-: ਮਰੀ ਗਾਂ ਕਿਸਨੇ ਜਿਉਂਦੀ ਕੀਤੀ :-
ਜਿਉਣਵਾਲਾ ਦੇ ਲੇਖ- “ਸਾਡੇ ਅਖਬਾਰ ਦੇ ਐਡੀਟਰ ਦੀ ਖਰੀਦੀ ਪੱਤਰਕਾਰੀ ਦੀਆਂ ਨਿਸ਼ਾਨੀਆਂ” ਦੇ ਸੰਬੰਧ ਵਿੱਚ:-
ਜਿਉਣਵਾਲਾ ਜੀ! “ਸਾਡੇ ਅਖਬਾਰ ਦੇ ਐਡੀਟਰ …” ਤੁਹਾਡਾ ਇਹ ਲੇਖ-ਨੁਮਾਂ ਪੱਤਰ ਕਿਸ ਨੂੰ ਸੰਬੋਧਿਤ ਹੈ ਅਤੇ ਇਹ ਪੱਤਰ/ ਲੇਖ ਲਿਖਣ ਪਿੱਛੇ ਸਾਰੀ ਕਹਾਣੀ ਕੀ ਹੈ ਇਸ ਨਾਲ ਮੇਰਾ ਕੋਈ ਸਰੋਕਾਰ ਨਹੀਂ। ਨਾ ਹੀ ਮੇਰਾ ਇਹ ਜਵਾਬੀ ਲੇਖ ਕਿਸੇ ਵਿਅਕਤੀ ਖਾਸ ਦੇ ਸਮਰਥਨ ਜਾਂ ਵਿਰੋਧ ਵਿੱਚ ਹੈ। ਮੈਨੂੰ ਤੁਹਾਡੇ ਵੱਲੋਂ ਪੇਸ਼ ਕੀਤੀਆਂ ਗਈਆਂ ਕੁੱਝ ਗੱਲਾਂ ਇਤਰਾਜ ਯੋਗ ਲੱਗਦੀਆਂ ਹਨ, ਇਸ ਲਈ ਵਿਚਾਰ ਸਾਂਝੇ ਕਰ ਰਿਹਾ ਹਾਂ।ਤੁਸੀਂ ਲਿਖਿਆ ਹੈ- “…ਮੈਨੂੰ ਇੰਝ ਲੱਗਿਆ ਜਿਵੇਂ ਤੁਸੀਂ …. ਜੇ ਕੋਈ ਮਰੀ ਗਾਂ ਜਿਉਂਦੀ ਕਰੇ ਉਸਦੇ ਸਿੱਖ ਹੋ”।
ਅਗੇ ਤੁਸੀਂ ਭੈਰਉ ਰਾਗ ਦਾ ਨਾਮਦੇਉ ਜੀ ਦਾ ਸ਼ਬਦ ਪੇਸ਼ ਕਰਕੇ (ਜਿਸ ਨੂੰ ਤੁਸੀਂ ਸਲੋਕ ਦੱਸਿਆ ਹੈ) ਲਿਖਿਆ ਹੈ-
“ਇਸ ਸਲੋਕ ਵਿੱਚ ਪਹਿਲਾਂ ਗਾਂ ਜਿਉਂਦੀ ਕਰਨ ਦੀ ਗੱਲ ਹੈ, ਫਿਰ ਵੱਛੜਾ ਛੱਡ ਕੇ ਗਾਂ ਚੋਣ ਦੀ ਗੱਲ ਹੈ, ਬਾਲਟੀ ਦੁਧ ਦੀ ਭਰ ਲਈ ਜਾਂਦੀ ਹੈ ਤੇ ਕਾਜੀ ਤੇ ਮੁੱਲਾਂ ਨੇ ਹਿੰਦੂ ਦੀ ਗਾਂ ਬਖਸ਼ ਵੀ ਦਿੱਤੀ।”
“… ਜਦੋਂ ਕਿ ਇਸੇ ਸਲੋਕ ਦੇ ਅਰੰਭ ਵਿੱਚ ਨਾਮਦੇਵ ਜੀ ਆਪ ਲਿਖਦੇ ਹਨ,
‘ਬਾਦਿਸਾਹ ਐਸੀ ਕਿਉ ਹੋਇ॥ ਬਿਸਮਿਲਿ ਕੀਆ ਨ ਜੀਵੈ ਕੋਇ॥3॥
ਮੇਰਾ ਕੀਆ ਕਛੂ ਨ ਹੋਇ॥ਕਰਿ ਹੈ ਰਾਮੁ ਹੋਇ ਹੈ ਸੋਇ॥4॥’
ਕੀ ਭਗਤ ਨਾਮਦੇਵ ਜੀ ਆਪਣੇ ਸ਼ਬਦ ਦੇ ਉਲਟ ਕੰਮ ਕਰ ਰਹੇ ਹਨ?”
ਵਿਚਾਰ- ਗੁਰਚਰਨ ਸਿੰਘ ਜੀ! ਸ਼ਬਦ ਵਿੱਚ ਕਿਹੜੀ ਵੱਖਰੀ ਗਾਂ ਦੀ ਗੱਲ ਕੀਤੀ ਗਈ ਹੈ ਇਹ ਤਾਂ ਤੁਹਾਨੂੰ ਹੀ ਪਤਾ ਹੋਵੇਗਾ।ਮੇਰੇ ਮੁਤਾਬਕ ਤਾਂ ਉਸੇ ਗਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਆਮ ਆਪਾਂ ਸਾਰੇ ਗਾਂ ਕਹਿੰਦੇ ਹਾਂ। ਬੱਛੜੇ ਵਾਲੀ ਅਤੇ ਦੁੱਧ ਦੇਣ ਵਾਲੀ ਗਾਂ।
ਤੁਸੀਂ ਕਿਹਾ ਹੈ– “..ਜੇ ਕੋਈ ਮਰੀ ਗਾਂ ਜਿਉਂਦੀ ਕਰੇ ਉਸਦੇ ਸਿੱਖ ਹੋ”।
ਲੱਗਦਾ ਹੈ ਕਿ ਜਿਸ ਨੇ ਮਰੀ ਹੋਈ ਗਾਂ ਜਿਉਂਦੀ ਕੀਤੀ ਅਤੇ ਜਿਸ ਦਾ ਸ਼ਬਦ ਵਿੱਚ ਜ਼ਿਕਰ ਹੈ, ਤੁਸੀਂ ਉਸ ਦੇ ਸਿੱਖ ਨਹੀਂ।
ਤੁਸੀਂ ਲਿਖਿਆ ਹੈ- “ਕੀ ਭਗਤ ਨਾਮਦੇਵ ਜੀ ਆਪਣੇ ਸ਼ਬਦ ਦੇ ਉਲਟ ਕੰਮ ਕਰ ਰਹੇ ਹਨ?”
ਜਿਉਣਵਾਲਾ ਜੀ! ਤੁਸੀਂ ਦੱਸ ਸਕਦੇ ਹੋ ਕਿ ਭਗਤ ਜੀ ਨੇ ਆਪਣੇ ਕਿਹੜੇ ਸ਼ਬਦਾਂ ਦੇ ਉਲਟ ਕੋਈ ਕੰਮ ਕਰ ਦਿੱਤਾ? ਭਗਤ ਜੀ ਨੇ ਸ਼ਬਦ ਦੇ ਸ਼ੁਰੂ ਵਿੱਚ ਗੱਲ ਕਹੀ ਹੈ ਕਿ ਕੋਈ ਮਰੀ ਗਾਂ ਕਿਵੇਂ ਜਿਉਂਦੀ ਕਰ ਸਕਦਾ ਹੈ? ਅਰਥਾਤ ਮੈਂ ਗਾਂ ਜਿਉਂਦੀ ਨਹੀਂ ਕਰ ਸਕਦਾ। ਜਿਉਣਵਾਲਾ ਜੀ! ਇਸ ਤੁਕ ਦਾ ਅਗਲਾ ਹਿੱਸਾ ਵੀ ਜ਼ਰਾ ਧਿਆਨ ਨਾਲ ਪੜ੍ਹੋ;
“ਕਰਿ ਹੈ ਰਾਮੁ ਹੋਇ ਹੈ ਸੋਇ॥”
ਅਰਥਾਤ ਪਰਮਾਤਮਾ ਜੋ ਕਰਦਾ ਹੈ ਉਹੀ ਹੁੰਦਾ ਹੈ। ਸ਼ਬਦ ਵਿੱਚ ਨਾਮਦੇਉ ਤੇ ਤਸੀਹੇ ਹੋਣ ਦੇ ਬਾਵਜੂਦ ਉਹ ਹਰਿ, ਪ੍ਰਭੂ ਦੇ ਹੀ ਗੁਣ ਗਾ ਰਿਹਾ ਹੈ, ਉਸੇ ਨੂੰ ਹੀ ਯਾਦ ਕਰ ਰਿਹਾ ਹੈ ਅਰਥਾਤ ਉਸੇ ਤੇ ਓਟ ਆਸਰਾ ਰੱਖਿਆ ਹੋਇਆ ਹੈ। ਅਤੇ ਸ਼ਬਦ ਵਿੱਚ ਇਹੀ ਜ਼ਿਕਰ ਹੈ ਕਿ ਗੋਬਿੰਦ ਨੇ ਆਪਣੇ ਭਗਤ ਦੀ ਪੈਜ ਰੱਖ ਲਈ “ਅਪਨੇ ਭਗਤ ਪਰਿ ਕੀ ਪ੍ਰਤਿਪਾਲ॥”।ਜੇ ‘ਕਰਹਿ ਰਾਮ ਹੋਇ ਹੈ ਸੋਇ’ ਅਤੇ ਉਸ ਰਾਮ ਨੇ ਆਪਣੇ ਭਗਤ ਦੀ ਪੈਜ ਰੱਖਣ ਲਈ ਮਰੀ ਗਾਂ ਜਿਉਂਦੀ ਕਰ ਦਿੱਤੀ ਤਾਂ ਇਸ ਵਿੱਚ ਨਾਮਦੇਵ ਨੇ ਆਪਣੇ ਸ਼ਬਦਾਂ ਦੇ ਉਲਟ ਕਿਹੜਾ ਕੰਮ ਕਰ ਦਿੱਤਾ? ਸ਼ਬਦ ਵਿੱਚ ਮਰੀ ਗਾਂ ‘ਹਰਿ, ਗੋਬਿੰਦ, ਰਾਮ…’ ਨੇ ਜਿਉਂਦੀ ਕੀਤੀ ਹੈ, ਕੀ ਤੁਸੀਂ ਉਸ ‘ਹਰਿ, ਗੋਬਿੰਦ, ਰਾਮ ਦੇ ਸਿੱਖ ਨਹੀਂ? ਜਿਉਣਵਾਲਾ ਜੀ! ਸ਼ਬਦ ਨੂੰ ਜ਼ਰਾ ਫੇਰ ਤੋਂ ਧਿਆਨ ਨਾਲ ਪੜ੍ਹੋ; ਮਰੀ ਗਊ ਨਾਮਦੇਵ ਨੇ ਨਹੀਂ ਬਲਕਿ ਗੋਬਿੰਦ, ਹਰਿ, ਪ੍ਰਭੂ ਨੇ ਜਿਉਂਦੀ ਕੀਤੀ ਹੈ। ਨਾਮਦੇਉ ਨੇ ਤਾਂ ਉਸ ਹਰਿ, ਪ੍ਰਭੂ ਤੇ ਓਟ ਆਸਰਾ ਰੱਖਿਆ, ਜੋ ਕਿ ਤਸੀਹੇ ਸਹਾਰਦੇ ਹੋਏ ਨੇ ਵੀ ਕਾਇਮ ਰੱਖਿਆ।
ਅੱਗੇ “ਹੈ = ਹੈਂ? ਜਾਪ ਕੀ ਹੈ?”
ਦਾ ਜਿਕਰ ਕਰਦੇ ਹੋਏ ਤੁਸੀਂ ਲਿਖਿਆ ਹੈ- “…ਫਿਰ ਮੈਂ ਪੰਜਾਬ ਯੁਨੀਵਰਸਟੀ ਦੇ ਭਾਸ਼ਾ ਵਿਭਾਗ ਚੋਂ ਸੇਵਾ-ਮੁਕਤ ਡਾਇਰੈਕਟਰ ਨਾਲ ਇਸ ਬਾਰੇ ਗੱਲ ਕੀਤੀ।ਉਸਨੇ ਵੀ ਮੇਰੇ ਨਾਲ ਸਹਿਮਤੀ ਪ੍ਰਗਟਾਈ ਕਿ “ਹੈ” ਮੌਜੂਦ ਹੋਣ ਦੀ ਗਵਾਹੀ ਭਰਦਾ ਹੈ ਅਤੇ “ਹੈਂ” ਨਾ-ਮੌਜੂਦ ਹੋਣ ਬਾਰੇ ਸ਼ੱਕ ਪ੍ਰਗਟ ਕਰਦਾ ਹੈ”
ਜਿਉਣਵਾਲਾ ਜੀ! ਜੇ ਪੰਜਾਬ ਯਨੀਵਰਸਟੀ ਦੇ ਭਾਸ਼ਾ ਵਿਭਾਗ ਚੋਂ ਸੇਵਾ-ਮੁਕਤ ਡਾਇਰੈਕਟਰ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ “ਹੈ” ਮੌਜੂਦ ਹੋਣ ਦੀ ਗਵਾਹੀ ਭਰਦਾ ਹੈ ਅਤੇ “ਹੈਂ” ਨਾ-ਮੌਜੂਦ ਹੋਣ ਬਾਰੇ ਸ਼ੱਕ ਪ੍ਰਗਟ ਕਰਦਾ ਹੈ” ਤਾਂ ਬੜੀ ਹੈਰਾਨੀ, ਦੁੱਖ ਅਤੇ ਅਫਸੋਸ ਦੀ ਗੱਲ ਹੈ। ਇਸ ਨੂੰ ਪੰਜਾਬੀ ਭਾਸ਼ਾ ਸੰਬੰਧੀ ਪੰਜਾਬ ਲਈ ਮੰਦਭਾਗੀ ਗੱਲ ਕਿਹਾ ਜਾ ਸਕਦਾ ਹੈ।
ਜਿਉਣਵਾਲਾ ਜੀ! ਮੱਧਮ ਪੁਰੁਸ਼ ਲਈ “ਹੈਂ” ਸ਼ਬਦ ਦਾ ਹੀ ਪ੍ਰਯੋਗ ਹੁੰਦਾ ਹੈ।ਜਿਵੇਂ- “ਤੂੰ ਪੱਕਾ ਗੁਰਸਿੱਖ ‘ਹੈਂ” “ਤੂੰ ਬਰੈਂਪਟਨ ਰਹਿੰਦਾ ‘ਹੈਂ” ਆਦਿ।ਇਹ ਤੇਰੇ (/ ਤੁਹਾਡੇ) ਗੁਰਸਿੱਖ ਹੋਣ ਬਾਰੇ ਜਾਂ ਬਰੈਂਪਟਨ ਰਹਿਣ ਜਾਂ ਨਾ ਰਹਿਣ ਬਾਰੇ ਸ਼ੰਕਾ ਨਹੀਂ ਬਲਕਿ ਹਾਂ ਪੱਖੀ ਗੱਲ ਕਹੀ ਹੈ।ਕੁੱਝ ਗੁਰਬਾਣੀ ਉਦਾਹਰਣਾਂ ਵੀ ਦੇਖੋ-
“ਕਉਲੁ ਤੂ ‘ਹੈ’ ਕਵੀਆ ਤੂ ‘ਹੈ’ ਆਪੇ ਵੇਖਿ ਵਿਗਸੁ॥” (ਪੰਨਾ 23)
“ਜਹ ਜਹ ਦੇਖਾ ਤਹ ਤਹ ਤੂ ‘ਹੈ’ ਤੁਝ ਤੇ ਨਿਕਸੀ ਫੂਟਿ ਮਰਾ॥” (ਪੰਨਾ 25)
“ਤੂੰ ਆਪੇ ਜਲੁ ਮੀਨਾ ‘ਹੈ’ ਆਪੇ ਆਪੇ ਹੀ ਆਪਿ ਜਾਲੁ॥” (ਪੰਨਾ 85)
“ਤੂੰ ਆਪੇ ਕਮਲੁ ਅਲਿਪਤੁ ‘ਹੈ’ ਸੈ ਹਥਾ ਵਿਚਿ ਗੁਲਾਲੁ॥” (ਪੰਨਾ 85)
ਜਿਉਣਵਾਲਾ ਜੀ! ਇਹਨਾਂ ਪੰਗਤੀਆਂ ਵਿੱਚ ਸ਼ਬਦ ‘ਹੈ’ ਆਇਆ ਹੈ ਜੋ ਕਿ ‘ਹੈਂ’ ਹੀ ਪੜ੍ਹਨਾ ਹੈ ਅਤੇ ਇਹ ‘ਹੈ= ਹੈਂ’ ਸ਼ੰਕਾ ਜਾਂ ਸਵਾਲ ਨਹੀਂ ਦਰਸਾਉਂਦਾ ਬਲਕਿ ਤਸਦੀਕੀ ਅਰਥਾਂ ਵਿੱਚ ਹੈ।
ਬਿੰਦੀ ਸਹਿਤ ‘ਹੈਂ’ ਵਾਲੀ ਵੀ ਗੁਰਬਾਣੀ ਉਦਾਹਰਣ ਦੇਖੋ-
“ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ‘ਹੈਂ’ ਅਤਿਭੁਜ ਭਇਓ ਅਪਾਰਲਾ॥” (ਪੰਨਾ 1292)
“ਤੂੰ ਤਾਂ ‘ਦਇਆ ਕਰਨ ਵਾਲਾ ‘ਹੈਂ’ ਤੂੰ ਮਿਹਰ ਦਾ ਘਰ ‘ਹੈਂ’ (ਫਿਰ ਤੂੰ) ‘ਹੈਂ’ ਭੀ ਬੜਾ ਬਲੀ ਤੇ ਬੇਅੰਤ”। ਏਥੇ ਉਸ ਦੇ ਗੁਣਾਂ ਤੇ ਸ਼ੱਕ ਨਹੀਂ ਕੀਤੀ ਗਈ ਬਲਕਿ ਉਸਨੂੰ ਗੁਣਾਂ ਦਾ ਮਾਲਕ ਹੋਣਾ ਦੱਸਿਆ ਗਿਆ ਹੈ।
ਤੁਸੀਂ ਲਿਖਿਆ ਹੈ- “ਹੁਣ ਆਪਾਂ ਮੌਜੂਦਾ ‘ਜਾਪ’ ਦੇ ਕੁੱਝ ਬੰਦਾਂ ਦਾ ਨਰੀਖਣ ਕਰਾਂਗੇ ਜਿਹੜੇ ‘ਸ਼ਿਵ ਮਹਾਂ ਸਤੋਤ੍ਰ ਵਿੱਚੋਂ ਆਏ ਹਨ”
ਜਿਉਣਵਾਲਾ ਜੀ! ਜਾਪ ਬਾਣੀ ਵਿਚਲਾ ਜੋ ਜੋ ਤੁਸੀਂ ਸ਼ਿਵ ਮਹਾਂ ਸਤੋਤ੍ਰ ਤੋਂ ਆਇਆ ਕਹਿੰਦੇ ਹੋ, ਜਾਪ ਬਾਣੀ ਅਤੇ ਸ਼ਿਵ ਮਹਾਂ ਸਤੋਤਰ ਦੀਆਂ ਲਿਖਤਾਂ ਨਾਲ ਨਾਲ ਲਿਖ ਦਿਉ ਤਾਂ ਕਿ ਵਧੇਰੇ ਸੋਚ-ਵਿਚਾਰ ਕੀਤੀ ਜਾ ਸਕੇ।
ਗੁਰਚਰਨ ਸਿੰਘ ਜਿਉਣਵਾਲਾ ਜੀ! ਮੈਂ ਦੱਸ ਦਿਆਂ ਕਿ ਮੈਂ “ਦਸਮ ਗ੍ਰੰਥ” ਦਾ ਸਮਰਥਕ ਨਹੀਂ ਬਲਕਿ “ਪੁਰ-ਜ਼ੋਰ” ਵਿਰੋਧੀ ਹਾਂ।ਅਤੇ ਦੂਜੇ ਪਾਸੇ “ਜਾਪ” ਨੂੰ ਮੈਂ ਦਸਮ ਗ੍ਰੰਥ ਦੀ ਬਾਣੀ ਨਹੀਂ ਮੰਨਦਾ।ਬਲਕਿ ਮੇਰੇ ਵਿਚਾਰ ਅਨੁਸਾਰ‘ਜਾਪ’ ਬਾਣੀ ਗੁਰੂ ਸਾਹਿਬ ਜੀ ਦੀ ਰਚਨਾ ਹੋ ਸਕਦੀ ਹੈ।ਅਨਮਤੀ ਪੰਥ ਦੋਖੀਆਂ ਨੇ ‘ਜਾਪ’ ਅਤੇ ਕੁਝ ਹੋਰ ਬਾਣੀਆਂ ਜਿਹੜੀਆਂ ਗੁਰੂ ਸਾਹਿਬ ਜੀ ਦੀ ਕ੍ਰਿਤ ਹੋ ਸਕਦੀਆਂ ਹਨ, ਅਸ਼ਲੀਲ ਗ੍ਰੰਥ ਵਿੱਚ ਦਰਜ ਕਰਕੇ ਇਸ ਗ੍ਰੰਥ ਦਾ ਨਾਮ ਦਸਮ ਗ੍ਰੰਥ ਰੱਖ ਦਿੱਤਾ ਹੈ।ਇਹ ਪੰਥ ਦੇ ਵਿਦਵਾਨਾਂ ਦੁਆਰਾ ਵਿਚਾਰਾਂ ਕਰਕੇ ਕਿਸੇ ਨਿਰਣੇ ਤੇ ਪਹੁੰਚਣ ਦਾ ਵਿਸ਼ਾ ਹੈ ਕਿ ‘ਜਾਪ’ ਬਾਣੀ ਗੁਰੂ ਸਾਹਿਬ ਦੀ ਕ੍ਰਿਤ ਹੈ ਜਾਂ ਨਹੀਂ।ਇਸ ਸੰਬੰਧੀ ਦੇਖੋ ਮਹਾਨ ਕੋਸ਼- ‘ਦਸਮ ਗ੍ਰੰਥ’- “ …. ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ, ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਜੀ ਦੀ ਮੁਖਵਾਕ ਨੌਂ ਸਤਿਗੁਰਾਂ ਦੀ ਅਕਾਲੀ ਬਾਣੀ ਤੁਲ ਹੈ, ਅਰ ਦੂਜੀ …”।
ਸੋ ਜਿਉਣਵਾਲਾ ਜੀ ਮੈਂ ਸਮਝਦਾ ਹਾਂ ਕਿ ਹੋ ਸਕਦਾ ਹੈ ‘ਜਾਪ’ ਬਾਣੀ ਗੁਰੂ ਸਾਹਿਬ ਜੀ ਦੀ ਕ੍ਰਿਤ ਹੋਵੇ (ਹੋ ਸਕਦਾ ਹੈ ਨਾ ਹੋਵੇ)।ਮੇਰੇ ਤੇ ਕੋਈ ਦੂਸ਼ਣਬਾਜੀ ਕਰਨ ਤੋਂ ਪਹਿਲਾਂ ਮੇਰੀ ਇਸ ਲਿਖਤ ਨੂੰ ਧਿਆਨ ਵਿੱਚ ਰੱਖਣਾ ਜੀ।
ਗੁਰਚਰਨ ਸਿੰਘ ਜਿਉਣਵਾਲਾ ਜੀ! ਜੇ ਤੁਹਾਡਾ ਮੇਰੇ ਤੇ ਦੂਸ਼ਣਬਾਜੀ ਕਰਨ ਦਾ ਜੀ ਕਰੇ ਤਾਂ ਸ਼ਿਸ਼ਟਾਚਾਰ ਦੀ ਹੱਦ ਅੰਦਰ ਰਹਿ ਕੇ ਹੀ ਕਰਨੀ ਜੀ।ਮੈਂ ਜੋ ਲਿਖਿਆ ਹੈ ਉਸ ਸੰਬੰਧੀ ਹੀ ਮੇਰੇ ਨਾਲ ਵਿਚਾਰ ਵਟਾਂਦਰਾ ਕਰਨਾ ਜੀ।ਜੋ ਮੈਂ ਲਿਖਿਆ ਨਹੀਂ ਮਿਹਰਬਾਨੀ ਕਰਕੇ ਉਹ ਵੀ ਮੇਰੇ ਨਾਮ ਨਾਲ ਜੋੜ ਕੇ ਕੁਝ ਨਾ ਲਿਖਣਾ।ਧੰਨਵਾਦ।
ਜਸਬੀਰ ਸਿੰਘ ਵਿਰਦੀ