ਜਿੰਦੇ-ਕੁੰਡੇ ਲਾ ਲਉ ਬਈ ਬਾਦਲ ਦਲੀਏ ਆਉਂਦੇ ਨੇ …!
ਕੋਈ ਸਮਾਂ ਸੀ ਜਦੋਂ ਸਿੱਖਾਂ ਦੀਆਂ ਜਥੇਬੰਦੀਆਂ ਬਾਰੇ ਲੋਕਾਂ ਵਿੱਚ ਉਸਾਰੂ ਕਹਾਵਤਾਂ ਬਣੀਆਂ ਹੁੰਦੀਆਂ ਸਨ, ਜਿਵੇ
''ਸ਼ਈ ਮਈ ਰੰਨ ਬਸਰੇ ਨੂੰ ਗਈ, ਵੇ ਮੋੜੀ ਬਾਬਾ ਕੱਛ ਵਾਲਿਆ''
ਜਦੋਂ ਸਿੱਖ ਕਿਸੇ ਪਿੰਡ ਵਿੱਚ ਆਉਂਦੇ ਦਿਸ ਪੈਂਦੇ ਸਨ ਤਾਂ ਲੋਕ ਆਖਦੇ ਸਨ ਕਿ
'' ਆ ਗਏ ਨਿਹੰਗ ਬੂਹੇ ਖੋਲ ਦੋ ਨਿਸ਼ੰਗ''
ਤੇ ਅਬਦਾਲੀ ਦੇ ਬੰਦਿਆਂ ਦੀਆਂ ਕਰਤੂਤਾਂ ਨੂੰ ਵੇਖ ਕੇ ਲੋਕ ਆਖਣ ਲੱਗ ਪਏ ਸਨ ਕਿ
''ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦਸ਼ਾਹੇ ਦਾ''
ਇਸ ਤੋਂ ਸਿੱਖਾਂ ਦਾ ਕਿਰਦਾਰ ਝਲਕਦਾ ਸੀ ਤੇ ਲੋਕਾਂ ਦੇ ਮਨਾ ਅੰਦਰ ਸਮੇਂ ਦੀ ਹਕੂਮਤ ਦੇ ਮੁਕਾਬਲੇ, ਸਿਖਾਂ ਦੇ ਜੁਝਾਰੂ ਲੜਾਕੂਆਂ ਪ੍ਰਤੀ ਇੱਕ ਭਰੋਸਾ ਸੀ, ਬੇਸ਼ੱਕ ਸਮੇਂ ਦੀ ਹਕੂਮਤ ਉਹਨਾਂ ਨੂੰ ਬਾਗੀ ਆਖ ਕੇ, ਉਹਨਾਂ ਦੇ ਸਿਰਾਂ ਦੇ ਮੁੱਲ ਵੀ ਪਾਉਂਦੀ ਸੀ, ਪਰ ਆਮ ਲੋਕ ਸਿੱਖਾਂ ਨੂੰ ਪਿਆਰ ਕਰਦੇ ਸਨ ਤੇ ਰੱਬ ਵਰਗਾ ਭਰੋਸਾ ਵੀ ਰੱਖਦੇ ਸਨ।
ਜਿਵੇ ਜਿਵੇ ਰਾਜ ਬਦਲੇ, ਤਾਜ਼ ਬਦਲੇ, ਲੋਕ ਰਾਜ ਆਇਆ, ਸਿੱਖਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਰਾਜਸੀ ਨੁੰਮਾਇੰਦਾ ਜਮਾਤ ਵਜੋਂ ਅਪਣਾਇਆ। ਅਕਾਲੀਆਂ ਨੇ ਲੋਕ ਹਿੱਤਾਂ ਵਾਸਤੇ ਲੜਾਈਆਂ ਲੜੀਆਂ, ਸਿਰਫ ਸਿੱਖਾਂ ਵਿੱਚ ਹੀ ਨਹੀ ਗੈਰ ਸਿੱਖਾਂ ਵਿੱਚ ਵੀ ਇੱਕ ਭਰੋਸਾ ਸੀ ਕਿ ਅਕਾਲੀ ਸੱਚੀਂ ਰੱਬ ਦੀ ਰਜ਼ਾ ਵਿੱਚ ਰਹਿੰਦੇ ਹਨ ਅਤੇ ਮਨੁੱਖਤਾ ਵਾਸਤੇ ਲੜਦੇ ਹਨ। ਹਾਲੇ ਕੱਲ ਦੀਆਂ ਗੱਲਾਂ ਹਨ ਕਿ ਦੇਸ਼ ਵਿੱਚ ਐਮਰਜੰਸੀ ਲੱਗੀ ਤਾਂ ਇੱਕ ਪਾਸੇ ਜਨਸੰਘੀ, ਜਿਹੜੇ ਇੰਦਰਾ ਗਾਂਧੀ ਦੇ ਇਸ ਕਦਮ ਦੇ ਖਿਲਾਫ਼ ਸਨ, ਨੇ ਵੀ ਅਕਾਲੀਆਂ ਨੂੰ ਬੇਨਤੀ ਕੀਤੀ ਕਿ ਸਾਡਾ ਸਹਾਰਾ ਬਣੋ, ਤੁਹਾਡੇ ਬਿਨਾਂ ਦੇਸ਼ ਵਾਸੀਆਂ ਦੇ ਗਲੋਂ ਐਮਰਜੰਸੀ ਦੀ ਗੁਲਾਮੀ ਨਹੀ ਲੱਥਣੀ। ਦੂਜੇ ਪਾਸੇ ਭਾਰਤ ਦੇ ਰਾਜ ਤਖਤ ਦੀ ਮਾਲਿਕ ਇੰਦਰਾ ਗਾਂਧੀ ਅਕਾਲੀਆਂ ਨੂੰ ਆਖਦੀ ਸੀ ਕਿ ਤੁਸੀਂ ਐਮਰਜੰਸੀ ਖਿਲਾਫ਼ ਮੋਰਚਾ ਨਾ ਲਗਾਓ, ਮੈਂ ਇਹਨਾਂ ਨਿਕਰਧਾਰੀਆਂ ਨੂੰ ਸਬਕ ਸਿਖਾਉਣਾ ਹੈ, ਤੁਸੀਂ ਮੇਰਾ ਸਾਥ ਦਿਓ, ਤੁਹਾਡਾ ਕੁੱਝ ਨਾ ਕੁੱਝ ਮੰਨ ਲੈਂਦੀ ਹਾ, ਲੇਕਿਨ ਅਕਾਲੀਆਂ ਨੇ ਆਪਣੇ ਹਿੱਤਾਂ ਦੀ ਥਾਂ ਲੋਕ ਹਿੱਤਾਂ ਨੂੰ ਤਰਜੀਹ ਦਿੱਤੀ ਅਤੇ ਆਪਣੇ ਫਾਇਦੇ ਨੂੰ ਪਾਸੇ ਰੱਖਦਿਆਂ ਐਮਰਜੰਸੀ ਖਿਲਾਫ਼ ਮੋਰਚਾ ਆਰੰਭ ਕੀਤਾ। ਬਹੁਤ ਲੰਬੀ ਜੇਲ ਯਾਤਰਾ ਪਿੱਛੋਂ ਇਸ ਵਿੱਚ ਸਫਲਤਾ ਵੀ ਹੋਈ ਅਤੇ ਇੰਦਰਾ ਗਾਂਧੀ ਨੂੰ ਰਾਜ ਤਖਤ ਦੀ ਥਾਂ ਤਿਹਾੜ ਜੇਲ ਦੇਖਣੀ ਪਈ ਅਤੇ ਅਕਾਲੀਆਂ ਨੂੰ ਮੁਰਾਰਜੀ ਡਿਸਾਈ ਸਰਕਾਰ ਵਿਚ ਹਿੱਸੇਦਾਰੀ ਵੀ ਮਿਲੀ।
ਹੌਲੀ ਹੌਲੀ ਰਾਜਸੀ ਪਾਰਟੀਆਂ ਦੇ ਅਸੂਲ ਬਦਲੇ, ਤੇਵਰ ਬਦਲੇ ,ਕੰਮ ਕਰਨ ਦੇ ਅੰਦਾਜ਼ ਬਦਲੇ ,ਇਸ ਬਦਲਾ ਬਦਲੀ ਨੇ ਅਕਾਲੀ ਦਲ ਨੂੰ ਨਾ ਬਖਸ਼ਿਆ, ਅਕਾਲੀਆਂ ਦੀ ਅਕਾਲੀਅਤ ਵੀ ਪਤਲੀ ਪੈ ਗਈ ਅਤੇ ਅਕਾਲੀ ਦਲ ਵੀ ਸਵਾਰਥੀ ਮੱਟ ਵਿੱਚ ਜਾ ਡਿੱਗੇ ਤੇ ਫਿਰ ਉਸ ਰੰਗ ਵਿੱਚ ਰੰਗੇ ਜਾਣ ਕਰਕੇ ਬਦਰੰਗ ਦਿੱਸਣੇ ਸ਼ੁਰੂ ਹੋਏ। ਅਰੰਭਲੇ ਦਿਨਾਂ ਵਿੱਚ ਇਹ ਜਾਪਦਾ ਸੀ ਕਿ ਇਹ ਖੜੋਤ ਜਾਂ ਬਦਲਾਅ ਵਕਤੀ ਹੈ, ਕੁੱਝ ਸਮੇਂ ਵਿੱਚ ਗੱਡੀ ਮੁੜ ਲੀਹ ਉੱਤੇ ਆ ਜਾਵੇਗੀ, ਪਰ ਅਚਾਨਕ ਵਿੱਚੋਂ ਅਕਾਲੀ ਦਲ ਦੀ ਵਾਗਡੋਰ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਆ ਗਈ, ਬਸ ਫਿਰ ਤਾਂ ਅਕਾਲੀ ਦਲ ਦੇ ਅਸੂਲਾਂ ਨੂੰ ਸਿਉਂਕ ਹੀ ਲੱਗ ਗਈ ਅਤੇ ਪੰਥ ਦਾ ਇਹ ਰਾਜਸੀ ਬੂਟਾ ਆਪਣੀਆਂ ਜੜਾਂ ਵੀ ਨਾ ਬਚਾਅ ਸਕਿਆ, ਲੇਕਿਨ ਉਸ ਅੰਬ ਦੀ ਛਾਂ ਹੇਠ ਹੀ ਆਹ ਬਾਦਲੀ ਅੱਕ ਪੈਦਾ ਹੋ ਗਿਆ। ਭਾਵੇ ਕੁੱਝ ਸਮਾਂ ਸਿੱਖਾਂ ਨੂੰ ਭੁਲੇਖਾ ਰਿਹਾ ਕਿ ਜਿਹੜਾ ਫਲ ਲੱਗ ਰਿਹਾ ਹੈ, ਵਧੀਆ ਹੋਵੇਗਾ ਕਿਉਂਕਿ ਸ਼ਕਲ ਸੂਰਤ ਤੋਂ ਅੰਬ ਹੀ ਦਿਸਦਾ ਸੀ, ਪਰ ਹੁਣ ਪਤਾ ਲੱਗਿਆ ਹੈ ਕਿ ਇਹ ਤਾਂ ਅੱਕ ਹੈ ਇਸ ਨੂੰ ਅੰਬ ਨਹੀ ਕੁੱਕੜੀਆਂ ਲੱਗਣ ਗੀਆਂ, ਉਹ ਵੀ ਹਾਲੇ ਸਾਰੇ ਸਿੱਖਾਂ ਨੂੰ ਨਹੀ, ਕੁੱਝ ਸੁਚੇਤ ਸਿੱਖਾਂ ਨੂੰ ਹੀ ਇਲਮ ਹੈ, ਬਹੁਗਿਣਤੀ ਤਾਂ ਜਿਵੇ ਸਾਉਣ ਦੇ ਅੰਨੇ ਨੂੰ ਹਰਾ ਹਰਾ ਦੀ ਦਿੱਸਦਾ ਹੁੰਦਾ ਹੈ, ਉਸ ਤਰਾਂ ਨੀਲੀ ਪੱਗ ਵਾਲਾ ਬਾਦਲ ਪੰਥ ਦਰਦੀ ਹੀ ਦਿੱਸਦਾ ਹੈ, ਇਸ ਕਰਕੇ ਹੀ ਵੋਟਾਂ ਪਾਉਣ ਵੇਲੇ ਫਿਰ ਪੰਥ ਦੇ ਨਾਮ ਤੇ ਬਾਦਲ ਨੂੰ ਹੀ ਪਾ ਜਾਂਦੇ ਹਨ।
ਲੇਕਿਨ ਜਿਹੜੇ ਸਿੱਖ ਜਾਗ ਪਏ ਹਨ ਉਹਨਾਂ ਨੇ ਹੁਣ ਅੰਬ ਤੇ ਅੱਕ ਦਾ ਫਰਕ ਸਮਝਾਉਣ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਬਾਦਲਾਂ ਦੀਆਂ ਵਿਦੇਸ਼ ਫੇਰੀਆਂ ਖਟਾਸ ਵਿੱਚ ਪੈ ਗਈਆਂ ਹਨ। ਹੁਣ ਪਹਿਲਾਂ ਵਾਲੀ ਸ਼ਵੀ ਵਿਦੇਸ਼ੀ ਸਿੱਖਾਂ ਵਿੱਚ ਨਹੀ ਰਹੀ। ਇੱਕ ਤਾਂ ਉਥੋਂ ਦੀਆਂ ਸਰਕਾਰਾਂ ਨੇ ਹਰ ਨਾਗਰਿਕ ਨੂੰ ਆਪਣੀ ਗੱਲ ਕਹਿਣ ਦੀ ਖੁੱਲ• ਦਿੱਤੀ ਹੋਈ ਹੈ, ਦੂਸਰਾ ਵਿਦੇਸ਼ੀ ਵੱਸਦੇ ਸਿੱਖ ਉਹਨਾਂ ਮੁਲਕਾਂ ਦੀ ਆਜ਼ਾਦੀ ਵੇਖ ਕੇ, ਆਪਣੇ ਪੇਕਿਆਂ ਬਾਰੇ ਥੋੜੇ ਜਿਹੇ ਚਿੰਤਤ ਵੀ ਹਨ ਅਤੇ ਯਤਨਸ਼ੀਲ ਹਨ ਕਿ ਉਹ ਕਿਹੜੀ ਸੁਲੱਖਣੀ ਘੜੀ ਆਵੇ, ਜਦੋਂ ਸਾਨੂੰ ਆਪਣੇ ਪੁਰਖਿਆਂ ਦੀ ਧਰਤੀ ਤੋਂ ਵੀ ਆਜ਼ਾਦ ਹਵਾ ਦੇ ਬੁੱਲੇ ਆਉਣ, ਬੇਸ਼ੱਕ ਪੰਜਾਬ ਜਾਂ ਭਾਰਤ ਵਿੱਚ ਹਿੰਦੁਤਵ ਨਾਲ ਸਾਂਝ ਕਰਕੇ ਹਾਲੇ ਬਾਦਲ ਇੱਥੇ ਆਪਣਾ ਦਬਦਬਾ ਬਣਾਈ ਫਿਰਦੇ ਹਨ ਅਤੇ ਹਿੰਦੁਤਵ ਨੂੰ ਵੀ ਬਾਦਲ ਦੀ ਸਿਆਸੀ ਮੰਜੀ ਦੀ ਸਲਾਮਤੀ ਦੀ ਲੋੜ ਹੈ, ਪਰ ਫਿਰ ਵੀ ਕੁੱਝ ਲੋਕ ਹਿੰਦੁਤਵ ਜਾਂ ਬਾਦਲੀ ਬੁਰਛਾਗਰਦੀ ਦੀ ਪ੍ਰਵਾਹ ਨਾ ਕਰਦੇ ਸੱਚ ਤੇ ਪਹਿਰਾ ਦੇ ਰਹੇ ਹਨ, ਜਿਵੇ ਖਾਸ ਕਰਕੇ ਬਾਪੂ ਸੂਰਤ ਸਿੰਘ ਖਾਲਸਾ ਅਤੇ ਉਹਨਾਂ ਨਾਲ ਸੰਘਰਸ਼ ਵਿੱਚ ਸਾਥ ਦੇ ਰਹੇ ਕੁੱਝ ਜਾਗਦੇ ਸਿੱਖ ਕਰ ਰਹੇ ਹਨ।
ਬਾਦਲਾਂ ਵੱਲੋਂ ਪੰਥਕ ਏਜੰਡੇ ਨੂੰ ਸਿਰਫ ਤਿਲਾਂਜਲੀ ਹੀ ਨਹੀ ਦਿੱਤੀ ਗਈ, ਸਗੋਂ ਪੰਥ ਦੀਆਂ ਜੜਾਂ ਨੂੰ ਵੱਢਣ ਵਾਲੀ ਕੁਹਾੜੀ ਦੇ ਦਸਤੇ ਹੀ ਬਣ ਬੈਠੇ ਹਨ, ਇਸ ਕਰਕੇ ਦੇਸ਼ ਵਿਦੇਸ਼ ਦੇ ਸਿੱਖਾਂ ਅੰਦਰ ਵਿਦਰੋਹ ਹੋਣਾ ਸੁਭਾਵਕ ਹੈ, ਹੁਣ ਬਾਦਲ ਦਲੀਏ 2017 ਦੀ ਚੋਣ ਦੇ ਮੱਦੇ ਨਜਰ ਹੁਣ ਤੋਂ ਹੀ ਡਾਲਰਾਂ ਪੌਂਡਾਂ ਦੀ ਮੱਦਦ ਪ੍ਰਾਪਤ ਕਰਨ ਵਾਸਤੇ ਵਿਦੇਸ਼ੀ ਸਿੱਖਾਂ ਨੂੰ ਭਰਮਾਉਣ ਲਈ ਵਿਦੇਸ਼ਾਂ ਉਤੇ ਧਾਵੇ ਤੇ ਧਾਵਾ ਕਰ ਰਹੇ ਹਨ, ਪਰ ਹੁਣ ਪਹਿਲਾਂ ਵਾਲੀ ਗੱਲ ਨਹੀ, ਜਦੋਂ ਕੋਈ ਬਾਦਲੀ ਅਕਾਲੀ ਵਿਦੇਸ਼ ਪਹੁੰਚਦਾ ਹੈ ਤਾਂ ਪੰਜਾਬ 'ਚ ਸੋਸ਼ਲ ਮੀਡੀਆ ਰਾਹੀ, ਉਸਦਾ ਸਾਰਾ ਚਿੱਠਾ ਉਥੇ ਪਹਿਲਾਂ ਹੀ ਪਹੁੰਚ ਜਾਂਦਾ ਹੈ ਅਤੇ ਲੋਕ ਉਹਨਾਂ ਦੀ ਮਹਿਮਾਨ ਨਿਵਾਜੀ ਦੀ ਥਾਂ ਸਵਾਲ ਨਿਵਾਜੀ ਕਰਨ ਲੱਗ ਪਏ ਹਨ। ਇਸ ਨਾਲ ਬਾਦਲੀਏ ਬੜੀ ਬੁਖਲਾਹਟ ਵਿੱਚ ਹਨ ਤੇ ਦਿੱਲੀ ਦੇ ਆਗੂ ਜਿਹੜੇ ਅੱਗੇ ਬੜਾ ਆਦਰ ਦਾ ਪਾਤਰ ਸਨ, ਹੁਣ ਬਾਦਲਾਂ ਦੀ ਕੀਤੀ ਦੇ ਜਵਾਬ ਦੇਣ ਵਿੱਚ ਫਸਕੇ, ਆਪਣਾ ਵਕਾਰ ਵੀ ਖਤਮ ਕਰ ਬੈਠੇ ਹਨ। ਲੋਕਾਂ ਨੇ ਉਹਨਾਂ ਨਾਲ ਵੀ ਉਹ ਹੀ ਵਰਤਾਓ ਸ਼ੁਰੂ ਕਰ ਦਿਤਾ ਹੈ, ਇਸ ਕਰਕੇ ਹੀ ਹੁਣ ਸਿਆਸੀ ਸ਼ਰਨ ਵਾਲੇ ਸਿੱਖਾਂ ਦੀ ਪੜਤਾਲ ਦੇ ਡਰਾਵੇ ਦਿੱਤੇ ਜਾ ਰਹੇ ਹਨ।
ਬਾਦਲਾਂ ਨੇ ਇੱਕ ਦਿਨ ਬਾਪੂ ਸੂਰਤ ਸਿੰਘ ਵਾਸਤੇ ਹਾਅ ਦਾ ਨਾਹਰਾ ਨਹੀਂ ਮਾਰਿਆ, ਸਿੱਖ ਪੰਥ ਦੇ ਸਾਰੇ ਪੁਰਾਣੇ ਮਾਮਲੇ ਠੰਡੇ ਬਸਤੇ ਹੀ ਪਾ ਰੱਖੇ ਹਨ, ਹੁਣ ਨਾਨਕਸ਼ਾਹੀ ਕੈਲੰਡਰ ਅਤੇ ਹੋਰ ਮਸਲਿਆਂ ਵਿੱਚ ਵੀ ਬਾਦਲਾਂ ਨੇ ਹਿੰਦੁਤਵ ਦਾ ਪੱਖ ਹੀ ਪੂਰਿਆ ਹੈ, ਜੇ ਤਾਂ ਬਾਦਲ ਦਲੀਏ ਸਿੱਖਾਂ ਦਾ ਰੋਸ ਵੇਖ ਕੇ ਆਪਣੇ ਵਿੱਚ ਕੋਈ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਤਾਂ ਸਿੱਖਾਂ ਨੂੰ ਸਮਝ ਪੈਂਦੀ ਕਿ ਚੱਲੋ! ਦੇਰ ਆਏ ਦਰੁਸਤ ਆਏ ਪਰ ਹੁਣ ਤਾਂ ਬਾਦਲੀਏ ਅਬਦਾਲੀ ਤੋਂ ਵੀ ਲੰਘੇ ਖੜੇ ਹਨ, ਖੰਡ ਖਾ ਜਾਂਦੇ ਤਾਂ ਸਮਝ ਆਉਂਦੀ ਸੀ, ਪਰ ਹੁਣ ਤਾਂ ਰੇਤਾ ਬੱਜਰੀ ਵੀ ਡਕਾਰ ਗਏ ਹਨ, ਅਫੀਮ ਭੁੱਕੀ ਵਿੱਕਦੀ ਤਾਂ ਲਗਦਾ ਸੀ ਕਿ ਲੋਕ ਪੁਰਾਣੇ ਸਮੇਂ ਤੋਂ ਇਸ ਅਲਾਮਤ ਦਾ ਸ਼ਿਕਾਰ ਹਨ, ਪਰ ਅੱਜ ਕੱਲ ਤਾਂ ਕੈਬਨਿਟ ਮੰਤਰੀਆਂ ਦਾ ਚਿੱਟੇ ਨਾਲ ਸਿੱਧਾ ਨਾਤਾ ਜੁੜਿਆ ਅਖਬਾਰੀ ਸੁਰਖੀਆਂ ਵਿੱਚ ਆ ਰਿਹਾ ਹੈ, ਫਿਰ ਸਿੱਖ ਵਿਰੋਧ ਕਿਵੇਂ ਅਤੇ ਕਿਉਂ ਨਾ ਕਰਨ ? ਵਿਦੇਸ਼ੀ ਸਿੱਖਾਂ ਨੂੰ ਤਾਂ ਏਕਤਾ ਨਾਲ ਬਾਦਲ ਦਲੀਆਂ ਤੋਂ ਲੇਖਾ ਲੈਣ ਵਾਸਤੇ ਤਿਆਰ ਹੋਣਾ ਚਾਹੀਦਾ ਹੈ, ਕਿਉਂਕਿ ਉਥੋਂ ਦਾ ਕਾਨੂੰਨ ਅਜਿਹਾ ਕਰਨ ਦੀ ਇਜਾਜ਼ਤ ਵੀ ਦਿੰਦਾ ਹੈ। ਇਥੇ ਤਾਂ ਇਹ ਲੋਕਾਂ ਨੂੰ ਧਮਕੜੇ ਪਾਈ ਫਿਰਦੇ ਹਨ ਅਤੇ ਆਪਣੇ ਆਪ ਨੂੰ ਸਿਕੰਦਰ ਹੀ ਸਮਝਦੇ, ਵਿਦੇਸ਼ੀ ਸਿੱਖਾਂ ਨੂੰ ਹੋਕਾ ਦੇ ਦੇਣਾ ਚਾਹੀਦਾ ਹੈ ਕਿ '' ਜਿੰਦੇ ਕੁੰਡੇ ਲਾ ਲੋ ਬਾਦਲ ਦਲੀਏ ਆਉਂਦੇ ਨੇ '' ਗੁਰੂ ਰਾਖਾ !!
ਗੁਰਿੰਦਰਪਾਲ ਸਿੰਘ ਧਨੌਲਾ