ੴ ਨੂੰ ਨਿਗਲਣ ਲਈ, ਸਨਾਤਨੀ ਅਜ਼ਗਰ(ਬਿਪਰਵਾਦ) ਦੇ ਸਿੱਧੇ ਹਮਲੇ (ਭਾਗ-2) ਸਿੱਟੇ ਵਜੋਂ ਤੁਸੀਂ ਹੁਣ ਵਿਆਹਾਂ, ਕਾਰਵਿਹਾਰਾਂ, ਕੈਲੰਡਰਾਂ ਆਦਿ ਤੇ ਇਸ ਨਕਲੀ ਸੰਸਕ੍ਰਿਤ ਵਾਲੇ ‘ਏਕੰਕਾਰ’ ਨੂੰ ਵੇਖ ਸਕਦੇ ਹੋ। ਸੰਖੇਪ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ:
1. ੴ ਨੂੰ ਨਿਗ਼ਲਣ ਦੀ ਸੋਚ ਨਾਲ ਸਨਾਤਨ ਮੱਤ ਦੇ ਬਿਪਰਵਾਦੀ ਲ਼ਿਖਾਰੀਆਂ ਨੇ ਪਹਿਲਾਂ ਹਮਲਾ ਇਸਨੂੰ ਸਨਾਤਨ ਮੱਤ ਦੇ ‘ਓਮ’ ਵਾਲੇ ਮੰਗਲਾਂ ਨਾਲ ਰਲਾ ਕੇ ਬਣਾਏ ਨਕਲੀ ਮੰਗਲਾਂ ਨਾਲ ਕੀਤਾ। ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਇਹਨਾਂ ਨਕਲੀ ਮੰਗਲਾਂ ਦੇ ਅਧਾਰ ਤੇ ਇਹ ਸਿਧ ਕੀਤਾ ਜਾ ਸਕੇ ਕਿ ਇਹ ਚਿੰਨ੍ਹ ਸਨਾਤਨ ਮੱਤ ਵਿੱਚ ਪਹਿਲਾ ਪ੍ਰਚੱਲਤ ਸੀ ਗੁਰੂ ਨਾਨਕ ਜੀ ਨੇ ਇਸ ਦੀ ਰਚਨਾ ਨਹੀਂ ਕੀਤੀ।
2. ੴ ਨੂੰ ਨਿਗ਼ਲਣ ਦੀ ਸੋਚ ਨਾਲ ਸਨਾਤਨ ਮੱਤ ਦੇ ਬਿਪਰਵਾਦ ਨੇ ਦੂਜਾ ਹਮਲਾ ਇਸਦੀ ਸਵਤੰਤਰ ਹੋਂਦ ਨੂੰ ਸਨਾਤਨ ਮੱਤ ਦੀ ਧਾਤੂ ਪ੍ਰਣਾਲੀ ਹੇਠ ਖੰਡਤ ਕਰਦੇ ਹੋਏ,ਇਸ ਖੰਡਤ ਰੂਪ ਨੂੰ ‘ਓਮ’ ਦਾ ਵਿਕਸਤ ਰੂਪ ਦੱਸਦੇ ਹੋਏ ਕੀਤਾ। ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਇਹ ਸਿੱਧ ਕੀਤਾ ਜਾਅ ਸਕੇ ਕਿ ੴ (ਏਕੰਕਾਰ) ਸਵਤੰਤਰ ਨਹੀਂ ਹੈ ਇਹ ਤਾਂ ਸੰਸਕ੍ਰਿਤ ਦੇ ਮੂਲ਼ ਚਿੰਨ੍ਹ ‘ਓਮ’ ਦਾ ਵਿਕਸਤ ਰੂਪ ਹੈ।
3. ੴ ਨੂੰ ਨਿਗ਼ਲਣ ਦੀ ਸੋਚ ਨਾਲ ਸਾਨਤਨ ਮੱਤ ਦੇ ਬਿਪਰਵਾਦ ਨੇ ਤੀਜਾ ਹਮਲਾ, ਇਸਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚਲੇ ਅਸਲ ਪਾਠ ‘ਏਕੰਕਾਰ’ ਨੂੰ ਖ਼ਾਲਸਾ ਪੰਥ ਵਿੱਚੋਂ ਖ਼ਤਮ ਕਰਨ ਲਈ, ਕਈ ਨਕਲੀ ਪਾਠਾਂ(ਏਕੋ, ਇਕਓਅੰਕਾਰ, ਏਕਮਕਾਰ ਆਦਿ) ਦੀ ਰਚਨਾ ਕਰਦੇ ਹੋਏ ਕੀਤਾ। ਤਾਂ ਜੋ ਖ਼ਾਲਸਾ ਪੰਥ ਵਿੱਚੋਂ ਇਸ ਅਸਲ ਪਾਠ ‘ਏਕੰਕਾਰ’ ਨੂੰ ਖ਼ਤਮ ਕੀਤਾ ਜਾ ਸਕੇ।
4. ੴ ਨੂੰ ਨਿਗ਼ਲਣ ਦੀ ਸੋਚ ਨਾਲ, ਸਨਾਤਨ ਮੱਤ ਦੇ ਬਿਪਰਵਾਦ ਨੇ ਚੌਥਾ ਹਮਲਾ, ਇਸਦੇ ਗੁਰੂ ਗ੍ਰੰਥ ਜੀ ਵਿੱਚਲੇ ਪਾਠ ਨੂੰ ਸਨਾਤਨ ਮੱਤ ਦੇ ਗ੍ਰੰਥਾਂ ਵਿੱਚ ਵਿਚਾਰਦੇ ਹੋਏ ਕੀਤਾ। ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਇਹਨਾਂ ਗ੍ਰੰਥਾਂ ਨੂੰ ਅਧਾਰ ਬਣਾ ਕੇ ਇਹ ਸਿੱਧ ਕੀਤਾ ਜਾ ਸਕੇ ਕਿ ਇਹ ਸ਼ਬਦ ਪੰਜਾਬੀ ਦਾ ਨਹੀਂ, ਇਸ ਦੀ ਰਚਨਾ ਗੁਰੂ ਨਾਨਕ ਜੀ ਨੇ ਨਹੀਂ ਕੀਤੀ।
5. ੴ ਨੂੰ ਨਿਗ਼ਲਣ ਦੀ ਸੋਚ ਨਾਲ, ਸਨਾਤਨ ਮੱਤ ਦੇ ਬਿਪਰਵਾਦ ਨੇ ਪੰਜਾਵਾਂ ਹਮਲਾ, ਇਸ ਚਿੰਨ੍ਹ ਦਾ ਨਕਲੀ ਸੰਸਕ੍ਰਿਤ ਰੂਪ ਸੰਸਕ੍ਰਿਤ ਚਿੰਨ੍ਹਾਂ ਤੋਂ 20ਵੀਂ ਸਦੀ ਦੇ ਅੰਤਲੇ ਡੇਢ ਦਹਾਕੇ ਵਿੱਚਲੇ ਸਮੇਂ ਵਿੱਚ ਤਿਆਰ ਕਰਦੇ ਹੋਏ ਕੀਤਾ।ਤਾਂ ਜੋ ਇਸ ਝੂਠੇ ਦਾਵੇ ਨੂੰ ਜਿਹੜਾ ਇਸ ਸਿੱਟੇ ਦੇ ਚਾਰ ਭਾਗਾਂ ਵਿੱਚ ਵਿਚਾਰਿਆ ਗਿਆ ਹੈ ਆਉਂਣ ਵਾਲੇ ਸਮੇਂ ਵਿੱਚ ਇੱਕ ਹੋਰ ਝੂਠ ਨਾਲ ਪੱਕਾ ਕੀਤਾ ਜਾ ਸਕੇ।
ਅਸੀਂ ੴ ਨੂੰ ਨਿਗ਼ਲਣ ਦੀ ਸੋਚ ਵਾਲੇ, ਇਸ ਝੂਠੇ ਪੰਜ ਮੂੰਹੇ ਸਨਾਤਨੀ ਅਜ਼ਗਰ(ਬਿਪਰਵਾਦ) ਨੂੰ, ਗੁਰੂ ਗ੍ਰੰਥ ਜੀ ਦੇ ਸੱਚੇ ਸ਼ਬਦ ਗਿਆਨ ਦੇ ਤੇਜ਼ ਤੋਂ ਬਣਾਈ ਹੇਠਲੀ ਗਿਆਨ ਖ਼ੜਗ ਵਾਲੀ ਵਿਚਾਰ ਨਾਲ ਖ਼ਤਮ ਕਰਦੇ, ਇਤਿਹਾਸਕ ਤੌਰ ਤੇ ਇਸ ਨਕਲੀ ਇਤਿਹਾਸ ਦਾ ਸੋਹਲਾ ਪੜ੍ਹਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਇਸ ਸੋਹਲੇ ਬਾਬਤ ਇਹ ਦਾਵਾ ਕਰਦੀ ਹੈ ਕਿ
“ ੴ ਪੰਜਾਬੀ ਵਰਣਮਾਲਾ, ਪੰਜਾਬੀ ਗਣਿਤ ਤੇ ਕਲਾ ਦੀ ਅਨਿਸ਼ਚਤ ਲਕੀਰ ਤੋਂ ਤਿਆਰ ਕੀਤਾ ਗਿਆ ਸੰਕਲਪੀ ਚਿੰਨ੍ਹ ਹੈ। ਸਾਰੀ ਗੁਰਬਾਣੀ ਵਿੱਚ ਇਸਦੀ(ੴ ਦੀ) ਵਿਚਾਰ ਇਹਨਾਂ ਲਿਪੀ ਚਿੰਨ੍ਹਾਂ ਨਾਲ ਹੀ ਕੀਤੀ ਗਈ ਹੈ। ਇਹ ਵਿਲੱਖਣ ਹੈ, ਕਿਉਂਕਿ ਇਸਦੇ ਕਰਤਾ ਗੁਰੂ ਨਾਨਕ ਜੀ ਨੇ ਇਸਨੂੰ ਪੰਜਾਬੀ ਭਾਸ਼ਾ ਦੇ ਨਿਯਮਾਂ ਤੋਂ ਬਾਹਰਾ, ਕਲ਼ਮ ਨਾਲ ਚਿੱਤਰਦੇ ਹੋਏ, ਇਕ ਕਰਤਾਰ ਦੇ ਸੂਚਕ ਵਜੋਂ ਵਿਸ਼ੇਸ਼ ਤੌਰ ਤੇ ਰੱਬੀ ਮੰਗਲ ਦੇ ਸ਼ੁਰੂ ਵਿੱਚ ਹੀ ਵਿਚਰਨਾ ਕੀਤਾ ਹੈ। ਇਹ ਸਵਤੰਤਰ ਹੈ, ਕਿਉਂਕਿ ਇਸ ਦਾ ਕਿਸੇ ਵੀ ਅਨ ਮੱਤ ਦੇ ਚਿੰਨ੍ਹ ਜਾਂ ਸੰਕਲਪ ਨਾਲ ਰਚਣ ਪੱਖ ਤੋਂ ਤੇ ਸਿਧਾਂਤ ਪੱਖ ਤੋਂ ਕੋਈ ਵੀ ਵਾਸਤਾ ਨਹੀਂ ਹੈ, ਗੁਰਬਾਣੀ ਵਿੱਚ ਗੁਰਮਤਿ ਦੇ ਸਵਤੰਤਰ ਸਿਧਾਂਤ ਦੀ ਵਿਚਾਰ ਬਾਬਤ ਸਾਫ਼ ਲਿਖਿਆ ਹੈ
‘ਨਾ ਹਮ ਹਿੰਦੂ ਨਾ ਮੁਸਲਮਾਨ॥’ (1136) ,
‘ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੈ ਹਮ ਕਛੂ ਨ ਲੀਆ॥’ (1159)।
ਇਸ ਚਿੰਨ੍ਹ ਦਾ ਪਾਠ ‘ਏਕੰਕਾਰ’ ਹੈ। ਇਸ ਪਾਠ ਦੇ ਕਰਤਾ ਵੀ ਗੁਰੂ ਨਾਨਕ ਜੀ ਹਨ
‘ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕ ਸਮਾਈ॥ (930)।
ਇਸ ਪਾਠ ਦੀ ਵਿਚਾਰ ਵੀ ਇਸ ਚਿੰਨ੍ਹ ੴ ਦੀ ਤਰ੍ਹਾਂ ਸਭ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਤਿਹਾਸਕ ਗਵਾਹੀ ਵਜੋਂ ਗੁਰੂ ਨਾਨਕ ਜੀ ਦੇ ਸਿਰਲੇਖ ਹੇਠ 13 ਦਰਜ਼ ਹੈ।”
ਜ਼ਰੂਰੀ ਨੋਟ: ਗੁਰਬਾਣੀ ਅਧਾਰਤ ਇਸ ਵਿਚਾਰ ਦੇ ਵਿਸਥਾਰ ਲਈ ਪੜ੍ਹੋ ਲੇਖਕ ਦੀ ਆਉਣ ਵਾਲੀ ਕਿਤਾਬ ‘ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ ੴ ’
ਗੁਰਬਾਣੀ ਦੇ ਅਧਾਰਤ ਤੇ ਖਾਲਸੇ ਦੇ ਚਿੰਨ੍ਹ ੴ ਤੇ ਇਸਦੇ ਪਾਠ ‘ਏਕੰਕਾਰ’ ਦੀ ਵਿਚਾਰ ਨੂੰ ਪੇਸ਼ ਕਰਦਾ ਸਵਤੰਤਰ ਖਾਲਸਾਈ ਵਿਚਾਰ ਵਾਲਾ ਸਟਿੱਕਰ
ਅੰਤ ਵਿੱਚ ਅਸੀਂ ਭਾਈ ਗੁਰਦਾਸ ਜੀ ਦੀਆਂ ਇਹਨਾਂ ਪੰਗਤੀਆਂ ਨਾਲ ਲੇਖ ਦੀ ਸਮਾਪਤੀ ਕਰਦੇ ਹਾਂ। ਜਿਸ ਵਿੱਚ ਆਪ ਜੀ ੴ ਦੀ ਸਵਤੰਤਰ ਵਿਚਾਰ ਕਰਦੇ, ਇਸ ਉਪਰੋ ਝੂਠੇ ਦਾਵਿਆ ਦੇ ਅਸਵਤੰਤਰ ਲੇਪ ਨੂੰ ਲਾਹਣ ਦੀ ਹਦਾਇਤ ਕਰਦੇ ਲਿਖਦੇ ਹਨ :
ਗੁਰਮੁਖਾਂ ਲੋਕਾਰੁ ਲੇਪੁ ਨ ਲਾਇਆ।
ਗੁਰਮੁਖਿ ‘ਏਕੰਕਾਰ’ ਅਲੱਖ ਲਖਾਇਆ। - ( ਭਾਈ ਗੁਰਦਾਸ ਜੀ )
ਗੁਰਬੰਸ ਸਿੰਘ
……………………..
ਦੋ-ਸ਼ਬਦ:- ਵੀਰ ਗੁਰਬੰਸ ਸਿੰਘ ਜੀ ਨੇ ਸਿੱਖਾਂ ਨੂੰ ਸੁਚੇਤ ਕਰਦਾ ਬੜਾ ਖੋਜ-ਭਰਪੂਰ ਲੇਖ ਪਾਠਕਾਂ ਦੀ ਝੋਲੀ ਪਾਇਆ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਪਿਛਲੇ ਦਿਨੀਂ ਸਿੱਖਾਂ ਵਿਚ ਸਥਾਪਤ ਮਹਾਨ ਵਿਦਵਾਨਾਂ ਨੇ ਵੀ ਇਸ ਕੰਮ ਵਿਚ (‘ੴ’ ‘ਏਕੰਕਾਰ’ ਨੂੰ ‘ਏਕੋ’ ਸਿੱਧ ਕਰਨ ਵਿਚ) ਸਨਾਤਨੀ ਅਜ਼ਗਰ(ਬਿਪਰਵਾਦ) ਦਾ ਬਹੁਤ ਸਹਿਯੋਗ ਕੀਤਾ ਹੈ, ਸਿੱਖਾਂ ਨੂੰ ਅਜਿਹੇ ਮਹਾਨ ਵਿਦਵਾਨਾਂ ਤੋਂ (ਜੋ ਗੁਰਬਾਣੀ ਨੂੰ ਸਮਝਣ ਤੋਂ ਵੀ ਅਸਮਰਥ ਹਨ) ਸੁਚੇਤ ਰਹਣ ਦੀ ਲੋੜ ਹੈ।
ਪੰਜਾਬੀ ਵਿਚ ਪੂਰਨ ਵਿਸ਼ਰਾਮ ਲਈ ਇਕ ਡੰਡੀ ਵਰਤੀ ਜਾਂਦੀ ਹੈ, ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਨਵੇਕਲੀ ਪਛਾਣ ਲਈ ਗੁਰਬਾਣੀ ਵਿਚ ਪੂਰਨ-ਵਿਸ਼ਰਾਮ ਲਈ ਦੋ ਡੰਡੀਆਂ ਦੀ ਵਰਤੋਂ ਕੀਤੀ ਹੈ, ਜੋ ਸਿਰਫ ਗੁਰਬਾਣੀ ਲਈ ਰਾਖਵੀਆਂ ਹਨ। ਸਿੱਖਾਂ ਨੂੰ ਗੁਰਬਾਣੀ ਤੋਂ ਇਲਾਵਾ ਦੂਸਰੀਆਂ ਲਿਖਤਾਂ ਵਿਚ ਇਕ ਡੰਡੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲੇਖ ਵਿਚ ਵੀ ਮੈਂ ਕੁਝ ਅਯੋਗ , ਦੋ ਡੰਡੀਆਂ ਨੂੰ ਇਕ ਡੰਡੀ ਵਿਚ ਬਦਲਿਆ ਹੈ, ਪਰ ਬਹੁਤ ਸਾਰੀਆਂ ਛੱਡ ਵੀ ਦਿੱਤੀਆਂ ਹਨ, ਤਾਂ ਜੋ ਪਾਠਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਸਨਾਤਨੀ ਅਜਗਰ, ਸਨਾਤਨੀ ਗ੍ਰੰਥਾਂ ਆਦਿ ਦੇ ਵੇਰਵੇ ਵਿਚ ਵੀ ਦੋ ਡੰਡੀਆਂ ਵਰਤ ਕੇ ਇਨ੍ਹਾਂ ਨੂੰ ਵੀ ਸਨਾਤਨੀ ਰੀਤ ਸਾਬਤ ਕਰਨ ਤੇ ਤੁੱਲੇ ਹੋਏ ਹਨ। ਸਿੱਖਾਂ ਨੂੰ ਛੋਟੀ-ਤੋਂ-ਛੋਟੀ ਗੱਲ ਬਾਰੇ ਵੀ ਸੁਚੇਤ ਰਹਣ ਦੀ ਲੋੜ ਹੈ।
ਅਮਰ ਜੀਤ ਸਿੰਘ ਚੰਦੀ