*ਖਾਲਿਸਤਾਨ ਰੈਫਰੈਂਡਮ 2020 ਬਾਰੇ ਵਿਚਾਰ*
ਦਾਸ ਖਾਲਿਸਤਾਨ ਦਾ ਵਰੋਧੀ ਨਹੀਂ ਸਗੋਂ ਹਾਂਮੀ ਹੈ ਪਰ ਜੋ ਸਿੱਖ ਫਾਰ ਜਸਟਿਸ ਜਾਂ ਉਸ ਦੀਆਂ ਬਹੁਤੀਆਂ ਸਹਿਯੋਗੀ ਪਾਰਟੀਆਂ ਮਾਟੋ ਤੇ ਸਿਧਾਂਤ ਲੈ ਕੇ ਚੱਲ ਰਹੀਆਂ ਹਨ ਉਨ੍ਹਾਂ ਨਾਲ ਪੂਰਾ ਸਹਿਮਤ ਨਹੀਂ। ਉਹ ਇਸ ਕਰਕੇ ਕਿ ਸਿੱਖ ਧਰਮ ਦੇ ਬਾਨੀ ਰਹਿਬਰ ਬਾਬਾ ਗੁਰੂ ਨਾਨਕ ਸਾਹਿਬ ਹਨ ਜਿਨ੍ਹਾਂ ਨੇ ਜੁਲਮ ਜਬਰ ਦੇ ਵਿਰੁੱਧ ਬਾਬਰ ਨੂੰ ਜਾਬਰ ਕਹਿੰਦੇ ਹੋਏ ਸੱਚੇ ਸੁੱਚੇ ਰਾਜ ਦੀ ਨੀਂਹ ਰੱਖੀ ਸੀ-
*ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਂਵ ਦੈ॥ (966)*
ਬਾਕੀ ਉਨ੍ਹਾਂ ਦੇ ਜਾਂਨਸ਼ੀਨ ਗੁਰੂਆਂ ਨੇ ਉਸ ਨੀਂਹ ਨੂੰ ਹੋਰ ਪੱਕਿਆਂ ਕੀਤਾ। ਦਸਵੇਂ ਰੂਪ ਵਿੱਚ ਖਾਲਸਾ ਤਖੱਲਸ ਦੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਗੱਦੀ ਸੌਂਪੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਰਾਜੇ ਬਣੇ ਜਿਨ੍ਹਾਂ 8 ਸਾਲ ਰਾਜ ਕਰਦੇ ਬਰਾਬਰਤਾ ਵਾਲਾ ਖਾਲਸ ਰਾਜ ਚਲਾਇਆ। ਫਿਰ ਮੁਗਲਾਂ ਦੇ ਰੂਪ ਵਿੱਚ ਮੁਸੀਬਤਾਂ ਦੇ ਪਹਾੜ ਟੁੱਟੇ, ਸਿੱਖਾਂ ਦੇ 65 ਜਥੇ ਬਣੇ, ਫਿਰ 12 ਮਿਸਲਾਂ ਪੈਦਾ ਹੋਈਆਂ ਅਤੇ ਮਹਾਂਰਾਜੇ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠੇ ਕਰਕੇ, ਇੱਕ ਵਿਸ਼ਾਲ ਖਾਲਸਾ ਰਾਜ ਕਾਇਮ ਕੀਤਾ ਜੋ ਭਈਆ ਗਦਾਰਾਂ ਦੀਆਂ ਸਾਜਸ਼ਾਂ ਅਤੇ ਭਾਰੀ ਫੁੱਟ ਕਾਰਨ ਜਾਂਦਾ ਰਿਹਾ।
ਦਾਸ ਦਾ ਹੁਣ ਵਾਲੇ ਖਾਲਿਸਤਾਨ ਬਾਰੇ ਸ਼ੰਕਾ ਤੇ ਸੁਝਾਹ ਹੈ ਕਿ ਸਿੱਖ ਧਰਮ ਦੇ ਬਾਨੀ ਤੇ ਸਿੱਖ ਰਾਜ ਦੇ ਮੋਢੀ ਗੁਰੂ ਬਾਬਾ ਨਾਨਕ ਸਾਹਿਬ ਤੇ ਬਾਕੀ ਉਨ੍ਹਾਂ ਦੇ ਜਾਂਨਸ਼ੀਨ ਗੁਰੂ ਅਤੇ ਭਗਤ ਸਨ ਨਾਂ ਕਿ ਇੱਕ ਸੰਪਰਦਾ ਦੇ ਮੁੱਖੀ ਭਿੰਡਰਾਂਵਾਲੇ? ਹਾਂ ਉਹ ਜੋਧੇ ਜਰਨੈਲ ਜਰੂਰ ਸਨ। ਹੁਣ ਦੱਸੋ ਕਿ ਜਬਰ ਜੁਲਮ ਦੇ ਵਿਰੁੱਧ ਖਾਲਸਾ ਰਾਜ ਦੀ ਨੀਂਹ ਬਾਬੇ ਨਾਨਕ ਨੇ ਰੱਖੀ ਸੀ ਕਿ ਜਾਂ ਕਿਸੇ ਅਜੋਕੇ ਦੌਰ ਦੇ ਸੰਤ ਨੇ? ਕੀ ਅਸੀਂ ਜਾਹਰ ਪੀਰ ਜਗਤ ਗੁਰ ਬਾਬਾ ਨਾਨਾਕ ਤੇ ਗੁਰੂ ਗੋਬਿੰਦ ਸਿੰਘ ਜੀਆਂ ਨੂੰ ਖਾਲਿਸਤਾਨ ਦਾ ਮਾਟੋ ਨਹੀਂ ਬਣਾ ਸਕਦੇ ਜੋ ਸਾਡੇ ਬਾਨੀ, ਰਹਿਬਰ ਅਤੇ ਮੁੱਢ (ਮੂਲ) ਸਨ? ਕੀ ਮੂਲ (ਮੁੱਢ) ਨੂੰ ਛੱਡ ਕੇ ਸ਼ਾਖਾਂ ਹਰੀਆਂ ਰਹਿ ਸਕਦੀਆਂ ਹਨ? ਬਾਬੇ ਨਾਨਕ ਨੇ ਅਜੋਕੇ ਆਵਾਜਾਈ ਅਤੇ ਸੁਖ ਸਹੂਲਤਾਂ ਦੇ ਸਾਧਨਾਂ ਤੋਂ ਬਗੈਰ ਹੀ ਕਰੀਬ ਤਿੰਨ ਕਰੋੜ ਲੋਕਾਂ ਨੂੰ ਸੱਚ ਧਰਮ ਦੀ ਦੀਖਿਆ ਦਿੱਤੀ ਅੱਜ ਵੀ ਉਨ੍ਹਾਂ ਦੇ ਸ਼ਰਧਾਲੂ ਅਤੇ ਸਿੱਖ ਕਰੀਬ 14 ਕਰੋੜ ਦੀ ਗਿਣਤੀ ਵਿੱਚ ਇਕੱਲੇ ਭਾਰਤ ਵਿੱਚ ਹਨ ਜਿਨ੍ਹਾਂ ਨੂੰ ਸਿਗਲੀਗਰ, ਵਣਜਾਰੇ, ਸਤਨਾਮੀਏ ਅਤੇ ਦਲਤ ਕਿਹਾ ਜਾਂਦਾ ਹੈ। ਕੀ ਅਸੀਂ ਜਾਤਾਂ ਪਾਤਾਂ ਅਤੇ ਅਮੀਰੀ ਗਰੀਬੀ ਤੋਂ ਉਪਰ ਉੱਠ ਕੇ ਉਨ੍ਹਾਂ ਨਾਲ ਰਿਸ਼ਤੇਦਾਰੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸਿੱਖ ਕੌਮ ਦਾ ਅਨਿਖੜਵਾਂ ਅੰਗ ਸਮਝ ਕੇ, ਕੋਈ ਲੀਡਰ ਜਾਂ ਜਥੇਦਾਰੀ ਦਾ ਔਹਦਾ ਦਿੱਤਾ ਹੈ? ਭਲਿਓ ਜੇ ਅਸੀਂ ਉਨ੍ਹਾਂ ਨੂੰ ਆਪਣੇ ਭਰਾ ਭੈਣਾਂ ਸਮਝ ਕੇ ਨਾਲ ਰਲਾਇਆ ਹੁੰਦਾ ਤਾਂ ਭਾਰਤ ਵਿੱਚ ਕਦ ਦਾ ਖਾਲਿਸਤਾਨ ਬਣਿਆਂ ਹੋਣਾਂ ਸੀ।
ਦੂਜਾ ਦਸਵੇਂ ਰੂਪ ਵਿੱਚ ਗੁਰੂ ਜੀ ਸਾਨੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਦੀਵੀ ਲੜ ਲਾ ਗਏ ਸਨ ਅਤੇ ਅਸੀਂ ਹਰ ਅਰਦਾਸ ਵਿੱਚ ਇਹ ਦੁਹਰਾਉਂਦੇ ਵੀ ਹਾਂ ਕਿ-
*ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।*
ਫਿਰ ਕੀ ਕਾਰਨ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵੀ ਖੜਾ ਕਰਦੇ ਹਾਂ? ਅਰਦਾਸ ਵੀ ਭਗਾਉਤੀ (ਦੁਰਗਾ) ਅੱਗੇ ਕਰਦੇ ਹੋਏ ਵਰ ਵੀ ਅਖੌਤੀ ਦੇਵਤੇ ਸ਼ਿਵਾ ਤੋਂ ਮੰਗਦੇ ਹਾਂ। ਜਿਸ ਬੇਗਮਪੁਰੇ ਰਾਜ ਦੀ ਗੱਲ ਕ੍ਰਾਤੀਕਾਰੀ ਭਗਤ ਬਾਬਾ ਰਵਿਦਾਸ ਜੀ ਨੇ ਕੀਤੀ ਅਤੇ ਬਾਕੀ ਭਗਤਾਂ ਨੇ ਸੱਚ ਧਰਮ ਦਾ ਪ੍ਰਚਾਰ ਕੀਤਾ, ਨੂੰ ਵਿਸਾਰ ਕੇ ਅਰਦਾਸ ਕੇਵਲ ਦਸਾਂ ਗੁਰੂਆਂ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਕਹਿ ਕੇ ਕਰਦੇ ਹਾਂ ਜਦ ਕਿ ਗੁਰੂ ਗ੍ਰੰਥ ਸਾਹਿਬ 35 ਮਹਾਂਪੁਰਖਾਂ ਦੀ ਜੋਤਿ ਹੈ। ਇਸ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਆਂ, ਭਗਤਾਂ ਆਤਮ ਦਰਸ਼ੀਆਂ ਦੀ ਜੋਤਿ ਕਹਿ ਅਰਦਾਸ ਕਰਨੀ ਚਾਹੀਦੀ ਹੈ। ਕੀ ਜੇ ਖਾਲਿਸਤਾਨ ਬਣ ਗਿਆ ਤਾਂ ਉਸ ਦਾ ਸਵਿਧਾਨ ਸਰਬਸਾਂਝੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਮੁਤਾਬਿਕ ਹੋਵੇਗਾ ਜਾਂ ਅਖੌਤੀ ਦਸਮ ਗ੍ਰੰਥ ਦੇ, ਜੋ ਕਵੀਆਂ ਦੀ ਰਚਨਾਂ ਹੈ ਜਿਸ ਨੂੰ ਧੱਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਿਆ ਜਾ ਰਿਹਾ ਹੈ? ਕੀ ਖਾਲਿਸਤਾਨ ਦੇ ਅਜੋਕੇ ਬਹੁਤੇ ਆਗੂ ਸੰਪ੍ਰਦਾਈ ਡੇਰੇਦਾਰਾਂ ਦੇ ਅਨੁਯਾਈ ਨਹੀਂ ਹਨ? ਜੇ ਉਨ੍ਹਾਂ ਕੋਲ ਰਾਜ ਸਤਾ ਆ ਗਈ ਤਾਂ ਜਿਵੇਂ ਬਾਦਲ ਤੇ ਮੱਕੜ ਨੇ ਡੇਰੇਦਾਰ ਸ਼੍ਰੋਮਣੀ ਕਮੇਟੀ ਵਿੱਚ ਵਾੜੇ ਹਨ ਤੁਹਾਡੇ ਵਿੱਚ ਨਹੀਂ ਵੜ ਜਾਣਗੇ ਜੋ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਮਰਯਾਦਾ ਦੇ ਵਿਰੋਧੀ ਹਨ?
ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਤੇ ਪ੍ਰਚਾਰਨ ਵਾਲਿਆਂ ਨੂੰ ਦਸਮ ਗ੍ਰੰਥ ਦੇ ਨਾਂ ਤੇ ਹੁਣੇ ਹੀ ਧੱਮਕੀਆਂ ਦਿੱਤੀਆਂ ਜਾਂਦੀਆਂ ਹਨ ਜੇ ਕੱਲ੍ਹ ਨੂੰ ਇਨ੍ਹਾਂ ਕੋਲ ਰਾਜ ਸਤਾ ਆ ਗਈ ਤਾਂ ਇਹ ਲੋਕ ਸਾਨੂੰ ਛੇਕਣ ਅਤੇ ਜਲੀਲ ਕਰਕੇ ਜੇਲ੍ਹੀਂ ਨਹੀਂ ਸੁੱਟਣਗੇ? ਕੀ ਤੁਹਾਡੇ ਕੁਝ ਪੀਰ ਮੁਹੰਮਦ ਵਰਗੇ ਦੋਗਲੇ ਲੀਡਰ ਜੋ ਆਰ. ਐਸ. ਐਸ. ਦੇ ਯਾਰ ਬਾਦਲ ਦੀ ਵੀ ਜੀ-ਹਜੂਰੀ ਕਰਦੇ ਹਨ ਖਾਲਿਸਤਾਨ ਅਤੇ ਗੁਰੂ ਪੰਥ ਨਾਲ ਧੋਖਾ ਨਹੀਂ ਕਰਨਗੇ? ਕਿਨ੍ਹਾਂ ਚੰਗਾ ਹੋਵੇ ਜੇ ਅਸੀਂ ਜਗਤ ਰਹਿਬਰ ਬਾਬਾ ਨਾਨਕ ਜੀ ਦੇ ਮਾਟੋ ਨਾਲ, ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਂਨ ਵਿਧਾਨ, ਇੱਕ ਕੌਮੀ ਨਾਨਕਸ਼ਾਹੀ ਕੈਲੰਡਰ ਨੂੰ ਪਹਿਲਾਂ ਸਮਰਪਤ ਹੋਈਏ ਤੇ ਬਾਕੀ 14 ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਸ਼ਰਧਾਲੂਆਂ ਨੂੰ ਵੀ ਨਾਲ ਕਰ ਲਈਏ। ਅੱਜ ਵੋਟਾਂ ਦਾ ਰਾਜ ਹੈ ਪਹਿਲਾਂ ਆਪਣੀਆਂ ਅਸਲੀ ਪੱਕੀਆਂ ਵੋਟਾਂ ਤਾਂ ਵਧਾਈਏ। ਆਪਣਾਂ ਪੱਕਾ ਤੇ ਅਸਲੀ ਆਗੂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੀਏਂ ਜਿਸ ਵਿੱਚ ਸਾਰੇ ਗੁਰੂ, ਭਗਤ ਅਤੇ ਗੁਰਸਿੱਖ ਸਮਾਏ ਹੋਏ ਹਨ।
ਵੇਖਣਾ ਕਿਤੇ ਮੂਲ ਜੜਾਂ ਰੂਪੀ ਰਹਿਬਰ ਨੂੰ ਛੱਡ ਕੇ ਟਾਹਣੀਆਂ ਨਾਲ ਹੀ ਨਾਂ ਲਟਕੇ ਰਹੀਏ ਜੋ ਜੜਾਂ ਤੋਂ ਬਗੈਰ ਸੁੱਕ ਜਾਂਦੀਆਂ ਹਨ। ਇਹ ਵਿਚਾਰ ਇਕੱਲੇ ਦਾਸ ਦੇ ਹੀ ਨਹੀਂ ਸਗੋਂ ਹਰ ਉਸ ਗੁਰਸਿੱਖ ਮਾਈ ਭਾਈ ਦੇ ਹਨ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਹੋ, ਆਪਣਾ ਸਦੀਵੀ ਆਗੂ ਮੰਨ ਕੇ, ਉਸ ਦੀ ਸਿਧਾਂਤਕ ਅਗਵਾਈ ਵਿੱਚ ਚਲਦਾ ਹੈ। ਆਸ ਕਰਦਾ ਹਾਂ ਕਿ ਖਾਲਿਸਤਾਨ ਜਾਂ ਗੁਰੂ ਪੰਥ ਦੇ ਸੁਹਿਰਦ ਲੀਡਰ ਉਪ੍ਰੋਕਤ ਸੁਝਾਵਾਂ ਤੇ ਗੌਰ ਕਰਨਗੇ।
ਬੇਨਤੀ ਕਰਤਾ-
ਅਵਤਾਰ ਸਿੰਘ ਮਿਸ਼ਨਰੀ ਤੇ ਸਾਥੀ ਸੇਵਕ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA
510-432-5827