ਜੋ ਸਿਫ਼ਤ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ; ਦੇ ਸਿਰ ਉਤੇ ਗੁਰੂ ਨਾਨਕ ਦੇਵ ਜੀ ਨੇ (ਗੁਰਿਆਈ ਦਾ) ਛਤਰ ਧਰਿਆ। ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ।
ਲਹਣੇ ਧਰਿਓਨੁ ਛਤੁ ਸਿਰਿ  ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ ਸਹਿ ਟਿਕਾ ਦਿਤੋਸੁ  ਜੀਵਦੈ ॥੧॥’
(੨) ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ- ਆਪਣੇ ਸਿੱਖਾਂ ਤੇ ਪੁੱਤ੍ਰਾਂ ਨੂੰ ਪਰਖ ਕੇ ਜਦੋਂ ਉਨ੍ਹਾਂ ਨੇ ਸੁਧਾਈ ਕੀਤੀ ਤਾਂ (ਆਪਣੇ ਪਦ ਦੀ ਜਿਮੇਵਾਰੀ ਲਈ ਬਾਬਾ) ਲਹਿਣਾ (ਜੀ ਨੂੰ) ਚੁਣਿਆ :
ਸਿਖਾਂ ਪੁਤ੍ਰਾਂ ਘੋਖਿ ਕੈ  ਸਭ ਉਮਤਿ ਵੇਖਹੁ ਜਿ ਕਿਓਨੁ ॥
ਜਾਂ ਸੁਧੋਸੁ  ਤਾਂ ਲਹਣਾ ਟਿਕਿਓਨੁ
॥੪॥’
(੩) ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਵੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਜੀ) ਨੇ (ਕੇਵਲ ਸਰੀਰ ਹੀ) ਵਟਾਇਆ ਸੀ:
ਜੋਤਿ ਓਹਾ ਜੁਗਤਿ ਸਾਇ  ਸਹਿ ਕਾਇਆ ਫੇਰਿ ਪਲਟੀਐ ॥’  
(੪) (ਸਤਿਗੁਰੂ ਜੀ ਦੇ) ਪੁੱਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ। ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਉਹ ਲੋਕ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ:
ਪੁਤ੍ਰੀ ਕਉਲੁ ਨ ਪਾਲਿਓ  ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥
ਦਿਲਿ ਖੋਟ ਆਕੀ ਫਿਰਨ੍ਹ੍ਹਿ ਬੰਨ੍ਹ੍ਹਿ ਭਾਰੁ ਉਚਾਇਨ੍ਹ੍ਹਿ ਛਟੀਐ
॥’
(੫)  ਫਿਰ (ਜਦੋਂ ਬਾਬਾ ਲਹਣਾ ਜੀ ਨੂੰ ਗੁਰਿਆਈ ਮਿਲੀ ਤਾਂ) ਬਾਬਾ ਫੇਰੂ ਜੀ ਦੇ ਪੁੱਤ੍ਰ ਸਤਿਗੁਰੂ ਜੀ ਨੇ ਖਡੂਰ ਦੀ ਰੌਣਕ ਵਧਾਈ (ਭਾਵ, ਕਰਤਾਰਪੁਰ ਤੋਂ ਖਡੂਰ ਆ ਟਿਕੇ):
ਫੇਰਿ ਵਸਾਇਆ ਫੇਰੁਆਣਿ  ਸਤਿਗੁਰਿ ਖਾਡੂਰੁ ॥’
(੬)  ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਵੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)। (ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ ਵਿੱਚ ਸ਼ਬਦ-ਰੂਪੀ) ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ:
ਬਲਵੰਡ ਖੀਵੀ ਨੇਕ ਜਨ  ਜਿਸੁ ਬਹੁਤੀ ਛਾਉ ਪਤ੍ਰਾਲੀ ॥
 ਲੰਗਰਿ ਦਉਲਤਿ ਵੰਡੀਐ  ਰਸੁ ਅੰਮ੍ਰਿਤੁ ਖੀਰਿ ਘਿਆਲੀ ॥

5. ਇਸੇ ਤਰ੍ਹਾਂ ਭੱਟਾਂ ਦੇ ਸਵਈਆਂ ਵਿੱਚ ਭੱਟ ਮਥੁਰਾ ਜੀ ਨੇ ਪਹਿਲੀਆਂ ਪੰਜ ਪਾਤਸ਼ਾਹੀਆਂ ਨੂੰ ਸਿਲਸਿਲੇਵਾਰ ਗੁਰਗੱਦੀ ਮਿਲਦੇ ਆਉਣ ਦਾ ਬਾਖੂਬੀ ਜ਼ਿਕਰ ਕੀਤਾ ਹੈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ
॥੧॥’
{ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ਗੁਰੂ ਗ੍ਰੰਥ ਸਾਹਿਬ - ਅੰਗ ੧੪੦੮}
6. ਗੁਰੂ ਸਾਹਿਬਾਨ ਦੇ ਸਮੇਂ ਵੀ ਬਹੁਤ ਸਾਰੇ ਭੇਖੀ ਸੰਤ ਅਤੇ ਕੱਚੇ ਗੁਰੂਆਂ ਦੀ ਭਰਮਾਰ ਸੀ। ਇਸ ਲਈ ਸੱਚੇ ਗੁਰੂ ਦੀ ਭਾਲ ਵਿੱਚ ਫਿਰਦੇ ਭੱਟ ਭਿੱਖਾ ਜੀ ਇਤਿਹਾਸਕ ਸੱਚਾਈ ਲਿਖਦੇ ਹਨ ਕਿ ਸੱਚੇ ਗੁਰੂ ਦੀ ਭਾਲ ਵਿੱਚ ਮੈਂ ਇਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ (ਤਸੱਲੀ) ਨਹੀਂ ਕੀਤੀ; ਸਾਰੇ (ਮੂੰਹੋਂ) ਆਖਦੇ ਹੀ ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ (ਭਿੱਖੇ ਨੂੰ) ਆਨੰਦ ਨਹੀਂ ਆਇਆ। ਉਹਨਾਂ ਲੋਕਾਂ ਦੇ ਗੁਣ ਮੈਂ ਕੀਹ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ, ਮਾਇਆ ਦੇ ਪਿਆਰ) ਵਿਚ ਲੱਗੇ ਹੋਏ ਹਨ? ਹੇ ਗੁਰੂ (ਅਮਰਦਾਸ)! ਪਿਆਰੇ (ਹਰੀ) ਨੇ ਮੈਨੂੰ (ਭਿਖੇ ਨੂੰ) ਤੂੰ (ਸੱਚਾ ਗੁਰੂ) ਮਿਲਾ ਦਿੱਤਾ ਹੈ, (ਹੁਣ) ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ:
ਬਰਸੁ ਏਕੁ ਹਉ ਫਿਰਿਓ   ਕਿਨੈ ਨਹੁ ਪਰਚਉ ਲਾਯਉ ॥
ਕਹਤਿਅਹ ਕਹਤੀ ਸੁਣੀ   ਰਹਤ ਕੋ ਖੁਸੀ ਨ ਆਯਉ ॥
ਹਰਿ ਨਾਮੁ ਛੋਡਿ ਦੂਜੈ ਲਗੇ   ਤਿਨ੍ਹ੍ਹ ਕੇ ਗੁਣ ਹਉ ਕਿਆ ਕਹਉ ॥
 ਗੁਰੁ! ਦਯਿ ਮਿਲਾਯਉ ਭਿਖਿਆ   ਜਿਵ ਤੂ ਰਖਹਿ, ਤਿਵ ਰਹਉ
॥੨॥੨੦॥’
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਤਨੇ ਪ੍ਰਮਾਣਿਕ ਇਤਿਹਾਸਕ ਹਵਾਲੇ ਹੋਣ ਦੇ ਬਾਵਯੂਦ ਵੀ ਜੇ ਕੋਈ  ਇਤਿਹਾਸਕਾਰ ਇਹ ਲਿਖੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਸ ਸਮੇਂ ਦੀਆਂ ਇਤਿਹਾਸਕ ਘਟਨਾਵਾਂ ਬਿਆਨ ਨਹੀਂ ਕੀਤੀਆਂ ਗਈਆਂ ਹਨ; ਤਾਂ ਇਹੀ ਕਹਿਣਾ ਪਏਗਾ ਕਿ ਉਸ ਦੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਬਹੁਤ ਹੀ ਅਧੂਰੀ (ਸੀਮਤ) ਹੈ। ਦੂਸਰੀ ਗੱਲ ਇਹ ਹੈ ਕਿ (ਸਬੰਧਤ) ਵਿਦਵਾਨ ਲੇਖਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਕਦੀ ਵੀ ‘ਗੁਰੂ’ ਸ਼ਬਦ ਦਰਜ ਕਰਨਾ ਉਚਿਤ ਨਹੀਂ ਸਮਝਿਆ ਕਿਉਂਕਿ ਉਹ ਆਪਣੀ ਲਿਖਤ ਵਿੱਚ ਹਰ ਥਾਂ ‘ਆਦਿ ਗ੍ਰੰਥ ਸਾਹਿਬ’ ਜਾਂ ‘ਸਿੱਖਾਂ ਦਾ ਪਰਮ, ਪ੍ਰਮਾਣਿਕ ਤੇ ਪਵਿੱਤਰ ਧਾਰਮਿਕ ਗ੍ਰੰਥ’ ਹੀ ਲਿਖਦੇ ਹਨ, ਜਦੋਂ ਕਿ ਸੰਨ 1708 ਈ: ਵਿੱਚ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਪਾਵਨ ਗ੍ਰੰਥ ਨੂੰ ਗੁਰਗੱਦੀ ਬਖ਼ਸ਼ਸ਼ ਕੀਤੀ ਗਈ ਸੀ, ਜਿਸ ਤੋਂ ਉਪਰੰਤ ਹਰ ਗੁਰਸਿੱਖ ਸਤਿਕਾਰ ਸਹਿਤ ਇਸ ਪਾਵਨ ਗ੍ਰੰਥ ਨੂੰ ‘ਹਾਜਰਾ ਹਜ਼ੂਰ, ਜ਼ਾਹਰਾ ਜ਼ਹੂਰ, ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ’ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦਾ ਹੈ।
ਇਸ ਪੁਸਤਕ ਵਿੱਚ ਦਿੱਤੀ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਲੇਖਕ ਨੂੰ ਇਹ ਵੀ ਸਮਝ ਨਹੀਂ ਹੈ ਕਿ 1604 ਈ: ਵਿੱਚ ਸੰਪਾਦਨ ਹੋਈ ਬੀੜ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਦਾਚਿਤ ਸ਼ਾਮਲ ਨਹੀਂ ਹੋ ਸਕਦੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਾਂ ਪ੍ਰਕਾਸ਼ (ਜਨਮ) ਹੀ 1621 ਈ: ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀ ਗੁਰਿਆਈ ਦਾ ਕਾਲ (ਸਮਾ) 1664-1675 ਈ: ਸੀ। ਸੋ, ਨੌਵੇਂ ਪਾਤਿਸ਼ਾਹ ਜੀ ਦੇ ਗੁਰਿਆਈ ਸਮੇਂ ਤੋਂ 60-71 ਸਾਲ ਪਹਿਲਾਂ ਹੀ (ਸੰਨ 1604 ਵਿੱਚ) ਹੀ ਨੌਵੇਂ ਪਾਤਿਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਿਵੇਂ ਹੋ ਗਈ ਵਾਲਾ ਭੁਲੇਖਾ, ਬੱਚਿਆਂ ਨੂੰ ਪੈ ਜਾਣਾ ਸੁਭਾਵਕ ਹੈ ਇਸ ਲਈ ਡਾ: ਸਾਹਿਬ ਜੀ ਨੂੰ ਇਹ ਜਾਣਕਾਰੀ ਵੀ ਸ਼ਾਮਲ ਕਰਨੀ ਚਾਹੀਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ  ਸੰਨ 1604 ਈ. ਵਿੱਚ ਕਰਨ ਤੋਂ ਉਪਰੰਤ ਦਸ਼ਮੇਸ਼ ਪਿਤਾ ਜੀ ਦੁਆਰਾ ਇਸ ਵਿੱਚ ਨੌਵੇਂ ਪਾਤਿਸ਼ਾਹ ਜੀ ਦੀ ਬਾਣੀ ਸੰਨ 1704 ਈ. (ਭਾਵ ਲਗਭਗ 100 ਸਾਲ ਬਾਅਦ) ਵਿੱਚ ਦਰਜ ਕੀਤੀ ਗਈ ਸੀ।
ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਜਾਣ ਵਾਲੀ ਪੁਸਤਕ ਵਿੱਚ ਦਿੱਤੀ ਗਈ ਉਕਤ ਭੁਲੇਖਾ ਪਾਉ ਜਾਣਕਾਰੀ ਸਬੰਧੀ; ਸਿੱਖ ਕੌਮ ਨੂੰ ਇਸ ਦਾ ਜਵਾਬ ਸਬੰਧਤ ਲੇਖਕ ਦੁਆਰਾ ਦੇਣਾ ਚਾਹੀਦਾ ਹੈ ਕਿ ਇਹ ਤਰੁਟੀਆਂ ਗ਼ਲਤੀ ਨਾਲ ਹੋਈਆਂ ਹਨ ਜਾਂ ਇਸ ਦੇ ਪਿਛੇ ਕਿਸੇ ਦੀ ਸਾਜ਼ਸ਼ ਹੈ?

ਕਿਰਪਾਲ ਸਿੰਘ ਬਠਿੰਡਾ
ਫੋਨ 98554 80797

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.