ਅਬਦੁਲ ਦਾ ਆਖਰੀ ਕਲਾਮ
ਅੱਜ ਆਪਣਾ ਆਖਰੀ ‘ਕਲਾਮ ‘( ਵਿਚਾਰ ਵਟਾਂਦਰਾ)ਕਰਦੇ ਸਾਬਕਾ ਰਾਸ਼ਟ੍ਰਪਤੀ ਅਬਦੁਲ ਕਲਾਮ ਜੀ ਅਕਾਲ ਚਲਾਣਾ ਕਰ ਗਏ। ਸੁਣਿਆ ਤਾਂ ਨਹੀਂ ਪਰ ਉਸ ਆਖਰੀ ਕਲਾਮ ਦਾ ਸਿਰਲੇਖ ਸੀ Livable Planet ਯਾਨੀ ਕਿ 'ਰਹਿਣ ਯੋਗ ਗ੍ਰਹ'। ਇਕ ਉੱਚਕੋਟੀ ਦਾ ਵਿਗਿਆਨੀ ਹੋਣ ਦੇ ਨਾਤੇ, ਕਲਾਮ ਜੀ ਨੇ ਇਸ ਆਖਰੀ ਕਲਾਮ ਵਿਚ ਧਰਤੀ ਦਾ ਵੀ ਜ਼ਿਕਰ ਕਰਦੇ, ਵਿਗਿਆਨਕ ਨੁੱਕਤਿਆਂ ਅਨੁਸਾਰ, ਆਪਣੇ ਵਿਚਾਰ ਦਿੱਤੇ ਹੋਣ ਗੇ। ਕੁੱਝ ਵਿਚਾਰ ਵਿਚ ਹੀ ਰਹਿ ਗਏ ਕਿਉਂਕਿ , ਜਿਵੇਂ ਕਿ ਖ਼ਬਰਾਂ ਵਿਚ ਸੁਣਿਆ, ਉਹ ਲੈਕਚਰ ਦਿੰਦੇ ਹੋਏ ਅਚਾਨਕ ਹੀ ਢਹਿ ਗਏ।ਕਲਾਮ ਜੀ ਦੇ ਅੰਦਰ ਦਾ ਵਿਗਿਅਨਕ ਪੱਖ ਖਾਮੋਸ਼ ਹੋ ਗਿਆ ਪਰ ਉਨ੍ਹਾਂ ਦਾ ਜੀਵਨ ਪਰਿਪੇਖ ਕੁੱਝ ਹੋਰ ਵੀ ਬੋਲਦਾ ਰਹੇਗਾ। ਉਹ ਦੇਸ਼ ਦੀ ਇਕ ਘੱਟ ਗਿਣਤੀ ਨਾਲ ਸਬੰਧਤ ਭਾਰਤੀ ਨਾਗਰਿਕ ਸਨ ਜੋ ਕਿ ਇਕ ਉੱਚੇ ਪ੍ਰਸ਼ਾਸਨਕ ਅਹੁਦੇ ਤਕ ਪਹੁੰਚੇ ਜਿਸ ਲਈ, ਸੰਵਿਧਾਨ ਮੁਤਾਬਕ, ਉਨ੍ਹਾਂ ਨੂੰ ਹਿੰਦੂ ਘੋਸ਼ਤ ਕਰਨਾ ਜ਼ਰੂਰੀ ਨਹੀਂ ਸੀ।ਘੱਟ ਗਿਣਤੀ ਦੇ ਲੋਕਾਂ ਵਿਚੋਂ ਕਲਾਮ ਜੀ ਵਰਗੇ ਸੱਜਣਾਂ ਦੇ ਕੀਮਤੀ ਯੋਗਦਾਨ ਦੇ ਸਹੀ ਮੁਲਾਂਕਨ ਦੀ ਲੋੜ ਹੈ, ਤਾਂ ਕਿ 'ਰਹਿਣ ਯੋਗ ਗ੍ਰਹ' ਅੰਦਰ ਸਭ ਲਈ 'ਰਹਿਣ ਯੋਗ ਦੇਸ਼' ਦੀ ਸਿਰਜਨਾ ਬਾਰੇ, ਦੇਸ਼ ਦੀ ਬਹੂਗਿਣਤੀ ਆਪਣੀ ਜਿੰਮੇਵਾਰੀ ਨਿਭਾਉਣ ਦੇ ਮਹੱਤਵ ਨੂੰ ਸਮਝਦੀ ਰਹੇ। ਕਲਾਮ ਜੀ ਦੇ ਜੀਵਨ ਦਾ ਅਸਲ ਮੁਲਾਂਕਨ ਅਕੀਦਤ ਦੇ ਨੁਮਾਇਸ਼ੀ ਫੁੱਲਾਂ ਰਾਹੀਂ ਨਹੀਂ ਬਲਕਿ ਉਸ ਦੇ ਸਮੁੱਚੇ ਪਰਿਪੇਖ ਦੀ ਸੁਹਿਰਦ ਸਵਿਕ੍ਰਿਤੀ ਰਾਹੀਂ ਹੋ ਸਕਦਾ ਹੈ।
ਹਰਦੇਵ ਸਿੰਘ, ਜੰਮੂ-੨੭.੦੭.੨੦੧੫