ਸਿੱਖਾਂ ਦਾ ਉਹ ਆਚਰਣ ਜਿਸ ਦੀ ਤਾਰੀਫ ਦੁਸ਼ਮਣ ਵੀ ਕਰਦੇ ਸਨ ?
ਸਿੱਖ ਨੌਜੁਆਨਾਂ ਦਾ ਜਿਹੜਾ ਸਦਾਚਾਰੀ ਰੂਪ ਮੈਂ ਬਚਪਨ ਤੋਂ ਚੰਡੀਗੜ੍ਹ ਵਿਚ ਵੇਖਦੀ ਆ ਰਹੀ ਸੀ, ਉਹ ਕਿਥੇ ਅਲੋਪ ਹੋ ਗਿਆ?
ਹੁਣ ਤਾਂ 6-7 ਸਾਲ ਹੋ ਗਏ ਹਨ ਚੰਡੀਗੜ੍ਹ ਵਿਚ ਰਹਿੰਦਿਆਂ ਨੂੰ ਤੇ ਹੁਣ ਅਪਣੇ ਆਪ ਨੂੰ ਸੰਭਾਲਣ ਦੀ ਜਾਚ ਆ ਗਈ ਹੈ। ਇਨ੍ਹਾਂ ਭੇੜੀਆਂ ਤੋਂ ਡਰ ਕੇ ਘਰ ਤਾਂ ਨਹੀਂ ਬੈਠ ਸਕਦੇ ਪਰ ਬੜਾ ਅਫ਼ਸੋਸ ਹੁੰਦਾ ਹੈ ਕਿ ਜਿਸ ਕੌਮ ਦੇ ਨੌਜੁਆਨਾਂ ਤੇ ਮਾਣ ਹੁੰਦਾ ਸੀ, ਉਹ ਔਰਤ ਨੂੰ ਬਚਾਉਣ ਵਾਲਿਆਂ ਤੋਂ, ਛੇੜਛਾੜ ਕਰਨ ਵਾਲੇ ਕਿਵੇਂ ਬਣ ਗਏ? ਕੁੱਝ ਦਿਨ ਪਹਿਲਾਂ ਇਕ ਸਿੱਖ ਨੌਜੁਆਨ ਅਦਾਲਤ ਦੇ ਕਟਹਿਰੇ ਵਿਚ ਖੜਾ ਸੀ। ਇਹ ਨੌਜੁਆਨ ਅਪਣੇ ਦੋਸਤ ਦੀ ਕੁੜੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਕਟਹਿਰੇ ਵਿਚ ਖੜਾ ਸੀ। ਜੱਜ ਨੇ ਉਸ ਨੂੰ ਅਪਣੀ ਜ਼ਮੀਰ ਤੇ ਵਿਰਸੇ ਉਤੇ ਝਾਤ ਮਾਰਨ ਲਈ ਆਖਿਆ ਤਾਕਿ ਉਹ ਔਰਤਾਂ ਦੀ ਕਦਰ ਕਰਨੀ ਸਿਖ ਲਵੇ।
ਅਪਣੇ ਵਿਰਸੇ ‘ਤੇ ਝਾਤ ਮਾਰਨ ਲਈ ਉਸ ਨੂੰ ਕਿਹਾ ਗਿਆ ਸੀ ਪਰ ਬਚਪਨ ਦੀ ਯਾਦ ਮੇਰੀ ਤਾਜ਼ਾ ਹੋ ਗਈ। ਜਦ ਮੇਰੀ ਵੱਡੀ ਭੈਣ ਕਾਲਜ ਵਿਚ ਦਾਖ਼ਲ ਹੋਈ ਤਾਂ ਪਾਪਾ ਨੇ ਉਸ ਨੂੰ ਇਕ ਲੂਨਾ ਸਕੂਟਰੀ ਲੈ ਦਿਤੀ। ਸਕੂਟਰੀ ਉਤੇ ਸਵਾਰ ਹੋ ਕੇ ਅਸੀ ਅਪਣੇ ਆਪ ਨੂੰ ਹਵਾ ਵਿਚ ਉਡਦੀਆਂ ਮਹਿਸੂਸ ਕਰਨ ਲਗਦੀਆਂ। ਗੱਡੀਆਂ ਦੇ ਵਿਚੋਂ ਵਿਚ ਲੰਘਦੀਆਂ, ਸੱਭ ਤੋਂ ਅੱਗੇ ਨਿਕਲ ਜਾਂਦੀਆਂ ਸੀ। ਉਸ ਸਮੇਂ ਸੱਤ ਰੁਪਏ ਵਿਚ ਸਕੂਟਰੀ ਦੀ ਪੂਰੀ ਟੈਂਕੀ ਪੈਟਰੌਲ ਨਾਲ ਭਰ ਜਾਂਦੀ ਸੀ। ਜਿਨ੍ਹਾਂ ਨੇ ਕਦੇ ਲੂਨਾ ਚਲਾਈ ਹੋਵੇਗੀ, ਉਹ ਜਾਣਦੇ ਹੀ ਹੋਣਗੇ ਕਿ ਇਹ ਥੋੜੀ ਦੇਰ ਬਾਅਦ ਹੀ ਧੱਕਾ ਸਟਾਰਟ ਬਣ ਜਾਂਦੀ ਸੀ। ਬਾਰਸ਼ ਵਿਚ ਖੜੀ ਹੋ ਜਾਂਦੀ ਸੀ। ਕਦੇ ਕਦੇ ਅਸੀ ਕਿੱਕ ਮਾਰ ਮਾਰ ਕੇ ਥੱਕ ਜਾਣਾ ਤੇ ਫਿਰ ਘਸੀਟ ਕੇ ਉਸ ਨੂੰ ਮਕੈਨਿਕ ਕੋਲ ਲੈ ਜਾਣਾ। ਤਦ ਜਾ ਕੇ ਉਸ ਨੇ ਸਟਾਰਟ ਹੋਣਾ।
ਇਕ ਵਾਰ ਪੀ.ਜੀ.ਆਈ. ਵਿਚ ਲੂਨਾ ਨੇ ਜਵਾਬ ਦੇ ਦਿਤਾ। ਅਸੀ ਦੋਵੇਂ ਕਿੱਕ ਮਾਰ ਮਾਰ ਕੇ ਥੱਕ ਗਈਆਂ। ਸਰਦੀਆਂ ਦੀ ਸ਼ਾਮ ਦਾ ਵਕਤ ਸੀ। ਹਨੇਰਾ ਹੋ ਰਿਹਾ ਸੀ। ਫਿਰ ਇਕ ਗੱਡੀ ਰੁਕੀ ਤੇ ਇਕ ਵੱਟੀਆਂ ਹੋਈਆਂ ਮੁੱਛਾਂ ਵਾਲਾ 6.2 ਫ਼ੁਟ ਦਾ ਲੰਮਾ ਉੱਚਾ ਸਰਦਾਰ ਬਾਹਰ ਆਇਆ। ਅਸੀ ਥੋੜਾ ਘਬਰਾ ਗਏ ਪਰ ਉਸ ਨੇ ਬੜੇ ਸਲੀਕੇ ਨਾਲ ਸਾਡੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਤੇ ਸਾਡੀ ਲੂਨਾ ਇਕ ਕਿੱਕ ਨਾਲ ਹੀ ਚਾਲੂ ਕਰ ਦਿਤੀ। ਫਿਰ ਉਹ ਕਹਿਣ ਲੱਗਾ, “ਤੁਸੀ ਅੱਗੇ ਅੱਗੇ ਚਲੋ, ਮੈਂ ਤੁਹਾਡੇ ਪਿੱਛੇ ਆਉਂਦਾ ਹਾਂ ਤੇ ਤੁਹਾਨੂੰ ਘਰ ਛੱਡ ਕੇ ਆਵਾਂਗਾ।“ ਸਾਡੇ ਘਰ ਤਕ ਉਹ ਅਪਣੀ ਫ਼ੀਏਟ ਗੱਡੀ ਵਿਚ ਆਇਆ। ਉਸ ਤੋਂ ਬਾਅਦ ਅਸੀ ਉਸ ਨੂੰ ਕਈ ਵਾਰ ਵੇਖਿਆ ਪਰ ਉਸ ਨੇ ਕਦੇ ਸਾਡੇ ਉਤੇ ਅਹਿਸਾਨ ਨਾ ਜਤਾਇਆ ਜਾਂ ਇਹ ਦੱਸਣ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਉਹ ਸਾਨੂੰ ਜਾਣਦਾ ਹੈ। ਅਸੀ ਇਸ ਤਰ੍ਹਾਂ ਦੇ ਸਰਦਾਰਾਂ ਨਾਲ ਵੱਡੇ ਹੋਏ ਹਾਂ। ਕਦੇ ਕਿਸੇ ਤੋਂ ਡਰ ਨਹੀਂ ਸੀ ਲਗਦਾ।
ਚੰਡੀਗੜ੍ਹ ਦੇ ਗੇੜੀ ਰੂਟ, ਜਿਸ ਉਤੇ ਸਾਰੇ ਨੌਜੁਆਨ ਗੋਲ ਗੋਲ ਘੁੰਮਦੇ ਰਹਿੰਦੇ ਹਨ ਤੇ ਅਸੀ ਵੀ ਘੁੰਮਦੇ ਸੀ ਪਰ ਡਰ ਨਾਮ ਦੀ ਕੋਈ ਚੀਜ਼ ਨਹੀਂ ਸੀ। ਬੇਫ਼ਿਕਰ, ਬਚਪਨ ਵਿਚ ਪੂਰੀ ਮਸਤੀ ਕਰਦੇ ਸੀ। ਹੋਲੀ, ਦੀਵਾਲੀ ਤੇ ਸਾਰਿਆਂ ਨੇ ਗੇੜੀ ਰੂਟ ਤੇ ਘੁੰਮਣਾ। ਕਦੇ ਕੋਈ ਵਿਰਲਾ ਹੀ ਅਪਣੀ ਹੱਦ ਤੋਂ ਬਾਹਰ ਜਾਂਦਾ। ਪੰਜਾਬ ਯੂਨੀਵਰਸਟੀ ਵਿਚ ਪੜ੍ਹੇ, ਦੇਰ ਸ਼ਾਮ ਤਕ ਲਾਇਬ੍ਰੇਰੀ ਵਿਚ ਬੈਠਣਾ, ਸਟੂਡੈਂਟਸ ਸੈਂਟਰ ਵਿਚ ਖਾਣਾ ਖਾਣਾ ਪਰ ਕਦੇ ਡਰ ਜਾਂ ਘਬਰਾਹਟ ਨਹੀਂ ਸੀ ਹੁੰਦੀ।
ਪੜ੍ਹਾਈ ਤੋਂ ਬਾਅਦ ਕੰਮ ਤੇ ਫਿਰ ਵਿਆਹ ਤੋਂ ਬਾਅਦ ਸ਼ਹਿਰ ਤੋਂ ਬਾਹਰ ਚਲੀ ਗਈ। ਗੇੜੀ ਰੂਟ ਤੇ ਜਾਣਾ ਬੰਦਾ ਹੋ ਗਿਆ। ਫਿਰ ਜਦ ਦਸ ਕੁ ਸਾਲ ਬਾਅਦ ਮੈਂ ਵਾਪਸ ਚੰਡੀਗੜ੍ਹ ਰਹਿਣ ਲਈ ਆਈ ਤਾਂ ਇਥੋਂ ਦੇ ਹਾਲਾਤ ਬਿਲਕੁਲ ਬਦਲ ਗਏ ਸਨ। ਦੀਵਾਲੀ, ਹੋਲੀ ਤੇ ਗੇੜੀ ਰੂਟ ਤੇ ਪੁਲਿਸ ਦਾ ਪਹਿਰਾ ਇਸ ਤਰ੍ਹਾਂ ਲੱਗਾ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਫ਼ਿਰਕੂ ਭੀੜ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੁੰਦਾ ਹੈ। ਪਤਾ ਲੱਗਾ ਕਿ ਇਥੇ ਕੁੜੀਆਂ ਨਾਲ ਛੇੜਛਾੜ ਦੇ ਏਨੇ ਹਾਦਸੇ ਹੋ ਚੁੱਕੇ ਹਨ ਕਿ ਹੁਣ ਪੁਲਿਸ ਨੂੰ ਤਿਉਹਾਰਾਂ ਮੌਕੇ ਨੌਜੁਆਨਾਂ ਉਤੇ ਨਿਗਾਹ ਰਖਣੀ ਪੈਂਦੀ ਹੈ। ਸੱਤ ਸਾਲ ਪਹਿਲਾਂ ਮੈਂ ਅਪਣੇ ਬੱਚਿਆਂ ਅਤੇ ਪ੍ਰਵਾਰ ਨਾਲ ਖਾਣਾ ਖਾਣ ਗਈ। ਇਕ ਨੌਜੁਆਨ ਇਸ ਕਦਰ ਘੂਰ ਰਿਹਾ ਸੀ ਕਿ ਉਸ ਨੂੰ ਵੇਖ ਕੇ ਸਾਫ਼ ਦਿਸ ਰਿਹਾ ਸੀ ਕਿ ਇਸ ਦੇ ਮਨ ਵਿਚ ਕੀ ਚਲ ਰਿਹਾ ਹੈ। ਬੜਾ ਅਜੀਬ ਲੱਗਾ ਕਿ ਜਿਸ ਸ਼ਹਿਰ ਵਿਚ ਅਸੀ ਬੇਪ੍ਰਵਾਹ ਬਚਪਨ ਤੇ ਜਵਾਨੀ ਗੁਜ਼ਾਰੀ ਹੈ, ਉਥੇ ਇਸ ਤਰ੍ਹਾਂ ਦਾ ਮਾਹੌਲ ਕਿਵੇਂ ਬਣ ਗਿਆ ਹੈ? ਪਰ ਇਸ ਨੂੰ ਇਕ ਅਜੀਬ ਹਾਦਸਾ ਸਮਝ ਕੇ ਧਿਆਨ ਨਾ ਦਿਤਾ।
ਫਿਰ ਹੌਲੀ-ਹੌਲੀ ਅਹਿਸਾਸ ਹੋਇਆ ਕਿ ਹੁਣ ਇੱਜ਼ਤ ਨਾਲ ਵੇਖਣ ਵਾਲੀਆਂ ਅੱਖਾਂ ਕਦੇ ਕਦੇ ਹੀ ਮਿਲਦੀਆਂ ਹਨ, ਬਾਕੀ ਸੱਭ ਤਾਂ ਭੁੱਖੇ ਭੇੜੀਆਂ ਵਾਂਗ ਹੀ ਘੂਰਦੇ ਹਨ। ਹੁਣ ਤਾਂ 6-7 ਸਾਲ ਹੋ ਗਏ ਹਨ ਚੰਡੀਗੜ੍ਹ ਵਿਚ ਰਹਿੰਦਿਆਂ ਨੂੰ ਤੇ ਹੁਣ ਅਪਣੇ ਆਪ ਨੂੰ ਸੰਭਾਲਣ ਦੀ ਜਾਚ ਆ ਗਈ ਹੈ। ਇਨ੍ਹਾਂ ਭੇੜੀਆਂ ਤੋਂ ਡਰ ਕੇ ਘਰ ਤਾਂ ਨਹੀਂ ਬੈਠ ਸਕਦੇ ਪਰ ਬੜਾ ਅਫ਼ਸੋਸ ਹੁੰਦਾ ਹੈ ਕਿ ਜਿਸ ਕੌਮ ਦੇ ਨੌਜੁਆਨਾਂ ਤੇ ਮਾਣ ਹੁੰਦਾ ਸੀ, ਉਹ ਔਰਤ ਨੂੰ ਬਚਾਉਣ ਵਾਲਿਆਂ ਤੋਂ, ਛੇੜਛਾੜ ਕਰਨ ਵਾਲੇ ਕਿਵੇਂ ਬਣ ਗਏ? ਉਸ ਨੌਜੁਆਨ ਸਰਦਾਰ ਨੂੰ ਛੇੜਛਾੜ ਕਾਰਨ ਕਟਹਿਰੇ ਵਿਚ ਖੜਾ ਵੇਖ ਕੇ ਡਰ ਜਿਹਾ ਲੱਗਾ ਕਿ ਮੇਰੇ ਪੁੱਤਰ ਵੀ ਉਸ ਕਟਹਿਰੇ ਵਿਚ ਪਹੁੰਚ ਸਕਦੇ ਹਨ। ਪੰਜਾਬ ਦੇ ਇਕ ਵੱਡੇ ਮੰਤਰੀ ਨੇ ਟੀਵੀ ਤੇ ਔਰਤਾਂ ਨੂੰ ‘ਆਈਟਮ’ ਕਿਹਾ, ਚਾਹੇ ਗ਼ਲਤੀ ਨਾਲ ਤੇ ਫਿਰ ਲਫ਼ਜ਼ ਬਦਲ ਵੀ ਲਿਆ ਪਰ ਜ਼ਾਹਰ ਹੈ ਕਿ ਉਨ੍ਹਾਂ ਦੀ ਸੋਚ ਵਿਚ ਔਰਤਾਂ ਇਕ ਵਸਤੂ ਹੀ ਹਨ। ਪੰਜਾਬ ਵਿਚ ਹਰ ਰੋਜ਼ ਬਲਾਤਕਾਰ ਦੇ ਮਾਮਲੇ ਵਧਦੇ ਜਾ ਰਹੇ ਹਨ। ਸਮੂਹਕ ਬਲਾਤਕਾਰ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ।
ਕਿਸੇ ਵੇਲੇ ਦੂਰੋਂ ਕੋਈ ਅਕਾਲੀ ਆਉਂਦਾ ਵੇਖ ਕੇ, ਬਦਮਾਸ਼ ਭੱਜ ਜਾਂਦੇ ਸਨ। ਉਦੋਂ ਅਕਾਲੀ ਅਜੇ ‘ਰਾਜੇ’ ਨਹੀਂ ਸਨ ਬਣੇ ਤੇ ਲੋਕਾਂ ਦੇ ‘ਸੇਵਕ’ ਬਣ ਕੇ ਹੀ ਕੰਮ ਕਰਦੇ ਸਨ। ਪਰ ਹੁਣ ਤਾਂ ਅਕਾਲੀ ਸੋਚ ਹੀ ਦੰਮ ਤੋੜਦੀ ਜਾ ਰਹੀ ਹੈ। ਸਫ਼ੈਦ ਕੁੜਤੇ ਪਜਾਮੇ ਤੇ ਨੀਲੀ ਪੱਗ ਵਾਲੇ ਅਕਾਲੀ ਤਾਂ ਚੰਡੀਗੜ੍ਹ ਵਿਚ ਆਮ ਮਿਲਦੇ ਹਨ ਪਰ ਹਾਕਮ ਦੀ ਨੇੜਤਾ ਪ੍ਰਾਪਤ ਕਰਨ ਦੀ ਤਾਂਘ ਤੇ ਸ਼ਰਾਬ, ਮੁਰਗੇ ਦਾ ਸੇਵਨ ਕਰਨ, ਠਾਠ ਨਾਲ ਰਹਿਣ ਤੋਂ ਸਿਵਾ, ਉਨ੍ਹਾਂ ਦੀਆਂ ਅੱਖਾਂ ਵਿਚ ਹੁਣ ਕੋਈ ਹੋਰ ਸੁਪਨਾ ਨਜ਼ਰ ਨਹੀਂ ਆਉਂਦਾ। ਸਿੱਖੀ ਸੋਚ ਹੁਣ ਸਿਰਫ਼ ਪਹਿਰਾਵੇ ਤਕ ਸੀਮਤ ਹੋ ਕੇ ਰਹਿ ਗਈ ਹੈ।
ਬਾਬਾ ਨਾਨਕ ਜੀ ਨੇ ਤਾਂ ਪਹਿਰਾਵੇ ਨੂੰ ਮਹੱਤਵ ਹੀ ਨਹੀਂ ਸੀ ਦਿਤਾ। ਲੋੜ ਮੁਤਾਬਕ ਉਨ੍ਹਾਂ ਨੇ ਕਦੇ ਸੰਤ ਦਾ ਚੋਗਾ ਪਾ ਲਿਆ ਤੇ ਜਦ ਘਰ ਵਾਪਸ ਆਏ ਤਾਂ ਇਕ ਕਿਸਾਨ ਦਾ ਪਹਿਰਾਵਾ ਪਾ ਲਿਆ। ਪਰ ਉਨ੍ਹਾਂ ਨੇ ਸਾਨੂੰ ਅਪਣੀ ਸੋਚ ‘ਤੇ ਖੜੇ ਰਹਿਣ ਦਾ ਸਬਕ ਦਿਤਾ। ਬਰਾਬਰੀ ਦਾ ਪਾਠ ਪੜ੍ਹਾਇਆ। ਜਿਸ ਧਰਤੀ ਤੇ ਬਾਬਾ ਨਾਨਕ ਵਰਗੇ ਮਹਾਂਪੁਰਸ਼ਾਂ ਨੇ ਜਨਮ ਲਿਆ, ਉਸ ਧਰਤੀ ਤੇ ਔਰਤਾਂ ਦੀ ਬੇਅਦਬੀ, ਬਾਬੇ ਨਾਨਕ ਦੇ ਫ਼ਲਸਫ਼ੇ ਦੀ ਬੇਅਦਬੀ ਹੈ।
ਉਸ ਜੱਜ ਦੇ ਕਹਿਣ ਵਾਂਗ ਸਿਰਫ਼ ਉਸ ਨੌਜੁਆਨ ਨੂੰ ਨਹੀਂ ਬਲਕਿ ਸਾਰੇ ਸਿੱਖਾਂ ਨੂੰ ਅਪਣੇ ਵਿਰਸੇ ਵਲ ਝਾਤ ਮਾਰਨ ਦੀ ਜ਼ਰੂਰਤ ਹੈ। ਜਦ ਇਕ ਸਿੱਖ ਅਪਣੀ ਕੁੱਖ ਵਿਚ ਪਲਦੀ ਬੱਚੀ ਦਾ ਕਤਲ ਕਰਦਾ ਹੈ, ਕਿਉਂਕਿ ਉਸ ਨੂੰ ਇਕ ਮੁੰਡਾ ਚਾਹੀਦਾ ਹੁੰਦਾ ਹੈ, ਉਹ ਸਿੱਖ ਅਖਵਾਉਣ ਦਾ ਹੱਕ ਗਵਾ ਲੈਂਦਾ ਹੈ। ਜਦ ਇਕ ਸਿੱਖ ਅਪਣੀ ਧੀ ਨੂੰ ਪੁੱਤਰ ਦੇ ਬਰਾਬਰ ਪੜ੍ਹਾਈ ਜਾਂ ਪਰਵਰਿਸ਼ ਦਾ ਹੱਕ ਨਹੀਂ ਦਿੰਦਾ ਤਾਂ ਉਹ ਗੁਰੂ ਦਾ ਸਿੱਖ ਨਹੀਂ ਰਹਿੰਦਾ। ਜਦ ਕੋਈ ਸਿੱਖ ਵਿਆਹ ਦਾ ਖ਼ਰਚਾ ਕੁੜੀ ਵਾਲਿਆਂ ਤੇ ਪਾਂਦਾ ਹੈ, ਦਾਜ ਲੈਂਦਾ ਹੈ ਜਾਂ ਵਰ ਖ਼ਰੀਦਦਾ ਹੈ ਤਾਂ ਉਹ ਗੁਰੂ ਦਾ ਸਿੱਖ ਅਖਵਾਉਣ ਦਾ ਹੱਕ ਗਵਾ ਲੈਂਦਾ ਹੈ। ਗੱਲ ਸਿਰਫ਼ ਬਲਾਤਕਾਰੀਆਂ ਦੀ ਨਹੀਂ। ਗੱਲ ਹਰ ਸਿੱਖ ਔਰਤ ਦੀ ਇੱਜ਼ਤ ਦੀ ਹੈ। ਜੇ ਅੱਜ ਸੜਕਾਂ ਤੇ ਫਿਰਦੇ ਸਾਡੇ ‘ਸਰਦਾਰ ਜੀ’ ਅੱਖਾਂ ਵਿਚ ਸ਼ਰਮ ਨਹੀਂ ਰਖਦੇ ਤਾਂ ਘਰਾਂ ਵਿਚ ਕੀ ਇੱਜ਼ਤ ਕਰਦੇ ਹੋਣਗੇ?
ਬਾਬਾ ਨਾਨਕ ਇਕੱਲੇ ਯੁਗ-ਪੁਰਸ਼ ਸਨ ਜਿਨ੍ਹਾਂ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਰਖਿਆ। ਜਦ ਕਿਸੇ ਅਨਜਾਣ ਨੂੰ ਸਿੱਖੀ ਬਾਰੇ ਦਸਦੇ ਹਾਂ ਤਾਂ ਅਸੀ ਸੱਭ ਤੋਂ ਪਹਲਾਂ ਅਪਣੇ ਬਰਾਬਰੀ ਦੇ ਫ਼ਲਸਫ਼ੇ ਬਾਰੇ ਦਸਦੇ ਹਾਂ। ਜਾਤ-ਪਾਤ ਤੇ ਲਿੰਗ ਬਰਾਬਰੀ ਸਾਨੂੰ ਸੱਭ ਤੋਂ ਅਲੱਗ ਬਣਾਉਂਦੀ ਹੈ। ਸਿੱਖ ਘੱਟ ਹੋਣ ਪਰ ਉਹੀ ਹੋਣ ਜੋ ਇਸ ਫ਼ਲਸਫ਼ੇ ਨੂੰ ਅਪਣੇ ਜੀਵਨ ਦੇ ਹਰ ਪਲ ਵਿਚ ਨਿਭਾਉਣ। ਬਾਕੀ ਅਪਣੇ ਆਪ ਨੂੰ ਸਿੱਖ ਨਾ ਅਖਵਾਉਣ ਕਿਉਂਕਿ ਉਨ੍ਹਾਂ ਸਿੱਖਾਂ ਕਾਰਨ ਪੂਰੀ ਕੌਮ ਕਟਹਿਰੇ ਵਿਚ ਖੜੀ ਹੋ ਜਾਂਦੀ ਹੈ। ਸਾਡਾ ਵਿਰਸਾ ਸਾਨੂੰ ਬਰਾਬਰੀ ਸਿਖਾਉਂਦਾ ਹੈ। ਇਹੀ ਸਾਡਾ ਵਿਰਸਾ ਹੈ।
ਨਿਮਰਤ ਕੌਰ