ਸੰਪਾਦਕੀ:
ਕਲਮ ਦੇ ਪੁਰਾਣੇ ਅਤੇ ਨਵੇਂ ਸਾਥੀਆਂ , ਸੂਝਵਾਨ ਪਾਠਕਾਂ ਨਾਲ ਨਵੀਂ ਵੈਬਸਾਈਟ “ thekhalsa.org ” ਰਾਹੀਂ ਵਿਚਾਰ ਸਾਂਝ ਕਰਦਿਆਂ , ਕਿੰਨੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ? ਇਸ ਬਾਰੇ ਤਾਂ ਗੂੰਗੇ ਦੇ ਗੁੜ ਖਾਣ ਵਾਲੀ ਤਸ਼ਬੀਹ ਹੀ ਮੇਰੇ ਸਾਮ੍ਹਣੇ ਹੈ , ਜਿਸ ਦਾ ਬਿਆਨ ਲਫਜ਼ਾਂ ਦੇ ਘੇਰੇ ਤੋਂ ਬਾਹਰਾ ਹੈ ।
ਕਲਮ ਤੋਂ ਵੈਬਸਾਈਟ ਤਕ ਦਾ ਸਫਰ
ਇਸ ਦਾ ਵੀ ਇਕ ਇਤਿਹਾਸ ਹੈ , ਜਿਸ ਨੂੰ ਸੰਖੇਪ ਵਿਚ ਇਉਂ ਕਿਹਾ ਜਾ ਸਕਦਾ ਹੈ , ਐਮਰਜੈਂਸੀ ਵੇਲੇ 1975 ਵਿਚ , ਕਲਮ ਦਾ ਸਫਰ “ ਸੰਤ ਸਿਪਾਹੀ ” ਮਾਸਿਕ ਰਸਾਲੇ ਨਾਲ ਸ਼ੁਰੂ ਹੋਇਆ , ਜਿਸ ਦੁਆਰਾ ਸੁਲਝੇ ਹੋਏ ਲੇਖਕਾਂ , ਜਿਵੇਂ ਡਾ. ਹਰਜਿੰਦਰ ਸਿੰਘ ਦਿਲਗੀਰ , ਡਾ. ਬੀਬੀ ਅਮਰਜੀਤ ਕੌਰ ਇਬਨ , ਡਾ. ਸੁਖਪ੍ਰੀਤ ਸਿੰਘ ਉਦੋਕੇ ਆਦਿ ਨਾਲ , ਆਪਸੀ ਵਿਚਾਰਾਂ ਦੀ ਬੜੇ ਨੇੜੇ ਦੀ ਸਾਂਝ ਹੋਈ । ਇਸ ਦੌਰ ਵਿਚ ਡਾ. ਰਾਜਿੰਦਰ ਕੌਰ (ਸੰਪਾਦਕ ਸੰਤ ਸਿਪਾਹੀ) ਅਤੇ ਉਨ੍ਹਾਂ ਦੇ ਪਤੀ , ਵਿੰਗ ਕਮਾਂਡਰ ਕੰਵਲ ਜੀਤ ਸਿੰਘ ਜੀ ਵਲੋਂ ਮਿਲੀ ਹੌਸਲਾ ਅਫਜ਼ਾਈ ਬਾਰੇ ਸ਼ੁਕਰਾਨਾ ਕਰਨ ਲਈ ਲਫਜ਼ਾਂ ਦੀ ਘਾਟ ਮਹਿਸੂਸ ਕਰ ਰਿਹਾ ਹਾਂ । ਸ੍ਰ. ਕੰਵਲ ਜੀਤ ਸਿੰਘ ਜੀ ਦੇ ਅਕਾਲ ਚਲਾਣੇ ਮਗਰੋਂ , ਜਦ ਸੰਤ ਸਿਪਾਹੀ , ਗੁਰਚਰਨ ਜੀਤ ਸਿੰਘ ਲਾਂਬਾ ਦੇ ਹੱਥ ‘ਚ ਚਲੇ ਗਿਆ ਤਾਂ ਕੁਝ ਵਿਚਾਰਕ ਮਤ-ਭੇਦ ਕਾਰਨ ਸੰਤ ਸਿਪਾਹੀ ਨੂੰ ਅਲਵਿਦਾ ਕਹਿ ਦਿੱਤਾ । ਪਰ ਦਿਲ ਵਿਚ ਇਹ ਜ਼ਰੂਰ ਆਇਆ ਕਿ ਸਿੱਖਾਂ ਦੇ ਮਸਲ੍ਹੇ ਉਠਾਉਣ ਵਾਲਾ ਇਹ ਰਸਾਲਾ ਹੁਣ ਵੀ ਤਾਂ ਇਕ ਸਿੱਖ ਦੇ ਹੱਥ ਵਿਚ ਹੀ ਹੈ , ਫਿਰ ਇਸ ਦਾ ਰੋਲ ਕਿਉਂ ਬਦਲ ਗਿਆ ਹੈ ?
ਥੋੜੀ ਖੋਜ ਮਗਰੋਂ , ਸਪੋਕਸਮੈਨ ਰਸਾਲੇ ਨਾਲ ਵਿਚਾਰ ਸਾਂਝ ਮਹਿਸੂਸ ਕਰਦਿਆਂ , ਉਸ ਵਿਚ ਲਿਖਣਾ ਸ਼ੁਰੂ ਕੀਤਾ । ਕੁਝ ਸਮੇ ਮਗਰੋਂ , ਜਦ ਰੋਜ਼ਾਨਾ ਸਪੋਕਸਮੈਨ ਦੀਆਂ ਗੱਲਾਂ ਚੱਲੀਆਂ , ਤਾਂ ਇਸ ਉਪਰਾਲੇ ਵਿਚ ਆਪਣੀ ਵਿਤ ਮੂਜਬ ਯੋਗਦਾਨ ਪਾਇਆ । ਰੋਜ਼ਾਨਾ ਸਪੋਕਸਮੈਨ ਸ਼ੁਰੂ ਹੋਣ ਵੇਲੇ , ਸ੍ਰ. ਜੋਗਿੰਦਰ ਸਿੰਘ ਜੀ ਨਾਲ ਨੇੜਤਾ ਹੋਣ ਕਾਰਨ ਆਪਣੀਆਂ ਸੇਵਾਵਾਂ ਸਪਕਿਸਮੈਨ ਨੂੰ ਅਰਪਿਤ ਕਰ ਦਿੱਤੀਆਂ । ਰੋਜ਼ਾਨਾ ਸਪੋਕਸਮੈਨ ਦੀ ਪਹਿਲੀ ਟੀਮ , ਸਿੱਖੀ ਨੂੰ ਏਨੀ ਸਮਰਪਿਤ ਸੀ ਕਿ ਉਨ੍ਹਾਂ ਵਿਚੋਂ ਬਹੁਤਿਆਂ ਨਾਲ ਤਾਂ ਘਰੇਲੂ ਸਬੰਧ ਬਣ ਗਏ । ਜਿਨ੍ਹਾਂ ਵਿਚ ਸਪੋਕਸਮੈਨ ਛੱਡਣ ਅਤੇ ਘਰ (ਉਤ੍ਰਾਖੰਡ) ਪਰਤਣ ਤੇ ਵੀ ਕੋਈ ਫਰਕ ਨਹੀਂ ਪਿਆ , ਅੱਜ ਵੀ ਓਵੇਂ ਹੀ ਦੁਖ-ਸੁਖ ਦੀ ਸਾਂਝ ਕਾਇਮ ਹੈ । ਲਗ-ਭਗ ਢਾਈ ਕੁ ਸਾਲ ਦੇ ਇਸ ਸਫਰ ਮਗਰੋਂ , ਤਬੀਅਤ ਕੁਝ ਖਰਾਬ ਹੋਣ ਕਾਰਨ ਵਾਪਸ ਘਰ ਆ ਗਿਆ । ਪਰ ਇਕ ਕਸਕ ਏਥੋਂ ਵੀ ਲੈ ਕੇ ਆਇਆ ਕਿ , ਸਿੱਖੀ ਨੂੰ ਪੂਰੀ ਤਰ੍ਹਾਂ ਸਮਰਪਿਤ , ਏਨੀ ਸ਼ਾਨਦਾਰ ਟੀਮ ਆਖਿਰ ਵਿਖਰ ਕਿਉਂ ਗਈ ?
(ਤਬੀਅਤ ਕੁਝ ਆਜ਼ਾਦ ਹੋਣ ਕਾਰਨ , ਦੁਬਾਰਾ ਨੌਕਰੀ ਬਾਰੇ ਸੋਚ ਹੀ ਨਹੀਂ ਸਕਿਆ)
ਘਰ ਵਿਚ ਹੀ , ਗੁਰਬਾਣੀ ਦੀ ਵਿਚਾਰ , ਜੋ ਸਪੋਕਸਮੈਨ ਵੇਲੇ ਸ਼ੁਰੂ ਹੋਈ ਸੀ ਅਗਾਂਹ ਵਧਾਉਂਦਾ ਰਿਹਾ , ਕੁਝ ਸਿੱਖੀ ਦੇ ਹਾਲਾਤ ਬਾਰੇ ਵੀ ਲਿਖਦਾ ਰਿਹਾ , ਪਰ ਕੁਝ ਕਾਰਨਾ ਕਰ ਕੇ ਇਹ ਸਾਰਾ ਕੁਝ ਘਰ ਵਿਚ ਹੀ ਇਕੱਠਾ ਹੁੰਦਾ ਰਿਹਾ । ਸਪੋਕਸਮੈਨ ਵਿਚ ਹੁੰਦਿਆਂ ਡਾ. ਦਿਲਗੀਰ ਜੀ ਦੇ ਉਦਮ ਸਦਕਾ “ ਆਸਾ ਦੀ ਵਾਰ ਦੀ ਸਰਲ ਵਿਆਖਿਆ ” ਤਾਂ ਛਪ ਗਈ ਸੀ ਪਰ ਉਸ ਦੇ ਮਗਰੋਂ , ਬਹੁਤ ਕੁਝ ਛਪਣ ਯੋਗ ਹੋਣ ਤੇ ਵੀ ਛਪ ਨਹੀਂ ਸਕਿਆ । ਇਸ ਸਭ ਕੁਝ ਨੂੰ ਸਾਂਭਣ ਲਈ , ਇਕ ਕੰਪਿਊਟਰ ਸੈਂਟਰ ਤੋਂ ਕੰਪੋਜ਼ ਕਰਾਉਣਾ ਸ਼ੁਰੂ ਕੀਤਾ । ਪਰ ਉਸ ਵਿਚ ਬਹੁਤ ਜ਼ਿਆਦਾ ਗਲਤੀਆਂ ਹੋਣ ਕਾਰਨ ਇਕ ਲੇਖ ਵੀ ਸਹੀ ਢੰਗ ਨਾਲ ਕੰਪੋਜ਼ ਨਹੀਂ ਹੋਇਆ । ਫਿਰ ਉਹੀ ਲੇਖ , ਕੌਰੀਅਰ ਰਾਹੀਂ ਬੇਟੀ ਭੁਪਿੰਦਰ ਕੌਰ (ਜੋ ਸਪੋਕਸਮੈਨ ਵਿਚ ਮੇਰੇ ਲੇਖ ਕੰਪੋਜ਼ ਕਰਿਆ ਕਰਦੀ ਸੀ) ਨੂੰ ਭੇਜ ਕੇ ਕੰਪੋਜ਼ ਕਰਵਾਇਆ , ਪਰ ਇਸ ਵਿਚ ਸਮਾ ਅਤੇ ਪੈਸਾ ਬਹੁਤ ਖਰਚ ਹੁੰਦਾ ਸੀ , ਜਿਸ ਕਾਰਨ ਇਹ ਵਿਚਾਰ ਵੀ ਛੱਡਣਾ ਪਿਆ ।
ਇਸ ਪਿਛੋਂ , ਕੰਪਿਊਟਰ ਤਾਂ ਮੈਨੂੰ ਉਨ੍ਹਾਂ ਬੱਚਿਆਂ ਨੇ ਲੈ ਦਿੱਤਾ , ਜੋ ਮੇਰੇ ਕੋਲੋਂ ਗੁਰਬਾਣੀ ਦੀ ਸੇਧ ਲਿਆ ਕਰਦੇ ਹਨ , ਪਰ ਉਮਰ 70 ਦੇ ਨੇੜੇ ਅਪੜਨ ਤੇ ਵੀ , ਕੰਪਿਊਟਰ ਦਾ ੳ-ਅ ਆਪ ਹੀ ਸਿਖਣਾ ਪਿਆ । ਇਸ ਦੌਰਾਨ ਹੀ ਵੈਬਸਾਈਟ “ ਸਿੱਖ ਮਾਰਗ . ਕਾਮ ” ਬਾਰੇ ਜਾਣਕਾਰੀ ਹੋਈ । ਵਿਚਾਰਾਂ ਦੀ ਸਾਂਝ ਮਹਿਸੂਸ ਕਰਦਿਆਂ , ਇੰਟਰਨੈਟ ਦਾ ਇੰਤਜ਼ਾਮ ਕਰ ਕੇ , ਆਪਣੇ ਲੇਖ ਅਤੇ ਗੁਰਬਾਣੀ ਵਿਆਖਿਆ , ਉਸ ਵਿਚ ਭੇਜਣੀ ਸ਼ੁਰੂ ਕੀਤੀ । ਸ੍ਰ. ਮੱਖਣ ਸਿੰਘ ਪੁਰੇਵਾਲ ਜੀ ਨੇ ਵੀ ਨਿੱਘਾ ਪਿਆਰ ਦਿੱਤਾ । ਏਸੇ ਦੌਰਾਨ ਹੀ ਜੰਮੂ ਦੇ ਵੀਰ , ਪ੍ਰਿ . ਨਰਿੰਦਰ ਸਿੰਘ ਜੀ ਅਤੇ ਸ੍ਰ. ਰਵਿੰਦਰ ਸਿੰਘ ਪੰਜੌਰ ਜੀ ਨੇ ਆਪਣੀ ਵੈਬਸਾਈਟ “ ਤੱਤ ਗੁਰਮਤਿ ਪਰਿਵਾਰ ” ਸ਼ੁਰੂ ਕੀਤੀ ( ਇਨ੍ਹਾਂ ਨਾਲ ਚੰਦੀਗੜ੍ਹ ਵਿਚ ਰਹਿੰਦਿਆਂ ਹੀ ਵਿਚਾਰਾਂ ਦੀ ਕਾਫੀ ਸਾਂਝ ਹੁੰਦੀ ਰਹਿੰਦੀ ਸੀ) ਕੁਝ ਲੇਖ ਅਤੇ ਗੁਰਬਾਣੀ ਵਿਆਖਿਆ , ਇਨ੍ਹਾਂ ਨੂੰ ਵੀ ਭੇਜਣੀ ਸ਼ੁਰੂ ਕੀਤੀ । ਉਸ ਮਗਰੋਂ ਇਹ ਰਾਬਤਾ “ ਸਿੰਘ ਸਭਾ ਯੂ. ਐਸ. ਏ.” ਅਤੇ “ ਖਾਲਸਾ ਨਿਊਜ਼ ” ਨਾਲ ਵੀ ਸਥਾਪਤ ਹੋ ਗਿਆ ।
ਇਵੇਂ ਕੁਝ ਸਮਾਂ ਤਾਂ ਠੀਕ ਲੰਘਿਆ , ਪਰ ਇਕ ਗੱਲ ਬਹੁਤ ਸ਼ਿੱਦਤ ਨਾਲ ਮਹਿਸੂਸ ਹੁੰਦੀ ਰਹੀ ਕਿ ਸਾਡਾ ਸਾਰਿਆਂ ਦਾ ਦਰਦ ਇਕ ਹੈ , ਜਿਸ ਨੂੰ ਦੂਰ ਕਰਨ ਦੀ ਦਵਾਈ ਵੀ ਇਕ ਹੀ ਹੈ , ਫਿਰ ਕੀ ਕਾਰਨ ਹੈ ਕਿ ਲੇਖਕ ਵੀਰ , ਦਵਾਈ ਨੂੰ ਨਿਸਚਿਤ ਕਰਨ ਦੀ ਥਾਂ , ਉਸ ਦਵਾਈ ਤੇ ਹੀ ਕਿੰਤੂ ਕਰਦੇ , ਆਪਸ ਵਿਚ ਹੀ ਕਿਉਂ ਉਲਝੇ ਪਏ ਹਨ ?
(ਜਿਸ ਕਾਰਨ ਦਰਦ ਤਾਂ ਹਰ ਪਲ ਵੱਧ ਰਿਹਾ ਹੈ , ਪਰ ਅਸੀਂ ਦਵਾਈ ਬਾਰੇ ਫੈਸਲਾ ਨਹੀਂ ਕਰ ਰਹੇ )
ਇਹ ਵੀ ਮਹਿਸੂਸ ਹੋਇਆ ਕਿ ਕੁਝ ਵਿਦਵਾਨ ਵੀਰਾਂ ਵਲੋਂ ਗੁਰਬਾਣੀ ਨੂੰ ਸਮਝਣ ਦੀ ਥਾਂ , ਗੁਰਬਾਣੀ ਦੀ ਵਿਆਖਿਆ (ਜੋ ਅੱਜ ਤਕ ਪੁਜਾਰੀਆਂ ਵਲੋਂ ਵੈਦਿਕ ਮਾਨਤਾਵਾਂ ਅਨੁਸਾਰ ਕੀਤੀ ਜਾਂਦੀ ਰਹੀ ਹੈ , ਜਿਸ ਕਾਰਨ ਸਿੱਖੀ ਬ੍ਰਾਹਮਣ-ਵਾਦ ਵੱਲ ਨੂੰ ਉਲਾਰ ਹੋਈ ਰਹੀ ) ਪਦਾਰਥ-ਵਾਦ ਅਨੁਸਾਰ ਕਰਦੇ , ਉਸ ਨੂੰ ਦੂਸਰੇ ਪਾਸੇ ਵੱਲ ਉਲਾਰ ਰਹੇ ਹਨ , (ਗੁਰਬਾਣੀ ਦੀਆਂ ਗੱਲਾਂ ਦੇ ਵੀ , ਦੁਨਿਆਵੀ ਪਦਾਰਥਾਂ ਵਾਙ ਠੋਸ ਸਬੂਤ ਮੰਗਦੇ ਪਏ ਹਨ) । ਗੁਰਬਾਣੀ ਦੇ ਨਵੇਕਲੇ ਸਿਧਾਂਤ ਨੂੰ ਉਜਾਗਰ ਕਰਨ ਲਈ ਇਸ ਰੁਝਾਨ ਨੂੰ ਰੋਕਣਾ ਹੈ ਤਾਂ ਆਪਣਾ ਇਕ ਪਲੇਟਫਾਰਮ ਹੋਣਾ ਹੀ ਚਾਹੀਦਾ ਹੈ । ਨਹੀਂ ਤਾਂ ਭੋਲੇ-ਭਾਲੇ ਸਿੱਖਾਂ ਲਈ , ਬਾਕੀ ਮਸਲ੍ਹਿਆਂ ਵਾਙ ਇਹ ਮਸਲ੍ਹਾ ਵੀ ਅਣ-ਸੁਲਝਿਆ ਹੀ ਰਹਿ ਜਾਣਾ ਹੈ । ਇਹ ਵਿਚਾਰ ਵੀ , ਇਸ ਵੈਬਸਾਈਟ ਦੇ ਹੋਂਦ ਵਿਚ ਆਉਣ ਦਾ ਵੱਡਾ ਕਾਰਨ ਹੈ ।
(ਆਉਣ ਵਾਲੇ ਸਮੇ ਵਿਚ ਗੁਰਬਾਣੀ ਦੇ ਨਵੇਕਲੇ ਸਿਧਾਂਤ ਨੂੰ ਖੁੱਲ੍ਹ ਕੇ ਵਿਚਾਰਿਆ ਜਾਵੇਗਾ )
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿਚ ਰੱਖਦੇ ਮੈਂ ਆਪਣੀ ਵੈਬਸਾੲਟ (ਜੋ ਕਾਫੀ ਸਮੇ ਤੋਂ ਵਿਚਾਰ ਅਧੀਨ ਸੀ) ਛੇਤੀ ਤੋਂ ਛੇਤੀ ਪੂਰਨ ਕਰਨ ਦਾ ਮਨ ਬਣਾ ਲਿਆ । ਜਿਸ ਦੇ ਸਿੱਟੇ ਵਜੋਂ ਅੱਜ “ thekhalsa.org” ਤੁਹਾਡੀ ਖਿਦਮਤ ਵਿਚ ਪੇਸ਼ ਹੈ ।
ਮੈਂ ਉਨ੍ਹਾਂ ਭੈਣਾਂ ਵੀਰਾਂ , ਬੱਚੇ ਬੱਚੀਆਂ ਦਾ ਰਿਣੀ ਹਾਂ , ਜਿਨ੍ਹਾਂ ਨੇ ਮੈਨੂੰ ਇਸ ਸਫਰ ਵਿਚ , ਕਿਸੇ ਪੱਖ ਤੋਂ ਵੀ ਸਹਿਯੋਗ ਦਿੱਤਾ ਹੈ । ਜਿਵੇਂ ,
ਸ੍ਰ. ਪ੍ਰਤਿਪਾਲ ਸਿੰਘ ਐਮ. ਸੀ. ਏ. ਜਿਨ੍ਹਾਂ ਨੇ ਇਹ ਵੈਬਸਾਈਟ ਤਿਆਰ ਕਰਨ ਵਿਚ ਪੂਰਾ ਸਹਿਯੋਗ ਦਿੱਤਾ ਹੈ , ਜੋ ਹਰ ਵੇਲੇ ਵਿਚਾਰ-ਸਾਂਝ ਨਾਲ , ਮੈਨੂੰ ਫੇਸਲੇ ਲੈਣ ਵਿਚ ਸਹਿਯੋਗ ਦਿੰਦੇ ਹਨ । ਸ੍ਰ. ਜੀਤ ਸਿੰਘ , ਬੀਬੀ ਮਨਦੀਪ ਕੌਰ , ਸ੍ਰ. ਪਰਦੀਪ ਸਿੰਘ ਬੀ. ਟੈਕ. , ਬੀਬੀ ਦਲਜੀਤ ਕੌਰ , ਜੋ ਹਰ ਵੇਲੇ ਮੇਰੀ ਕਿਸੇ ਵੀ ਆਰਥਿਕ ਔਕੜ ਦਾ ਭਾਰ ਵੰਡਾਉਂਦੇ ਹਨ । ਬੇਟੀ ਸੁਕ੍ਰਿਤ ਕੌਰ , ਬੇਟਾ ਸੁਖਬੀਰ ਸਿੰਘ ਅਤੇ ਪੋਤੇ ਰਛਪਾਲ ਸਿੰਘ ਅਤੇ ਨਵਜੋਤ ਸਿੰਘ , ਜੋ ਹਰ ਵੇਲੇ , ਮੇਰੀ ਕੰਪਿਊਟਰ ਸਬੰਧੀ ਕਿਸੇ ਵੀ ਔਕੜ ਨੂੰ ਦੂਰ ਕਰਨ ਦਾ ਉਪਰਾਲਾ ਕਰਦੇ ਹਨ ।
ਡਾ, ਹਰਜਿੰਦਰ ਸਿੰਘ ਦਿਲਗੀਰ ਜੀ . ਸ੍ਰ. ਗੁਰਤੇਜ ਸਿੰਘ ਜੀ ਆਈ. ਏ. ਐਸ. ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ , ਸ੍ਰ ਸੁਖਦੇਵ ਸਿੰਘ ਜੀ (ਸਾਬਕਾ ਐਡੀਟਰ ਸਪੋਕਸਮੈਨ) ਸ੍ਰ ਹਰਦੇਵ ਸਿੰਘ ਸ਼ੇਰਗਿਲ ਜੀ (ਅਡੀਟਰ ਸਿੱਖ ਬੁਲਿਟਨ) ਡਾ. ਗੁਰਸ਼ਰਨ ਜੀਤ ਸਿੰਘ ਜੀ (ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ) ਪ੍ਰਿੰ. ਸੁਰਜੀਤ ਸਿੰਘ ਜੀ ਮਿਸ਼ਨਰੀ (ਦਿੱਲੀ) ਗਿਆਨੀ ਜਗਤਾਰ ਸਿੰਘ ਜਾਚਕ ਜੀ . ਸ੍ਰ. ਰਾਜਿੰਦਰ ਸਿੰਘ ਜੀ (ਖਾਲਸਾ ਪੰਚਾਇਤ) ਡਾ. ਬਲਵਿੰਦਰ ਸਿੰਘ ਥਿੰਦ (ਲਵਲੀ ਯੂਨੀਵਰਸਿਟੀ) ਬੀਬੀ ਤਜਿੰਦਰ ਕੌਰ ਥਿੰਦ (ਸਬ-ਐਡੀਟਰ ਪਹਿਲਾਂ ਸਪੋਕਸਮੈਨ , ਹਾਲ ਪੰਜਾਬੀ ਜਾਗਰਣ ਜਲੰਧਰ) ਡਾ. ਸੰਦੀਪ ਕੌਰ (ਲਵਲੀ ਯੂਨੀਵਰਸਿਟੀ) ਜਿਨ੍ਹਾਂ ਨੇ ਆਪਣੇ ਵਿਚਾਰਾਂ ਰਾਹੀਂ ਅਕਸਰ ਹੀ ਮੇਰਾ ਮਾਰਗ-ਦਰਸ਼ਨ ਕੀਤਾ ਹੈ ।
ਸ੍ਰ. ਉਪਕਾਰ ਸਿੰਘ ਜੀ ਫਰੀਦਾਬਾਦ , ਬੇਟੀ ਹਰਬੰਸ ਕੌਰ . ਸ੍ਰ ਜਸਬਿੰਦਰ ਸਿੰਘ ਦੁਬਈ . ਸ੍ਰ. ਜਸਬੀਰ ਸਿੰਘ ਕੈਲਗਰੀ . ਕਰਨਲ ਗੁਰਦੀਪ ਸਿੰਘ ਜੀ . ਸ੍ਰ. ਸੁਖਦੇਵ ਸਿੰਘ ਜੀ . ਅਤੇ ਉਨ੍ਹਾਂ ਦਾ ਸਾਰਾ ਜਥਾ {ਮੁਹਾਲੀ) ਸ੍ਰ. ਦਲੀਪ ਸਿੰਘ ਕਸ਼ਮੀਰੀ ਜੀ . ਸ੍ਰ. ਕਿਰਪਾਲ ਸਿੰਘ ਜੀ (ਬਠਿੰਡਾ) ਸ੍ਰ. ਗੁਰਮੀਤ ਸਿੰਘ ਜੀ (ਆਸਟਰੇਲੀਆ) ਸ੍ਰ. ਗੁਰਿੰਦਰ ਸਿੰਘ ਮਹਿੰਦੀਰੱਤਾ ਜੀ (ਸਪੋਕਸਮੈਨ) ਕਰਨਲ ਮਨਮੋਹਣ ਸਿੰਘ ਜੀ (ਮੁਹਾਲੀ) ਸ੍ਰ. ਗੁਰਸੇਵਕ ਸਿੰਘ ਧੌਲ਼ਾ. ਸ੍ਰ. ਜੋਗਿੰਦਰ ਸਿੰਘ ਤੱਖਰ , ਸ੍ਰ. ਹਰਲਾਜ ਸਿੰਘ ਬਹਾਦਰਪੁਰ , ਸ੍ਰ. ਗੁਰਦੇਵ ਸਿਂਘ ਸੰਧੇਵਾਲੀਆ , ਸ੍ਰ ਤਰਲੋਚਨ ਸਿੰਘ ਦੁਪਾਲਪੁਰ , ਸ੍ਰ ਗੁਰਮੀਤ ਸਿੰਘ ਕਾਦਿਆਨੀ , ਸ੍ਰ ਇੰਦਰਜੀਤ ਸਿੰਘ ਕਾਨਪੁਰ , ਸ੍ਰ ਹਰਦੇਵ ਸਿੰਘ ਜੰਮੂ , ਬੀਬੀ ਸਰਵਜੀਤ ਕੌਰ (ਬਸੀ ਪਠਾਣਾ) ਬੇਟੀ ਜਸਮੀਤ ਕੌਰ , ਬੀਬੀ ਮਨਜੀਤ ਕੌਰ , ਬੇਟੀ ਅਮਨਪ੍ਰੀਤ ਕੌਰ , ਬੇਟਾ ਗੁਰਪ੍ਰੀਤ ਸਿੰਘ , ਸ੍ਰ ਦਰਸ਼ਨ ਸਿੰਘ , ਬੀਬੀ ਗੁਰਮੀਤ ਕੌਰ , ਬੀਬੀ ਪਲਵਿੰਦਰ ਕੌਰ , ਸ੍ਰ ਪਰਮਜੀਤ ਸਿੰਘ (ਪਰਚਾਰਕ) ਡਾ. ਹਰਪਾਲ ਸਿੰਘ , ਡਾ, ਸਿਮਰਨ ਜੀਤ ਕੌਰ , ਸ੍ਰ ਸੰਦੀਪ ਸਿੰਘ , ਬੇਟੀ ਜਸਲੀਨ ਕੌਰ , ਸ੍ਰ ਗੁਰਪੇਜ ਸਿੰਘ (ਸਭ ਉਤ੍ਰਾਖੰਡ) ਬੀਬੀ ਸੰਦੀਪ ਕੌਰ ਭੁਲਰ (ਸਾਬਕਾ ਸਬ ਐਡੀਟਰ , ਸਪੋਕਸਮੈਨ) ਬੀਬੀ ਜਗਮੋਹਨ ਕੌਰ (ਬਸੀ ਪਠਾਣਾ) ਇਹ ਉਹ ਹਸਤੀਆਂ ਹਨ , ਜਿਨ੍ਹਾਂ ਨਾਲ ਅਕਸਰ ਹੀ ਮੇਰਾ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਹੈ ।
ਇਨ੍ਹਾਂ ਤੋਂ ਇਲਾਵਾ ਕੁਝ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਦਾ ਜ਼ਿਕਰ ਕੀਤੇ ਬਗੈਰ ਇਹ ਸੂਚੀ ਅਧੂਰੀ ਹੀ ਰਹੇਗੀ , ਜਿਵੇਂ ਬੀਬੀ ਜਗਜੀਤ ਕੌਰ ਜੀ (ਸਪੋਕਸਮੈਨ) ਜਿਨ੍ਹਾਂ ਤੋਂ ਇਕ ਭੈਣ ਵਾਲਾ ਨਿੱਘਾ ਪਿਆਰ ਮਿਲਿਆ । ਇੰਸਪੈਕਟਰ ਜੋਗਿੰਦਰ ਸਿੰਘ ਜੀ (ਨਵਾਂ ਸ਼ਹਿਰ) ਜਿਨ੍ਹਾਂ ਨੇ ਮੇਰੀ ਬਿਮਾਰੀ ਤੋਂ ਚਿੰਤਤ ਹੋ ਕੇ , ਬਿਨਾ ਕਿਸੇ ਸਵਾਰਥ ਦੇ ਮੇਰੇ ਲਈ ਬਹੁਤ ਕੁਝ ਕੀਤਾ । ਅਖੀਰ ਵਿਚ ਮੈਂ ਅਹਿਸਾਨ ਮੰਦ ਹਾਂ ਆਪਣੀ ਜੀਵਨ ਸਾਥਣ ਸੁਰਿੰਦਰ ਕੌਰ ਚੰਦੀ ਦਾ , ਜਿਸ ਵਲੋਂ , ਮੇਰੀਆਂ ਸਰੀਰਕ ਲੋੜਾਂ ਦਾ ਖਿਆਲ ਰੱਖਣ ਕਾਰਨ ਮੈਂ ਇਸ ਉਮਰ ਵਿਚ ਵੀ ਕੰਮ ਕਰਨ ਲਾਇਕ ਹਾਂ ।
ਹੁਣ ਮੁੜਦੇ ਹਾਂ ਵੈਬਸਾਈਟ ਦੀ ਪਾਲਿਸੀ ਵੱਲ
* ਇਸ ਦੀ ਮੁਢਲੀ ਪਾਲਿਸੀ ਹੈ , ਗੁਰਮਤਿ ਦੇ ਸਿਧਾਂਤਾਂ ਅਨੁਸਾਰ , ਹਰ ਇੰਸਾਨ ਨੂੰ ਇਕ ਅਕਾਲ-ਪੁਰਖ ਨਾਲ ਜੋੜਨ ਦਾ ਉਪਰਾਲਾ ਕਰਨਾ , ਜਿਸ ਨਾਲ ਉਹ , ਅਕਾਲ-ਪੁਰਖ ਦੀ ਰਜ਼ਾ , ਉਸ ਦੇ ਹੁਕਮ ਨਾਲ ਇਕ-ਮਿਕ ਹੋ ਕੇ , ਸਮਾਜ ਵਿਚ ਚੰਗੀਆਂ ਪੈੜਾਂ ਪਾਉਂਦਿਆਂ , ਆਪਣੀ ਜ਼ਿੰਦਗੀ ਸਫਲ ਕਰ ਸਕੇ ।
* ਇਸ ਦੀ ਮਦਦ ਨਾਲ , ਮਨ-ਮਤਿ ਦੀ ਘੁੰਮਣ-ਘੇਰੀ ਵਿਚ ਫਸੇ ਪੰਥ ਨੂੰ , ਇਸ ਘੁੰਮਣ-ਘੇਰੀ ‘ਚੋਂ ਬਾਹਰ ਕੱਢਣ ਦਾ ਹਰ ਸੰਭਵ ਪਰਿਆਸ ਕੀਤਾ ਜਾਵੇਗਾ ।
* ਇਸ ਵਿਚ ਗੁਰਮਤਿ ਦੇ ਮੁਢਲੇ ਸਿਧਾਂਤਾਂ ਤੇ ਕਿੰਤੂ-ਪ੍ਰੰਤੂ ਕਰਦਾ ਕੋਈ ਲੇਖ ਨਹੀਂ ਪਾਇਆ ਜਾਵੇਗਾ ।
* ਇਸ ਵਿਚ ਰਚਨਾਵਾਂ , ਕਿਸੇ ਵਿਅਕਤੀ ਨੂੰ ਮੁੱਖ ਰਖ ਕੇ ਨਹੀਂ , ਗੁਰਮਤਿ ਅਨੁਸਾਰੀ ਗਿਆਨ ਦੇ ਆਧਾਰ ਤੇ ਪਾਈਆਂ ਜਾਣਗੀਆਂ ।
* ਨਵੀਆਂ ਕਲਮਾਂ (ਖਾਸ ਕਰ ਬੱਚੀਆਂ) ਨੂੰ ਉਤਸ਼ਾਹਤ ਕੀਤਾ ਜਾਵੇਗਾ ।
* ਇਹ ਵੈਬਸਾਈਟ ਸਭ ਦੀ ਸਾਂਝੀ ਹੋਣ ਕਾਰਨ , ਇਸ ਵਿਚੋਂ ਕਿਸੇ ਨੂੰ ਵੀ ਪੱਕੇ ਤੌਰ ਤੇ ਨਹੀਂ ਛੇਕਿਆ ਜਾਵੇਗਾ ।
* ਇਸ ਦੇ ਆਧਾਰ ਤੇ ਕਿਸੇ ਧੜੇ ਦਾ ਨਿਰਮਾਣ ਨਹੀਂ ਕੀਤਾ ਜਾਵੇਗਾ , ਇਸ ਦਾ ਧੜਾ ਖਾਲੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਹੋਵੇਗਾ , ਜਿਸ ਦੀ ਸਿਖਿਆ ਦੇ ਆਧਾਰ ਤੇ ਸਿੱਖੀ ਵਿਚੋਂ ਧੜੇ-ਬੰਦੀ ਨੂੰ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ।
* ਇਸ ਵਿਚ ਕਿਸੇ ਵਿਅਕਤੀ ਨੂੰ ਸੰਬੋਧਿਤ , ਕੋਈ ਲੇਖ ਨਹੀਂ ਪਾਇਆ ਜਾਵੇਗਾ , ਹਰ ਲੇਖ ਪਾਠਕਾਂ ਨੂੰ ਸੰਬੋਧਿਤ ਹੋਵੇਗਾ , ਲੇਖ ਵਿਚ ਕਿਸੇ ਵਿਅਕਤੀ ਬਾਰੇ ਵੇਰਵਾ ਦਿੱਤਾ ਜਾ ਸਕਦਾ ਹੈ , ਪਰ ਉਸ ਵਿਚ ਵੀ ਵੈਬਸਾਈਟ ਦੇ ਮਾਨ-ਸਨਮਾਨ ਦਾ ਖਿਆਲ ਰੱਖਿਆ ਜਾਣਾ ਜ਼ਰੂਰੀ ਹੈ ।
* ਜੇ ਕਿਸੇ ਨੁਕਤੇ ਬਾਰੇ ਵਿਚਾਰ ਕਰਨਾ ਜ਼ਰੂਰੀ ਮਹਿਸੂਸ ਕੀਤਾ ਜਾਵੇਗਾ , ਤਾਂ ਇਕ ਡਿਸਕਸ਼ਨ-ਫੋਰਮ ਬਣਾ ਲਿਆ ਜਾਵੇਗਾ , ਜੋ ਸਿਰਫ ਉਸ ਵਿਚ ਭਾਗ ਲੈਣ ਵਾਲਿਆਂ ਲਈ ਹੀ ਖੁਲ੍ਹਾ ਹੋਵੇਗਾ । ਉਸ ਵਿਚਲੀ ਕੋਈ ਗੱਲ ਵੀ ਤਦ ਤਕ ਜੰਤਕ ਨਹੀਂ ਕੀਤੀ ਜਾਵੇਗੀ , ਜਦ ਤਕ ਸਰਬੱਤ-ਖਾਸਾ ਦੀ ਤਰਜ਼ ਤੇ , ਉਸ ਨੁਕਤੇ ਬਾਰੇ ਸਰਵ-ਸੰਮਤੀ ਨਹੀਂ ਹੋ ਜਾਂਦੀ ।
ਇਸ ਦੀ ਲਾਂਚਿੰਗ ਮਿਤੀ ?
ਜਦ ਇਸ ਦੀ ਲਾਂਚਿੰਗ ਮਿਤੀ ਮਿਥਣ ਲੱਗੇ ਤਾਂ ਕਈ ਸਾਰੇ ਵਿਚਾਰ ਆਏ ਪਰ ਅਖੀਰ ਵਿਚ ਸਰਬ-ਸੰਮਤੀ ਨਾਲ ਇਹ ਫੈਸਲਾ ਹੋਇਆ ਕਿ ਇਸ ਨੂੰ ਉਸ ਦਿਨ ਲਾਂਚ ਕੀਤਾ ਜਾਵੇ ਜਿਸ ਦਿਨ ਨੇ ਪੰਥ ਦੀ ਤਕਦੀਰ ਹੀ ਬਦਲ ਦਿੱਤੀ , ਜਿਸ ਦਿਨ ਨੇ ਸਿੱਖ ਮਾਨਸਿਕਤਾ ਤੇ ਸਭ ਤੋਂ ਵੱਧ ਪ੍ਰਭਾਵ ਪਾਇਆ । ਯਾਨੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮੱਰਪਿਤ ਕਰਦਿਆਂ , 27 ਦਿਸੰਬਰ 1704 ਦੀ ਯਾਦ ਵਿਚ 27 ਦਿਸੰਬਰ ਨੂੰ ਹੀ ਲਾਂਚ ਕਤਿਾ । ਹੋ ਸਕਦਾ ਹੈ ਕਿ ਇਹ ਵੈਬਸਾਈਟ ਵੀ ਸਾਰੇ ਪੰਥ ਨੂੰ ਇਕੱਠਾ ਕਰ ਕੇ ਪੰਥ ਦੀ ਤਕਦੀਰ ਬਦਲਣ ਵਿਚ ਕਾਮਯਾਬ ਹੋ ਜਾਵੇ ,
ਕੌਨ ਕਹਿਤਾ ਹੈ ਆਸਮਾਂ ਮੇਂ ਛੇਦ ਹੋ ਨਹੀਂ ਸਕਤਾ
ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ ।
ਪੂਰੀ ਤਬੀਅਤ ਨਾਲ , ਬਿਨਾ ਕਿਸੇ ਲਗ-ਲਪੇਟ , ਲਾਲਚ-ਸਵਾਰਥ , ਕਿਸੇ ਵਿਤਕਰੇ-ਭੇਦਭਾਵ ਤੋਂ ਰਹਿਤ ਉਪਰਾਲਾ ਕਰ ਰਹੇ ਹਾਂ , ਕਰਤਾਰ ਮਿਹਰ ਕਰੇ
ਅੰਤ ਵਿਚ ਸਾਰੇ ਹੀ ਪੰਥ-ਦਰਦੀ ਵੀਰਾਂ ਭੈਣਾਂ ਨੂੰ ਬਿਨਾ ਕਿਸੇ ਭਿੰਨ-ਭੇਦ ਦੇ ਅਪੀਲ ਹੈ ਕਿ ਆਉ , ਇਕ ਦੂਸਰੇ ਦੇ ਸਹਿਯੋਗ ਨਾਲ ਪੰਥਿਕ ਵੇਹੜੇ ਨੂੰ ਸਾਫ ਕਰਨ ਦਾ ਉਪਰਾਲਾ ਕਰੀਏ । ਪੰਥ ਵਿਚੋਂ ਬੰਦਿਆਂ ਨੂੰ ਛੇਕਣ ਦੀ ਗਲਤ ਪਿਰਤ ਬੰਦ ਕਰ ਕੇ , ਗਲਤ ਵਿਚਾਰਾਂ ਨੂੰ ਛੇਕਣ ਦੀ ਪਿਰਤ ਪਾਈਏ । ਇਹ ਵੈਬਸਾਈਟ ਸਭ ਦੀ ਸਾਂਝੀ ਹੈ , ਕਿਸੇ ਦੇ ਬਾਪ ਦੀ ਬਪੌਤੀ ਨਹੀਂ ਹੈ ।
ਹਾਂ ਪੱਖੀ ਹੁੰਗਾਰੇ ਦੀ ਉਮੀਦ ਵਿਚ
ਅਮਰ ਜੀਤ ਸਿੰਘ ਚੰਦੀ
ਫੋਨ:- 074170 27300