ਬਠਿੰਡਾ, ੨੭ ਦਸੰਬਰ (ਕਿਰਪਾਲ ਸਿੰਘ): ਸੱਪ, ਰੀਠੇ ਪੱਥਰ ਨੂੰ ਤਾਂ ਸਮਝ ਲੱਗ ਗਈ ਕਿ ਗੁਰੂ ਨਾਨਕ ਬਹੁਤ ਮਹਾਨ ਵਿਅਕਤੀ ਹੈ, ਪਰ ਉਨ੍ਹਾਂ ਦੇ ਪਿਤਾ ਨੂੰ ਇਹ ਪਤਾ ਨਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਬਹੁਤ ਮਹਾਨ ਵਿਅਕਤੀ ਹੈ, ਇਸੇ ਲਈ ਉਸ ਨੂੰ ਥੱਪੜ ਮਾਰ ਦਿੱਤਾ। ਇਹ ਸ਼ਬਦ ਪ੍ਰੋ: ਇੰਦਰ ਸਿੰਘ ਘੱਗਾ ਨੇ ਅੱਜ ਇੱਥੇ ਮਲਕੀਤ ਸਿੰਘ ਤੁੰਗਵਾਲੀ ਦੇ ਘਰ ਵਿਖੇ ਰੱਖੇ ਇੱਕ ਨਿਜੀ ਸਮਾਗਮ ਵਿੱਚ ਗੁਰਸ਼ਬਦ ਦੀ ਕਥਾ ਕਰਦੇ ਹੋਏ ਕਹੇ। ਸ: ਮਲਕੀਅਤ ਸਿੰਘ ੫੮ ਸਾਲ ਦੀ ਉਮਰ ਪੂਰੀ ਹੋਣ 'ਤੇ ਪੰਜਾਬ ਸਰਕਾਰ ਦੇ ਭੂਮੀ ਰੱਖਿਆ ਵਿਭਾਗ ਵਿੱਚੋਂ ਡਰਾਫਟਸਕਮੈਨ ਦੇ ਅਹੁੱਦੇ ਤੋਂ ੩੧ ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਸੇਵਾ ਮੁਕਤੀ ਦੇ ਅਵਸਰ ਨੂੰ ਗੁਰਸ਼ਬਦ ਨਾਲ ਸਾਂਝ ਪਾਉਣ ਦੇ ਮਕਸਦ ਲਈ ਵਰਤਣ ਹਿਤ ਉਨ੍ਹਾਂ ਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਉਣ ਉਪ੍ਰੰਤ ਇਸ ਸਮਾਗਮ ਦਾ ਪ੍ਰਬੰਧ ਕੀਤਾ ਸੀ, ਜਿਸ ਵਿੱਚ ਸ਼ਾਮਲ ਹੋਣ ਲਈ ਪ੍ਰੋ: ਘੱਗਾ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ।
ਇਸ ਸਮਾਗਮ 'ਚ ਬੋਲਦੇ ਹੋਏ ਉਨ੍ਹਾਂ ਕਿਹਾ ਸਾਡੇ ਦਾਦੇ ਦੇ ਸਮੇਂ ਦੇ ਲੋਕ ਵੱਧ ਤੋਂ ਵੱਧ ੨੦ ਤੱਕ ਦੀ ਗਿਣਤੀ ਜਾਣਦੇ ਸਨ ਇਸ ਲਈ ਉਹ ਕਹਿੰਦੇ ਸਨ ਕਿ ਗਊ ਤਿੰਨ ਵੀਹਾਂ ਦੀ ਵੇਚੀ ਹੈ, ਕਣਕ ੧੫ ਵੀਹਾਂ ਦੀ ਵੇਚੀ ਹੈ ਆਦਿ। ਸਾਡੇ ਪਿਤਾ ਜੀ ੧੦੦ ਤੱਕ ਦੀ ਗਿਣਤੀ ਸਿੱਖੇ ਸਨ ਅਸੀਂ ਉਨ੍ਹਾਂ ਤੋਂ ਵੱਧ ਸਿੱਖ ਗਏ ਪਰ ਸਾਡੇ ਪੁੱਤਰ ਪੋਤਰੇ ਪੜ੍ਹਾਈ 'ਚ ਸਾਥੋਂ ਬਹੁਤ ਅੱਗੇ ਨਿਕਲ ਗਏ ਹਨ। ਗੱਡੀਆਂ ਦੇ ਹਰ ਸਾਲ ਹੀ ਨਵੇਂ ਤੋਂ ਨਵੇਂ ਮਾਡਲ ਆ ਰਹੇ ਹਨ ਤੇ ਹਰ ਨਵਾਂ ਮਾਡਲ ਪੁਰਾਣੇ ਨਾਲੋਂ ਚੰਗਾ ਹੁੰਦਾ ਹੈ। ਇਸੇ ਤਰ੍ਹਾਂ ਸਮੇਂ ਦੇ ਨਾਲ ਨਾਲ ਹਰ ਖੇਤਰ ਵਿੱਚ ਤਰੱਕੀ ਹੋ ਰਹੀ ਹੈ ਪਰ ਧਰਮ ਦੇ ਖੇਤਰ ਵਿੱਚ ਕੁਝ ਨਵਾਂ ਸਿੱਖਣ ਦੀ ਥਾਂ ਉਹੀ ਪੁਰਾਣੀਆਂ ਅਣਵਿਗਿਆਨਕ ਸਾਖੀਆਂ ਸੁਣਾ ਕੇ ਕੰਮ ਸਾਰਿਆ ਜਾ ਰਿਹਾ ਹੈ। ਪ੍ਰੋ: ਇੰਦਰ ਸਿੰਘ ਘੱਗਾ ਨੇ ਕਿਹਾ ਕਿ ਅਸੀਂ ਆਪਣੇ ਦਾਦੇ ਪੜਦਾਦੇ ਦੇ ਸਮਿਆਂ ਤੋਂ ਹੀ ਇਹ ਸੁਣਦੇ ਆ ਰਹੇ ਹਾਂ ਕਿ ਧੁੱਪ ਆਉਣ 'ਤੇ ਸੱਪ ਨੇ ਗੁਰੂ ਨਾਨਕ ਦੇ ਸਿਰ 'ਤੇ ਛਾਂ ਕਰ ਦਿੱਤੀ, ਉਨ੍ਹਾਂ ਨੇ ਰੀਠੇ ਮਿੱਠੇ ਕਰ ਦਿੱਤੇ, ਪਹਾੜ ਨੂੰ ਪੰਜਾ ਲਾ ਕੇ ਰੋਕ ਦਿੱਤਾ ਤੇ ਉਸ ਵਿੱਚ ਗੁਰੂ ਸਾਹਿਬ ਜੀ ਦੇ ਪੰਜੇ ਦਾ ਨਿਸ਼ਾਨ ਉੱਕਰ ਗਿਆ, ਭੁੱਖੇ ਸਾਧੂਆਂ ਨੂੰ ਵੀਹ ਰੁਪਏ ਦਾ ਭੋਜਨ ਛਕਾਉਣ 'ਤੇ ਉਨ੍ਹਾਂ ਦੇ ਪਿਤਾ ਨੇ ਨਰਾਜ ਹੋ ਕੇ ਉਨ੍ਹਾਂ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ।
ਪ੍ਰੋ: ਘੱਗਾ ਨੇ ਕਿਹਾ ਵੈਸੇ ਤਾਂ ਇਨ੍ਹਾਂ ਸਾਖੀਆਂ ਦਾ ਗੁਰਬਾਣੀ ਦੀ ਸੱਚਾਈ ਨਾਲ ਕੋਈ ਸਬੰਧ ਨਹੀਂ ਹੈ ਪਰ ਜੇ ਅਸੀਂ ਮੰਨ ਵੀ ਲਈਏ ਕਿ ਇਹ ਸੱਚੀਆਂ ਹੋ ਸਕਦੀਆਂ ਹਨ ਤਾਂ ਦੱਸੋ ਜੇ ਸਿਰਫ ਸੱਪ ਵੱਲੋਂ ਉਨ੍ਹਾਂ ਦੇ ਸਿਰ 'ਤੇ ਛਾਂ ਕਰਨ ਸਦਕਾ ਹੀ ਗੁਰੂ ਨਾਨਕ ਦੀ ਮਹਾਨਤਾ ਹੈ ਤਾਂ ਉਹ ਜੋਗੀ ਤਾਂ ਬਹੁਤ ਮਹਾਨ ਹੋਣਗੇ ਜਿਹੜੇ ਸੱਪ ਨੂੰ ਆਪਣੇ ਗਲ਼ ਵਿੱਚ ਪਾਈ ਫਿਰਦੇ ਹਨ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਮਹਾਨਤਾ ਇਹ ਹੈ ਕਿ ਉਨ੍ਹਾਂ ਸੱਪਾਂ, ਗਾਵਾਂ, ਤੇ ਪੱਥਰ ਪੂਜਣ ਵਾਲੇ ਪਾਖੰਡੀ ਸਾਧੂਆਂ ਨੂੰ ਜੀਵਨ ਦੀ ਸੇਧ ਦੇ ਕੇ ਇੱਕ ਅਕਾਲ ਪੁਰਖ਼ ਦੀ ਸੋਝੀ ਕਰਵਾ ਕੇ ਮਨੁੱਖਤਾ ਦੀ ਸੇਵਾ ਵਿੱਚ ਲਾਇਆ। ਭੋਲੇ ਭਾਲੇ ਕ੍ਰਿਤੀਆਂ ਦੀ ਕਮਾਈ ਖਾਣ ਲਈ ਪਾਖੰਡੀ ਤੇ ਵਿਹਲੜ ਅਖੌਤੀ ਬ੍ਰਹਮਗਿਆਨੀ/ ਪੁਜਾਰੀਆਂ ਨੇ ਸਤਾਧਾਰੀਆਂ ਨਾਲ ਗੱਠਜੋੜ ਕੀਤਾ ਹੋਇਆ ਹੈ ਤੇ ਉਹ ਧਰਮ ਦੀ ਗਲਤ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਬੰਦਾ ਇੱਥੇ ਦੁੱਖ ਸੁੱਖ ਪਿਛਲੇ ਕੀਤੇ ਕਰਮਾਂ ਦੇ ਅਧਾਰ 'ਤੇ ਭੋਗਦਾ ਹੈ ਤੇ ਇੱਥੇ ਕੀਤੇ ਕਰਮਾਂ ਦਾ ਫਲ ਅਗਲੇ ਜਨਮ 'ਚ ਭੋਗੇਗਾ।
ਪ੍ਰੋ. ਇੰਦਰ ਸਿੰਘ ਘੱਗਾ ਨੇ ਕਿਹਾ ਇਹ ਪ੍ਰਚਾਰ ਸਿਰਫ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਇਨਸਾਫ ਲਈ ਸੰਘਰਸ਼ ਕਰਨ ਦੀ ਥਾਂ ਇਹ ਮੰਨ ਲੈਣ ਕਿ ਉਨ੍ਹਾਂ ਵੱਲੋਂ ਪਿਛਲੇ ਜਨਮਾਂ ਦੇ ਕੀਤੇ ਮਾੜੇ ਕੰਮਾਂ ਦਾ ਫਲ ਹੀ ਭੋਗ ਰਹੇ ਹਨ ਤੇ ਰਾਜ ਗੱਦੀਆਂ ਤੇ ਬੈਠਣ ਵਾਲਿਆਂ ਨੇ ਪਿਛਲੇ ਜਨਮਾਂ 'ਚ ਭਗਤੀ ਕੀਤੀ ਸੀ। ਇਸ ਤਰ੍ਹਾਂ ਸਾਰੀ ਬੇਇਨਸਾਫੀ ਨੂੰ ਰੱਬ ਦਾ ਭਾਣਾ ਕਰਕੇ ਮੰਨਣ ਅਤੇ ਸੁਖਾਂ ਦੀ ਪ੍ਰਾਪਤੀ ਲਈ ਕਰਮਕਾਂਡ ਕਰਨ ਨੂੰ ਹੀ ਧਰਮ ਦਾ ਨਾਮ ਦੇ ਦਿੱਤਾ ਗਿਆ ਹੈ। ਤਿੰਨ ਲੋਕਾਂ ਦੀ ਸੋਝੀ ਹੋਣ ਦਾ ਦਾਅਵਾ ਕਰਨ ਵਾਲੇ ਅਜਿਹੇ ਇਕ ਪਾਖੰਡੀ ਦਾ ਪਾਜ ਉਧੇੜਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਉਸ ਦੇ ਪੈਸਿਆਂ ਵਾਲਾ ਡੱਬਾ ਚੁਕਾ ਕੇ ਉਸ ਦੇ ਪਿਛੇ ਰਖਵਾ ਦਿੱਤਾ। ਜਦ ਉਸ ਵਿੱਚ ਭੋਲੇ ਸ਼੍ਰਧਾਲੂਆਂ ਵੱਲੋਂ ਪਾਏ ਜਾਣ ਵਾਲੇ ਪੈਸਿਆਂ ਦਾ ਖੜਾਕ ਹੋਣਾ ਬੰਦ ਹੋ ਗਿਆ ਤਾਂ ਉਸ ਢੌਂਗੀ ਸਾਧ ਨੇ ਅੱਖਾਂ ਖੋਲ੍ਹ ਕੇ ਵੇਖਿਆ ਕਿ ਡੱਬਾ ਉਥੇ ਹੈ ਨਹੀਂ, ਇਸ ਲਈ ਸਰਾਪ ਦੇਣ ਦੇ ਡਰਾਵੇ ਦੇਣ ਲੱਗਾ ਕਿ ਜਿਸ ਨੇ ਡੱਬਾ ਚੁਰਾਇਆ ਹੈ ਉਹ ਵਾਪਸ ਕਰ ਦੇਵੇ ਨਹੀਂ ਤਾਂ ਉਸ ਦਾ ਬਹੁਤ ਨੁਕਸਾਨ ਕਰ ਦਿੱਤਾ ਜਾਵੇਗਾ। ਗੁਰੂ ਨਾਨਕ ਜੀ ਨੇ ਕਿਹਾ ਕਿ ਨਰਾਜ਼ ਕਿਉਂ ਹੁੰਦੇ ਹੋ ਤੁਹਾਨੂੰ ਤਾਂ ਤਿੰਨਾਂ ਲੋਕਾਂ ਦੀ ਸੋਝੀ ਹੈ, ਡੱਬਾ ਤਾਂ ਇੱਥੇ ਕਿਤੇ ਨਜ਼ਦੀਕ ਹੀ ਹੋਣਾ ਹੈ ਤੁਸੀਂ ਸਮਾਧੀ ਲਾਓ ਤੇ ਵੇਖ ਲਵੋ ਕਿ ਕਿੱਥੇ ਪਿਆ ਹੈ? ਇਸ ਨਾਲ ਉਸ ਪਾਖੰਡੀ ਦਾ ਭੇਦ ਖੁਲ੍ਹ ਗਿਆ ਤੇ ਉਹ ਬਹੁਤ ਹੀ ਸ਼ਰਮਿੰਦਾ ਹੋਇਆ। ਜਿਸ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੬੬੩ 'ਤੇ 'ਧਨਾਸਰੀ ਮਹਲਾ ੧ ਘਰੁ ੩, ੴ ਸਤਿਗੁਰ ਪ੍ਰਸਾਦਿ ॥' ਸਿਰਲੇਖ ਹੇਠ ਇਸ ਤਰ੍ਹਾਂ ਕੀਤਾ ਹੈ:
'ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥' ਇਹ ਸਮਾ ਅੱਖਾਂ ਮੀਟ ਕੇ ਤਿੰਨ ਲੋਕਾਂ ਦੀ ਸੋਝੀ ਕਰਨ ਦਾ ਸਮਾਂ ਨਹੀਂ ਤੇ ਨਾ ਹੀ ਤੂੰ ਇਸ ਦੇ ਯੋਗ ਹੈਂ ਕਿਉਂਕਿ ਇਹ (ਮਨੁੱਖਾ ਜਨਮ ਦਾ) ਸਮਾ (ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ) ਨਹੀਂ ਹੈ, (ਇਹਨਾਂ ਢਬਾਂ ਨਾਲ) ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਇਹ ਉੱਚੇ ਆਚਰਨ ਦਾ ਤਰੀਕਾ ਹੈ। (ਇਹਨਾਂ ਤਰੀਕਿਆਂ ਦੀ ਰਾਹੀਂ) ਜਗਤ ਦੇ (ਅਨੇਕਾਂ) ਪਵਿਤ੍ਰ ਹਿਰਦੇ (ਭੀ) ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ (ਵਿਕਾਰਾਂ ਵਿਚ) ਡੁੱਬਣ ਲੱਗ ਪੈਂਦਾ ਹੈ ॥੧॥
'ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥' ਜਗਤ ਵਿਚ ਪਰਮਾਤਮਾ ਦੇ (ਨਾਮ ਸਿਮਰਨ) ਅਟੱਲ ਨਿਯਮਾਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਹੀ ਹੋਰ ਸਾਰੇ ਕੰਮਾਂ ਨਾਲੋਂ ਸ੍ਰੇਸ਼ਟ ਹੈ। (ਜੇਹੜੇ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ ਉਹ (ਇਸ) ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ) ॥੧॥
'ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥੨॥' ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ (ਆਪਣਾ) ਨੱਕ ਫੜ ਕੇ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦਾਂ ਹੈਂ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ, ਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ ॥੨॥
'ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥੩॥' (ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੈ ਭਾਵ ਮੁਗਲ ਰਾਜਿਆਂ ਦਾ ਹੁਕਮ ਮੰਨ ਕੇ ਉਨ੍ਹਾਂ ਦੀ ਤਰ੍ਹਾਂ ਹੀ ਰਿਆਇਆ 'ਤੇ ਜੁਲਮ ਕਰਨੇ ਸ਼ੁਰੂ ਕਰ ਦਿੱਤੇ ਹਨ ਇਸ ਲਈ (ਇਹਨਾਂ ਦੇ) ਧਰਮ ਦੀ ਮਰਯਾਦਾ ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੈ (ਭਾਵ ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ) ॥੩॥ ਪ੍ਰੋ: ਘੱਗਾ ਨੇ ਕਿਹਾ ਕਿ ਗੁਰੂ ਸਾਹਿਬ ਜੀ ਵੱਲੋਂ ਉਚਾਰਿਆ ਗਿਆ ਇਹ ਸ਼ਬਦ ਸੇਧ ਦਿੰਦਾ ਹੈ ਕਿ ਇਕੱਲਾ ਧਰਮ ਦੇ ਨਾਮ 'ਤੇ ਕਰਮ ਕਾਂਡ ਕਰਨੇ ਪੂਜਾ ਪਾਠ ਕਰਨੇ ਹੀ ਧਰਮ ਨਹੀਂ ਬਲਕਿ ਉਸ ਨੂੰ ਸੌਪੀਆਂ ਗਈਆਂ ਜਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਉਣੀਆਂ ਹੀ ਅਸਲੀ ਧਰਮ ਹੈ।
'ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ ॥੪॥੧॥੬॥੮॥' (ਬ੍ਰਾਹਮਣ ਲੋਕ) ਅਸ਼ਟਾਧਿਆਈ ਆਦਿਕ ਗ੍ਰੰਥ ਰਚ ਕੇ (ਉਹਨਾਂ ਅਨੁਸਾਰ) ਪੁਰਾਣਾਂ ਨੂੰ ਵਿਚਾਰਦੇ ਹਨ ਤੇ ਵੇਦਾਂ ਦਾ ਅਭਿਆਸ ਕਰਦੇ ਹਨ (ਬੱਸ! ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ)। ਪਰ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ) ॥੪॥੧॥੬॥੮॥
ਪ੍ਰੋ: ਘੱਗਾ ਨੇ ਕਿਹਾ ਕਿ ਅਜਿਹੇ ਪਾਖੰਡੀਆਂ ਦੀ ਲੁੱਟ ਦਾ ਸ਼ਿਕਾਰ ਜਿਹੜੇ ਲੋਕ ਆਪਣੇ ਦੁੱਖਾਂ ਕਲੇਸ਼ਾਂ ਦਾ ਕਾਰਣ ਆਪਣੇ ਪਿਛਲੇ ਕਰਮਾਂ ਦਾ ਫਲ ਸਮਝ ਕੇ ਰੱਬ ਦਾ ਭਾਣਾ ਮੰਨ ਕੇ ਬੈਠ ਜਾਂਦੇ ਹਨ ਉਹ ਸਦੀਆਂ ਤੋਂ ਪਿਸਦੇ ਆ ਰਹੇ ਹਨ ਪਰ ਜਿਹੜੇ ਅਮਰੀਕਾ ਕਨੇਡਾ, ਜਰਮਨ ਇੰਗਲੈਂਡ ਦੇ ਲੋਕ ਭਾਣਾ ਮੰਨਣ ਦੀ ਥਾਂ ਤਰੱਕੀ ਲਈ ਸੰਘਰਸ਼ ਕਰਦੇ ਹਨ ਉਹ ਤਰੱਕੀ ਕਰਕੇ ਕਿਥੇ ਦੀ ਕਿੱਥੇ ਪਹੁੰਚ ਗਏ ਹਨ।