ਪੰਜਾਬ ‘ਚ ਅੱਜਕਲ ਵਾਪਰ ਰਹੀਆਂ ਘਟਨਾਵਾਂ ‘ਤੇ ਹਰ ਰੋਜ਼ ਬੱਚੀਆਂ / ਬੀਬੀਆਂ ਦੀ ਬੇਪਤੀ ਦੀਆਂ ਖਬਰਾਂ ਸੁਣਕੇ ਜਦੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨਾਲ ਇਸ ਅਤਿ ਸੰਵੇਦਨਸ਼ੀਲ ਘਟਨਾਕ੍ਰਮ ‘ਤੇ ਗੱਲਬਾਤ ਹੋਈ, ਤਾਂ ਉਨ੍ਹਾਂ ਨੇ ਅਕਾਲ ਤਖ਼ਤ ‘ਤੇ ਆਪਣੇ ਕਾਰਜਕਾਲ ਦੌਰਾਨ ਹੋਈ ਮੱਹਤਵਪੂਰਣ ਘਟਨਾ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ। ਜੋ ਉਨ੍ਹਾਂ ਦੀ ਜ਼ੁਬਾਨੀ ਸਿੱਖ ਕੌਮ ਲਈ ਹਾਜ਼ਿਰ ਹੈ, ਜੋ ਕਿ ਇੱਕ ਅਹਿਮ ਦਸਤਾਵੇਜ਼ ਹੈ।
ਬਟਾਲੇ ਦੀਆਂ ਬੀਬੀਆਂ ਦੀ ਰਿਹਾਈ
ਅਚਾਨਕ ਇਕ ਦਿਨ ਅਖਬਾਰ ਅਜੀਤ ਵਿਚ ਖਬਰ ਛਪੀ ਕੇ ਅਖੰਡ ਕੀਰਤਨੀ ਜੱਥੇ ਨਾਲ ਸਬੰਧਤ ਦੋ ਅੰਮ੍ਰਿਤਧਾਰੀ ਬੀਬੀਆਂ ਬੀਬੀ ਗੁਰਮੀਤ ਕੌਰ ਅਤੇ ਬੀਬੀ ਗੁਰਦੇਵ ਕੌਰ ਨੂੰ ਪੁਲੀਸ ਨੇ ਚੁਕਿਆ ਹੈ, ਜਿਹਨਾਂ ‘ਤੇ ਬਟਾਲੇ ਵਿਚ ਜ਼ਾਲਮ ਐਸ.ਐਸ.ਪੀ ਗੋਬਿੰਦ ਰਾਮ ਵਲੋਂ ਅਸਹਿ ਜੁਲਮ ਢਾਹੇ ਜਾ ਰਹੇ ਹਨ। ਏਥੋਂ ਤਕ ਕਿ ਬੀਬੀਆਂ ਨੂੰ ਧਾਰਮਕ ਤੌਰ ‘ਤੇ ਬੇਇਜ਼ਤ ਅਤੇ ਜ਼ਲੀਲ ਕਰਦਿਆਂ ਗੋਬਿੰਦ ਰਾਮ ਨੇ ਪੀਸ਼ਾਬ ਪੀਣ ਲਈ ਇਹ ਆਖਿਆ ਕਿ "ਪਹਿਲਾਂ ਤੁਸਾਂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਤਾ ਹੈ, ਹੁਣ ਗੋਬਿੰਦ ਰਾਮ ਦਾ ਅੰਮ੍ਰਿਤ ਪੀਓ" | ਪੇਪਰ ਵਿਚ ਇਹ ਪ੍ਹੜ ਕੇ ਪੈਰਾਂ ਥਲਿਓਂ ਜ਼ਮੀਨ ਖਿਸਕ ਗਈ ਕਿ ਜਿਸ ਕੌਮ ਨੇ ਕਦੀ ਹਿੰਦੁਸਤਾਨ ਦੀਆਂ ਧੀਆਂ ਬਦੇਸ਼ੀ ਜਰਵਾਣਿਆਂ ਕੋਲੋਂ ਮੋੜ ਕੇ ਲਿਆਂਦੀਆਂ ਅਤੇ ਮਾਪਿਆਂ ਦੇ ਘਰੀਂ ਪਹੁਚਾਈਆਂ ਅੱਜ ਉਸੇ ਕੌਮ ਦੀਆਂ ਬੱਚੀਆਂ ਨਾਲ ਐਸਾ ਜ਼ੁਲਮ ਬਰਦਾਸ਼ਤ ਨਹੀਂ ਹੋ ਸਕਦਾ, ਐਸਾ ਸਭ ਕੁਝ ਸੁਣ ਵੇਖ ਕੇ ਜੀਉਣਾ ਜੀਵਨ ਲਈ ਧਿਰਕਾਰ ਹੈ।
ਉਸੇ ਵੱਕਤ ਪ੍ਰੈਸ ਕਾਨਫਰੰਸ ਬੁਲਾਕੇ ਗੋਬਿੰਦ ਰਾਮ ਨੂੰ ਚੈਲੰਜ ਕਰਦਿਆਂ ਬੀਬੀਆਂ ਦੀ ਰਿਹਾਈ ਲਈ ਮੋਰਚੇ ਦਾ ਅਨਾਂਉਸ ਕਰ ਦਿਤਾ, ਬੇਸ਼ਕ ਕੁਝ ਲੀਡਰ ਟਾਈਪ ਵੀਰਾਂ ਨੇ ਸਲਾਹ ਦਿਤੀ ਕੇ ਆਪ ਮੋਰਚਾ ਨਾ ਲਾਓ, ਕਈ ਵਾਰੀ ਹਾਲਾਤ ਫਸ ਜਾਂਦੇ ਹਨ, ਫਿਰ ਅਕਾਲ ਤਖਤ ਦੀ ਬੇਅਦਬੀ ਹੋਵੇਗੀ। ਤੁਸੀਂ ਕੋਈ ਕਮੇਟੀ ਬਣਾ ਦਿਓ ਅਤੇ ਉਸਦੇ ਨਾਮ ਹੇਠ ਮੋਰਚਾ ਲਾਓ। ਮੈਂ ਆਖਿਆ, ਮੈਂ ਐਨੇ ਨਾਜ਼ੁਕ ਮਸਲੇ ਨੂੰ ਕਮੇਟੀਆਂ ਤੇ ਨਿਰਭਰ ਕਰਕੇ ਨਹੀਂ ਛੱਡ ਸਕਦਾ। ਨਾਲ ਇਕ ਗੱਲ ਸਮਝ ਲਉ ਮੈਂ ਅਕਾਲ ਤਖਤ ਨਹੀ ਹਾਂ, ਬਲਕਿ ਅਕਾਲ ਤਖਤ ਦਾ ਇਕ ਸੇਵਾਦਾਰ ਹਾਂ, ਜਿਸਦੀ ਮਾਣ ਮਰਿਯਾਦਾ ਕੌਮ ਦੀ ਮਾਣ ਮਰਿਯਾਦਾ ਨਾਲ ਜੁੜੀ ਹੋਈ ਹੈ, ਇਸ ਲਈ ਮੋਰਚੇ ਵਿਚ ਮੈ ਆਪ ਸ਼ਾਮਲ ਹੋਵਾਂਗਾ। ਪਹਿਲੇ ਪੜਾਅ ‘ਤੇ ਬਟਾਲੇ ਦੇ ਥਾਣੇ ਦਾ ਘਿਰਾਓ ਕਰਨਾ ਸੀ।
ਦਰਦੇ ਦਿਲ ਨਾਲ ਦਿਤਾ ਸੱਦਾ 8 Sept 1987
ਅਕਾਲ ਤਖਤ ਦੇ ਸੇਵਾਦਾਰ ਵਲੋਂ ਆਪ ਸ਼ਾਮਲ ਹੋਕੇ ਮੋਰਚੇ ਦੇ ਅਨਾਉਸ ਕਰਨ ਨਾਲ ਹੀ ਸਰਕਾਰ ਇਤਨੀ ਘਬਰਾ ਗਈ ਕਿ ਦੋਹਾਂ ਬੀਬੀਆਂ ਵਿਚੋਂ ਇਕ ਬੀਬੀ ਗੁਰਮੀਤ ਕੌਰ ਨੂੰ ਤਾਂ ਉਸੇ ਵੱਕਤ ਰਿਹਾ ਕਰਕੇ, ਅਕਾਲ ਤਖਤ ਭੇਜ ਦਿਤਾ ਤੇ ਨਾਲ ਸੁਨੇਹਾ ਭੇਜਿਆ ਕਿ ਦੂਜੀ ਬੀਬੀ ਨੂੰ ਭੀ ਛੇਤੀ ਰਿਹਾ ਕਰ ਦਿਤਾ ਜਾਵੇਗਾ। ਤੁਸੀਂ ਮੋਰਚਾ ਵਾਪਸ ਲੈ ਲਉ, ਅਸੀਂ ਆਖਿਆ ਸਰਕਾਰੀ ਵਾਦਿਆਂ ‘ਤੇ ਹੁਣ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ। ਉਸ ਬੀਬੀ ਦੀ ਸਰੀਰਕ ਹਾਲਤ ਬਹੁਤ ਹੀ ਖਰਾਬ ਹੋ ਚੁਕੀ ਸੀ, ਅਸੀਂ ਅਪਣੇ ਕੀਤੇ ਹੋਏ ਅਨਾਉਂਸ ਮੁਤਾਬਕ ਉਸ ਬੀਬੀ ਨੂੰ ਸਟਰੇਚਰ ‘ਤੇ ਪਾਕੇ ਨਾਲ ਲੈ ਗਏ ਅਤੇ ਹਜ਼ਾਰਾਂ ਸੰਗਤਾਂ ਦੀ ਸ਼ਮੂਲੀਅਤ ਵਿੱਚ ਬਟਾਲੇ ਦੇ ਥਾਣੇ ਦਾ ਜਾਕੇ ਘਿਰਾਓ ਕੀਤਾ ਅਤੇ ਇਉਂ ਮੋਰਚਾ ਸ਼ੁਰੂ ਹੋਗਿਆ।
ਬਟਾਲੇ ਹੀ ਮੋਰਚੇ ਦੇ ਅਗਲੇ ਪੜਾਅ ਦਾ ਅਨਾਉਂਸ ਕੀਤਾ ਗਿਆ, ਕਿ ਚਾਰ ਦਿਨ ਬਾਅਦ ਚੰਡੀਗੜ੍ਹ ਗਵਰਨਰ ਹਾਉਸ ਦਾ ਘਿਰਾਓ ਕੀਤਾ ਜਾਵੇਗਾ ਅਤੇ ਦੂਜੀ ਬੀਬੀ ਗੁਰਦੇਵ ਕੌਰ ਦੀ ਰਿਹਾਈ ਤੋਂ ਬਾਅਦ ਹੀ ਵਾਪਸ ਮੁੜਿਆ ਜਾਵੇਗਾ।
ਹੁਣ ਗਵਰਨਰ ਨੇ ਸਿਆਸੀ ਲੀਡਰਾਂ ਨੂੰ ਬੁਲਾਇਆ ਅਤੇ ਮੋਰਚਾ ਵਾਪਸ ਲੈਣ ਲਈ ਆਖਿਆ। ਉਸ ਦਿਨ ਪਤਾ ਲੱਗਾ ਕਿ ਕੌਮ ਦੀ ਸ਼ਕਤੀ ਨਾਲ ਰਾਜ ਭਾਗ ਭੋਗਣ ਵਾਲੇ ਸਿਆਸੀ ਲੀਡਰਾਂ ਨੂੰ ਕੌਮ ਦੀ ਇਜ਼ਤ ਅਤੇ ਮਾਣ ਮਰੀਯਾਦਾ ਨਾਲ ਕਿਨਾਂ ਸਬੰਧ ਹੁੰਦਾ ਹੈ, ਹਰ ਪਾਸਿਓਂ ਆਪ ਆਕੇ ਅਤੇ ਫੋਨਾਂ ਰਾਹੀ ਮੋਰਚਾ ਤਿਆਗਣ ਲਈ ਮਜਬੂਰ ਕਰਨ ਲੱਗੇ, ਸਿੰਘ ਸਾਹਿਬ ਤੁਸੀਂ ਗਵਰਨਰ ਦੇ ਘਿਰਾਓ ਲਈ ਬਿਲਕੁਲ ਨਾ ਜਾਵੋ, ਓਥੇ ਗੋਲੀ ਚੱਲ ਜਾਵੇਗੀ, ਬੰਦੇ ਮਾਰੇ ਜਾਣਗੇ, ਮੋਰਚਾ ਵਾਪਸ ਲੈ ਲਉ ਸਰਕਾਰ ਨਾਲ ਬੈਠ ਕੇ ਗੱਲ ਬਾਤ ਰਾਹੀਂ ਬੀਬੀਆਂ ਛੁਡਾ ਲਈਆਂ ਜਾਣਗੀਆਂ। ਇਹ ਬੀਬੀਆਂ ਬੱਬਰਾਂ ਦੇ ਖਾੜਕੂਆਂ ਦੀਆਂ ਪਤਨੀਆਂ ਹਨ, ਉਹਨਾਂ ਦੀ ਮਦਦ ਕਰਦੀਆਂ ਰਹੀਆਂ ਹਨ ਤਾਂ ਹੀ ਤਾਂ ਕੇਸ ਬਣੇ ਹਨ ਕਾਹਲੀ ਨਾ ਕਰੋ।
ਮੈਂ ਆਖਿਆ ਕੌਮ ਦੀਆਂ ਬੀਬੀਆਂ ਦੀ ਇਜ਼ਤ ਆਬਰੂ ਸਭ ਤੋਂ ਕੀਮਤੀ ਹੁੰਦੀ ਹੈ, ਸਾਡਾ ਇਤਿਹਾਸ ਕਹਿੰਦਾ ਹੈ, ਵੱਡੇ ਘਲੂਘਾਰੇ ਸਮੇਂ ਬੀਬੀਆਂ ਅਤੇ ਬੱਚਿਆਂ ਦੀ ਰਾਖੀ ਲਈ ਸਿੰਘਾਂ ਨੇ ਚਾਰੋਂ ਤਰਫ ਘੇਰਾ ਪਾਈ ਰਖਿਆ, ਅਪਣੀਆਂ ਜਾਨਾਂ ਵਾਰੀਆਂ, ਬੀਬੀਆਂ ਬਚਿਆਂ ਦੀ ਰਾਖੀ ਕੀਤੀ, ਇਸ ਲਈ ਬੀਬੀਆਂ ਦੀ ਰਿਹਾਈ ਦੇ ਮੋਰਚੇ ਵਿਚ ਮੈਂ ਕੋਈ ਕਮਜ਼ੋਰੀ ਨਹੀਂ ਆਉਣ ਦਿਆਂਗਾ, ਜਾਂ ਦੂਜੀ ਬੀਬੀ ਨੂੰ ਵੀ ਰਿਹਾ ਕਰ ਦਿਤਾ ਜਾਵੇ ਜਾਂ ਦਿਤੇ ਸਮੇਂ ਮੁਤਾਬਿਕ ਮੈਂ ਘਿਰਾਓ ਲਈ ਜ਼ਰੂਰ ਜਾਵਾਂਗਾ।
ਆਖਰੀ ਰਾਤ ਜਦੋਂ ਦੂਜੇ ਦਿਨ ਸਵੇਰੇ ਹਜ਼ਾਰਾਂ ਸਿੱਖ ਸੰਗਤਾਂ ਦੇ ਇਕੱਠ ਨਾਲ ਘਿਰਾਓ ਲਈ ਤੁਰਨਾ ਸੀ। ਅੱਧੀ ਰਾਤ ਤੱਕ ਮੋਰਚਾ ਤਿਆਗਣ ਲਈ ਜ਼ੋਰ ਪੈਂਦਾ ਰਿਹਾ, ਆਖਰ ਇਰਾਦੇ ਦੀ ਮਜ਼ਬੂਤੀ ਕਾਰਨ ਰਾਤ ਨੂੰ ਇਕ ਵਜੇ ਬਟਾਲੇ ਥਾਣੇ ਵਿੱਚ ਅਦਾਲਤ ਲਾਕੇ ਮੈਜਿਸਟ੍ਰੇਟ ਕੋਲੋਂ ਬੀਬੀ ਦੀ ਰਿਹਾਈ ਦੇ ਆਡਰ ਲੈ ਗਏ।
ਕਰੀਬ ਰਾਤ ਦੇ ਦੋ ਵਜੇ ਬਟਾਲੇ ਥਾਣੇ ਤੋਂ ਬੰਦਾ ਆਇਆ ਕਿ ਬੀਬੀ ਰਿਹਾ ਕਰ ਦਿਤੀ ਗਈ ਹੈ, ਪਰ ਉਹ ਐਡੀ ਸਹਿਮੀ ਹੋਈ ਹੈ ਕਿ ਕਿਸੇ ਨਾਲ ਘਰ ਜਾਣ ਲਈ ਭੀ ਤਿਆਰ ਨਹੀਂ, ਤੁਸੀਂ ਉਸਨੂੰ ਮੰਗਵਾਉਣ ਦਾ ਇੰਤਜ਼ਾਮ ਕਰਕੇ ਮੰਗਵਾ ਲਉ।
ਅਸੀਂ ਰਾਤ ਨੂੰ ਦੋ ਵਜੇ ਅਖੰਡ ਕੀਰਤਨੀ ਜੱਥੇ ਦੇ ਆਗੂ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੂੰ ਉਠਾਇਆ ਅਤੇ ਅਪਣੀ ਗੱਡੀ ਦੇਕੇ ਬੀਬੀ ਨੂੰ ਲੈਣ ਲਈ ਬਟਾਲੇ ਭੇਜੀਆਂ। ਤਲਵਾੜਾ ਸਾਹਿਬ ਪੰਜ ਵਜੇ ਤੱਕ ਬੀਬੀ ਨੂੰ ਲੈ ਕੇ ਮੇਰੀ ਰਿਹਾਇਸ਼ ਅਸਥਾਨ ਭਾਈ ਗੁਰਦਾਸ ਹਾਲ ਪੁਜ ਗਏ, ਇਉਂ ਇਹ ਮੋਰਚਾ ਸਫਲ ਹੋਇਆ।
ਪਰ ਉਦੋਂ ਮੈਨੂੰ ਵੱਡਾ ਦੁਖ ਹੋਇਆ ਜਦੋਂ ਕਿਸੇ ਦੁਜੇ ਖਾੜਕੂ ਅਖਵਾਂਦੇ ਗਰੁਪ ਵਲੋਂ ਇਹ ਬਿਆਨ ਆਇਆ ਕਿ ਅਨੇਕਾਂ ਸਿੱਖ ਬੀਬੀਆਂ ਤੇ ਤਸ਼ੱਦਦ ਹੋਇਆ, ਪਰ ਜੱਥੇਦਾਰ ਨੇ ਬੱਬਰਾਂ ਦੀਆਂ ਔਰਤਾ ਨੂੰ ਛੁੜਾਉਣ ਲਈ ਕਿਉਂ ਮੋਰਚਾ ਲਾਇਆ, ਹਾਲਾਂ ਕਿ ਮੋਹਨ ਇੰਦਰ ਸਿਘ ਦੀ ਪਤਨੀ ਬੀਬੀ ਦਲਜੀਤ ਕੌਰ ਜੇਹੜੀ ਅੱਜ ਕੱਲ ਦਿਲੀ ਹੈ, ਅਤੇ ਅੱਜਕਲ ਬਾਦਲ ਦੀ ਗਲਵੱਕੜੀ ਵਿਚ ਲੀਡਰੀ ਦਾ ਅਨੰਦ ਮਾਣ ਰਿਹਾ ਅਤੇ ਇਸ ਲਈ ਗੁਰਮਤਿ ਤਿਆਗ ਕੇ ਦੇਵੀ ਦੀਆਂ ਭੇਟਾਂ ਗਾ ਰਿਹਾ ਫੈਡਰੇਸ਼ਨ ਆਗੂ ਅਮਰਜੀਤ ਸਿੰਘ ਚਾਵਲਾ ਦੀ ਪਤਨੀ ਬੀਬੀ ਪੁਸ਼ਪਿੰਦਰ ਕੌਰ, ਇਸ ਗੱਲ ਦੀਆਂ ਗਵਾਹ ਹਨ ਕਿ ਔਖੇ ਸਮੇਂ ਆਪਣੀਆਂ ਬੱਚੀਆਂ ਜਾਣ ਕਿ ਇਹਨਾਂ ਦਾ ਹਰ ਤਰਾਂ ਨਾਲ ਸਾਥ ਦਿਤਾ ਅਤੇ ਸੁਰੱਖਸ਼ਤ ਕੀਤਾ, ਮੇਰਾ ਇਹ ਕਿਸੇ ਤੇ ਅਹਿਸਾਨ ਨਹੀਂ ਹੈ, ਕੌਮੀ ਬੱਚੀਆਂ ਮੇਰੀਆਂ ਅਪਣੀਆਂ ਬੱਚੀਆਂ ਹਨ।