ਕੈਟੇਗਰੀ

ਤੁਹਾਡੀ ਰਾਇ



ਸੁਕ੍ਰਿਤ ਕੌਰ
ਅੱਜ ਦੇ ਬਿਖੜੇ ਸਮੇ , ਬੀਬੀਆਂ ਨੂੰ ਕੀ ਕਰਨਾ ਚਾਹੀਦੈ !
ਅੱਜ ਦੇ ਬਿਖੜੇ ਸਮੇ , ਬੀਬੀਆਂ ਨੂੰ ਕੀ ਕਰਨਾ ਚਾਹੀਦੈ !
Page Visitors: 3122

ਸਿੱਖੀ ਦੇ ਅੱਜ ਦੇ ਬਿਖੜੇ ਸਮੇ ਵਿਚ , ਬੀਬੀਆਂ ਦਾ ਕੀ ਰੋਲ ਹੋਣਾ ਚਾਹੀਦਾ ਹੈ ? ਇਸ ਬਾਰੇ ਜਦ ਮੈਂ ਸੋਚਦੀ ਹਾਂ , ਤਾਂ ਕੁਝ ਸਵਾਲ ਮੇਰੇ ਸਾਮ੍ਹਣੇ ਆ ਖੜੇ ਹੁੰਦੇ ਹਨ , ਜਿਵੇਂ “ ਕੀ ਅਸੀਂ ਆਪਣੀ ਰਖਿਯਾ ਆਪ ਕਰਨ ਦੇ ਸਮਰੱਥ ਨਹੀਂ ਹਾਂ ? ”

“ ਕੀ ਸਾਨੂੰ , ਆਪਣੀ ਸੁਰਕਸ਼ਾ ਦਾ ਭਾਰ ਵੀ ਆਪਣੇ ਵੀਰਾਂ ਦੇ ਸਿਰ ਪਾ ਕੇ , 1 - 1 = ਜ਼ੀਰੋ ਹੋਣਾ ਚਾਹੀਦਾ ਹੈ ?

ਜਾਂ ਸਾਨੂੰ ਆਪਣੇ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ , ਇਕ ਤੇ ਇਕ , ਗਿਆਰਾਂ ਹੋਣਾ ਚਾਹੀਦਾ ਹੈ ? ( ਚੰਗਾ ਇਹੀ ਹੈ ਕਿ ਅਸੀਂ ਆਪਣੇ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਗਿਆਰਾਂ ਹੋਈਏ ) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਅਜਿਹਾ ਕਿਉਂ ਨਹੀਂ ਕਰ ਪਾ ਰਹੀਆਂ ?

ਜਵਾਬ ਇਹੀ ਹੈ ਕਿ ਜਿਸ ਮਾਹੌਲ ਵਿਚ ਜੀਵ ਪਲਦਾ ਹੈ , ਉਸ ਤੇ ਉਸ ਮਾਹੌਲ ਦਾ ਅਸਰ ਜ਼ਰੂਰ ਪੈਂਦਾ ਹੈ । ਅਸੀਂ ਅਕਸਰ ਸਟੇਜਾਂ ਤੋਂ ਸੁਣਦੇ ਹਾਂ ਕਿ , ਇਕ ਸ਼ੇਰ ਦਾ ਬੱਚਾ , ਭੇਡਾਂ ਵਿਚ ਰਲ ਕੇ , ਸ਼ੇਰਾਂ ਦੇ ਸਾਰੇ ਗੁਣ ਭੁੱਲ ਗਿਆ ਸੀ , ਅਤੇ ਭੇਡਾਂ ਦੇ ਗੁਣ ਧਾਰਨ ਕਰ ਲਏ ਸਨ । ਸਾਡਾ ਵੀ ਕੁਝ ਅਜਿਹਾ ਹੀ ਹਾਲ ਹੋ ਗਿਆ ਹੈ । ਅਸੀਂ ਭੁੱਲ ਗਈਆਂ ਹਾਂ ਕਿ ਅਸੀਂ , ਗੁਰੁ ਗੋਬਿੰਦ ਸਿੰਘ ਜੀ ਦੇ “ ਕੌਰ ” ਹਾਂ , ਕੋਈ ਐਰਾ-ਗੈਰਾ ਨਹੀਂ ਹਾਂ ।

ਇਤਿਹਾਸ ਦੀ ਇਕ ਝਾਕੀ ਮੇਰੇ ਸਾਮ੍ਹਣੇ ਹੈ , “ ਬੀਬੀ ਹਰਸ਼ਰਨ ਕੌਰ ” ਜੋ ਅਜਿਹੇ ਪਰਿਵਾਰ ਵਿਚ ਪਲੀ ਸੀ , ਜਿਸ ਵਿਚ ਕੁੜੀਆਂ ਹਰ ਸਾਲ , ਆਪਣੇ ਭਰਾਵਾਂ ਨੂੰ ਰੱਖੜੀ ਬੱਨ੍ਹ ਕੇ , ਉਨ੍ਹਾਂ ਕੋਲੋਂ ਆਪਣੀ ਰਕਸ਼ਾ ਦਾ ਵਚਨ ਲੈਂਦੀਆਂ ਹਨ । ਉਹ ਵੀ ਜੁਆਨੀ ਤਕ ਹਰ ਸਾਲ ਇਹੀ ਕਰਮ ਕਰਦੀ ਆਪਣੇ ਭਰਾਵਾਂ ਕੋਲੋਂ , ਆਪਣੀ ਸੁਰਕਸ਼ਾ ਦਾ ਵਚਨ ਲੈਂਦੀ ਰਹੀ ਸੀ । ਜਵਾਨ ਹੋਈ ਤਾਂ ਘਰ ਵਾਲਿਆਂ ਨੇ , ਚੰਗਾ ਵਰ ਵੇਖ ਕੇ , ਉਸ ਦਾ ਵਿਆਹ ਕਰ ਦਿੱਤਾ । ਪਰ , ਪਤੀ ਦੇ ਘਰ ਵੱਲ ਜਾਂਦਿਆਂ , ਰਸਤੇ ਵਿਚ ਹੀ ਜਰਵਾਣਿਆਂ ਨੇ ਡੋਲਾ ਲੁੱਟ ਲਿਆ , ਅਤੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ । ਉਹ ਤਾਂ ਆਪਣੀ ਸੁਰਕਸ਼ਾ ਆਪ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ , ਕਿਉਂਕਿ ਜਨਮ ਤੋਂ ਹੀ ਉਸ ਦੇ ਦਿਮਾਗ ਵਿਚ ਭਰ ਗਿਆ ਸੀ ਕਿ , ਮੇਰੀ ਰਖਿਆ , ਮੇਰੇ ਪਿਤਾ ਜਾਂ ਭਰਾਵਾਂ ਨੇ ਕਰਨੀ ਹੈ । ਦੂਸਰਾ ਉਸ ਦੀਆਂ ਬਾਹਾਂ , ਚੂੜੇ ਨਾਲ ਭਰੀਆਂ ਪਈਆਂ ਸਨ ਅਤੇ ਹੱਥ ਕਲੀਂਰਿਆਂ ਨਾਲ ਬੰਨ੍ਹੇ ਹੋਏ ਸਨ । ਉਸ ਨੇ ਸੋਚਿਆ , ਕੋਈ ਗੱਲ ਨਹੀਂ , ਇਹ ਸਾਰੀ ਬਾਰਾਤ , ਇਹ ਮੇਰਾ ਸਹੁਰਾ ਪਰਿਵਾਰ , ਸਹੁਰਾ , ਦੇਰ-ਜੇਠ , ਮੇਰਾ ਘਰ-ਵਾਲਾ ਅਤੇ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ , ਮੇਰੀ ਰਖਿਆ ਜ਼ਰੂਰ ਕਰਨਗੇ । ਪਰ ਕੁਝ ਵੀ ਨਾ ਹੋਇਆ , ਉਨ੍ਹਾਂ ਸਾਰਿਆਂ ਦੇ ਵੇਖਦਿਆਂ ਹੀ , ਜਰਵਾਣੇ ਉਸ ਨੂੰ ਚੁਕ ਕੇ ਲੈ ਗਏ । ਕਿਸੇ ਨੇ ਚੂੰ ਤਕ ਵੀ ਨਾ ਕੀਤੀ , ਜਿਵੇਂ ਜਰਵਾਣੇ ਉਨ੍ਹਾਂ ਦੀ ਇੱਜ਼ਤ ਨੂੰ ਨਹੀਂ ਬਲਕਿ , ਦਾਨ ਵਿਚ ਮਿਲੀ ਕਿਸੇ ਚੀਜ਼ ਨੂੰ , ਖੋਹ ਕੇ ਲਿਜਾ ਰਹੇ ਹੋਣ । ਨਾ ਹੀ ਉਸ ਦੇ ਪੇਕੇ ਪਰਿਵਾਰ ਵਾਲਿਆਂ ਨੇ , ਜਿਨ੍ਹਾਂ ਦੇ ਉਹ , ਆਪਣੀ ਰਕਸ਼ਾ ਲਈ , ਸਾਰੀ ਉਮਰ ਰਖੜੀ ਬੱਨ੍ਹਦੀ ਰਹੀ ਸੀ , ਉਸ ਨੂੰ ਜਰਵਾਣਿਆਂ ਹੱਥੋਂ ਛੁਡਾਉਣ ਦੀ ਕੋਈ ਕੋਸ਼ਿਸ਼ , ਕੋਈ ਉਪਰਾਲਾ ਹੀ ਕੀਤਾ ।

ਉਸ ਦੇ ਘਰ ਵਾਲੇ ਨੇ , ਸਿੰਘਾਂ ਕੋਲ , ਮਦਦ ਦੀ ਅਤੇ ਆਪਣੀ ਘਰ ਵਾਲੀ ਨੂੰ ਜਰਵਾਣਿਆਂ ਕੋਲੋਂ ਬਚਾਉਣ ਦੀ ਬੇਨਤੀ ਕੀਤੀ । ਸਿੰਘਾਂ ਨੇ ਆਪਣੇ ਸੁਭਾਅ ਮੁਤਾਬਿਕ , ਉਸ ਦੀ ਬੇਨਤੀ ਪਰਵਾਨ ਕਰ ਲਈ । ਛੋਟੀ ਜਿਹੀ ਜੰਗ ਮਗਰੋਂ , ਕੁਝ ਸਿੰਘ ਸ਼ਹੀਦ ਕਰਵਾਉਣ ਮਗਰੋਂ , ਉਸ ਨੂੰ ਜਰਵਾਣਿਆਂ ਹੱਥੋਂ ਛੁਡਾ ਲਿਆਂਦਾ । ਜਦ ਸਿੰਘ ਉਸ ਨੂੰ , ਉਸ ਦੇ ਸਹੁਰੇ ਘਰ ਛੱਡਣ ਗਏ ਤਾਂ ਸਹੁਰਿਆਂ ਨੇ , ਸਿੰਘਾਂ ਨੂੰ ਇਹ ਕਹਿੰਦਿਆਂ , ਉਸ ਨੂੰ ਆਪਣੇ ਘਰ ਰੱਖਣ ਤੋਂ ਨਾਹ ਕਰ ਦਿੱਤੀ ਕਿ “ ਮਲੇਛਾਂ ਦੇ ਘਰ ਰਹਿ ਕੇ ਇਹ ਅਪਵਿਤ੍ਰ ਹੋ ਗਈ ਹੈ ”

ਸਿੰਘਾਂ ਨੇ ਉਸ ਨੂੰ ਇਹ ਕਹਿੰਦਿਆਂ ਦਲਾਸਾ ਦਿੱਤਾ ਕਿ “ ਚਲ ਕੋਈ ਗੱਲ ਨਹੀਂ ਅਸੀਂ ਤੈਨੂੰ ਤੇਰੇ ਮਾਪਿਆ ਦੇ ਘਰ ਛੱਡ ਆਉਂਦੇ ਹਾਂ ” ਪਰ ਮਾਪਿਆਂ ਦਾ ਵੀ ਕੁਝ ਅਜਿਹਾ ਹੀ ਜਵਾਬ ਸੀ ।

ਤਦ ਉਸ ਸੋਚਿਆ ਕਿ “ ਮੈਂ ਉਨ੍ਹਾਂ ਡਰਪੋਕ ਭੇਡਾਂ ਵਿਚ ਰਹਿ ਕੇ ਕੀ ਕਰਨਾ ਹੈ ? ਕਿਉਂ ਨਾ ਮੈਂ ਇਨ੍ਹਾਂ ਲੋਕਾਂ ਕੋਲ ਹੀ ਰਹਾਂ , ਜਿਨ੍ਹਾਂ ਨੇ ਮੇਰੀ ਇੱਜ਼ਤ ਬਚਾਈ ਹੈ , ਇਨ੍ਹਾਂ ਦੀ ਹੀ ਸੇਵਾ ਕਰਾਂ ? ” ਅਤੇ ਉਸ ਨੇ ਆਪਣਾ ਵਿਚਾਰ ਸਿੰਘਾਂ ਨੂੰ ਦੱਸ ਦਿੱਤਾ । ਸਿੰਘਾਂ ਨੇ ਉਸ ਨੂੰ ਖੰਡੇ-ਬਾਟੇ ਦੀ ਪਾਹੁਲ ਦੇ ਕੇ , ਉਸ ਦਾ ਨਾਮ “ ਹਰਸ਼ਰਨ ਕੌਰ ” ਰੱਖਿਆ ਅਤੇ ਉਹ ਸਿੰਘਾਂ ਦੇ ਜਥੇ ਨਾਲ ਰਹਣ ਲਗ ਪਈ । ਮਗਰੋਂ ਉਸ ਦਾ ਪਤੀ ਵੀ ਸਿੰਘ ਸਜ ਗਿਆ ਅਤੇ ਓਸੇ ਜਥੇ ਨਾਲ ਹੀ ਰਹਣ ਲੱਗਾ ।

ਸਮਾ ਪਾ ਕੇ ਉਹੀ ਕੁੜੀ ਹਰਸ਼ਰਨ ਕੌਰ ਮਸ਼ਹੂਰ ਹੋਈ , ਜਦ ਜਮਰੌਦ ਦੇ ਕਿਲ੍ਹੇ ਦੇ ਘੇਰੇ ਦੀ ਖਬਰ ਅਤੇ ਹਾਲਾਤ , ਸ , ਹਰੀ ਸਿੰਘ ਨਲੂਏ ਨੂੰ ਪਹੁੰਚਾਉਣ ਦੀ ਜ਼ਿਮੇਦਾਰੀ ਉਸ ਨੇ ਆਪਣੇ ਸਿਰ ਲਈ । ਜਿਸ ਬੀਬੀ ਨੇ ਕਦੀ , ਆਪਣੀ ਸੁਰਕਸ਼ਾ , ਆਪ ਕਰਨ ਬਾਰੇ , ਸੁਪਨੇ ਵਿਚ ਵੀ ਨਹੀਂ ਸੋਚਿਆ ਸੀ , ਉਸ ਨੂੰ ਸਿੰਘਾਂ ਦੀ ਸੋਹਬਤ ਵਿਚ ਰਹਿ ਕੇ , ਏਨਾ ਆਤਮ-ਵਿਸ਼ਵਾਸ ਹੋ ਗਿਆ ਸੀ ਕਿ ਉਹ , ਇਕ ਡਰਪੋਕ ਕੁੜੀ ਤੋਂ ਸਿੰਘਣੀ ਬਣ ਗਈ ਹੈ , ਉਸ ਨੂੰ ਕਿਲ੍ਹੇ ਦਾ ਘੇਰਾ ਪਾਈ ਬੈਠੇ ਜਰਵਾਣਿਆਂ ਵਿਚ ਦੀ ਨਿਕਲਦਿਆਂ ਜ਼ਰਾ ਵੀ ਡਰ ਨਾ ਲੱਗਾ ।

 

ਆਉ ਅਸੀਂ ਵੀ ਸਿੰਘਾਂ ਦੀ ਸੋਹਬਤ ਵਿਚ ਰਹਿ ਕੇ , ਸਿੰਘਣੀਆਂ ਵਾਲੇ ਗੁਣ ਧਾਰਨ ਕਰੀਏ । ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਮਾਤਾ ਖੀਵੀ ਜੀ , ਮਾਤਾ ਗੰਗਾ ਜੀ , ਮਾਤਾ ਗੁੱਜਰ ਕੌਰ ਜੀ , ਮਾਤਾ ਸਾਹਿਬ ਕੌਰ ਜੀ ਅਤੇ ਮਾਈ ਭਾਗ ਕੌਰ ਜੀ ਦੀਆਂ ਪੁਤ੍ਰੀਆਂ ਹਾਂ , ਸਾਨੂੰ ਆਪਣੀ ਰਖਿਆ ਦੀ ਆਸ , ਦੂਸਰਿਆਂ ਕੋਲੋਂ ਕਰਨ ਦੀ ਥਾਂ , ਆਪਣੇ ਵੀਰਾਂ-ਭੈਣਾਂ ਨਾਲ ਰਲ ਕੇ , ਆਪਣੀ ਰਖਿਆ , ਆਪ ਕਰਨ ਦਾ ਵੱਲ ਸਿਖਣਾ ਚਾਹੀਦਾ ਹੈ , ਗਤਕਾ ਅਤੇ ਹੋਰ ਮਾਰਸ਼ਲ ਆਰਟ ਸਿੱਖ ਕੇ , ਦੂਸਰਿਆਂ ਦੀ ਵੀ ਰੱਖਿਆ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ । ਇਹੀ ਸਿਖਿਆ ਸਾਨੂੰ “ ਕੌਰ ” ਬਨਾਉਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ , ਸਾਡੀ ਰੱਖਿਆ ਧਾਗਿਆਂ ਦੀ ਮੁਤਾਜ ਨਹੀਂ , ਸ਼ਸਤ੍ਰਾਂ ਦੀ ਸਿਖਲਾਈ ਅਤੇ ਆਪਸੀ ਪਿਆਰ ਦੀ ਮੁਤਾਜ ਹੈ ।

ਮੈਂ ਆਸ ਕਰਦੀ ਹਾਂ ਕਿ ਮੇਰੀਆਂ ਭੈਣਾਂ ਅਤੇ ਵੀਰ , ਕਰਮ-ਕਾਂਡਾਂ ਆਸਰੇ ਜੀਣਾ ਛੱਡ ਕੇ , ਸੱਚ ਆਸਰੇ ਜੀਣਾ ਸ਼ੁਰੂ ਕਰਨਗੇ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.