- * ਬਾਂਦਰ, ਗਾਂਈਆਂ ਅਤੇ ਭਾਰਤ ਸਰਕਾਰ…! * -
ਬਾਂਦਰ ਜੰਗਲ ਦੇ ਜਾਨਵਰਾਂ ਵਿਚ ਸਭ ਤੋਂ ਚਤੁਰ, ਚੁਸਤ-ਚਲਾਕ ਜਾਨਵਰ ਹੈ। ਵੈਸੇ ਤਾਂ ਲੂੰਬੜੀ ਨੂੰ ਬਹੁਤ ਚਲਾਕ ਸਮਝਿਆ ਜਾਂਦਾ ਹੈ, ਪਰ ਬਾਂਦਰ ਦੇ ਸਾਮ੍ਹਣੇ ਉਸ ਦੀ ਕੋਈ ਔਕਾਤ ਨਹੀਂ ਹੈ। ਬਾਂਦਰ ਨੇ ਤਾਂ ਨਦੀ ਵਿਚ ਤੈਰਦੇ ਮਗਰ-ਮੱਛ ਦੀ ਪਿੱਠ ਤੇ ਬੈਠਿਆਂ ਵੀ, ਉਸ ਨੂੰ ਬੇਵਕੂਫ ਬਣਾ ਦਿੱਤਾ ਸੀ ਅਤੇ ਜੋ ਮਗਰ ਮੱਛ ਉਸ ਨੂੰ ਖਾਣ ਦੀ ਨੀਅਤ ਨਾਲ ਨਦੀ ਵਿਚ ਲਿਆਇਆ ਸੀ, ਬਾਂਦਰ ਵਲੋਂ ਬੇਵਕੂਫ ਬਣਾਏ ਉਸ ਮਗਰ-ਮੱਛ ਨੇ ਆਰਾਮ ਨਾਲ ਉਸ ਨੂੰ ਨਦੀ ਕਿਨਾਰੇ ਉਤਾਰ ਦਿੱਤਾ ਸੀ ।
ਦੁਨੀਆ ਵਿਚ ਅੰਗਰੇਜ਼ ਬਹੁਤ ਅਕਲਮੰਦ ਗਿਣੇ ਜਾਂਦੇ ਹਨ, ਪਰ ਬਾਂਦਰ ਦਾ ਲੋਹਾ ਮੰਨਦੇ ਹੋਏ ਅੰਗਰੇਜ਼ਾਂ ਨੇ ਵੀ ਬਾਂਦਰ ਨੂੰ ਆਪਣਾ ਪੂਰਵਜ ਮੰਨ ਲਿਆ ਸੀ, ਕੁਝ ਦਹਾਕਿਆਂ ਦੀ ਸੋਚ-ਵਿਚਾਰ ਮਗਰੋਂ , ਉਨ੍ਹਾਂ ਵਿਚ ਤਾਂ ਡਾਰਵਨ ਦੀ ਥਿਊਰੀ ਮੱਧਮ ਪੈਂਦੀ ਗਈ, ਹੁਣ ਡਾਰਵਨ ਦੀ ਗੱਲ ਦੁਨੀਆ ਵਿਚ ਸਭ ਤੋਂ ਵੱਧ ਭਾਰਤ ਵਿਚ ਕੀਤੀ ਜਾਂਦੀ ਹੈ, ਸ਼ਾਇਦ ਇਸ ਦਾ ਕਾਰਨ ਇਹ ਵੀ ਹੋਵੇ ਕਿ ਇਸ ਨਾਲ ਮਿਲਦੀ-ਜੁਲਦੀ ਥਿਊਰੀ ਭਾਰਤ ਵਿਚ ਪਹਿਲਾਂ ਹੀ ਪਰਚਲਤ ਸੀ।
ਮਹਾਤਮਾ ਗਾਂਧੀ ਵੀ ਬਹੁਤ ਚਤੁਰ ਵਿਅਕਤੀ ਸੀ (ਇਸ ਕਾਰਨ ਹੀ ਉਸ ਨੂੰ ਮਹਾਤਮਾ ਕਿਹਾ ਜਾਂਦਾ ਹੈ) ਪਰ ਬਾਂਦਰ ਦਾ ਲੋਹਾ ਮੰਨਦਿਆਂ ਉਸ ਨੇ ਵੀ ਬਾਂਦਰ ਨੂੰ ਆਪਣਾ ਸੰਦੇਸ਼ (ਬੁਰਾ ਮੱਤ ਕਹੋ-ਬੁਰਾ ਮੱਤ ਸੁਨੋ-ਬੁਰਾ ਮੱਤ ਦੇਖੋ) ਵਾਹਕ ਬਣਾਇਆ ਸੀ । ਇਸ ਕਾਰਨ ਹੀ ਅੱਜ ਭਾਰਤ ਵਿਚ ਕੁਝ ਵੀ ਬੁਰਾ ਕਰਦੇ ਰਹੋ, ਕੋਈ ਤੁਹਾਡੇ ਬਾਰੇ ਚਰਚਾ ਨਹੀਂ ਕਰੇਗਾ, ਤੁਸੀਂ ਕੁਝ ਵੀ ਬੁਰਾ ਕਰਦੇ ਰਹੋ, ਉਸ ਚੀਕ-ਚੰਘਿਆੜੇ ਨੂੰ ਕੋਈ ਵੀ ਸੁਣੇਗਾ ਨਹੀਂ। ਤੁਸੀਂ ਜੋ ਮਰਜ਼ੀ ਬੁਰਾ ਕਰਦੇ ਰਹੋ, ਤੁਹਾਡੇ ਵੱਲ ਕੋਈ ਦੇਖੇਗਾ ਨਹੀਂ। ਸ਼ਾਇਦ ਬ੍ਰਾਹਮਣ ਨੂੰ ਬਚਾਉਣ ਦਾ(ਕਿਉਂਕਿ ਵਰਨ-ਵੰਡ ਦੀ ਆੜ ਵਿਚ ਉਹ ਸਭ ਕੁਝ ਬੁਰਾ ਹੀ ਕਰਦਾ ਹੈ) ਇਸ ਤੋਂ ਵਧੀਆ ਹੋਰ ਕੋਈ ਢੰਗ ਨਹੀਂ ਹੋ ਸਕਦਾ ਸੀ, ਇਸ ਲਈ ਬ੍ਰਾਹਮਣ ਨੇ ਵੀ ਬਾਂਦਰ ਨੂੰ ਪੂਰੀ ਮਾਨਤਾ ਦੇ ਦਿੱਤੀ, ਅਤੇ ਬ੍ਰਾਹਮਣ ਦੇ ਕਹੇ ਤੇ ਹੀ ਅੱਜ ਬਾਂਦਰ ਦਾ (ਖਾਸ-ਕਰ ਸ਼ਹਿਰਾਂ ਵਿਚ) ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਜੇ ਕੋਈ ਬਾਂਦਰ ਕਿਸੇ ਨਿਆਣੇ, ਕਿਸੇ ਜਨਾਨੀ ਜਾਂ ਕਿਸੇ ਬੰਦੇ ਨੂੰ ਵੱਢ ਖਾਵੇ ਤਾਂ ਕੋਈ ਗੱਲ ਨਹੀਂ, ਪਰ ਜੇ ਕੋਈ ਬੰਦਾ ਕਿਸੇ ਬਾਂਦਰ ਦੇ ਡੰਡਾ ਮਾਰ ਦੇਵੇ ਤਾਂ ਮਾਮਲਾ ਲੜਾਈ-ਝਗੜੇ ਅਤੇ ਮੁਕੱਦਮੇ-ਬਾਜ਼ੀ ਤਕ ਪਹੁੰਚ ਜਾਂਦਾ ਹੈ। ਜਿਸ ਦੇ ਸਿੱਟੇ ਵਜੋਂ ਸ਼ਹਿਰਾਂ ਵਿਚ ਬਾਂਦਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਹ ਘਰਾਂ ਵਿਚ ਖਾਣ ਵਾਲੀਆਂ ਚੀਜ਼ਾਂ ਅਤੇ ਕਪੜਿਆਂ ਆਦਿ ਦਾ ਕਾਫੀ ਨੁਕਸਾਨ ਕਰਦੇ ਰਹਿੰਦੇ ਹਨ, ਜ਼ਰਾ ਜਿਹਾ ਵੀ ਖਤਰਾ ਭਾਸਦਿਆਂ ਬਾਂਦਰ ਬੱਚੇ ਜਨਾਨੀ ਜਾਂ ਬੰਦੇ ਨੂੰ ਵੱਢ ਖਾਂਦੇ ਹਨ । ਲੋਕਾਂ ਦੇ ਜ਼ਿਆਦਾ ਰੌਲਾ ਪਾਉਣ ਤੇ ਪਰਸ਼ਾਸਨ ਕੁਝ ਬਾਂਦਰ ਫੜ ਕੇ ਜੰਗਲ ਵਿਚ ਛੱਡ ਆਉਂਦਾ ਹੈ, ਪਰ ਗੱਲ ਓਥੇ ਦੀ ਓਥੇ ਹੀ ਰਹਿੰਦੀ ਹੈ, ਇਕ ਅੱਧ ਸਾਲ ਵਿਚ ਉਨ੍ਹਾਂ ਦੀ ਗਿਣਤੀ ਫਿਰ ਵੱਧ ਜਾਂਦੀ ਹੈ ।
ਜੇ ਸਭ-ਕੁਝ ਏਸੇ ਹਿਸਾਬ ਨਾਲ ਚਲਦਾ ਰਿਹਾ ਤਾਂ 50 ਸਾਲ ਕਰੀਬ ਵਿਚ ਬਾਂਦਰਾਂ ਅਤੇ ਬੰਦਿਆਂ, ਦੋਵਾਂ ਦਾ ਸ਼ਹਿਰਾਂ ਵਿਚ ਇਕੱਠੇ ਰਹਿਣਾ ਮੁਸ਼ਕਿਲ ਹੋ ਜਾਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰਾਂ ਵਿਚ ਬਾਂਦਰਾਂ ਦੇ ਅਲੱਗ ਵਾੜੇ ਬਣਾਵੇ , ਜਿਨ੍ਹਾਂ ਵਿਚ ਉਨ੍ਹਾਂ ਦੇ ਰਹਣ ਦੇ ਨਾਲ-ਨਾਲ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੋਵੇ।, ਤਾਂ ਜੋ ਬਾਂਦਰ ਅਤੇ ਬੰਦੇ ਦਾ ਆਪਸੀ ਤਾਲ-ਮੇਲ ਸੁਖਾਵਾਂ ਬਣਿਆ ਰਹ ਸਕੇ।
ਇਵੇਂ ਹੀ ਗਾਂ ਵੀ ਇਕ ਬੜਾ ਸੁੰਦਰ-ਸੁਸ਼ੀਲ ਅਤੇ ਅੰਮ੍ਰਿਤ ਵਰਗਾ ਦੁੱਧ ਦੇਣ ਵਾਲਾ ਪਸ਼ੂ ਹੈ। ਹਿੰਦੂਆਂ ਦੀ ਇਸ ਵਿਚ ਆਸਥਾ ਵੀ ਬਹੁਤ ਮੰਨੀ ਜਾਂਦੀ ਹੈ, ਅੱਜ-ਕਲ ਤਾਂ ਉਸ ਦੀ ਸੁਰਕਸ਼ਾ ਬਾਰੇ ਬਹੁਤ ਸਾਰੇ ਹਿੰਦੂ ਸੰਗਠਨ ਬੜੇ ਜਾਗਰੂਕ ਹੋ ਰਹੇ ਹਨ। ਭਲਾ ਦੁੱਧ ਦੇਣ ਵਾਲੀ ਗਊ ਨੂੰ ਕੋਈ ਕਿਉਂ ਮਾਰੇਗਾ ? ਪਿੰਡਾਂ ਵਿਚ ਤਾਂ ਜਿਨ੍ਹਾਂ ਨੇ ਗਊਆਂ ਪਾਲੀਆਂ ਹੋਈਆਂ ਹਨ, ਉਹ ਉਨ੍ਹਾਂ ਦੀ ਰਹਾਇਸ਼ ਅਤੇ ਦਾਣੇ-ਪੱਠੇ ਦਾ ਪੂਰਾ ਪ੍ਰਬੰਧ ਕਰਦੇ ਹਨ, ਜਦ ਗਊ ਦੁੱਧ ਦੇਣ ਜੋਗੀ ਨਾ ਵੀ ਰਹੇ, ਤਾਂ ਵੀ ਉਸ ਦੀ ਦੇਖ-ਭਾਲ ਕਰਦੇ ਹਨ, ਪਰ ਸ਼ਹਿਰਾਂ ਵਿਚ ਜਿਨ੍ਹਾਂ ਨੇ ਗਊਆਂ ਪਾਲੀਆਂ ਹੋਈਆਂ ਹਨ, ਉਹ ਜਿੰਨਾ ਚਿਰ ਗਊ ਦੁੱਧ ਦਿੰਦੀ ਹੈ, ਤਦ ਤਕ ਉਸ ਦੀ ਪੂਰੀ ਸੇਵਾ ਕਰਦੇ ਹਨ, ਪਰ ਜਦ ਗਊ ਦੁੱਧ ਦੇਣੋ ਹਟ ਜਾਵੇ ਤਾਂ ਉਨ੍ਹਾਂ ਦਾ ਰੁਟੀਨ ਬਣ ਜਾਂਦਾ ਹੈ ਕਿ ਸਵੇਰੇ ਹੀ ਗਊ ਦਾ ਸੰਗਲ ਖੋਲ੍ਹ ਦਿੱਤਾ, ਗਊਆਂ ਸਾਰਾ ਦਿਨ ਲੋਕਾਂ ਵਲੋਂ ਸੁੱਟੀਆਂ ਚੀਜ਼ਾਂ ਖਾਂਦੀਆਂ ਸੜਕਾਂ ਤੇ ਘੁੰਮਦੀਆਂ ਕਦੀ ਕਿਸੇ ਦੀ ਰੇੜ੍ਹੀ ਤੇ ਮੂੰਹ ਮਾਰ, ਕਦੇ ਕਿਸੇ ਦੀ ਦੁਕਾਨ ਤੇ ਮੂੰਹ ਮਾਰ, ਕਦੇ ਕਿਸੇ ਦੁਰਘਟਨਾ ਦਾ ਕਾਰਨ ਬਣਦੀਆਂ ਸ਼ਾਮ ਨੂੰ ਘਰ ਆ ਜਾਂਦੀਆਂ ਹਨ ਅਤੇ ਮਾਲਕ ਉਸ ਦਾ ਸੰਗਲ ਪਾ ਦਿੰਦਾ ਹੈ। ਇਹ ਸ਼ਹਰ ਵਾਲੇ ਗਊ ਪਾਲਕਾਂ ਦਾ ਰੋਜ਼ ਦਾ ਰੁਟੀਨ ਹੁੰਦਾ ਹੈ।
ਜੇ ਕਿਸੇ ਦੁਰਘਟਨਾ ਵਿਚ ਕੋਈ ਬੰਦਾ ਮਰ ਜਾਵੇ ਜਾਂ ਜ਼ਖਮੀ ਹੋ ਜਾਵੇ ਤਾਂ ਕੋਈ ਗੱਲ ਨਹੀਂ, ਪਰ ਜੇ ਕਿਸੇ ਦੁਰਘਟਨਾ ਵਿਚ ਕੋਈ ਗਊ ਫੱਟੜ ਹੋ ਜਾਵੇ ਜਾਂ ਮਰ ਜਾਵੇ ਤਾਂ ਮਾਲਕ ਉਸ ਦੇ ਦੁਗਣੇ ਪੈਸੇ ਵਸੂਲ ਕਰ ਕੇ ਹੀ ਛੱਡਦਾ ਹੈ, ਜਦ ਕਿ ਕਸੂਰ ਗਊ ਦੇ ਮਾਲਕ ਦਾ ਹੀ ਹੁੰਦਾ ਹੈ, ਵਾਹਨ ਵਾਲੇ ਦਾ ਨਹੀਂ। ਜਦ ਗਊ ਦੁੱਧ ਦੇਣ ਦੇ ਵੱਤਰ ਤੋਂ ਨਿਕਲ ਜਾਂਦੀ ਸੀ ਤਾਂ ਉਹ ਔਣੇ-ਪੌਣੇ ਪੈਸਿਆਂ ਵਿਚ ਉਸ ਨੂੰ ਵੇਚ ਦਿੰਦਾ ਸੀ, ਕੀ ਉਸ ਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਇਸ ਨਕਾਰਾ ਗਊ ਜਾਂ ਵੱਛੇ ਜਾਂ ਬਲਦ ਨੂੰ ਲਿਜਾ ਕੇ ਉਹ ਕੀ ਕਰੇਗਾ ? ਪਰ ਉਸ ਵੇਲੇ ਉਸ ਦੀ ਗਊ-ਭਗਤੀ, ਕੁਝ ਪੈਸਿਆਂ ਦੀ ਆੜ ਵਿਚ ਲੁਪਤ ਹੋ ਜਾਂਦੀ ਸੀ , ਪਰ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਗਊ-ਵੱਧ ਤੇ ਪਾਬੰਦੀ ਲੱਗਣ ਵਾਲੀ ਹੈ, ਜੇ ਇਹ ਪਾਬੰਦੀ ਲੱਗ ਗਾਈ ਤਾਂ ਫਿਰ ਕੀ ਹੋਵੇਗਾ ?
ਯਕੀਨਨ ਸ਼ਹਿਰਾਂ ਦੇ ਗਊ ਪਾਲਕ ਇਸ ਹਾਲਤ ਵਿਚ ਨਹੀਂ ਹੋਣਗੇ ਕਿ ਉਹ ਇਕ ਨਾਕਾਰਾ ਗਊ ਨੂੰ ਘਰ ਬੰਨ੍ਹ ਕੇ ਉਸ ਨੂੰ 100/150 ਰੁਪਏ ਦਾ ਚਾਰਾ-ਪੱਠਾ ਪਾ ਸਕਣ, ਗਊਆਂ ਵਿਕਣੀਆਂ ਵੀ ਨਹੀਂ । ਇਸ ਹਾਲਤ ਵਿਚ ਉਹ ਉਨ੍ਹਾਂ ਗਊਆਂ ਨੂੰ ਆਵਾਰਾ ਛੱਡ ਦੇਣਗੇ। ਕਿਉਂਕਿ ਗਊਆਂ ਦਾ ਕੋਈ ਰਿਕਾਰਡ ਵੀ ਨਹੀਂ ਹੋਵੇਗਾ ਕਿ ਇਹ ਗਊ ਕਿਸ ਮਾਲਕ ਦੀ ਹੈ ? ਇਹ ਵੀ ਪਤਾ ਨਹੀਂ ਲੱਗੇਗਾ ਕਿ ਸ਼ਹਰ ਵਿਚ ਆਵਾਰਾ ਘੁੱਮ ਰਹੀਆਂ ਗਾਂਈਆਂ ਕਿਸ ਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਆਪਣੀਆਂ ਗਾਂਈਆਂ ਸਾਂਭਣ ਲਈ ਕਿਹਾ ਜਾ ਸਕੇ। ਨਤੀਜੇ ਵਜੋਂ ਇਨ੍ਹਾਂ ਆਵਾਰਾ ਗਊਆਂ ਦੀ ਗਿਣਤੀ, ਹਰ ਦਿਨ ਵਧਦੀ ਹੀ ਜਾਵੇਗੀ। ਸ਼ਹਰ ਦਾ ਕੀ ਹਾਲ ਹੋਵੇਗਾ ? ਇਹ ਆਸਾਨੀ ਨਾਲ ਸੋਚਿਆ ਜਾ ਸਕਦਾ ਹੈ ।
ਇਸਦਾ ਹੱਲ ਕੀ ਹੋ ਸਕਦਾ ਹੈ ?
ਪਹਿਲਾਂ ਅਜਿਹੀਆਂ ਗਊਆਂ ਨੂੰ ਕੁਝ ਵੀਰ ਆਪਣੇ ਭੋਜਨ ਦਾ ਹਿੱਸਾ ਬਣਾ ਲੈਂਦੇ ਸਨ, ਜਿਸ ਨਾਲ ਇਹ ਮਸਲ੍ਹਾ ਹੱਲ ਹੋ ਜਾਂਦਾ ਸੀ, ਜਦ ਇਨ੍ਹਾਂ ਦੇ ਮਾਰਨ ਤੇ ਪਾਬੰਦੀ ਲਗ ਗਈ ਤਾਂ ਯਕੀਨਨ ਇਨ੍ਹਾਂ ਦੀ ਗਿਣਤੀ ਵਿਚ ਬਹੁਤ ਵੱਡਾ ਵਾਧਾ ਹੋਵੇਗਾ, ਜੋ ਭਾਰਤ ਦੀ ਜੰਤਾ ਦੀ ਗਿਣਤੀ ਵਾਙ ਲਗਾਤਾਰ ਵਧਦਾ ਹੀ ਜਾਵੇਗਾ। ਸੋ ਸ਼ਹਿਰ ਵਿਚਲੀਆਂ ਗਊਆਂ ਦਾ ਪੰਜੀਕਰਨ ਹੋਣਾ ਚਾਹੀਦਾ ਹੈ, ਤਾਂ ਜੋ ਸ਼ਹਿਰ ਵਿਚ ਆਵਾਰਾ ਫਿਰਦੀ ਗਊ ਬਾਰੇ ਪਤਾ ਲੱਗ ਸਕੇ ਕਿ ਉਹ ਕਿਸ ਦੀ ਹੈ ? ਅਤੇ ਉਸ ਤੇ ਉੱਚਤ ਕਾਰਵਾਈ ਕੀਤੀ ਜਾ ਸਕੇ। ਗਊ-ਸ਼ਾਲਾਵਾਂ ਦੀ ਥਾਂ ਇਨ੍ਹਾਂ ਗਊ ਪਾਲਕਾਂ ਨੂੰ ਸਰਕਾਰ ਵਲੋਂ ਕੁਝ ਮਦਦ ਮਿਲਣੀ ਚਾਹੀਦੀ ਹੈ, ਤਾਂ ਜੋ ਉਹ ਗਊਆਂ ਨੂੰ ਆਵਾਰਾ ਛੱਡਣ ਦੀ ਥਾਂ, ਉਨ੍ਹਾਂ ਨੂੰ ਘਰਾਂ ਵਿਚ ਹੀ ਸੰਭਾਲ ਸਕਣ ਅਤੇ ਨਾਲ ਹੀ ਉਨ੍ਹਾਂ ਦੀ ਸ਼ਰਧਾ ਦੀ ਪੂਰਤੀ ਹੋ ਸਕੇ।
ਜਿੱਥੋਂ ਤਕ ਗਊ-ਸ਼ਾਲਾਵਾਂ ਦਾ ਸਬੰਧ ਹੈ, ਇਹ ਸਾਰੀਆਂ ਹੀ ਪੈਸੇ ਕਮਾਉਣ ਦੀਆਂ ਦੁਕਾਨਾਂ ਹਨ, ਕ੍ਰੋੜਾਂ ਰੁਪਏ ਦੇ ਬਜਟ, ਟੈਕਸ ਵਿਚ ਛੋਟ ਹੋਣ ਦੇ ਬਾਵਜੂਦ ਵੀ ਗਊ-ਸ਼ਾਲਾਵਾਂ ਵਿਚਲੀਆਂ ਗਊਆਂ ਦੇ ਹੱਡ-ਪਿੰਜਰ ਖੱਲ ਤੋਂ ਅਲੱਗ ਨਜ਼ਰ ਆਉਂਦੇ ਹਨ, ਮਾਸ ਦੀ ਥਾਂ ਸਿਰਫ ਨਾੜੀਆਂ ਹੀ ਨਜ਼ਰ ਆਉਂਦੀਆਂ ਹਨ। ਚਾਰੇ-ਦਾਣੇ ਦੇ ਨਾਂ ਤੇ ਸਿਰਫ ਓਨੇ ਹੀ ਪੱਠੇ ਪਾਏ ਜਾਂਦੇ ਹਨ, ਜਿਸ ਨਾਲ ਉਹ ਮਸਾਂ ਜਿਊਂਦੀਆਂ ਰਹਿ ਸਕਣ। ਅਜਿਹੀ ਹਾਲਤ ਵਿਚ ਭਾਰਤ ਸਰਕਾਰ ਨੂੰ ਇਕ ਹੋਰ ਕਹਿਕਮਾ ‘ਗਊ-ਪਾਲਕ’ ਬਨਾਉਣਾ ਚਾਹੀਦਾ ਹੈ, ਜਿਸ ਦਾ ਅਲੱਗ ਵਜ਼ੀਰ ਹੋਵੇ ਅਲੱਗ ਬਜਟ ਅਤੇ ਅਲੱਗ ਕਰਮਚਾਰੀ ਹੋਣ, ਤਾਂ ਜੋ ਗਊਆਂ ਨੂੰ ਚੰਗੀ ਤਰ੍ਹਾਂ ਸਾਂਭਿਆ ਜਾ ਸਕੇ।
(ਜਿੱਥੋਂ ਤਕ ਸ਼ਰਧਾ ਦਾ ਸਵਾਲ ਹੈ, ਬੜੇ ਦੁੱਖ ਨਾਲ ਲਿਖ ਰਿਹਾ ਹਾਂ ਕਿ ਇਹ ਸਿਰਫ ਵਿਖਾਵਾ ਮਾਤਰ ਹੀ ਹੈ, ਜੇ ਹਿੰਦੂਆਂ ਨੂੰ ਗਾਵਾਂ ਪ੍ਰਤੀ ਸ਼ਰਧਾ ਹੁੰਦੀ ਤਾਂ ਗਊਆਂ ਬਾਜ਼ਾਰਾਂ ਵਿਚ ਆਵਾਰਾ ਫਿਰਦੀਆਂ ਨਜ਼ਰ ਨਾ ਆਉਂਦੀਆਂ, ਗਊ-ਸ਼ਾਲਾਵਾਂ ਵਿਚਲਾ ਗਊਆਂ ਦਾ ਚਾਰਾ ਗਊ-ਸ਼ਾਲਾਵਾਂ ਦੇ ਮਾਲਕਾਂ ਦੇ ਢਿੱਡ ਵਿਚ ਨਾ ਪੈਂਦਾ, ਜੋ ਕਿ ਗਊ-ਸ਼ਾਲਾ ਵਿਚ ਜਾ ਕੇ ਮਾਲਕਾਂ ਅਤੇ ਗਊਆਂ ਨੂੰ ਵੇਖਣ ਨਾਲ ਹੀ ਪਤਾ ਲੱਗ ਜਾਂਦਾ ਹੈ)
ਇਨ੍ਹਾਂ ਆਵਾਰਾ ਗਊਆਂ ਕਾਰਨ ਸ਼ਹਰ ਵਾਲਿਆਂ ਦਾ ਘੱਟ ਹੀ ਨੁਕਸਾਨ ਹੁੰਦਾ ਹੈ, ਜੋ ਨੁਕਸਾਨ ਹੁੰਦਾ ਹੈ ਉਹ ਫਸਲਾਂ ਉਗਾਉਣ ਵਾਲੇ ਜ਼ਿਮੀਦਾਰਾਂ ਦਾ ਜਾਂ ਹਾਦਸਾ-ਗ੍ਰਸਤ ਹੋਏ ਰਾਹਗੀਰਾਂ ਦਾ ਹੀ ਹੁੰਦਾ ਹੈ, ਅਤੇ ਉਨ੍ਹਾਂ ਵਿਚੋਂ ਜ਼ਿਆਦਾ ਗਊ-ਪੂਜਕ ਨਹੀ ਹੁੰਦੇ ।
ਸਰਕਾਰ ਨੂੰ ਇਹ ਸਾਰਾ ਇੰਤਜ਼ਾਮ ਆਪਣੇ ਹੱਥ ਵਿਚ ਲੈ ਕੈ ਗਊਆਂ ਦੀ ਸੇਵਾ-ਸੰਭਾਲ ਕਰਨੀ ਚਾਹੀਦੀ ਹੈ, ਤਾਂ ਹੀ ਇਸ ਮਸਲ੍ਹੇ ਦਾ ਸਹੀ ਹੱਲ ਹੋ ਸਕਦਾ ਹੈ।
ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ, ਇਹ ਸਾਰਾ ਇੰਤਜ਼ਾਮ ਨਾ ਕੀਤਾ ਤਾਂ ਪੰਜਾਹ ਸਾਲਾਂ ਦੇ ਅੰਦਰ-ਅੰਦਰ ਇਨ੍ਹਾਂ ਬਾਂਦਰਾਂ ਅਤੇ ਗਊਆਂ ਦੀ ਗਿਣਤੀ ਬਹੁਤ ਵੱਧ ਜਾਵੇਗੀ, ਜੋ ਭਾਰਤ ਲਈ ਸਿਰਦਰਦ ਅਤੇ ਅੰਤ ਵਿਚ ਭਾਰਤ ਦੀ ਬਰਬਾਦੀ ਦਾ ਕਾਰਨ ਬਣੇਗਾ। ਕੇਂਦਰੀ ਸਰਕਾਰ ਨੂੰ ਹੁਣੇ ਹੀ ਸੁਚੇਤ ਹੋਣ ਦੀ ਲੋੜ ਹੈ ।
ਅਮਰ ਜੀਤ ਸਿੰਘ ਚੰਦੀ