ਜਬਰ ਕਰਨ ਵਿੱਚ ‘ਨਾਦਰ-ਸ਼ਾਹੀ’ ਨੂੰ ਵੀ ਮਾਤ ਪਾ ਰਹੀ ਹੈ ‘ਬਾਦਲ-ਸ਼ਾਹੀ’
ਬਾਬਰ ਜਾਬਰ , ਜਹਾਂਗੀਰ , ਔਰੰਗਜੇਬ ,ਵਜੀਦਾਖਾਨ ,ਮੀਰਮੰਨੂੰ ,ਫ੍ਰਖਸ਼ੀਅਰ ,ਜਕਰੀਆ ,ਮੱਸਾ ਰੰਘੜ ,ਅਹਿਮਦਸ਼ਾਹ ਅਬਦਾਲੀ ਅਤੇ ਨਾਦਰਸ਼ਾਹ ਦੁਰਾਨੀ ਨੇ ਸਿੱਖਾਂ ਉੱਤੇ ਅਥਾਹ ਜੁਲਮ ਕੀਤੇ ਹਨ। ਇਹਨਾਂ ਸਾਰਿਆਂ ਦੇ ਜ਼ੁਲਮ ਦੀ ਦਾਸਤਾਨ ਨੂੰ ਇੱਕ ਲੇਖ ਵਿੱਚ ਕਲਮਬੰਦ ਕਰਨਾ ਨਾ ਮੁੰਮਕਿਨ ਹੈ, ਪਰ ਇਹਨਾਂ ਵਿੱਚੋਂ ਕਿਸੇ ਇੱਕ ਦਾ ਨਾਮ ਲੈ ਲਿਆ ਜਾਵੇ ਤਾਂ ਸਮਝ ਪੈ ਜਾਂਦੀ ਹੈ ਕਿ ਕੋਈ ਇਤਿਹਾਸ ਦੀ ਕਿਤਾਬ ਦੇ, ਸਿੱਖ ਅਧਿਆਏ ਵਿੱਚੋਂ ਕਿਸੇ ਜ਼ੁਲਮੀ ਪੱਤਰੇ ਨੂੰ ਫਰੋਲ ਰਿਹਾ ਹੈ, ਆਮ ਤੌਰ ਉੱਤੇ ਪਿੰਡ ਦੀ ਸੱਥ ਵਿੱਚ ਸੁਭਾਵਿਕ ਗੱਲਾਂ ਕਰਦੇ ਲੋਕ ਜਦੋਂ ਕੋਈ ਬਹੁਤੀ ਦੀ ਡਿਕਟੇਟਰਸ਼ਿਪ ਦਿਖਾਵੇ ਤਾਂ ਅੱਗੋਂ ਕੋਈ ਤਕੜਾ ਹੋ ਕੇ ਆਖ ਦਿੰਦਾ ਹੈ, ' ਨਹੀ ਭਾਈ ਅਸੀਂ ਤਾਂ ਆਪਣੀ ਮਰਜ਼ੀ ਕਰਨੀ ਹੈ ਤੂੰ ਆਪਣੀ ਨਾਦਰਸ਼ਾਹੀ ਕਿਤੇ ਹੋਰ ਘੋਟ ਜਾ ਕੇ' ਇਸ ਤੋਂ ਪ੍ਰਭਾਵ ਮਿਲ ਜਾਂਦਾ ਹੈ ਕਿ ਨਾਦਰਸ਼ਾਹ ਦੁਰਾਨੀ ਤੋਂ ਲੋਕ ਕਿਵੇ ਦੁਖੀ ਸਨ, ਜਿਸਦੀਆਂ ਮਿਸਾਲਾਂ ਬਣਕੇ ਦੁਨੀਆਂ ਵਿੱਚ ਪ੍ਰਚੱਲਤ ਹੋ ਗਈਆਂ।
ਇਹ ਇਤਿਹਾਸ ਸਦੀਆਂ ਪੁਰਾਣਾ ਹੈ ਅਤੇ ਹੁਣ ਤੱਕ ਲੋਕਾਂ ਨੂੰ ਯਾਦ ਹੈ ਨਾਦਰਸ਼ਾਹ ਦੀ ਨਾਦਰਸ਼ਾਹੀ, ਲੇਕਿਨ ਅੱਜ ਦੇ ਲੋਕਰਾਜ ਜਾਂ ਵੋਟ ਰਾਜ ਵਿੱਚ ਜਿਹੜਾ ਕੁੱਝ ਸ.ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਕਰ ਜਾਂ ਕਰਵਾ ਰਿਹਾ ਅਤੇ ਜਿਵੇ ਦੇ ਨਵੇਂ ਯੁਗ ਦੇ ਜਬਰ ਕਰਨ ਦੇ ਢੰਗ ਇਜ਼ਾਦ ਕੀਤੇ ਜਾ ਰਹੇ ਅਤੇ ਜਿਸ ਤਰੀਕੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ, ਉਸ ਨੂੰ ਵੇਖਕੇ ਤਾਂ ਅਜਿਹਾ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਹੁਣ ਇਤਿਹਾਸ ਕਰਵਟ ਲਵੇਗਾ ਅਤੇ ਇਸ ਸਦੀ ਦੇ ਅੱਧ ਤੱਕ ਲੋਕ ਜਦੋਂ ਕੋਈ ਮੁਹਾਵਰਾ ਵਰਤਣਗੇ ਤਾਂ ਨਾਦਰਸ਼ਾਹੀ ਲਫਜ਼ ਦੀ ਥਾਂ ਬਾਦਲਸ਼ਾਹੀ ਕਹਿਣਾ ਵਧੇਰੇ ਢੁੱਕਵਾਂ ਅਤੇ ਪ੍ਰਭਾਵਸ਼ਾਲੀ ਸਮਝਣਗੇ ਕਿਉਂਕਿ ਜੋ ਕੁੱਝ ਹੁਣ ਪੰਜਾਬ ਵਿੱਚ ਖਾਸ ਕਰਕੇ ਸਿੱਖਾਂ ਨਾਲ ਹੋ ਰਿਹਾ ਹੈ, ਕਦੇ ਕਿਸੇ ਨੇ ਸੁਫਨੇ ਵਿੱਚ ਵੀ ਕਿਆਸਿਆ ਨਹੀ ਹੋਵੇਗਾ, ਲੱਗਦਾ ਹੀ ਨਹੀ ਕਿ ਕੋਈ ਸਿੱਖ ,ਅਕਾਲੀ ਜਾਂ ਨੀਲੀ ਪੱਗ ਵਾਲਾ ਪੰਜਾਬ ਉੱਤੇ ਰਾਜ ਕਰ ਰਿਹਾ ਹੈ। ਇਸ ਤਰ•ਾਂ ਦੀ ਨੀਚਤਾ ਤਾਂ ਬਾਈਧਾਰਾਂ ਦੇ ਰਾਜਿਆਂ ਨੇ ਔਰੰਗਜ਼ੇਬ ਕੋਲ ਵਿਖਾਈ ਸੀ, ਜਿਵੇ ਅਕਾਲੀ ਅਖਵਾਉਣ ਵਾਲੇ ਮੁੱਖ ਮੰਤਰੀ ਨੇ ਅੱਜ ਦਿੱਲੀ ਦਰਬਾਰ ਸਾਹਮਣੇ ਆਪਣੇ ਆਪ ਨੂੰ ਪੇਸ਼ ਕੀਤਾ ਹੈ। ਸਿੱਖਾਂ ਜਾਂ ਪੰਜਾਬ ਵਾਲੇ ਪਾਸਿਓਂ ਤਾਂ ਉੱਕਾ ਹੀ ਦੀਵਾਰ ਕੱਢ ਲਈ ਹੈ, ਖਾਣਾ ਪੀਣਾ ਪੰਜਾਬ ਦਾ ਤੇ ਚਾਕਰੀ ਦਿੱਲੀ ਦੀ।
ਨਾਦਰਸ਼ਾਹ ਲਿਖਣਾ ਅਸਾਨ ਹੈ ਕਿਉਂਕਿ ਉਸ ਦੇ ਜ਼ੁਲਮ ਜਾਂ ਕਰਨੀ ਸਭ ਕਿਤਾਬਾਂ ਦੀ ਬੁੱਕਲ ਵਿੱਚ ਸਿਮਟੇ ਪਏ ਹਨ, ਪਰ ਬਾਦਲਸ਼ਾਹੀ ਨੂੰ ਲਿਖਣ ਲੱਗਿਆਂ ਇਹ ਮੁਸੀਬਤ ਸਾਹਮਣੇ ਆ ਜਾਂਦੀ ਹੈ ਕਿ ਇਸ ਨੂੰ ਸ਼ੁਰੂ ਕਿਸ ਪਾਸੇ ਤੋਂ ਕੀਤਾ ਜਾਵੇ, ਹਾਲੇ ਅੰਤ ਤਾਂ ਪਤਾ ਨਹੀ ਕਿੱਥੇ ਜਾ ਕੇ ਹੋਵੇਗਾ। ਪਿਛਲਾ ਜੋ ਕਰਤੂਤਾਂ ਦਾ ਚਿੱਠਾ ਹੈ ਉਸ ਨੂੰ ਗਹੁ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਸ. ਬਾਦਲ ਕਦੇ ਵੀ ਸਿੱਖ ਕੌਮ ਜਾਂ ਪੰਜਾਬ ਨਾਲ ਖੜ•ੇ ਨਹੀ ਹੋਏ, ਸਗੋਂ ਸਤ•ਾ ਦੀ ਕੁਰਸੀ ਦੀ ਬਾਹੀ ਨੂੰ ਹੱਥ ਪਾ ਕੇ ਹਮੇਸ਼ਾਂ ਦਿੱਲੀ ਦਰਬਾਰ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹੇ ਹਨ। ਜੇ 13 ਅਪ੍ਰੈਲ 1978 ਨੂੰ ਨਿੰਰਕਾਰੀਆਂ ਨੇ ੧੪ ਸਿੰਘ ਸ਼ਹੀਦ ਕਰ ਦਿੱਤੇ ਤਾਂ ਪੰਜਾਬ ਵਿੱਚ ਸ.ਬਾਦਲ ਦੀ ਸਰਕਾਰ ਦੇ ਹੁੰਦਿਆਂ ਨਿਰੰਕਾਰੀ ਮੁਖੀ ਗੁਰਬਚਨਾ ਬਾਦਲ ਦੀ ਸਰਕਾਰੀ ਸੁਰੱਖਿਆ ਛਤਰੀ ਦੀ ਛਾਂ ਹੇਠ ਦਨ ਦਨਾਉਂਦਾ, ਪੰਜਾਬ ਦੀ ਧਰਤੀ ਅਤੇ ਪੰਥ ਦੀ ਹਿੱਕ ਉੱਤੇ ਪੈਰ ਧਰਦਾ ਨਿਕਲ ਗਿਆ।
ਸਿੱਖਾਂ ਦੀ ਧਾਰਮਿਕ ਮਰਿਯਾਦਾ ਵਿੱਚ ਕੋਈ ਸਰਸੇ ਵਾਲਾ ਦਖਲ ਦੇਵੇ ਜਾਂ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਪਾ ਕੇ, ਪੰਜਾਬ ਦੀ ਧਰਤੀ ਉੱਤੇ ਸਵਾਂਗ ਰਚਾਵੇ ਤਾਂ ਵੀ ਬਾਦਲ ਸਰਕਾਰ ਉਸਦੇ ਖਿਲਾਫ਼ ਕਾਰਵਾਈ ਕਰਨ ਦੀ ਥਾਂ, ਉਸ ਨੂੰ ਸੁਰੱਖਿਆ ਦਿੰਦੀ ਹੈ, ਉਸ ਦੇ ਪੈਰੋਕਾਰ ਜੋ ਮਰਜ਼ੀ ਊਧਮ ਮਚਾਅ ਦੇਣ ਕੋਈ ਕੇਸ ਨਹੀ, ਲੇਕਿਨ ਜੇ ਸਿੱਖ ਰੋਸ ਪ੍ਰਗਟ ਕਰਨ ਤਾਂ ਗੋਲੀਆਂ ਦੀ ਵਾਛੜ ਹੁੰਦੀ ਹੈ, ਜੇ ਕੋਈ ਨੂਰਮਹਿਲੀਆ ਸਿੱਖੀ ਦਾ ਮਜਾਕ ਉਡਾਵੇ ਤਾਂ ਉਸ ਨੂੰ ਰੋਕਣ ਗਏ ਨਿਹਥੇ ਸਿੰਘਾਂ ਨੂੰ ਬਾਦਲ ਦੀ ਪੁਲਿਸ ਛਾਤੀ ਵਿੱਚ ਸਿੱਧੀਆਂ ਗੋਲੀਆਂ ਮਾਰਕੇ, ਮਹਾਰਾਜ ਆਸ਼ੁਤੋਸ਼ ਦਾ ਆਸ਼ੀਰਵਾਦ ਲੈਂਦੀ ਹੈ, ਹੁਣ ਉਸ ਦੀ ਲਾਸ਼ ਨੂੰ ਜੈਡ ਸੁਰੱਖਿਆ ਦਿੱਤੀ ਹੋਈ ਹੈ। ਜਿੰਨੇ ਸਾਧਾ ਦਾ ਉਪਾਸ਼ਕ ਸ. ਬਾਦਲ ਜਾਂ ਉਹਨਾਂ ਦਾ ਪਰਿਵਾਰ ਹੈ, ਉਹਨਾਂ ਵਿੱਚੋਂ ਬਹੁਤੇ ਵਿੱਭਚਾਰ ਅਤੇ ਕਤਲਾਂ ਵਰਗੇ ਸੰਗੀਨ ਜੁਰਮਾਂ ਵਿੱਚ ਅਦਾਲਤੀ ਪੇਸ਼ੀਆਂ ਭੁਗਤ ਰਹੇ ਹਨ ਜਾਂ ਫਿਰ ਜੇਲ• ਵਿੱਚ ਬੈਠੇ ਕਿਸਮਤ ਨੂੰ ਰੋ ਰਹੇ ਹਨ, ਇਹਨਾਂ ਵਿੱਚੋਂ ਤਿੰਨ ਨਾਮ ਬਾਪੂ ਆਸਾ ਰਾਮ , ਸੰਤ ਗੁਰਮੀਤ ਰਾਮ ਰਹੀਮ ਇੰਸਾਂ ਅਤੇ ਫਰਿਜ਼ ਵਿੱਚ ਸਮਾਧੀ ਲਾਈ ਬੈਠੇ ਆਸ਼ੁਤੋਸ਼, ਹਰ ਬੱਚੇ ਨੂੰ ਵੀ ਯਾਦ ਹਨ।
ਸ. ਬਾਦਲ ਨੇ ਕੌਮ ਨਾਲ ਖੜ ਹੋਣ ਦੀ ਥਾਂ ਕੌਮ ਘਾਤੀਆਂ ਨਾਲ ਹੀ ਯਾਰੀ ਨਿਭਾਈ ਹੈ, ਇਕ ਪਾਸੇ ਸਿੰਘ ਬੰਦੀ ਤਾਂ ਸਜਾਵਾਂ ਕੱਟ ਲੈਣ ਤੋਂ ਬਾਅਦ ਰਿਹਾਈ ਨੂੰ ਵੇਖ ਰਹੇ ਹਨ। ਉਹਨਾਂ ਬਾਰੇ ਕੋਈ ਚਾਰਾ ਜੋਈ ਨਹੀ, ਜੇ ਕਿਸੇ ਹੋਰ ਸੂਬੇ ਨੇ ਬਿੱਲਕੁੱਲ ਕੋਈ ਕੈਦੀ ਗਲ ਹੀ ਪਾ ਦਿੱਤਾ ਤਾਂ ਉਸ ਨੂੰ ਮਜਬੂਰੀ ਵੱਸ ਪੰਜਾਬ ਦੀ ਜੇਲ ਵਿੱਚ ਲੈਕੇ ਅੰਦਰੇ ਅੰਦਰ ਪੰਥ ਪ੍ਰਸਤੀ ਦਾ ਸਿਰੋਪਾ ਲੈਣ ਦਾ ਯਤਨ ਵੀ ਕੀਤਾ ਜਾਂਦਾ ਹੈ। ਦੂਜੇ ਪਾਸੇ ਪਿੰਕੀ ਕੈਟ ਨੂੰ ਵੀ ਤਾਂ ਅਜਿਹੀ ਹੀ ਸਜ਼ਾ ਹੋਈ ਸੀ, ਉਸ ਦੀਆਂ ਛੁੱਟੀਆਂ ਨੂੰ ਵੀ ਕੈਦ ਵਿੱਚ ਗਿਣਕੇ, ਵੱਡੇ ਬਾਦਲ ਸਾਹਬ ਦੇ ਹੁਕਮ ਨਾਲ, ਛੋਟੇ ਬਾਦਲ ,ਜਿਹਨਾਂ ਕੋਲ ਗ੍ਰਹਿ ਵਿਭਾਗ ਵੀ ਹੈ ,ਨੇ ਅੱਖ ਦੇ ਫੋਰੇ ਵਿੱਚ ਜੇਲ ਤੋਂ ਨਿਜਾਤ ਦਿਵਾ ਦਿੱਤੀ ਹੈ, ਲੇਕਿਨ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਰੱਖੇ ਮਰਨ ਵਰਤ ਨੂੰ ਵੇਖ ਕੇ ਸ. ਬਾਦਲ ਨੇ ਆਪਣਾ ਬਣਦਾ ਫਰਜ਼ ਤਾਂ ਕੀਹ ਨਿਭਾਉਣ ਸੀ, ਉਲਟਾ ਬਾਪੂ ਖਾਲਸਾ ਜਾਂ ਉਸਦੇ ਪਰਿਵਾਰ ਉੱਤੇ ਦਮਨ ਚਕਰ ਚਲਾ ਦਿੱਤਾ ਹੈ। ਬਾਪੂ ਖਾਲਸਾ ਨੂੰ ਕਿੰਨੀ ਵਾਰ ਜਬਰੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੇ ਬੇਟੇ ,ਬੇਟੀ ਅਤੇ ਹਮਾਇਤੀ ਲੋਕਾਂ ਉੱਤੇ ਜਬਰ ਢਾਹਿਆ ਗਿਆ ਹੈ।
ਹੁਣ ਜਦੋਂ ਪੰਜਾਬ ਦੇ ਨਾਲ ਦਿੱਲੀ, ਹਰਿਆਣਾ ਦਾ ਸਿੱਖ ਵੀ ਜਾਗ ਪਿਆ ਹੈ ਤਾਂ ਬਾਦਲ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਸੰਘਰਸ਼ੀਆਂ ਨਾਲ ਦੋ ਦੋ ਹੱਥ ਕਰਨ ਵਾਸਤੇ ਪ੍ਰਸਾਸ਼ਨ ਨੂੰ ਹਰੀ ਝੰਡੀ ਅਗਾਉਂ ਹੀ ਦੇ ਦਿੱਤੀ ਹੋਈ ਸੀ ਕਿ 6 ਅਗਸਤ ਦਾ ਧਰਨਾ ਹਰ ਹਰਬਾ ਵਰਤਕੇ ਅਸਫਲ ਬਣਾਉਣਾ ਹੈ, ਪਰ ਜਦੋਂ ਡੀ .ਐਮ.ਸੀ. ਹਸਪਤਾਲ ਦੇ ਪ੍ਰਬੰਧਕਾ ਨੇ ਦਿੱਲੀ ਦੇ ਪ੍ਰਦਰਸ਼ਨ ਦੀਆਂ ਖਬਰ ਪੜ•ੀਆਂ ਤਾਂ ਉਹਨਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਕਿ ਜੇ ਕੱਲ• ਨੂੰ ਬਾਪੂ ਖਾਲਸਾ ਦੀ ਮੌਜੂਦਗੀ ਹਸਪਤਾਲ ਵਿੱਚ ਹੋਈ ਤਾਂ ਪੰਥਕ ਜਥੇਬੰਦੀਆਂ ਧਰਨਾ ਲਾਉਣ ਵਾਸਤੇ ਆਉਣਗੀਆਂ, ਅੱਗੋਂ ਪੁਲਿਸ ਅਤੇ ਪ੍ਰਸਾਸ਼ਨ ਵੀ ਬਾਦਲਾਂ ਦੀ ਦਿਤੱੀ ਚਾਬੀ ਕਰਕੇ, ਮੁੱਠੀਆਂ ਵਿੱਚ ਥੁੱਕੀ ਫਿਰਦਾ ਸੀ ,ਇਸ ਨਾਲ ਉਥੇ ਕੋਈ ਝਗੜਾ ਹੋਣ ਦੀ ਸੰਭਾਵਨਾ ਬਣ ਸਕਦੀ ਸੀ। ਡੀ.ਐਮ.ਸੀ ਦੇ ਪ੍ਰਬੰਧਕਾਂ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ, ਸਰਕਾਰ ਤੇ ਪੰਥਕ ਜਥੇਬੰਦੀਆਂ ਦੀ ਲੜਾਈ ਨੂੰ ਆਪਣੇ ਗਲ ਪਾਉਣ ਤੋਂ ਬਚਣ ਵਾਸਤੇ, ਸਰਕਾਰ ਨੂੰ ਕੋਰਾ ਜਵਾਬ ਦੇ ਦਿੱਤਾ ਕਿ ਬਾਪੂ ਖਾਲਸਾ ਠੀਕ ਹਨ, ਅਸੀਂ ਉਹਨਾਂ ਨੂੰ ਹੁਣ ਇੱਥੇ ਨਹੀ ਰੱਖ ਸਕਦੇ ਕਿਉਂਕਿ ਜੇ ਧਰਨਾਕਾਰੀਆਂ ਅਤੇ ਪੁਲਿਸ ਦੇ ਝਗੜੇ ਵਿੱਚ ਕੋਈ ਅਨਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਬਦਨਾਮੀ ਡੀ.ਐਮ.ਸੀ ਦੀ ਬਹੁਤ ਹੋਣੀ ਸੀ, ਇਸ ਤਰ•ਾਂ ਬਾਪੂ ਖਾਲਸਾ ਦੀ ਰਿਹਾਈ ਮਜਬੂਰੀ ਬਣ ਗਈ।
ਪਰ ਸਰਕਾਰ ਅਤੇ ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਚ•ਾੜੇ ਹੁਕਮ ਦੀ ਤਾਮੀਲ ਕਰਦਿਆਂ, ਪੰਜਾਬ ਭਰ ਵਿੱਚੋਂ ਖਾਸ ਕਰਕੇ, ਅਕਾਲੀ ਦਲ ਅਮ੍ਰਿਤਸਰ ਦੇ ਵਰਕਰਾਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਆਰੰਭ ਹੋਇਆ। ਦਾਸ ਲੇਖਿਕ ਹਾਲੇ ਦੇਰ ਰਾਤ ਕਿਸੇ ਬੀਮਾਰ ਦੀ ਖਬਰ ਲੈ ਕੇ ਕੋਈ ਸਾਢੇ ਗਿਆਰਾਂ ਵਜੇ ਰੋਟੀ ਖਾ ਰਿਹਾ ਸੀ ਤਾਂ ਸਭ ਤੋਂ ਪਹਿਲਾਂ ਸ.ਲਾਭ ਸਿੰਘ ਠੀਕਰੀਵਾਲਾ ਦੇ ਬੇਟੇ ਦਾ ਫੋਨ ਆਇਆ ਕਿ ਸਾਡੇ ਘਰ ਕੋਈ ਨਹੀ ਹੈ, ਪਰ ਘਰੋਂ ਬੀਬੀਆਂ ਨੇ ਫੋਨ ਕੀਤਾ ਹੈ ਕਿ ਪੁਲਿਸ ਕੰਧਾਂ ਟੱਪਕੇ ਘਰ ਅੰਦਰ ਆ ਵੜੀ ਹੈ ਅਤੇ ਦਰਵਾਜ਼ੇ ਭੰਨ ਰਹੀ ਹੈ, ਕੰਮ ਕਰਦੇ ਬਿਹਾਰੀ ਮਜਦੂਰਾਂ ਨੂੰ ਛੱਲੀਆਂ ਵਾਂਗੂੰ ਕੁੱਟ ਰਹੀ ਹੈ, ਬਸ ਫਿਰ ਇੱਕ ਤੋਂ ਬਾਅਦ ਇੱਕ ਕੋਈ ਪੰਦਰਾਂ ਦੇ ਕਰੀਬ ਲੋਕਾਂ ਦੇ ਫੋਨ ਆਏ ਕਿ ਸਾਡੀ ਖਬਰ ਜਰੂਰ ਲਾ ਦਿਓ, ਸਾਡੇ ਨਾਲ ਰਾਤ ਨੂੰ ਆਹ ਕੁੱਝ ਹੋ ਰਿਹਾ ਹੈ। ਇਹ ਸਿਲਸਿਲਾ ਸਵੇਰੇ ਸੱਤ ਵਜੇ ਤੱਕ ਚੱਲਦਾ ਰਿਹਾ। ਜਦੋਂ ਬਾਪੂ ਖਾਲਸਾ ਘਰ ਆ ਗਏ ਅਤੇ ਧਰਨਾ ਮੁਲਤਵੀ ਕਰ ਦਿੱਤਾ, ਫਿਰ ਪੰਜਾਬ ਹਰਿਆਣਾ ਵਿੱਚ ਵਰਕਰਾਂ ਦੀ ਫੜ• ਫੜਾਈ ਦਾ ਕੀਹ ਤਰਕ ਹੈ, ਇਹ ਵੀ ਤਾਂ ਨਾਦਰਸ਼ਾਹੀ ਭਾਵ ਬਾਦਲਸ਼ਾਹੀ ਹੀ ਹੈ।
ਬਾਕੀ ਦੀ ਗੱਲ ਛੱਡੋ ਜਦੋਂ ਵੀ ਕੋਈ ਅਜਿਹਾ ਮੌਕਾ ਆਵੇ ਰਾਜਨੀਤਿਕ ਵਰਕਰ ਫੜੇ ਜਾਂਦੇ ਹਨ, ਪਰ ਇੱਕ ਵਾਰ ਬੇਅੰਤ ਸਿੰਘ ਦੇ ਰਾਜ ਵਿੱਚ ਅਜੀਤ ਅਖਬਾਰ ਉੱਤੇ ਸਰਕਾਰ ਵਰੀ ਸੀ, ਸਿਰਫ ਹੋਡਿੰਗ ਹੀ ਤੋੜੇ ਸਨ ਤਾਂ ਸ. ਬਾਦਲ ਪ੍ਰੈਸ ਉੱਤੇ ਹਮਲਾ ਆਖਕੇ, ਸਭ ਤੋਂ ਮੋਹਰੀ ਸਨ ਕਿਉਂਕਿ ਵਿਰੋਧੀ ਧਿਰ ਵਿੱਚ ਸਨ, ਪਰ ਕੁੱਝ ਵਰੇ ਪਹਿਲਾਂ ਵੀ ਜਦੋਂ ਸ. ਬਾਦਲ ਮੁੱਖ ਮੰਤਰੀ ਸਨ ਤਾਂ ਸਪੋਕਸਮੈਨ ਅਖਬਾਰ ਉੱਤੇ ਖੁਦ ਦਮਨ ਚਕਰ ਚਲਾਕੇ ਪ੍ਰੈਸ ਦੀ ਆਜ਼ਾਦੀ ਨੂੰ ਆਪਣੇ ਹੱਥੀ ਕੋਹਿਆ ਸੀ। ਅੱਜ ਵੀ ਸ. ਬਾਦਲ ਕੁਸਰੀ ਤੇ ਹਨ ਤਾਂ ਬਾਪੂ ਖਾਲਸਾ ਦੇ ਸੰਘਰਸ਼ ਦੀ ਆੜ ਲੈਕੇ, ਪੰਜਾਬੀ ਦੇ ਪੰਥਕ ਅਖਬਾਰ ਪਹਿਰੇਦਾਰ ਨੂੰ ਕੁਚਲਣ ਦੇ ਮਨਸੂਬੇ ਬਣਾਈ ਬੈਠਾ ਹੈ। ਅਸਲ ਰੰਜਸ਼ ਇਹ ਹੈ ਕਿ ਪਹਿਰੇਦਾਰ ਦੇ ਸੰਪਾਦਕ ਤੋਂ ਲੈ ਕੇ, ਲੇਖ ਲਿਖਣ ਵਾਲੇ ਲੇਖਕ ਅਤੇ ਪੱਤਰਕਾਰ ਸਰਕਾਰ ਦੀਆਂ ਖਾਮੀਆਂ ਨੂੰ ਰੋਜ਼ ਲੱਭਕੇ ਪ੍ਰਕਾਸ਼ਿਤ ਕਰਦੇ ਹਨ। ਹੁਣ ਬਹਾਨਾ ਬਾਪੂ ਦੇ ਸੰਘਰਸ਼ ਦਾ ਪਰ ਅਸਲ ਵਿੱਚ ਆਪਣੀ ਰੰਜਸ਼ ਕੱਢਣ ਵਾਸਤੇ ਬੀਤੀ ਰਾਤ ਅਦਾਰਾ ਰੋਜ਼ਾਨਾ ਪਹਿਰੇਦਾਰ ਦੇ ਲੁਧਿਆਣਾ ਸਥਿਤ ਦਫਤਰ ਉੱਤੇ ਤਕਰੀਬਨ ਗਿਆਰਾਂ ਵਜੇ, ਭਾਰੀ ਪੁਲਿਸ ਫੋਰਸ ਨਾਲ ਛਾਪਾ ਮਾਰਿਆ, ਜੋ ਪ੍ਰੈਸ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਹੈ। ਇਥੇ ਬੱਸ ਨਹੀ ਪਹਿਰੇਦਾਰ ਦੇ ਸੰਪਾਦਕ ਅਤੇ ਪੰਜਾਬ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਸ. ਜਸਪਾਲ ਸਿੰਘ ਹੇਰਾਂ ਦੇ ਘਰ ਵੀ ਅੱਧੀ ਰਾਤ ਨੂੰ ਛਾਪਾ ਮਾਰਕੇ, ਪ੍ਰੈਸ ਦੀ ਆਜ਼ਾਦੀ ਨੂੰ ਸਿੱਧਾ ਹੱਥ ਪਾਇਆ, ਫਿਰ ਇਸ ਨੂੰ ਨਾਦਰਸ਼ਾਹੀ ਨਾਲੋਂ ਬਾਦਲਸ਼ਾਹੀ ਕਹਿਣਾ ਹੋਰ ਵੀ ਵਾਜਿਬ ਹੋਵੇਗਾ।
ਹੁਣ ਗੱਲ ਬਹੁਤ ਅਗੇ ਲੰਘ ਚੁੱਕੀ ਹੈ ਕਿਸੇ ਸ਼ਾਇਰ ਨੇ ਖੂਬਸੂਰਤ ਲਿਖਿਆ ਹੈ ਕਿ
'' ਅਗਰ ਬਾਤ ਗੁਲੋਂ ਤੱਕ ਰਹਿਤੀ ਤੋ ਜਰ ਲੇਤੇ ,
ਅਬ ਤੋਂ ਕਹਿਣੇ ਲਗੇ ਕਿ ਕਾਂਟੋਂ ਪੇ ਭੀ ਨਹੀ ਹੱਕ ਤੁਮਾਰਾ ''
ਹੁਣ ਪੰਜਾਬੀ ਜਾਂ ਸਿੱਖ ਪੰਥ ਕਿੰਨਾ ਚਿਰ ਬਾਦਲਸ਼ਾਹੀ ਜਬਰ ਦੀ ਚੱਕੀ ਵਿੱਚ ਪਿਸਦੇ ਰਹਿਣਗੇ, ਇਕ ਦਿਨ ਤਾਂ ਜ਼ੁਲਮ ਦੇ ਖਿਲਾਫ਼ ਖੜੇ ਹੋਣਾ ਹੀ ਪਵੇਗਾ। ਇਕ ਪ੍ਰੈਸ ਹੀ ਹੈ ਜੋ ਲੋਕਾਂ ਦੀ ਅਵਾਜ਼ ਨੂੰ ਉਭਾਰਦੀ ਹੈ, ਪਰ ਹੁਣ ਪ੍ਰੈਸ ਦਾ ਵੀ ਗਲ ਘੁੱਟਣ ਉੱਤੇ ਨੌਬਤ ਆ ਪਹੁੰਚੀ ਹੈ। ਆਓ ! ਰਲ ਮਿਲਕੇ ਇਨਾਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰੀਏ ਅਤੇ ਅਜਿਹੇ ਨਿਜ਼ਾਮ ਨੂੰ ਬਦਲਣ ਵਾਸਤੇ ਲੋਕ ਲਹਿਰ ਖੜੀ ਕਰੀਏ। ਗੁਰੂ ਰਾਖਾ !! ਗੁਰਿੰਦਰਪਾਲ ਸਿੰਘ ਧਨੌਲਾ
9316176519