ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਪੰਜਾਬ ਦੇ ਸਦੀਵੀ ਅਮਨ-ਚੈਨ ਲਈ …….?
ਪੰਜਾਬ ਦੇ ਸਦੀਵੀ ਅਮਨ-ਚੈਨ ਲਈ …….?
Page Visitors: 2784

ਪੰਜਾਬ ਦੇ ਸਦੀਵੀ ਅਮਨ-ਚੈਨ ਲਈ …….?
ਪੰਜਾਬ ਦੇ ਸਦੀਵੀ ਅਮਨ-ਚੈਨ ਲਈ ਹਰ ਪੰਜਾਬੀ ਹਮੇਸ਼ਾ ਤਾਂਘਦਾ ਹੈ। ਗੁਰੂਆਂ ਦੇ ਨਾਮ ਵੱਸਦੇ ਸੋਹਣੇ ਪੰਜਾਬ ਦੀ ਹਰ ਪਲ ਸੁੱਖ ਮੰਗਦਾ ਹੈ। ਅੱਜ ਜਦੋਂ ਸਮੇਂ ਦੇ ਹਾਕਮਾਂ ਨੇ ਆਪਣੀ ਅੰਨੀ ਸੱਤਾ ਲਾਲਸਾ ਤੇ ਕੁਬੇਰ ਤੋਂ ਵੱਡੇ ਖਜ਼ਾਨੇ ਬਣਾਉਣ ਦੀ ਇੱਛਾ ਲਈ ਪੰਜਾਬ ਨੂੰ ਆਪਣੀ ਲੁੱਟ-ਖਸੁੱਟ ਨਾਲ ਤਬਾਹੀ ਦੀ ਡੂੰਘੀ ਖੱਡ ’ਚ ਧੱਕਾ ਦੇ ਛੱਡਿਆ ਹੈ। ਜਿਸ ਕਾਰਣ ਪੰਜਾਬ ਦਾ ਦਮ ਘੁੱਟ ਰਿਹਾ ਹੈ ਤੇ ਜੇ ਉਸਨੂੰ ਫੌਰੀ ਆਕਸੀਜਨ ਨਾ ਮਿਲੀ ਤਾਂ ਉਹ ਮਰ ਜਾਵੇਗਾ। ਅਜਿਹੇ ਹਾਲਤਾਂ ’ਚ ਹਰ ਸੱਚੇ ਪੰਜਾਬੀ ਦੀ ਪਹਿਲੀ ਚਾਹਤ ਪੰਜਾਬ ਨੂੰ ਜਿੳੂਂਦਾ ਰੱਖਣ ਦੀ ਹੈ। ਪੰਜਾਬ ਦੇ ਅਮਨ-ਚੈਨ ਦੀ ਸਲਾਮਤੀ ਦੀ ਹੈ। ਪੰਜਾਬ ਸਿੱਖੀ ਦੀ ਜਨਮ-ਭੂਮੀ ਹੈ, ਕਰਮ ਭੂਮੀ ਹੈ, ਇਸ ਲਈ ਇਸ ਧਰਤੀ ਤੇ ਵਾਪਰਦੀ ਹਰ ਘਟਨਾ, ਦੁਰਘਟਨਾ ਦਾ ਸਿੱਖੀ ਤੇ ਸਿੱਖਾਂ ਨਾਲ ਆਪਣੇ-ਆਪ ਹੀ ਨਾਤਾ ਜੁੜ ਜਾਂਦਾ ਹੈ। ਬੀਤੇ ਦਿਨ ਦੀਨਾਨਗਰ ’ਚ ਇਕ ਭਿਆਨਕ ਹਮਲਾ ਹੋਇਆ। ਇਸ ਧਰਤੀ ਤੇ ਭਾਵੇਂ ਸਿੱਖਾਂ ਦਾ ਲਹੂ ਤਾਂ ਨਿਰੰਤਰ ਵਹਿੰਦਾ ਆਇਆ ਹੈ ਤੇ ਸ਼ਾਇਦ ਜਦੋਂ ਤੱਕ ਸਿੱਖ ਆਪਣੇ ਘਰ ਦੀ ਪ੍ਰਾਪਤੀ ਨਹੀਂ ਕਰ ਲੈਂਦੇ ਵਹਿੰਦਾ ਰਹੇਗਾ।
ਸਿੱਖਾਂ ਨੂੰ ਆਪਣੀ ਹਰ ਹੱਕੀ ਮੰਗ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ, ਖੂਨ ਦੇਣਾ ਪੈਂਦਾ ਹੈ। ਉਨਾਂ ਦੇ ਧਰਮ ਤੇ ਪਾਖੰਡੀ ਸਾਧ ਹਮਲੇ ਕਰਦੇ ਹਨ, ਸਰਕਾਰਾਂ ਰੋਕਣ ਦੀ ਥਾਂ ਉਲਟਾ ਉਨਾਂ ਦੀ ਪਿੱਠ ਥਾਪੜਦੀਆਂ ਹਨ ਤੇ ਵਿਰੋਧ ਕਰਨ ਵਾਲੇ ਸਿੱਖਾਂ ਦੇ ਗੋਲੀਆਂ ਮਾਰੀਆਂ ਜਾਂਦੀਆਂ ਹਨ, ਸਿੱਖਾਂ ਦਾ ਖੂਨ ਵਹਾਇਆ ਜਾਂਦਾ ਹੈ। ਜੇਲਾਂ ’ਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਸੰਘਰਸ਼ ਚਲਾਇਆ ਜਾਂਦਾ ਹੈ ਤਾਂ ਸਰਕਾਰ ਦੇ ਦਮਨ-ਚੱਕਰ ਦਾ ਸ਼ਿਕਾਰ ਹੋਣਾ ਪੈਂਦਾ ਹੈ।ਖੈਰ! ਦੀਨਾਨਗਰ ’ਚ ਖੂਨੀ ਕਾਂਡ ਹੋਇਆ। ਪੰਜਾਬ ਦੀ ਧਰਤੀ ਨੂੰ ਮੁੜ ਪੁਲਿਸ ਮੁਕਾਬਲਿਆਂ ਦੀ ਯਾਦ ਕਰਵਾਉਣ ਦੀ ਕਈ ਸਾਜ਼ਿਸੀ ਧਿਰਾਂ ਨੇ ਕੋਸ਼ਿਸ ਕੀਤੀ। ਅਸੀਂ ਉਨਾਂ ਸ਼ਕਤੀਆਂ ਨੂੰ ਜਿਹੜੀਆਂ ਆਨੇ-ਬਹਾਨੇ ਸਿੱਖੀ ਦਾ ਖ਼ਾਤਮਾ ਕਰਨ ਦੀ ਗੰਦੀ ਸੋਚ ਨਾਲ ਸਾਜ਼ਿਸ ਗੁੰਦੀ ਬੈਠੀਆਂ ਹਨ, ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਪੰਜਾਬ ’ਚ ਜਿਹੜਾ ਧੂੰਆ, ਬਾਦਲਾਂ ਤੇ ਮੋਦੀਕਿਆਂ ਦੇ ਜਬਰ ਕਾਰਣ ਧੁਖ਼ ਰਿਹਾ ਹੈ, ਉਸਨੂੰ ਭਾਂਬੜ ਬਣਨ ’ਚ ਦੇਰ ਨਹੀਂ ਲੱਗਣੀ। ਇਸ ਕਾਰਣ ਉਹ ਆਪਣੀ ਗੰਦੀ ਭਿਆਨਕ ਸੋਚ ਨੂੰ ਤੁਰੰਤ ਹੀ ਤਿਆਗ ਦੇਣ।
ਦੇਸ਼ ਦੇ ਹਿੰਦੂਵਾਦੀ ਮੀਡੀਏ ਨੂੰ ਵੀ ਇਸ ਭਿਆਨਕ ਕਾਂਡ ਨੂੰ ਖਾਮ-ਖਾਹ ਖਾਲਿਸਤਾਨ ਨਾਲ ਜੋੜਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਪੰਜਾਬ ’ਚ ਅੱਜ ਉਹ ਪੀੜੀ ਜੁਆਨੀ ਦੀਆਂ ਦਹਿਲੀਜ਼ਾਂ ਤੇ ਕਦਮ ਰੱਖ ਰਹੀ ਹੈ ਜਾਂ ਰੱਖ ਚੁੱਕੀ ਹੈ। ਜਿਸਨੇ ਸਾਕਾ ਦਰਬਾਰ ਸਾਹਿਬ ਤੇ ਦਿੱਲੀ ਦੇ ਸਿੱਖ ਕਤਲੇਆਮ ਤੋਂ ਲੈ ਕੇ ਅੱਜ ਤੱਕ ਹੋਏ ਜਬਰ ਬਾਰੇ ਸਿਰਫ਼ ਸੁਣਿਆ ਤੇ ਪੜਿਆ ਹੈ। ਹੁਣ ਉਹ ਸਾਰਾ ਕੁਝ ਆਪਣੇ ਅੱਖੀਂ ਵੇਖ ਰਹੀ ਹੈ। ਅਹਿਸਾਸ ਕਰ ਰਹੀ ਹੈ। ਸਿੱਖਾਂ ਨੂੰ ਹੱਕੀ ਮੰਗਾਂ ਮੰਗਣ ਦਾ ਵੀ ਇਸ ਦੇਸ਼ ’ਚ ਕੋਈ ਅਧਿਕਾਰ ਨਹੀਂ। ਉਨਾਂ ਨਾਲ ਹੁੰਦੇ ਹਰ ਜ਼ੁਲਮ, ਬੇਇਨਸਾਫ਼ੀ ਤੇ ਧੱਕੇਸ਼ਾਹੀ ਵਿਰੁੱਧ ਦੇਸ਼ ਦਾ ਕਾਨੂੰਨ ਵੀ ਅੱਖਾਂ ਤੇ ਪੱਟੀ ਬੰਨੀ ਬੈਠਾ ਹੈ। ਫ਼ਿਰ ਉਸ ਜੁਆਨ ਪੀੜੀ ਨੂੰ ਜਿਸਦਾ ਜੁਆਨ ਖੂਨ ਉਬਾਲੇ ਮਾਰਦਾ ਹੈ। ਜੋਸ਼, ਹੋਸ਼ ਤੇ ਭਾਰੂ ਹੁੰਦਾ ਹੈ। ਉਸਨੂੰ ਕੋਈ ਇਹ ਕਿਵੇਂ ਸਮਝਾ ਸਕਦਾ ਹੈ ਕਿ ਸਿੱਖ ਇਸ ਦੇਸ਼ ’ਚ ਸੱਚੀ-ਮੁੱਚੀ ਅਜ਼ਾਦ ਹਨ?
ਦੀਨਾਨਗਰ ਕਾਂਡ ਦੀ ਆੜ ਲੈ ਕੇ ਜੇ ਸਰਕਾਰ ਨੇ ਸਿੱਖਾਂ ਤੇ ਦਮਨ ਚੱਕਰ ਨੂੰ ਹੋਰ ਤੇਜ਼ ਕਰਨ ਦੀ ਕੋਸ਼ਿਸ ਕੀਤੀ, ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਦਬਾਉਣ ਦਾ ਯਤਨ ਕੀਤਾ, ਅੰਮਿ੍ਰਤਧਾਰੀ ਤੇ ਦੁਮਾਲੇ ਸਜਾਉਣ ਵਾਲੇ ਸਿੱਖ ਗੱਭਰੂਆਂ ਦੇ ਪੁਲਿਸ ਤਸ਼ੱਦਦ ਦਾ ਦੌਰ ਚਲਾਉਣ ਦੀ ਨਾਪਾਕ ਖੇਡ-ਖੇਡੀ ਤਾਂ ਇਹ ਬਾਰੂਦ ਦੇ ਢੇਰ ਨੂੰ ਪਲੀਤੀ ਦਿਖਾਉਣ ਵਾਲੀ ਮਹਾਂ ਮੂਰਖਾਨਾ ਕਰਤੂਤ ਹੋਵੇਗੀ।
ਅੱਜ ਸਮੁੱਚੇ ਵਿਸ਼ਵ ’ਚ ਜੋ ਕੁਝ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਜ਼ਹਿਰੀਲੀਆਂ ਜਥੇਬੰਦੀਆਂ ਕਰ ਰਹੀਆਂ ਹਨ, ਉਹ ਕਿਸੇ ਤੋਂ ਲੁੱਕਿਆ-ਛੁਪਿਆ ਨਹੀਂ। ਦੀਨਾਨਗਰ ਕਾਂਡ ਪਿੱਛੇ ਵੀ ਇਨਾਂ ਜਥੇਬੰਦੀਆਂ ਦੀ ਖ਼ਤਰਨਾਕ ਸੋਚ ਅਤੇ ਇਸ ਦੇਸ਼ ਦੀ ਸਰਕਾਰ ਨੂੰ ਚੁਣੌਤੀ ਦੇਣ ਦੀ ਮਨਸ਼ਾ ਸਾਫ਼ ਹੈ। ਪ੍ਰੰਤੂ ਸਾਰਾ ਕੁਝ ਸਾਫ਼ ਹੁੰਦਿਆਂ ਵੀ ਜੇ ਜਾਣਬੁੱਝ ਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦੀ ਕੋਝੀ ਹਰਕਤ ਹੁੰਦੀ ਹੈ ਤਾਂ ਉਹ ਤੁਗਲਕੀ ਸੋਚ ਦਾ ਹੀ ਪ੍ਰਗਟਾਵਾ ਹੋਵੇਗਾ। ਅਸੀਂ ਤਾਂ ਸਰਕਾਰ ਨੂੰ ਇਹ ਅਪੀਲ ਕਰਾਂਗੇ ਕਿ ਦੀਨਾਨਗਰ ਕਾਂਡ ਤੋਂ ਬਾਅਦ ਪੈਦਾ ਹੋਏ ਤਣਾਅ ਨੂੰ ਦੂਰ ਕਰਨ ਲਈ ਅੱਜ ਪੰਜਾਬ ਦੇ ਅਮਨ-ਚੈਨ ਨੂੰ ਪਕੇਰਾ ਕਰਨ ਲਈ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਕਰ ਕੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਖ਼ਤਮ ਕਰਵਾਉਣਾ ਚਾਹੀਦਾ ਹੈ ਹਰ ਹਾਕਮ ਨੂੰ ਇਹ ਗੱਲ ਘੁੱਟ ਕੇ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਸਿੱਖਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਦੇ ਹੱਲ ਨਾਲ ਹੀ ਪੰਜਾਬ ਦਾ ਅਮਨ-ਚੈਨ ਸਦੀਵੀ ਹੋ ਸਕਦਾ ਹੈ।
ਜਸਪਾਲ ਸਿੰਘ ਹੇਰਾਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.