- * ਗਿੱਦੜ ਪਰਵਾਨਾ * -
ਕਹਿੰਦੇ ਇਕ ਵਾਰੀ ਗਿੱਦੜ ਤੇ ਲੂੰਬੜ ਦੀ ਯਾਰੀ ਪੈ ਗਈ। ਲੂੰਬੜ ਕਹਿੰਦਾ ਗਿੱਦੜ ਯਾਰ ਲੋਕਾਂ ਨੂੰ ਡਰਾਉਂਣ ਦਾ ਕੋਈ ਤਰੀਕਾ ਦੱਸ, ਬੰਦਾ ਚਾਰ ਦਿਨ ਟੌਹਰ ਸ਼ੌਹਰ ਹੀ ਮਾਰ ਲੈਂਦਾ! ਨਹੀਂ?
ਗਿੱਦੜ ਕਹਿੰਦਾ, ਲੈ ਇਹ ਕੀ ਗੱਲ ਹੋਈ ਤੂੰ ਫਿਕਰ ਕਿਉਂ ਕਰਦਾਂ। ਪਹਿਲਾਂ ਕਿਉਂ ਨਾ ਦੱਸਿਆ! ਮੇਰੇ ਕੋਲੇ ਗਿੱਦੜ ਪ੍ਰਵਾਨਾ ਆਪਾਂ ਜਿਥੇ ਦਿਖਾ ਦਈਏ, ਲੋਕੀਂ ਰਾਹ ਛੱਡ ਜਾਂਦੇ। ਹਾਲੇ ਕੱਲ ਦੀ ਗੱਲ ਏ, ਸ਼ੇਰ ਮਿਲ ਪਿਆ ਕਹਿੰਦਾ ਗਿੱਦੜਾ ਕਿਧਰ ਮੂੰਹ ਚੁੱਕਿਆ, ਦਿੱਸਦਾ ਨਹੀਂ ਮੇਰੀ ਜੂਹ ਵਿਚ ਤੁਰਿਆ ਫਿਰਦਾਂ? ਮੈਂ ਜਦ ਗਿੱਦੜ ਪ੍ਰਵਾਨਾ ਦਿਖਾਇਆ, ਤਾਂ ਭਰਾ ਉਹ ਤਾਂ ਵਿਚਾਰਾ ਪੈਰੀਂ ਹੀ ਡਿੱਗ ਪਿਆ! ਤਰਲੇ ਹੀ ਕਰੀ ਜਾਵੇ! ਮੈਂ ਕਿਹਾ, ਜਾਹ ਮੌਜ ਕਰ ਅੱਗੇ ਤੋਂ ਧਿਆਨ ਨਾਲ। ਹਾਂਅ! ਗਿੱਦੜ ਦੀ ਫ੍ਹੜ ਸੁਣਕੇ ਲੂੰਬੜ ਦਾ ਹੌਸਲਾ ਵਧ ਗਿਆ ਤੇ ਉਹ ਐਵੇਂ ਬਾਕੀਆਂ ਨੂੰ ਡੌਲੇ ਦਿਖਾਉਂਦਾ ਫਿਰੇ। ਬਾਬਿਆਂ ਦੇ ਗੜਵੀਆਂ ਵਾਂਗ ਹਟ ਜੋ ਪਾਸੇ, ਹਟ ਜੋ ਪਾਸੇ ਬਾਬਾ ਜੀ ਆ ਰਹੇ ਕਰਦਾ ਫਿਰੇ।
ਇੱਕ ਵਾਰ ਦੀ ਗੱਲ ਹੈ ਕਿ ਦੋਵੇਂ ਜੰਗਲੋ ਜੰਗਲ ਜਾ ਰਹੇ ਸਨ, ਕਿ ਅੱਗੇ ਦੋ ਸ਼ੇਰ ਸੰਢ੍ਹਾ ਪਾੜੀ ਬੈਠੇ ਸੀ ।
ਗਿੱਦੜ ਦੀ ਕਿਤੇ ਨਿਗਾਹ ਨਾ ਚੜੇ, ਲੂੰਬੜ ਨੇ ਸੋਚਿਆ ਕਾਹਦੀ ਪ੍ਰਵਾਹ, ਗਿੱਦੜ ਪ੍ਰਵਾਨਾ ਹੈ ਨਾ! ਸ਼ੇਰਾਂ ਦੀ ਕੀ ਜੁਅਰਤ! ਜਦ ਥੋੜਾ ਨੇੜੇ ਹੋਏ ਤਾਂ ਸ਼ੇਰ ਪੈ ਨਿਕਲੇ। ਗਿੱਦੜ ਨੇ ਚੁੱਕ ਪਦੀੜਾਂ ਲਈਆਂ। ਲੂੰਬੜ ਕਹਿੰਦਾ ਗਿੱਦੜ ਭਰਾ ਇਨਾ ਨੂੰ ਗਿੱਦੜ ਪ੍ਰਵਾਨਾ ਦਿਖਾਅ, ਦੌੜਾ ਕਾਹਤੋਂ ਜਾਨਾ!ਦੌੜਾ ਜਾਂਦਾ ਗਿੱਦੜ ਕਹਿੰਦਾ "ਲੂੰਬੜ ਦੌੜ। ਇਹ ਅਨਪੜ ਲੋਕ ਨੇ, ਇਨ੍ਹਾਂ ਨੂੰ ਪ੍ਰਵਾਨਾ-ਸ਼੍ਰਵਾਨਾ ਕਿਥੇ ਪੜ੍ਹਨਾ ਆਉਂਦਾ। ਪਾੜ ਦੇਣਗੇ ਈ !"
ਬਾਬਾ ਫੌਜਾ ਸਿੰਘ ਜਦ 'ਜਥੇਦਾਰ' ਅਕਾਲ ਤਖਤ ਦੀ ਨਿੱਤ ਹੁੰਦੀ ਕੁੱਤੇਖਾਣੀ ਵਲ ਦੇਖਦਾ ਹੈ, ਤਾਂ ਉਸ ਨੂੰ ਗਿੱਦੜ ਪ੍ਰਵਾਨਾ ਯਾਦ ਆ ਜਾਂਦਾ ਹੈ। ਲੋਕ ਭੋਲੇ ਨੇ ਉਨ੍ਹਾਂ ਨੂੰ ਅਕਾਲ ਤਖਤ ਦਾ ਨਾਂ ਵਰਤ ਕੇ ਡਰਾ ਲਿਆ ਜਾਂਦਾ ਤੇ ਗੁਰਬਚਨ ਸਿੰਘ ਵਰਗੇ ਜਥੇਦਾਰ ਹੋਣ ਦਾ ਗਿੱਦੜ ਪ੍ਰਵਾਨਾ ਚੁੱਕੀ ਜੰਗਲ ਵਿਚ ਲੋਕਾਂ ਨੂੰ ਡੌਲੇ ਦਿਖਾਉਂਦੇ ਫਿਰਦੇ, ਕਿ ਕਿਹੜਾ ਸਾਡੀ ਵਾਅ ਵਲ ਦੇਖੇ। ਉਨ੍ਹਾਂ ਦੇ ਜਥੇਦਾਰੀ ਦੇ ਇਸ ਗਿੱਦੜ ਪ੍ਰਵਾਨੇ ਨੂੰ ਡੇਰੇ ਆਪਣੇ ਹੱਕ ਵਿੱਚ ਵਰਤ ਕੇ ਪੂਰੀ ਕੌਮ ਦਾ ਸ਼ੋਸ਼ਣ ਕਰ ਰਹੇ ਹਨ।
ਹਾਲੇ ਤਾਜੀ ਘਟਨਾ ਹੈ ਜਦ ਬੁਲੰਦਪੁਰੀ ਡੇਰੇ ਦੇ ਸਾਧ ਨੇ ਜਥੇਦਾਰੀ ਦੇ ਗਿੱਦੜ ਪ੍ਰਵਾਨੇ ਨੂੰ ਅਪਣੇ ਚੇਲਿਆਂ ਉਪਰ ਪ੍ਰਭਾਵ ਪਾਉਂਣ ਲਈ ਵਰਤਦਿਆਂ ਉਸ ਨੂੰ ਟਰੰਟੇ ਦੇ ਅਪਣੇ ਡੇਰੇ ਦਾ ਨਾਂ ਬਦਲਣ ਦੇ ਉਦਘਾਟਨ ਉਪਰ ਸੱਦਿਆ ਹੋਇਆ ਸੀ।ਪਰ ਜਦ ਕੁਝ ਸਿੰਘ ਪੈ ਨਿਕਲੇ, ਤਾਂ ਬੁਲੰਦਪੁਰੀ ਕਹਿੰਦਾ ਜਥੇਦਾਰ ਜੀ ਗਿੱਦੜ ਪ੍ਰਵਾਨਾ ਦਿਖਾਉ, ਉਹ ਕਹਿੰਦਾ ਬਾਬਾ ਜੀ ਦੌੜੋ ਇਹ 'ਅਨਪੜ' ਲੋਕ ਨੇ ਪੰਜਾਮੀਆਂ ਪਾੜ ਦੇਣਗੇ!!ਬਾਬਾ ਫੌਜਾ ਸਿੰਘ ਦਾ ਇੱਕ ਜਾਣੂੰ ਅਤੇ ਇਨ੍ਹਾਂ ਦਾ ਪੱਕਾ ਚੇਲਾ। ਜਦ ਉਸ ਨੂੰ ਬਾਬਾ ਫੌਜਾ ਸਿੰਘ ਨੇ ਪੁੱਛਿਆ ਕਿ ਇਨ੍ਹਾਂ ਗਲੀਆਂ ਸੜੀਆਂ ਲਾਸ਼ਾਂ ਨੂੰ ਸੱਦਣ ਦੀ ਕੀ ਲੋੜ ਸੀ, ਤਾਂ ਉਹ ਕਹਿੰਦਾ ਲੈ! ਆਪਣੀ ਕੌਮ ਦੇ ਜਥੇਦਾਰ ਨੇ। ਆਪਣੇ ਸੁਪਰੀਮ ਨੇ! ਅਕਾਲ ਤਖਤ ਦਾ ਜਥੇਦਾਰ ਕੋਈ ਮਾੜੀ-ਮੋਟੀ ਹਸਤੀ ਹੁੰਦੀ!
ਬਾਬਾ ਉਸ ਦਾ ਜਵਾਬ ਸੁਣਕੇ ਸੋਚਦਾ ਸੀ, ਸਿੱਖ ਕੌਮ ਦੀ ਅਕਲ ਵਿਚੋਂ ਸਿੱਧੀ ਜਿਹੀ ਗੱਲ ਵੀ ਨਿਕਲ ਗਈ ਕਿ ਸੁਪਰੀਮ ਕੌਣ ਹੈ। ਸੁਪਰੀਮ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਸੀ, ਪਰ ਇਹ ਬੰਦੇ ਦੇ ਬੰਦੇ ਨੂੰ ਸੁਪਰੀਮ ਮੰਨ ਕੇ ਬੈਠ ਗਿਆ? ਦੂਜੇ ਪਾਸੇ ਹਿੰਦੋਸਤਾਨ ਵਿਚ ਸਦੀਆਂ ਤੋਂ ਬ੍ਰਾਹਮਣ ਹੀ 'ਸੁਪਰੀਮ' ਰਿਹਾ, ਜਿਸ ਨੇ ਮਨੁੱਖ ਨੂੰ ਪਸ਼ੂ ਸਮਝ ਰਾਜ ਕੀਤਾ ਤੇ ਸਾਰੀ ਹਯਾਤੀ ਉਨ੍ਹਾਂ ਦੇ ਨੱਕ ਨਕੇਲ ਪਾਈ ਰੱਖੀ। ਜੋ ਹਾਲਤ ਉਸ ਆਖੇ ਜਾਂਦੇ ਸ਼ੂਦਰਾਂ ਦੀ ਕੀਤੀ? ਤੇ ਅੱਜ ਸਿੱਖ ਲਈ ਵੀ ਉਹੀ ਸੁਪਰੀਮ ਹੈ। ਪੂਰੀ ਸਿੱਖ ਕੌਮ ਦੇ ਸਿਰਾਂ ਉਪਰ ਉਹੀ ਤਾਂ ਰਾਜ ਕਰ ਰਿਹਾ। ਕਿਤੇ ਜਥੇਦਾਰ ਰਾਹੀਂ ਤੇ ਕਿਤੇ ਬੁਲੰਦਪੁਰੀਏ ਵਰਗੇ ਸਾਧਾਂ ਰਾਹੀਂ।ਕਹਿੰਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਝੁਲਦਾ ਤੇ ਤੁਸੀਂ ਦੱਸੋ ਬ੍ਰਾਹਮਣ ਦੇ ਹੁਕਮ ਤੋਂ ਬਿਨਾ ਪੰਜਾਬ ਵਿੱਚ ਕੁੱਝ ਝੁਲਦਾ ਹੈ? ਸਿੱਖ ਜਥੇਦਾਰਾਂ ਤੇ ਸਾਧਾਂ ਬਿਨਾ ਨਹੀਂ ਝੁੱਲਦਾ, ਸਾਧ ਤੇ ਜਥੇਦਾਰ ਮੱਕੜ ਬਿਨਾ ਨਹੀਂ ਝੁੱਲਦੇ, ਮੱਕੜ ਬਾਦਲਾਂ ਬਿਨਾ ਨਹੀਂ ਝੁੱਲਦਾ, ਬਾਦਲ ਭਾਜਪਈਆਂ ਬਿਨਾ ਨਹੀਂ ਝੁੱਲਦਾ ਤੇ ਅਗਾਂਹ ਭਾਜਪਈਆਂ ਦੀ ਬੋਦੀ ਕੱਟੜ ਹਿੰਦੂ ਹੱਥ ਹੈ। ਯਾਨੀ ਸ਼ੁਧ ਬ੍ਰਾਹਮਣ।
ਸਾਧ ਤੇ ਜਥੇਦਾਰ ਤਾਂ ਵਿਚਾਰੇ ਬਹੁਤ ਹੇਠਲੇ ਪੱਧਰ ਦੇ ਮਜ਼ਦੂਰ ਨੇ ਜਿੰਨਾ ਨੂੰ ਦਿਹਾੜੀ ਮਿਲਦੀ। ਤੇ ਬਹੁਤ ਸਸਤੀਆਂ ਦਿਹਾੜੀਆਂ 'ਤੇ ਕੌਮ ਵੇਚੀ ਜਾਂਦੇ ਹਨ। ਕਿਸੇ ਪਲਾਟ 'ਤੇ ਕਬਜਾ ਕਰਨਾ, ਕਿਤੇ ਰਾਹ ਕੱਢਣਾ ਡੇਰੇ ਵਲੀਂ, ਕਿਤੇ ਕਿਸੇ ਦੀ ਜਮੀਨ ਅਕਵਾਇਰ ਕਰਾਉਣੀ, ਕਿਤੇ ਕੋਈ ਸਰਕਾਰੀ ਕੰਮ! ਸਸਤੇ ਮਜ਼ਦੂਰ ?ਡੇਰੇ ਉਪਰ ਥੱਪੇ ਗਏ ਮਹਿੰਗੇ ਸੰਗਮਰਮਰ ਨੂੰ ਹੀ ਵੱਡੀ ਪ੍ਰਪਾਤੀ ਮੰਨੀ ਬੈਠੇ ਤੇ ਚੇਲੇ ਇਨ੍ਹਾਂ ਦੇ ਡੇਰੇ ਉਪਰ ਥੋਪੇ ਸੰਗਮਰਮਰ ਵਾਲੀਆਂ ਮੂਰਤੀਆਂ ਦੀਆਂ ਵੱਡੀਆਂ 'ਅਇਲਬੰਮਾ' Albums ਚੁੱਕੀ ਫਿਰਦੇ ਕਿ ਦੇਖੋ ਸਾਡੇ ਬਾਬਾ ਜੀ ਦੀ ਪ੍ਰਾਪਤੀ? ਕਿਤੇ ਆਉਂ ਤਾਂ ਸਹੀਂ ਉਥੇ। ਸਵਰਗ ਹੈ ਧਰਤੀ ਦਾ! ਸਵਰਗ ਤਾਂ ਹੋਣਾ ਹੀ ਸੀ, ਕੌਮ ਵਿਚੋਂ ਕੌਮੀਅਤ ਮਾਰਨ ਦੀ ਕੀਮਤ 'ਤੇ ਤਾਂ ਅਜਿਹੇ ਹਜ਼ਾਰਾਂ ਸਵਰਗ ਪੈਦਾ ਕੀਤੇ ਪਏ ਹਿੰਦੂ ਨੇ। ਥਾਂ ਥਾਂ ਸਵਰਗ! ਹਰੇਕ ਸਾਧ ਦਾ ਡੇਰਾ ਸਵਰਗ! ਹਰੇਕ ਮੋੜ 'ਤੇ ਸਵਰਗ! ਤੁਸੀਂ ਵੀ ਆਉ, ਅੱਖਾਂ ਮੀਚੋ ਤੇ ਸਵਰਗ ਪਹੁੰਚੋ? ਪਰ ਤੁਹਾਨੂੰ ਪਤਾ ਕਿਵੇਂ ਲੱਗੇ ਕਿ ਤੁਹਾਡੀਆਂ ਅੱਖਾਂ ਮੀਚ ਕੇ ਤੁਹਾਡੀ ਕੌਮੀਅਤ ਨੂੰ ਤੁਹਾਡੀ ਆਜ਼ਾਦ ਹਸਤੀ ਨੂੰ ਕਿਵੇਂ ਲੁੱਟ ਲਿਆ ਪੰਡੀਏ ਨੇ!
ਕੌਮ ਕੀ ਹੈ, ਕੌਮੀਅਤ ਕੀ ਹੈ, ਖਾਲਸਾ ਕੀ ਹੈ, ਆਜ਼ਾਦੀ ਵਿੱਚ ਸਾਹ ਲੈਣਾ ਕੀ ਹੁੰਦਾ, ਬਾਜਾਂ ਦੀਆਂ ਉਡਾਰੀਆਂ ਕੀ ਹੁੰਦੀਆਂ, ਸਭ ਬੇਮਾਇਨਾ !ਪ੍ਰੀਤ ਪ੍ਰੀਤ ਪੁੱਛ ਲਉ ਕੀ ਹੈ ਤੇ ਕਿਥੇ ਰਹਿੰਦੀ ਇਨ੍ਹਾਂ ਨੂੰ ਤੇ ਜਾਂ ਸਵਰਗ ਦਾ ਰਾਹ!ਜਿਹੜੇ ਲੋਕ ਸਿੱਖ ਕੌਮ ਨੇ ਬਹੁਤ ਮਹਾਨ ਅਤੇ ਵੱਡੇ ਮੰਨ ਲਏ ਹੋਏ ਨੇ, ਉਹ ਹਿੰਦੂ ਲਈ ਚਪੜਾਸੀ ਤੋਂ ਵੱਧ ਕੁਝ ਨਹੀਂ। ਕੋਈ ਸਿੱਖ ਦੱਸੇ ਕਿ ਜਥੇਦਾਰ ਦੀ ਔਕਾਤ ਚਪੜਾਸੀ ਤੋਂ ਵੱਧ ਕੁਝ ਹੈ? ਤੇ ਸੋਚੋ ਕਿ ਜਿਹੜੇ ਬੁਲੰਦਪਰੁੀਏ ਵਰਗੇ ਸਾਧ ਇਨ੍ਹਾਂ ਚਪੜਾਸੀਆਂ ਨੂੰ ਮੁੱਖ ਮਹਿਮਾਨ ਬਣਾ ਕੇ ਸੱਦ ਰਹੇ ਨੇ, ਉਨ੍ਹਾਂ ਦੀ ਔਕਾਤ ਕੀ ਹੋ ਸਕਦੀ? ਤੇ ਉਨ੍ਹਾਂ ਮਗਰ ਫਿਰਦੇ ਸਿੱਖ ਅਖਵਾਉਣ ਵਾਲਿਆਂ ਦੀ ਕੀ ਔਕਾਤ ਰਹਿ ਜਾਂਦੀ, ਜਿਹੜੇ ਅਗਾਂਹ ਚਪੜਾਸੀਆਂ ਦੇ ਵੀ ਚਪੜਾਸੀਆਂ ਮਗਰ ਪੂਛਾਂ ਚੱਕੀ ਫਿਰਦੇ? ਖ਼ਾਲਸਾ ਜੀ ਵਾਲੀ ਚੜ੍ਹਤ ਕਿਧਰ ਗਈ ਸਿੱਖ ਦੀ?
ਗੁਰਦੇਵ ਸਿੰਘ ਸੱਧੇਵਾਲੀਆ