ਕੈਟੇਗਰੀ

ਤੁਹਾਡੀ ਰਾਇ



Gurinderpal Singh Dhanoula
ਭਾਰਤੀ ਨਿਜ਼ਾਮ ਤੋਂ ਪੀੜਤ,ਸਿੱਖ ਕੌਮ ਹੁਣ ਕੀਹ ਕਰੇ…?
ਭਾਰਤੀ ਨਿਜ਼ਾਮ ਤੋਂ ਪੀੜਤ,ਸਿੱਖ ਕੌਮ ਹੁਣ ਕੀਹ ਕਰੇ…?
Page Visitors: 2730

ਭਾਰਤੀ ਨਿਜ਼ਾਮ ਤੋਂ ਪੀੜਤ,ਸਿੱਖ ਕੌਮ ਹੁਣ ਕੀਹ ਕਰੇ…?
ਸਿੱਖਾਂ ਦੀਆਂ ਮੁਸ਼ਕਿਲਾਂ ਤਾਂ ਭਾਰਤ ਦੀ ਆਜ਼ਾਦੀ ਤੋਂ ਲੈ ਕੇ ਕੌੜੀ ਵੇਲ ਵਾਂਗੂੰ ਵਧਦੀਆਂ ਹੀ ਜਾ ਰਹੀਆਂ ਹਨ। ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੇ ਪੋਟਿਆਂ ਉਤੇ ਗਿਣੇ ਜਾਣ ਜੋਗੇ ਹੀ ਮੁੱਦੇ ਸਨ, ਪਰ ਅੱਜ ਸਿਰ ਦੇ ਵਾਲਾਂ ਤੋਂ ਵੀ ਸੰਘਣੇ ਹੋ ਚੁੱਕੇ ਹਨ। ਜੇ ਕਿਤੇ ਉਸ ਸਮੇਂ ਦੀ ਭਾਰਤੀ ਲੀਡਰਸ਼ਿਪ ਵਾਹਦਾ ਖਿਲਾਫੀ ਨਾ ਕਰਦੀ ਅਤੇ ਸਿੱਖਾਂ ਨਾਲ ਕੀਤੇ ਕੌਲ ਇਕਰਾਰ ਹੂ-ਬ-ਹੂ ਨਿਭਾਅ ਜਾਂਦੀ ਤਾਂ ਸ਼ਾਇਦ ਅੱਜ ਸਿਰਫ ਸਿੱਖਾਂ ਦੀ ਹੀ ਨਹੀ, ਸਗੋਂ ਸਾਰੇ ਭਾਰਤ ਦੀ ਕਿਸਮਤ ਹੀ ਕੁੱਝ ਹੋਰ ਹੁੰਦੀ, ਪਰ ਭਾਰਤੀ ਲੀਡਰਸ਼ਿਪ ਦੀ ਬੇਰੁਖੀ ਦਿਨ-ਬ-ਦਿਨ ਵੱਧਦੀ ਹੀ ਗਈ, ਜਿਸ ਕਰਕੇ ਸਿੱਖਾਂ ਵਿਚ ਨਿਰਾਸਤਾ ਹੋਣੀ ਕੁਦਰਤੀ ਸੀ ਅਤੇ ਸਿੱਖ ਬਹਾਦਰ ਤੇ ਜੁਝਾਰੂ ਕੌਮ ਹੋਣ ਕਰਕੇ, ਚੁੱਪ ਵੀ ਨਹੀ ਬੈਠ ਸਕਦੇ ਸਨ, ਇਸ ਕਰਕੇ ਸਿੱਖਾਂ ਨੂੰ ਸੰਘਰਸ਼ ਦਾ ਰਸਤਾ ਚੁਣਣਾ ਪੈ ਗਿਆ। ਸਿੱਖਾਂ ਨੇ ਸੰਘਰਸ਼ ਕਰਦਿਆਂ ਹਮੇਸ਼ਾਂ ਹੀ ਸਬਰ ਅਤੇ ਸਿਆਣਪ ਤੋਂ ਕੰਮ ਲੈਣ ਦਾ ਯਤਨ ਕੀਤਾ, ਲੇਕਿਨ ਭਾਰਤੀ ਨਿਜ਼ਾਮ ਨੇ ਸਿੱਖਾਂ ਦੀਆਂ ਮੁਸ਼ਕਿਲਾ ਜਾਂ ਮਸਲਿਆਂ ਨੂੰ ਅਣਗੌਲਿਆਂ ਹੀ ਨਾਂ ਕੀਤਾ, ਸਗੋਂ ਸਿੱਖਾਂ ਨੂੰ ਹੱਕ ਦੇਣ ਦੀ ਥਾਂ ਜਬਰ ਨਾਲ ਦਬਾਉਣ ਦਾ ਰਸਤਾ ਅਖਤਿਆਰ ਕੀਤਾ। ਇਸ ਜਬਰ ਨਾਲ ਸਿੱਖਾਂ ਦਾ ਜਿੱਥੇ ਨੁਕਸਾਨ ਹੋਇਆ, ਉਥੇ ਮੁੱਦਿਆ ਨੇ ਹੀ ਹੋਰ ਨਵੇਂ ਮੁੱਦਿਆਂ ਨੂੰ ਜਨਮ ਦੇ ਦਿੱਤਾ, ਜਿਸ ਕਰਕੇ ਸਿੱਖ ਉਲਝਣਤਾਣੀ ਵਿੱਚ ਫਸਦੇ ਚਲੇ ਗਏ। ਭਾਰਤੀ ਨਿਜ਼ਾਮ ਨੇ ਤਾਜ਼ਾ ਮੁੱਦਿਆਂ ਨੂੰ ਅਜਿਹੇ ਢੰਗ ਨਾਲ ਤੂਲ ਦਿੱਤਾ ਕਿ ਸਿੱਖ ਅਸਲ ਮੁੱਦੇ ਦੀ ਮੌਕੇ ਤੇ ਗੱਲ ਹੀ ਨਾ ਕਰ ਸਕਣ। ਇਸ ਤਰਾਂ ਸਿੱਖਾਂ ਦੇ ਵਿਤਕਰਿਆਂ ਦਾ ਜਖਮ ਇੱਕ ਨਸੂਰ ਬਣ ਗਿਆ।
ਜਿੱਥੇ ਸਰਕਾਰ ਸਿੱਖਾਂ ਨੂੰ ਤਸ਼ੱਦਦ ਕਰਕੇ ਰਸਤੇ ਤੋਂ ਭਟਕਾਂਉਂਦੀ ਅਤੇ ਉਲਝਾਉਂਦੀ ਰਹੀ, ਉਥੇ ਸਿੱਖਾਂ ਦੇ ਆਗੂਆਂ ਵਿੱਚੋਂ ਕਮਜ਼ੋਰ ਕੜੀਆਂ ਵੀ ਤਲਾਸ਼ਦੀ ਰਹੀ। ਥੋੜਾ ਚਿਰ ਤਾਂ ਜਿਹੜਾ ਵੀ ਸਿੱਖ ਆਗੂ ਜਿੰਨਾ ਕੁ ਭਾਰ ਝੱਲਦਾ  ਸੀ, ਉਸ ਨਾਲ  ਡੰਗ ਟਪਾਈ ਕੀਤੀ, ਪਰ ਇਸ ਨਾਲ ਭਾਰਤੀ ਨਿਜ਼ਾਮ ਦਾ ਮਕਸਦ ਪੂਰਾ ਨਹੀ ਹੋ ਰਿਹਾ ਸੀ, ਭਾਰਤੀ ਨਿਜ਼ਾਮ ਨੂੰ ਇੱਕ ਅਜਿਹੇ ਸਿੱਖ ਆਗੂ ਦੀ ਲੋੜ ਸੀ, ਜਿਸਦੀ ਦੇਖਣੀ  ਪਾਖਣੀ ਤਾਂ ਕਿਸੇ ਚੰਗੇ ਕਿਰਦਾਰ ਦਾ ਭੁਲੇਖਾ ਪਾਉਂਦੀ ਹੋਵੇ, ਪਰ ਕਰਤੂਤ ਪੱਖੋਂ ਡੋਗਰਿਆ ਦਾ ਵਾਰਿਸ ਹੋਵੇ, ਬੇਸ਼ਕ ਭਾਰਤੀ ਨਿਜ਼ਾਮ ਨੇ ਨਜਰ ਹੇਠ ਤਾਂ ਕਰ ਲਿਆ ਸੀ, ਪਰ ਕਾਫੀ ਲੰਬੀ ਮੁਸ਼ਕਤ ਤੋਂ ਬਾਅਦ ਅਖੀਰ ਉਹਨਾਂ ਨੇ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖਾਂ ਦੇ ਪੱਲੇ ਪਾ ਦਿੱਤਾ। ਜਿਸ ਦਿਨ ਤੋਂ ਬਾਦਲ ਸਾਹਬ ਨੇ ਸਿੱਖਾਂ ਦੀਆਂ ਸੰਸਥਾਵਾਂ ਜਾਂ ਪੰਜਾਬ ਦੇ ਰਾਜਭਾਗ ਉਤੇ ਆਪਣਾ ਮਨਹੂਸ ਪ੍ਰਛਾਵਾ ਪਾਇਆ ਹੈ, ਉਸ ਦਿਨ ਤੋਂ ਸਿੱਖ ਕੌਮ ਨੂੰ ਸਾਹ ਲੈਣਾ ਵੀ ਦੁੱਭਰ ਹੋ ਗਿਆ ਹੈ। ਸਿੱਖਾਂ ਨੂੰ ਕਾਫੀ ਸਮਾਂ ਸਮਝ ਹੀ ਨਹੀ ਆਈ ਕਿ ਸ. ਬਾਦਲ ਉਹਨਾਂ ਦਾ ਹਿਤੈਸ਼ੀ ਹੈ ਜਾਂ ਦੁਸ਼ਮਨ ਹੈ, ਹਰ ਵਾਰ ਸ.ਬਾਦਲ ਨੇ ਸਿੱਖਾਂ ਤੋਂ ਢਿੱਲਾ ਜਿਹਾ ਮੂੰਹ ਕਰਕੇ, ਇਹ ਕਹਿਕੇ ਵੋਟਾਂ ਬਟੋਰ ਲਈਆਂ ਕਿ ਕੀਹ ਕਰੀਏ ਜੀ! ਕੇਦਰ ਵਿੱਚ ਕਾਂਗਰਸ ਦੀ ਹਕੂਮਤ ਹੈ, ਜਦੋਂ ਆਪਣੀ ਕੋਈ ਹਮਦਰਦ ਪਾਰਟੀ ਸਤਾ ਵਿੱਚ ਆਈ ਤਾਂ ਸਾਰੇ ਮਸਲੇ ਅਲਾਦੀਨ ਦਾ ਚਿਰਾਗ ਜਗਾ ਕੇ ਹੱਲ ਕਰ ਦੇਵਾਂਗੇ। ਜੇ ਕਿਸੇ ਨੇ ਥੋੜਾ ਬਹੁਤ ਸ. ਬਾਦਲ ਦੀ ਸਿਆਸਤ ਅਤੇ ਸਿੱਖ ਵਿਰੋਧੀ ਨੀਤੀ ਨੂੰ ਸਮਝਿਆ ਅਤੇ ਸਿੱਖਾਂ ਨੂੰ ਦੱਸਣ ਦੀ ਖੇਚਲ ਕੀਤੀ ਤਾਂ ਸ. ਬਾਦਲ ਨੇ ਉਸ ਨੂੰ ਕਾਂਗਰਸ ਦੀ ਬੀ ਟੀਮ ਦਾ ਨਾਮ ਦੇ ਕੇ, ਸਿੱਖਾਂ ਵਿੱਚੋਂ ਅਲੱਗ ਥਲੱਗ ਕਰਕੇ ਰੱਖ ਦਿੱਤਾ। ਇਸ ਵਿੱਚ ਭਾਰਤੀ ਨਿਜ਼ਾਮ ਵੀ ਬਾਦਲ ਦੇ ਨਾਲ ਚਟਾਨ ਵਾਂਗੂੰ ਖੜਾ ਰਿਹਾ ਅਤੇ ਅੱਜ ਵੀ ਖੜੱਾ ਹੈ ਕਿ ਜਦੋਂ ਵੀ ਕਿਸੇ ਨੇ ਬਾਦਲ ਖਿਲਾਫ਼ ਜਾਂ ਸਿੱਖ ਹੱਕਾਂ ਦੀ ਗੱਲ ਕੀਤੀ ਤਾਂ ਉਸ ਨੂੰ ਦੇਸ਼ ਧ੍ਰੋਹੀ ਜਾਂ ਵੱਖਵਾਦੀ ਆਖ ਕੇ ਭੰਡਿਆ ਜਾਂ ਉਸ ਨੂੰ ਘਰ ਬੈਠਣਾ ਪਿਆ ਜਾਂ ਫਿਰ ਜੇਲਅਤੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ।
ਸਿੱਖ ਆਪਣਾ ਆਪ ਬਚਾਉਂਦੇ ਬਚਾਉਂਦੇ, ਬੜੀ ਘੁੰਮਣ ਘੇਰੀ ਵਿੱਚ ਫਸ ਗਏ ਹਨ। ਹੁਣ ਤਾਂ ਹਾਲਤ ਇੱਥੇ ਆ ਪਹੁੰਚੀ ਹੈ ਕਿ ਸਿੱਖ ਲਈ ਅਮਨਮਈ ਸੰਘਰਸ਼ ਕਰਕੇ ਆਪਣੇ ਹੱਕ ਮਨਵਾਉਣੇ ਤਾਂ ਦੂਰ ਆਪਣੀਆਂ ਮੰਗਾਂ ਬਾਰੇ ਲੋਕਾ ਨੂੰ ਦੱਸ ਵੀ ਨਹੀ ਸਕਦੇ, ਹੋਰ ਤਾਂ ਹੋਰ ਭਾਰਤੀ ਨਿਜ਼ਾਮ ਦੇ ਅਸਰ ਹੇਠ ਮੀਡੀਆ ਵੀ ਸਿੱਖਾਂ ਦੀਆਂ ਮੰਗਾਂ ਦੀ ਗੱਲ ਕਰਨ ਤੋਂ ਸ਼ਰਮ ਮਹਿਸੂਸ ਕਰਦਾ ਹੈ। ਸਿੱਖ ਮਸਲੇ ਦਾ ਜਿਕਰ ਕਰਦਿਆਂ ਭਾਰਤੀ ਟੀ.ਵੀ.ਚੈਨਲ ਅਤੇ ਅਖਬਾਰ, ਬੇਸ਼ਕ ਉਹ ਪੰਜਾਬੀ ਦੇ ਵੀ ਕਿਉਂ ਨਾ ਹੋਣ, ਇਸ ਤਰਾਂ ਮਹਿਸੂਸ ਕਰਦੇ ਹਨ ਜਿਵੇਂ ਕਿਤੇ ਉਹ ਸਿੱਖਾਂ ਦੀ ਖਬਰ ਨਸ਼ਰ ਕਰਕੇ ਪਾਕਿਸਤਾਨ ਜਾਂ ਚੀਨ ਦੀ ਮਦਦ ਕਰ ਰਹੇ ਹੋਣ। ਸਭ ਦੇ ਸਾਹਮਣੇ ਹੈ ਕਿ ਅੰਨਾ ਹਜਾਰੇ ਸੰਕੇਤਕ ਜਿਹੀ ਭੁੱਖ ਹੜਤਾਲ ਕਰੇ ਤਾਂ ਸਾਰਾ ਮੀਡੀਆ ਛਤਰੀ ਜਿਹੀ ਵਾਲੀਆਂ ਕਾਰਾਂ ਲੈ ਕੇ ਪੱਕੇ ਹੀ ਡੇਰੇ ਲਾ ਲੈਂਦਾ ਹੈ ਅਤੇ ਖਬਰ ਆਉਂਦੀ ਹੈ ਕਿ ਅਭੀ ਅਭੀ ਅੰਨਾ ਨੇ ਪਾਸਾ ਪਰਤਾ ਹੈ, ਉਨਕੀ ਟੋਪੀ ਸਿਰ ਸੇ ਅਲੱਗ ਨਜਰ ਆ ਰਹੀ ਥੀ, ਔਰ ਵੋਹ ਬੜੇ ਥਕੇ ਹੁਏ ਦਿਖਾਈ ਦੇ ਰਹੇ ਹੈ ,ਇੱਧਰ ਬਾਪੂ ਸੂਰਤ ਸਿੰਘ ਖਾਸਲਾ ਦੀਆਂ ਹੱਡੀਆਂ ਦਾ ਪਿੰਜਰ ਬਣ ਗਿਆ ਹੈ ਅਤੇ ਇਕ ਸੌ ਨੱਬੇ ਦਿਨ ਵਿੱਚ ਮੀਡੀਆ ਨੂੰ ਪਤਾ ਨਹੀ ਲੱਗਾ ਕਿ ਇਕ ਗੁਰੂ ਦਾ ਸਿੱਖ ਜਿਸਮ ਦੀ ਭੱਠੀ ਵਿੱਚ ਹੱਕਾਂ ਦੀ ਅੱਗ ਬਾਲਕੇ ਰੋਜ਼ ਆਪਣੀ ਰੂਹ ਨੂੰ ਭੁੰਨ ਰਿਹਾ ਹੈ। ਇਸ ਪਾਸਿਓਂ ਵੀ ਸਿੱਖਾਂ ਨਾਲ ਵਿਤਕਰਾ ਅਤੇ ਅਨਿਆ ਹੀ ਹੋ ਰਿਹਾ ਹੈ।
ਬਾਪੂ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਆਖਰੀ ਦੌਰ ਵਿੱਚ ਦਸਤਕ ਦੇ ਚੁੱਕਿਆ ਹੈ, ਹੁਣ ਖੇਡ ਬਹੁਤੀ ਲੰਬੀ ਨਹੀ ਹੈ। ਸਰਕਾਰੀ ਜਬਰ ਦੇ ਸਾਰੇ ਰੰਗ ਆਪਣਾ ਅਸਰ ਵਿਖਾ ਰਹੇ ਹਨ। ਬਾਦਲਾਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ, ਹੁਣ ਇੱਕ ਹੀ ਆਸ ਦੀ ਕਿਰਨ ਸੀ ਕਿ ਸ਼ਾਇਦ ਭਾਰਤੀ ਦੀ ਸਰਬ ਉਚ ਅਦਾਲਤ ਹੀ ਕੋਈ ਨਿਆਂ ਦੇ ਦੇਵੇ, ਪਰ ਕੱਲਜੋ ਫੈਸਲਾ ਭਾਰਤੀ ਅਦਾਲਤ ਨੇ ਦਿੱਤਾ ਹੈ, ਉਸ ਨੂੰ ਪੜਕੇ ਸਿਰਫ ਨਿਰਾਸਤਾ ਹੀ ਨਹੀ ਹੋਈ ਸਗੋਂ ਹੈਰਾਨੀ ਵੀ ਹੋਈ ਹੈ ਕਿ ਹੁਣ ਸਿੱਖ ਕੀਹ ਕਰਨ? ਸੁਪ੍ਰੀਮ ਕੋਰਟ ਦੇ ਮਾਨਯੋਗ ਜੱਜ ਸਹਿਬਾਨਾਂ ਦੇ ਬੈਂਚ ਨੇ ਜੋ ਫੈਸਲਾ ਦਿੱਤਾ ਹੈ, ਉਹ ਭਲੇ ਹੀ ਭਾਰਤੀ ਕਾਨੂੰਨ ਦੀ ਕਿਤਾਬ ਅਨੁਸਾਰ ਸਹੀ ਹੋਵੇ, ਪਰ ਭਾਰਤੀ ਸੰਸਕ੍ਰਿਤੀ ਮੁਤਾਬਿਕ ਅਤੇਮੌਲਿਕ ਅਧਿਕਾਰਾਂ ਅਨੁਸਾਰ ਠੀਕ ਨਹੀ ਹੈ। ਜੱਜ ਸਹਿਬਾਨ ਨੇ ਕਾਨੂੰਨ ਦੀ ਕਿਤਾਬ ਵਿੱਚੋਂ ਟਾਡਾ ਅਤੇ ਪੋਟਾ ਲਫਜ਼ ਤਾਂ ਪੜੇ ਹਨ, ਕੇਂਦਰ ਅਤੇ ਸੂਬਿਆਂ ਬਾਰੇ  ਵੀ ਪੜਿਆ ਹੈ,  ਪਰ ਉਨਾਂ ਨੂੰ ਇਹ ਨਹੀ ਪਤਾ ਕਿ ਟਾਡਾ ਬਣਿਆ ਕਿਉਂ ਤੇ ਵਰਤਿਆ ਕਿੰਨਾਂ ਲੋਕਾ ਉੱਤੇ ਗਿਆ ਹੈ। ਇਸ ਕਾਲੇ ਕਾਨੂੰਨ ਦਾ ਸ਼ਿਕਾਰ ਸਿਰਫ ਸਿੱਖ ਅਤੇ ਮੁਸਲਿਮ ਹੀ ਹੋਏ ਹਨ ਅਤੇ ਸੀ.ਬੀ.ਆਈ. ਦੇ ਕੇਸ ਵੀ ਸਿੱਖਾਂ ਮੁਸਲਮਾਨਾਂ ਖਿਲਾਫ਼ ਹੀ ਸਿਰਫ ਉਥੇ ਪੜਤਾਲਾਂ ਕਰਵਾਈਆਂ ਗਈਆਂ ਹਨ, ਜਿੱਥੇ ਸਿੱਖਾਂ ਜਾਂ ਮੁਸਲਮਾਨਾਂ ਨੂੰ ਮੁਜਰਿਮ ਬਣਾਉਣਾ ਸੀ। ਜਿੱਥੇ ਸਿੱਖ ਜਾਂ ਮੁਸਲਿਮ ਪੀੜਤ ਸਨ, ਉਥੇ ਕੋਈ ਪੜਤਾਲ ਸੀ.ਬੀ.ਆਈ. ਨੂੰ ਨਹੀ ਗਈ।
ਹੁਣ ਰਹੀ ਕੇਦਰ ਦੇ ਸੂਬਿਆ ਦੇ ਸਬੰਧ ਦੀ ਗੱਲ ਪੰਜਾਬ ਅਤੇ ਜੰਮੂ ਕਸ਼ਮੀਰ
ਦੋ ਸੂਬਿਆਂ ਵਿੱਚ ਜੋ ਸਰਕਾਰੀ ਕਤਲੇਆਮ ਹੋਇਆ ਹੈ ਅਤੇ ਪੁਲਿਸ ਨੂੰ ਵੱਧ ਅਧਿਕਾਰ ਜਾਂ ਫੌਜੀ ਸ਼ਕਤੀ ਦੀ ਵਰਤੋਂ ਕੀਤੀ ਗਈ ਹੈ, ਉਸ ਤੋਂ ਅੰਦਾਜ਼ਾ ਨਹੀ ਲੱਗਦਾ ਕਿ ਇਹਨਾਂ ਸੂਬਿਆਂ ਦੇ ਲੋਕਾਂ ਦੀ ਕਿਸੇ ਗੱਲ ਨੂੰ ਕੇਂਦਰ ਪ੍ਰਵਾਨ ਕਰ ਲਵੇਗਾ।  ਜੱਜ ਸਹਿਬਾਨ ਦਾ ਕਾਨੂੰਨ ਅਨੁਸਾਰ ਫੈਸਲਾ ਅਤੇ ਪੱਖ ਸਹੀ ਹੈ, ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ਕਈ ਬੇਕਸੂਰਾਂ ਨੂੰ ਵੀ ਟਾਡਾ ਵਿੱਚ ਫਸਾਇਆ ਹੋਇਆ ਹੈ, ਸਿਰਫ ਇਸ ਕਰਕੇ ਕਿ ਉਹਨਾਂ ਦੀ ਜਾਤ ਜਾਂ ਜਮਾਤ ਭਾਰਤੀ ਨਿਜ਼ਾਮੀਆਂ ਨਾਲ ਮੇਲ ਨਹੀ ਖਾਂਦੀ। ਕਾਸ਼! ਜੱਜ ਸਹਿਬਾਨ ਭਾਰਤ ਵਿੱਚ ਵੱਸਦੇ ਘੱਟ ਗਿਣਤੀ ਲੋਕਾਂ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਅਤੇ ਇੱਥੋਂ ਦੀ ਬੇਈਮਾਨ ਸਿਆਸਤ ਨੂੰ ਸਨਮੁੱਖ ਰੱਖਕੇ ਫੈਸਲਾ ਕਰਦੇ ਤਾਂ ਸ਼ਾਇਦ ਅਜਿਹਾ ਫੈਸਲਾ ਨਾਂ ਹੁੰਦਾ। ਜੋ ਵੀ ਕੀਤਾ ਉਹਨਾਂ ਨੂੰ ਅਧਿਕਾਰ ਹੈ ਅਤੇ ਇਹ ਸਾਰੇ ਭਾਰਤ ਵਾਸੀਆਂ ਨੂੰ ਮੰਨਣਾ ਹੀ ਪਵੇਗਾ।
ਪਰ ਇੱਥੇ ਆ ਕੇ ਜਦੋਂ ਹਰ ਪਾਸਿਓ ਰਾਹਤ ਦੀ ਗੱਲ ਤਾਂ ਇੱਕ ਪਾਸੇ, ਸਿੱਖ ਨਿਆਂ ਵਿਹੂਣੇ ਹੋ ਗਏ ਹਨ ਤਾਂ ਫਿਰ ਸਿੱਖ ਕੌਮ ਸਾਹਮਣੇ ਸਵਾਲ ਹੈ ਕਿ ਸਿੱਖ ਹੁਣ ਕੀਹ ਕਰਨ?
ਅੱਜ ਕੌਮ ਦੀ ਪਹਿਚਾਨ ਦਾਅ ਉੱਤੇ ਲੱਗ ਚੁੱਕੀ ਹੈ, ਸਿੱਖਾਂ ਦੀ ਸਰ ਜਮੀਨ ਪੰਜਾਬ ਨਸ਼ਿਆਂ ਦਾ ਜਖੀਰਾ ਹੋ ਨਿਬੜਿਆ ਹੈ। ਪੰਜਾਬ ਦੇ ਵਾਰਿਸ ਦਿੱਸਣ ਵਾਲੇ ਦੁਸ਼ਮਣ ਦੇ ਹਮਰਾਹੀ ਬਣ ਚੁੱਕੇ ਹਨ, ਜੰਗਲੀ ਸਿਆਸਤ ਦੇ ਬਨਾਏ ਜਾਂਗਲੀ ਕਨੂੰਨਾਂ ਕਰਕੇ ਅਦਾਲਤੀ ਨਿਆਂ ਪ੍ਰਭਾਵਿਤ ਹੋ ਗਿਆ ਹੈ, ਸਿੱਖਾਂ ਜਾਂ ਘੱਟ ਗਿਣਤੀਆਂ ਨੂੰ ਹੁਣ ਕਿਤੋਂ ਇਨਸਾਫ਼ ਦੀ ਆਸ ਨਹੀ ਰਹੀ, ਮੀਡੀਆ ਵੀ ਹਕੂਮਤੀ ਰੰਗ ਵਿੱਚ ਰੰਗਿਆ ਗਿਆ ਹੈ, ਫਿਰ ਜਦੋਂ ਕੋਈ ਹੀਲਾ ਹੀ ਨਾ ਰਹੇ ਤਾਂ ਸਿੱਖਾਂ ਕੋਲ ਮੁਕੰਮਲ ਆਜ਼ਾਦੀ ਮੰਗਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀ ਬਚਿਆ, ਇਸ ਨੂੰ ਬੇਸ਼ੱਕ 2020 ਰੈਫਰੈਂਡਮ ਦਾ ਨਾਮ ਦਿਓ ਜਾਂ ਖਾਲਿਸਤਾਨ, ਪਰ ਸਿੱਖਾਂ ਨੂੰ ਕੁੱਝ ਸੋਚਣਾ ਜਰੂਰ ਪਵੇਗਾ। ਇਸ ਨਿਜ਼ਾਮ ਵਿੱਚ ਕਿਸੇ ਨਿਆਂ ਦੀ ਆਸ ਉਠ ਦੇ ਬੁੱਲ ਤੋਂ ਵੱਧਕੇ ਕੁੱਝ ਨਹੀ ਹੈ। ਇਹ ਹੁਣ ਸਿੱਖਾਂ ਦੀ ਮਰਜ਼ੀ ਹੈ ਕਿ ਉਹਨਾਂ ਨੇ ਭਾਰਤੀ ਉਠ ਦੇ ਮਗਰ ਮਗਰ, ਬਾਦਲਾਂ ਦੀ ਉਂਗਲੀ ਫੜਕੇ ਕਦੋਂ ਤੱਕ ਤੁਰਨਾ ਹੈ। ਗੁਰੂ ਰਾਖਾ !!
ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ 9316176519

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.