ਅਜਿਹੀ ਫਿਲਮ ਸਿੱਖਾਂ ਬਾਰੇ ਵੀ ਜਰੂਰ ਬਣਨੀ ਚਾਹੀਦੀ ਹੈ, ਤਾਂ ਕਿ ਸਿੱਖਾਂ ਨੂੰ ਵੀ ਆਪਣੀ ਅਸਲੀਅਤ ਦਾ ਪਤਾ ਲੱਗ ਸਕੇ ਕਿ ਅਸੀਂ ਗੁਰਬਾਣੀ ਦੇ ਉਲਟ ਆਹ ਕੁੱਝ ਕਰ ਰਹੇ ਹਾਂ
ਇੱਕ ਦਿਨ ਮੈਂ ਕਿਸੇ ਦੋਸਤ ਨਾਲ ਫੋਨ ਤੇ ਗੱਲ ਕਰ ਰਿਹਾ ਸੀ, ਗੱਲ ਕਰਦਿਆਂ-ਕਰਦਿਆਂ ਉਸ ਨੇ ਕਿਹਾ ਕਿ ਹਰਲਾਜ ਸਿੰਘ ਤੁਸੀਂ ਓ ਮਾਈ ਗੌਡ ਫਿਲਮ ਵੇਖੀ ਹੈ ? ਮੈਂ ਕਿਹਾ ਨਹੀਂ । ਤਾਂ ਉਸਨੇ ਕਿਹਾ ਕਿ ਇਹ ਫਿਲਮ ਜਰੂਰ ਵੇਖੀਂ । ਮੈਂ ਉਸੇ ਦਿਨ ਬਜਾਰ ਗਿਆ ਤੇ ਓ ਮਾਈ ਗੌਡ ਫਿਲਮ ਦਾ ਤਵਾ (ਡਿਸਕ) ਲੈ ਆਇਆ । ਘਰ ਲਿਆ ਕੇ ਜਦ ਫਿਲਮ ਵੇਖੀ ਤਾਂ ਬਹੁਤ ਹੀ ਖੁਸ਼ੀ, ਹੈਰਾਨੀ ਤੇ ਚਿੰਤਾ ਹੋਈ । ਖੁਸ਼ੀ ਇਸ ਗੱਲ ਦੀ ਹੋਈ ਕਿ ਮੈਂ ਫਿਲਮਾਂ ਰਾਹੀਂ ਅਸ਼ਲੀਲਤਾ ਤੇ ਅੰਧਵਿਸ਼ਵਾਸ ਫੈਲਾਏ ਜਾਣ ਬਾਰੇ ਹੀ ਸੁਣਦਾ ਹੁੰਦਾ ਸੀ, ਪਰ ਇਸ ਫਿਲਮ ਵਿੱਚ ਅੰਧ ਵਿਸ਼ਵਾਸ ਉੱਤੇ ਕਰਾਰੀ ਚੋਟ ਕੀਤੀ ਗਈ ਹੈ । ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ਦੇਸ਼ ਦੇ ਮਾਲਕਾਂ, ਬਹੁ ਗਿਣਤੀ ਲੋਕਾਂ, ਬੁੱਤਾਂ ਦੇ ਪੁਜਾਰੀਆਂ, ਹਿੰਦੂਆਂ ਜੋ ਆਪਣੇ ਧਰਮ ਨੂੰ ਤੇ ਆਪਣੇ ਆਪ ਨੂੰ ਸਰਵ ਸ਼੍ਰੇਸ਼ਟ ਮੰਨਦੇ ਹਨ ਦੇ ਪਾਖੰਡਾਂ ਦੀ ਅਸਲੀਅਤ ਨੂੰ ਬੜੀ ਨਿਡਰਤਾ ਨਾਲ ਪੇਸ਼ ਕੀਤਾ ਹੈ ਤੇ ਇਸਦੇ ਨਾਲ ਨਾਲ ਮੁਸਲਿਮ ਤੇ ਈਸਾਈ ਪੁਜਾਰੀਆਂ ਨੂੰ ਵੀ ਥੋੜਾ ਜਿਹਾ ਵਿਖਾਇਆ ਗਿਆ ਹੈ । ਚਿੰਤਾ ਇਸ ਗੱਲ ਦੀ ਹੋਈ ਕਿ ਆਪਣੇ ਆਪ ਨੂੰ ਵਿਗਿਆਨਕ ਧਰਮ ਦੇ ਪੈਰੋਕਾਰ ਕਹਾਉਣ ਵਾਲੇ ਅਜੋਕੇ ਅਖੌਤੀ ਸਿੱਖਾਂ, ਧਰਮ ਦੇ ਠੇਕੇਦਾਰਾਂ, ਕਰਮ ਕਾਢੀਆਂ (ਵਿਰਲਿਆਂ ਨੂੰ ਛੱਡ ਕੇ) ਦੀ ਵੀ ਅਜਿਹੀ ਫਿਲਮ ਕੋਈ ਛੇਤੀ ਹੀ ਬਣਾ ਦੇਵੇਗਾ ।
ਬੇਸ਼ੱਕ ਸਿੱਖ ਧਰਮ ਦੇ ਸਿਧਾਂਤ, ਹਿੰਦੂ, ਮੁਸਲਿਮ ਅਤੇ ਇਸਾਈ ਧਰਮ ਤੋਂ ਵੱਖਰੇ ਹਨ ਪਰ ਗੁਰਬਾਣੀ ਦੇ ਹੁਕਮਾਂ ਅਨੁਸਾਰ :- "ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥ ਪਾਰੋਸੀ ਕੇ ਜੋ ਹੁਆ ਤੂ ਆਪਨੇ ਭੀ ਜਾਨੁ ॥ (ਪੰਨਾ ਨੰਬਰ 1373) ਗੁਰਬਾਣੀ ਅਨੁਸਾਰ ਇਹ ਤਾਂ ਸਪੱਸ਼ਟ ਹੀ ਹੈ ਕਿ ਜੋ ਕੁੱਝ ਅੱਜ ਤੇਰੇ ਗੁਆਂਢੀ ਦੇ ਹੋਇਆ ਹੈ, ਉਹ ਤੇਰੇ ਨਾਲ ਵੀ ਹੋਇਆ ਹੀ ਸਮਝ । ਜੋ ਕੁੱਝ ਰੱਬ ਦੇ ਨਾਮ ਤੇ ਕਰਮ ਕਾਂਡ, ਠੱਗੀਆਂ, ਚੋਰੀਆਂ, ਝੂਠ, ਹੇਰਾ-ਫੇਰੀਆਂ ਸਾਡੇ ਗੁਆਂਢੀ ਹਿੰਦੂ ਲੋਕ ਕਰਦੇ ਹਨ, ਅਸੀਂ ਸਿੱਖ ਵੀ ਉਹੀ ਕੁੱਝ ਹੀ ਕਰ ਰਹੇ ਹਾਂ । ਬੇਸ਼ੱਕ ਇਸ ਫਿਲਮ ਵਿੱਚ ਸਿੱਖ ਕੌਮ ਨੂੰ ਨਹੀਂ ਲਿਆ ਗਿਆ ਪਰ ਜੇ ਧਿਆਨ ਨਾਲ ਵੇਖੀਏ ਤਾਂ ਇਹ ਫਿਲਮ ਸਾਡੇ ਉੱਪਰ ਵੀ ਪੂਰੀ ਤਰ੍ਹਾਂ ਢੁੱਕਦੀ ਹੈ । ਫਿਰ ਜੋ ਫਿਲਮ ਅੱਜ ਹਿੰਦੂਆਂ ਦੇ ਭਗਵਾਨ ਅਤੇ ਪੁਜਾਰੀਆਂ ਦੀ ਬਣੀ ਹੈ ਉਹ ਕੱਲ ਨੂੰ ਅਜੋਕੇ ਸਿੱਖਾਂ ਅਤੇ ਸਿੱਖਾਂ ਦੇ ਪੁਜਾਰੀਆਂ ਦੀ ਵੀ ਬਣੇਗੀ ! ਜਿਹੜੇ ਅੱਜ ਅਸੀਂ (ਸਿੱਖ) ਓ ਮਾਈ ਗੌਡ ਫਿਲਮ ਵੇਖ ਕੇ ਖੁਸ਼ ਹੋ ਰਹੇ ਹਾਂ, ਜਦੋਂ ਕਦੇ ਅਜਿਹੀ ਫਿਲਮ ਸਾਡੀ ਬਣੇਗੀ, ਫਿਰ ਅਸੀਂ ਪਿੱਟਾਂਗੇ ਕਿ ਇਹ ਸਿੱਖੀ ਉੱਤੇ ਹਮਲਾ, ਇਸ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ ਆਦਿ ਬਹੁਤ ਕੁੱਝ ਹੋਵੇਗਾ । ਇੱਥੇ ਇਹ ਨਾ ਸਮਝ ਲੈਣਾ ਕਿ ਮੈਂ ਸਿੱਖ ਧਰਮ ਦੀ ਤੁਲਨਾ ਕਿਸੇ ਹੋਰ ਧਰਮ ਨਾਲ ਕਰ ਰਿਹਾ ਹਾਂ ।
ਮੇਰੇ ਲਈ ਸਭ ਤੋਂ ਉੱਤਮ ਸਿਰਫ ਗੁਰਬਾਣੀ ਹੀ ਹੈ, ਇਸਦੀ ਤੁਲਨਾ ਮੈਂ ਕਿਸੇ ਹੋਰ ਧਰਮ ਨਾਲ ਨਹੀਂ ਕਰ ਸਕਦਾ । ਕਿਉਂਕਿ ਮੇਰੀ ਮੱਤ ਅਨੁਸਾਰ ਜੇ ਨਿਰਪੱਖ ਹੋ ਕੇ ਵਿਚਾਰਿਆ ਜਾਵੇ ਤਾਂ ਕੋਈ ਵੀ ਧਾਰਮਿਕ ਪੁਸਤਕ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਦੇ ਮੁਕਾਬਲੇ ਸਮੁੱਚੀ ਮਨੁੱਖਤਾ ਨੂੰ ਸੇਧ ਨਹੀਂ ਦੇ ਸਕਦੀ । ਗੁਰਬਾਣੀ ਅਨੁਸਾਰ ਤਾਂ ਸਾਰੀ ਮਨੁੱਖਤਾ ਦਾ ਧਰਮ ਵੀ ਸਿਰਫ ਇੱਕ ਹੀ ਹੈ ਅਤੇ ਵੱਖੋ ਵੱਖਰੇ ਧਰਮ ਹੋ ਹੀ ਨਹੀਂ ਸਕਦੇ । ਗੁਰਬਾਣੀ ਤਾਂ ਮਨੁੱਖਤਾ ਨੂੰ ਵੰਡਣ ਦੀ ਥਾਂ ਸਭ ਨੂੰ ਸਮਾਨਤਾ, ਬਰਾਬਰਤਾ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ । ਜਿਵੇਂ ਕਿ ਗੁਰਵਾਕ ਹੈ :- ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥ ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥ (ਪੰਨਾ ਨੰ: 469) ਭਾਵ ਕਿ ਬ੍ਰਾਹਮਣ ਮੱਤ ਅਨੁਸਾਰ ਜੋਗੀਆਂ ਦਾ ਧਰਮ ਗਿਆਨ ਦਾ ਧਰਮ ਹੈ, ਬ੍ਰਾਹਮਣਾਂ ਦਾ ਧਰਮ ਵੇਦ ਪਾਠਾਂ ਦਾ ਅਭਿਆਸ ਹੈ, ਖੱਤਰੀਆਂ ਦਾ ਧਰਮ ਸੂਰਬੀਰਤਾ ਹੈ, ਸੂਦਰਾਂ ਦਾ ਧਰਮ ਪਰਾਈ ਟਹਿਲ ਸੇਵਾ ਕਰਨਾ ਹੈ, ਪਰ ਅਸਲ ਵਿੱਚ ਸਾਰੀ ਮਨੁੱਖਤਾ ਦਾ ਧਰਮ ਇੱਕ ਹੀ ਹੈ ਜੇ ਕੋਈ ਇਸ ਭੇਤ ਨੂੰ ਜਾਣ ਲਵੇ ਤਾਂ ਨਾਨਕ ਉਸ ਦਾ ਦਾਸ ਹੈ ਤੇ ਉਹ ਮਨੁੱਖ ਸਮਝੋ ਰੱਬ ਦਾ ਹੀ ਰੂਪ ਹੈ । ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ, ਗੁਰਮਤਿ, ਸਿੱਖੀ ਜੋ ਖੁਦ ਕਰਮ-ਕਾਂਡਾਂ, ਧਾਰਮਿਕ ਅਡੰਬਰਾਂ, ਊਚ-ਨੀਚ, ਜਾਤ-ਪਾਤ, ਵਿਤਕਰਿਆਂ ਆਦਿ ਦਾ ਡੱਟ ਕੇ ਵਿਰੋਧ ਕਰਦੀ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ, ਅਸੀਂ ਸਿੱਖ ਕਹਾਉਣ ਵਾਲਿਆਂ ਨੇ ਇਸ ਦੇ ਸਿਧਾਂਤਕ ਸੱਚ ਨੂੰ ਬ੍ਰਾਹਮਣਵਾਦ ਦੇ ਪਾਖੰਡਵਾਦ ਤੋਂ ਵੀ ਹੇਠਾਂ ਸੁੱਟ ਦਿੱਤਾ ਹੈ । ਜਿਸ ਕਾਰਨ ਅੱਜ ਸਿੱਖੀ ਵੀ ਹਿੰਦੂ ਧਰਮ, ਮੁਸਲਿਮ ਧਰਮ ਤੇ ਇਸਾਈ ਧਰਮ ਦੇ ਵਾਂਗ ਚੌਥੇ ਧਰਮ, ਸਿੱਖ ਧਰਮ ਵਜੋਂ ਹੀ ਜਾਣੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਸਾਰੇ ਧਰਮ ਇੱਕਸਾਰ ਹਨ ।
ਜੇ ਸਾਰੇ ਧਰਮ ਇੱਕ ਸਾਰ ਹਨ ਫਿਰ ਇਹ ਸਾਰੇ ਇੱਕ ਕਿਉਂ ਨਹੀਂ ਹੋ ਜਾਂਦੇ ? ਗੁਰਬਾਣੀ ਤਾਂ ਹਿੰਦੂ ਤੇ ਮੁਸਲਿਮ ਦੋਹਾਂ ਧਰਮਾਂ ਨੂੰ ਨਹੀਂ ਮੰਨਦੀ, ਭਾਵ ਕਿ ਦੋਹਾਂ ਨੂੰ ਰੱਦ ਕਰਦੀ ਹੈ । ਜਿਵੇਂ ਕਿ :- ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥ (ਪੰਨਾ ਨੰਬਰ 1159) :- ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥ (ਪੰਨਾ ਨੰਬਰ 875) :- ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥ (ਪੰਨਾ ਨੰਬਰ 654) ਇਹ ਤਾਂ ਸਪੱਸ਼ਟ ਹੈ ਕਿ ਗੁਰਬਾਣੀ ਸਭ ਮੱਤਾਂ (ਸਿੱਖਾਂ ਸਮੇਤ) ਦੇ ਧਾਰਮਿਕ ਕਰਮ ਕਾਂਢਾਂ ਨੂੰ ਰੱਦ ਕਰਦੀ ਹੈ । ਪਰ ਕੀ ਅਸੀਂ ਗੁਰਬਾਣੀ ਦੇ ਹੁਕਮਾਂ ਅਨੁਸਾਰ ਪੰਡਤ ਮੁੱਲਾਂ ਵਾਲੇ ਕਰਮ ਕਾਂਢ ਛੱਡ ਦਿੱਤੇ ਹਨ ? ਹਿੰਦੂ ਅੰਨਾ ਤੁਰਕੂ ਕਾਣਾ ਦਾ ਹੋਕਾ ਦੇਣ ਵਾਲੀ ਸਿਧਾਂਤਕ ਵਿਚਾਰਧਾਰਾ ਦੇ ਪੈਰੋਕਾਰ ਕਹਾਉਣ ਵਾਲੇ ਅਸੀਂ ਖੁਦ ਕਿੱਥੇ ਖੜੇ ਹਾਂ ? ਹਿੰਦੂ ਮੁਸਲਮਾਨਾਂ ਤੋਂ ਵੀ ਥੱਲੇ ! ਆਪਣੇ ਆਪ ਨੂੰ ਜਾਂ ਆਪਣੀ ਸੰਸਥਾ ਦੀ ਮੱਤ ਨੂੰ ਸਾਰੇ ਹੀ ਉੱਤਮ ਮੰਨਦੇ ਹਨ, ਹਿੰਦੂਆਂ, ਮੁਸਲਮਾਨਾਂ, ਇਸਾਈਆਂ ਵਾਂਗ ਸਿੱਖ ਵੀ ਆਪਣੇ ਆਪ ਨੂੰ ਸਭ ਤੋਂ ਉੱਤਮ ਮੰਨਦੇ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਕੋਲ ਸਭ ਤੋਂ ਉੱਤਮ ਖਜਾਨਾ ਗੁਰਬਾਣੀ ਹੈ । ਪਰ ਕੀ ਅਜੋਕੇ ਸਿੱਖ (ਕਿਸੇ ਵਿਰਲੇ ਨੂੰ ਛੱਡ ਕੇ) ਗੁਰਬਾਣੀ ਅਨੁਸਾਰ ਚੱਲਦੇ ਹਨ ? ਬਿਲਕੁਲ ਵੀ ਨਹੀਂ । ਫਿਰ ਸਿੱਖਾਂ ਦਾ ਹੋਰ ਮੱਤਾਂ ਨਾਲੋਂ ਕੀ ਫਰਕ ਹੋਇਆ । ਜੋ ਕੁੱਝ ਓ ਮਾਈ ਗੌਡ ਫਿਲਮ ਵਿੱਚ ਵਿਖਾਇਆ ਜਾਂ ਦੱਸਿਆ ਗਿਆ ਹੈ ਕੀ ਉਹੀ ਕੁੱਝ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਨਹੀਂ ਹੋ ਰਿਹਾ ?
ਕਈ ਵੀਰਾਂ ਨੂੰ ਮੇਰੀ ਇਹ ਗੱਲ ਸੁਖਾਵੇਗੀ ਨਹੀਂ, ਉਹ ਕਹਿਣਗੇ ਕਿ ਇਹ ਨਿੰਦਕ ਹੈ, ਕੋਈ ਸਿੱਖੀ ਦਾ ਦੁਸ਼ਮਣ ਵੀ ਕਹੇਗਾ ਤੇ ਕੋਈ ਨਾਸਤਕ । ਪਰ ਮੈਂ ਆਪਣੇ ਵੱਲੋਂ ਆਪਣੀ ਮੱਤ ਅਨੁਸਾਰ ਨਿਰਪੱਖ ਸੱਚ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ । ਜਿੰਨ੍ਹਾਂ ਨੂੰ ਮੇਰੀਆਂ ਇਹ ਗੱਲਾਂ ਚੁਭਣਗੀਆਂ ਉਨ੍ਹਾਂ ਵੀਰਾਂ ਤੋਂ ਮੈਂ ਖਿਮਾ ਚਾਹੁੰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਉਹ ਇਸ ਖਿਮਾ ਤੋਂ ਅੱਗੇ ਇਸ ਲੇਖ ਨੂੰ ਨਾ ਹੀ ਪੜਨ ਜੇ ਪੜ੍ਹ ਵੀ ਲਿਆ ਤਾਂ ਕ੍ਰਿਪਾ ਕਰਕੇ ਮੇਰੀਆਂ ਗੱਲਾਂ ਨੂੰ ਅਣ ਸੁਣੀਆਂ/ਪੜ੍ਹੀਆਂ ਕਰ ਦੇਣ । ਮੈਂ ਇੱਥੇ ਇੱਕ ਵਾਰ ਫਿਰ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰੇ ਲਈ ਗੁਰਬਾਣੀ ਹੀ ਸਭ ਤੋਂ ਉੱਤਮ ਹੈ ਹੋਰ ਕੁੱਝ ਨਹੀਂ । ਇਸ ਲੇਖ ਵਿੱਚ ਜੋ ਮੈਂ ਗੁਰਬਾਣੀ ਦੀਆਂ ਪੰਗਤੀਆਂ ਦੇ ਹਵਾਲੇ ਦਿੱਤੇ ਹਨ । ਉਨ੍ਹਾਂ ਦੇ ਪੰਨਾ ਨੰਬਰ ਵੀ ਨਾਲ ਦਿੱਤੇ ਹਨ, ਉਹ ਪੂਰੇ ਸ਼ਬਦ ਦੀ ਵਿਆਖਿਆ ਤੋਂ ਉਲਟ ਕੋਈ ਇੱਕ ਪੰਗਤੀ ਚੁੱਕ ਕੇ ਉਸਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ । ਇਸ ਲਈ ਕਿਸੇ ਨੂੰ ਸ਼ੰਕਾ ਹੋਵੇ ਤਾਂ ਉਹ ਪੂਰਾ ਸ਼ਬਦ ਵੀ ਪੜ੍ਹ ਸਕਦਾ ਹੈ । ਹਿੰਦੂ ਧਰਮ ਤੇ ਚੋਟ ਕਰਦੀ ਓ ਮਾਈ ਗੌਡ ਵਰਗੀ ਫਿਲਮ ਜੇ ਅਜੋਕੇ ਸਿੱਖਾਂ ਅਤੇ ਸਿੱਖ ਧਰਮ ਦੇ ਪੁਜਾਰੀਆਂ ਤੇ ਬਣਾਉਣੀ ਹੋਵੇ ਤਾਂ ਉਹ ਇਸ ਤੋਂ ਵੀ ਵਧੀਆ ਬਣ ਸਕਦੀ ਹੈ । ਅਜੋਕੇ ਸਿੱਖਾਂ, ਧਰਮ ਦੇ ਠੇਕੇਦਾਰਾਂ ਪੁਜਾਰੀਆਂ (ਜਥੇਦਾਰਾਂ) ਸੰਤਾਂ, ਬ੍ਰਹਮਗਿਆਨੀਆਂ ਕੋਲ ਗੁਰਬਾਣੀ ਅਨੁਸਾਰ ਇਸਦਾ ਕੋਈ ਉੱਤਰ ਵੀ ਨਹੀਂ ਹੋਵੇਗਾ, ਜਿਸ ਰਾਹੀਂ ਉਹ ਆਪਣੇ ਵੱਲੋਂ ਧਰਮ ਦੇ ਨਾਮ ਕੀਤੇ ਜਾਂਦੇ ਪਾਖੰਡਾਂ ਤੇ ਪਰਦਾ ਪਾ ਸਕਣ । ਕਿਉਂਕਿ ਕਿਸੇ ਵਿਰਲੇ ਨੂੰ ਛੱਡ ਕੇ 99% ਅਜੋਕੇ ਸਿੱਖ, ਜਥੇਦਾਰ, ਪੁਜਾਰੀ, ਸੰਤ ਬਾਬੇ, ਬ੍ਰਹਮ ਗਿਆਨੀ ਗੁਰਬਾਣੀ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਹਨ ।
ਉਦਹਾਰਣ ਦੇ ਤੌਰ ਤੇ ਸਿੱਖਾਂ ਵੱਲੋਂ ਕੀਤੀਆਂ ਜਾਂਦੀਆਂ ਕੁਝ ਕੁ ਮਨ ਮੱਤਾਂ ਦਾ ਜਿਕਰ ਕਰ ਰਿਹਾ ਹਾਂ ਜਿਵੇਂਕਿ ਤੀਰਥਾਂ ਤੇ ਇਸ਼ਨਾਨ ਕਰਕੇ ਪਾਪ ਲਾਹੁਣ ਤੇ ਸੁੱਚੇ ਹੋਣ ਦੇ ਭਰਮ ਦਾ ਖੰਡਨ ਕਰਦਾ ਗੁਰਵਾਕ ਹੈ :- ਤੀਰਥ ਨਾਇ ਨ ਉਤਰਸ ਮੈਲ (ਪੰਨਾ ਨੰ: 890) ਪਰ ਅਸੀਂ ਇਸਦੇ ਉਲਟ ਤੀਰਥਾਂ ਸਰੋਵਰਾਂ ਤੇ ਇਸ਼ਨਾਨ ਕਰਕੇ ਸੁੱਚੇ ਬਣਦੇ ਫਿਰਦੇ ਹਾਂ । ਮਰੇ ਪ੍ਰਾਣੀਆਂ ਦੇ ਫੁੱਲ (ਅਸਥੀਆਂ) ਚੁੱਗ ਕੇ ਗੰਗਾ ਦੀ ਨਕਲ ਤੇ ਕੀਰਤਪੁਰ ਵਿਖੇ ਜਲ ਪ੍ਰਵਾਹ ਹਰੇ ਹਾਂ, ਉੱਥੇ ਜਾ ਕੇ ਮਰੇ ਪ੍ਰਾਣੀਆਂ ਦੀਆਂ ਅਰਦਾਸਾਂ ਕਰਵਾਉਂਦੇ ਹਾਂ । ਕਈ ਖਾਸ ਵਿਅਕਤੀਆਂ ਦੇ ਫੁੱਲ ਪਾੳਣ ਸਮੇਂ ਤਾਂ ਤਖਤਾਂ ਦੇ ਜਥੇਦਾਰ (ਅਸਲੀ ਬ੍ਰਾਹਮਣ) ਖੁਦ ਅਰਦਾਸਾਂ ਕਰਦੇ ਹਨ । ਬਿਨਾਂ ਵਿਚਾਰੇ ਤੋਤਾ ਰਟਣੀ ਰਾਹੀਂ ਕੀਤੇ ਜਾਂਦੇ ਪਾਠਾਂ ਦਾ ਗੁਰਬਾਣੀ ਵਿੱਚ ਖੰਡਨ ਕੀਤਾ ਮਿਲਦਾ ਹੈ ।
ਜਿਵੇਂ ਕਿ :- ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ (ਪੰਨਾ ਨੰ: 467) ਪਰ ਇਸਦੇ ਉਲਟ ਅਸੀਂ ਭਾੜੇ ਦੇ ਪਾਠ ਕਰਕੇ ਡਾਕ ਰਾਹੀਂ ਹੁਕਮਨਾਮੇ ਭੇਜਦੇ ਹਾਂ ਅਤੇ ਬਿਨ੍ਹਾਂ ਵਿਚਾਰੇ ਇਕੱਠੇ 51-51 ਅਤੇ 101-101 ਪਾਠ ਪ੍ਰਕਾਸ਼ ਕਰਕੇ ਪਾਠਾਂ ਦੇ ਭੋਗਾਂ ਦੇ ਨਾਲ ਨਾਲ ਸਿੱਖੀ ਸਿਧਾਂਤਾਂ ਦੇ ਭੋਗ ਵੀ ਪਾ ਰਹੇ ਹੁੰਦੇ ਹਾਂ ।
ਬ੍ਰਾਹਮਣ ਵੱਲੋਂ ਪੈਸੇ ਲੈ ਕੇ ਫੇਰੇ ਕਰਵਾਉਣ ਅਤੇ ਜੰਤਰੀਆਂ ਵੇਖ ਕੇ ਚੰਗਾ ਮੰਦਾ ਦਿਨ ਦੱਸਣ ਦੇ ਵਿਰੁੱਧ ਗੁਰਬਾਣੀ ਦਾ ਹੁਕਮ ਹੈ ਕਿ :- ਲੈ ਭਾੜਿ ਕਰੇ ਵਿਆਹੁ ॥ ਕਢਿ ਕਾਗਲ ਦਸੇ ਰਾਹੁ ॥ (ਪੰਨਾ ਨੰ: 471) ਪਰ ਇਹਨਾਂ ਗੁਰ ਹੁਕਮਾਂ ਦੇ ਉਲਟ ਅੱਜ ਸਿੱਖਾਂ ਵੱਲੋਂ ਸ਼ਰੇਆਮ ਭਾੜੇ ਲੈ ਕੇ ਅਨੰਦ ਕਾਰਜ ਕਰਵਾਏ ਜਾਂਦੇ ਹਨ ਅਤੇ ਜੰਤਰੀਆਂ ਵੇਖ ਕੇ ਚੰਗੇ ਮੰਦੇ ਦਿਨ ਦੱਸੇ ਜਾ ਰਹੇ ਹਨ ।
ਗੁਰਬਾਣੀ ਸਾਨੂੰ ਕਹਿੰਦੀ ਹੈ ਕਿ :- ਦੁਬਿਧਾ ਨਾ ਪੜਉ ਹਰਿ ਬਿਨੁ ਹੋਰ ਨਾ ਪੂਜਊ ਮੜੇ ਮਸਾਣ ਨਾ ਜਾਈ ॥ (ਪੰਨਾ ਨੰ: 634) ਇਸ ਦੇ ਉਲਟ ਅਸੀਂ ਸ਼ਰੇਆਮ ਬਹੁਤ ਸਾਰੇ ਗੁਰੂ ਘਰਾਂ ਵਿੱਚ ਜੰਡਾਂ, ਕਰੀਰਾਂ, ਬੇਰੀਆਂ, ਮੜੀਆਂ, ਸਮਾਧਾਂ, ਆਦਿ ਦੀ ਪੂਜਾ ਕਰਦੇ ਹਾਂ ।
ਜਿਉਂਦੇ ਮਾਤਾ-ਪਿਤਾ (ਬਜੁਰਗਾਂ) ਦੀ ਸੇਵਾ ਨਾ ਕਰਨ ਅਤੇ ਮਰਨ ਤੋਂ ਬਾਅਦ ਉਨ੍ਹਾਂ ਦੇ ਨਮਿੱਤ ਲੰਗਰ ਲਾਉਣ, ਸ਼ਰਾਧ ਕਰਵਾਉਣ ਦਾ ਪਾਖੰਡ ਕਰਨ ਦੇ ਸਬੰਧ ਵਿੱਚ ਗੁਰਬਾਣੀ ਦਾ ਹੁਕਮ ਹੈ :- ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ ॥ (ਪੰਨਾ ਨੰ: 332) ਇਸਦੇ ਉਲਟ ਅੱਜ ਮਰੇ ਪ੍ਰਾਣੀਆਂ ਦੇ ਨਮਿੱਤ ਲੰਗਰ ਲਾਏ ਜਾਂਦੇ ਹਨ, ਬ੍ਰਾਹਮਣ ਦੀ ਥਾਂ ਪੰਜ ਸਿੱਖਾਂ ਨੂੰ ਪ੍ਰਸ਼ਾਦੇ ਛਕਾਏ ਜਾਂਦੇ ਹਨ, ਮਰੇ ਪ੍ਰਾਣੀ ਨਮਿੱਤ ਗੁਰੂ ਘਰਾਂ ਵਿੱਚ ਭਾਂਡੇ, ਮੰਜੇ ਬਿਸਤਰੇ ਆਦਿ ਦਿੱਤੇ ਜਾਂਦੇ ਹਨ ਅਤੇ ਉਸਦੇ ਨਮਿੱਤ ਸਹਿਜ ਪਾਠ, ਅਖੰਡ ਪਾਠ ਕਰਵਾਏ ਜਾਂਦੇ ਹਨ ।
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣਹਾਰ ॥ (ਪੰਨਾ ਨੰ: 468) ਦਾ ਹੋਕਾ ਦੇਣ ਵਾਲੇ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੱਚ ਦਾ ਪ੍ਰਚਾਰ ਕਰਨ ਦੀ ਥਾਂ ਖਾਸ-ਖਾਸ ਸਮਿਆਂ ਤੇ ਜਲੌ ਸਜਾਉਣ ਦੇ ਨਾਮ ਹੇਠ ਸੁਇਨੇ ਦੀਆਂ ਕਹੀਆਂ ਚਾਂਦੀ ਦੇ ਬੱਠਲਾਂ ਆਦਿ (ਕੂੜ) ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ ਅਤੇ ਸੱਚੇ ਦੇ ਦਰਬਾਰ ਦੀਆਂ ਕੰਧਾਂ ਨੂੰ ਵੀ ਸੁਇਨੇ (ਕੂੜ) ਨਾਲ ਢੱਕ ਰੱਖਿਆ ਹੈ ।
ਇਸਤਰੀ ਜਾਤੀ ਨੂੰ ਨੀਚ ਸਮਝਣ ਅਤੇ ਮੰਦਾ ਕਹਿਣ ਵਾਲਿਆਂ ਵਿਰੁੱਧ ਅਵਾਜ ਊਚੀ ਕਰਦਿਆਂ ਗੁਰਬਾਣੀ ਕਹਿ ਰਹੀ ਹੈ ਕਿ :- ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਪੰਨਾ ਨੰਬਰ 473) ਪਰ ਗੁਰ ਹੁਕਮਾਂ ਦੇ ਉਲਟ ਅੱਜ ਵੀ ਸਿੱਖ, ਇਸਤਰੀਆਂ ਨੂੰ ਮੰਦਾ ਹੀ ਸਮਝਦੇ ਹਨ ਜਿਸ ਕਾਰਨ ਨਾ ਤਾਂ ਸਿੱਖ ਬੀਬੀਆਂ ਨੂੰ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਸਿੰਘਾਂ ਨਾਲ ਸ਼ਾਮਿਲ ਕੀਤਾ ਜਾਂਦਾ ਹੈ ਤੇ ਨਾ ਹੀ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਹੈ ।
ਇਸ ਤੋਂ ਵੀ ਹੋਰ ਅੱਗੇ ਲੰਘਦਿਆਂ ਇਸਤਰੀ ਜਾਤੀ ਨੂੰ ਅਪਮਾਨਿਤ ਕਰਨ ਵਾਲੇ ਇਸਤਰੀ ਜਾਤੀ ਨੂੰ ਅੱਤ ਘਟੀਆ ਦਰਜੇ ਦੀ ਚਰਿੱਤਰ ਹੀਣ ਬਣਾ ਕੇ ਪੇਸ਼ ਕਰਨ ਵਾਲੇ ਅਸ਼ਲੀਲ ਕਵਿਤਾ ਦੇ ਪੁਲੰਦੇ (ਅਖੌਤੀ ਦਸ਼ਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਜਿੱਥੇ ਸੋ ਕਿਉ ਮੰਦਾ ਆਖੀਐ ਦੇ ਗੁਰ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਵਿੱਚ ਲੱਚਰਤਾ ਪਾਉਣ ਦਾ ਅਪਰਾਧ ਵੀ ਕੀਤਾ ਜਾ ਰਿਹਾ ਹੈ। ਹੁਣ ਤੱਕ ਸਿੱਖੀ ਉੱਪਰ ਜਿੰਨੇ ਵੀ ਹਮਲੇ ਹੋਏ ਹਨ ਅਖੌਤੀ ਦਸ਼ਮ ਗ੍ਰੰਥ ਸਭ ਤੋਂ ਵੱਡਾ ਹਮਲਾ ਹੈ।
ਹਿੰਦੂ ਪੁਜਾਰੀਆਂ ਵੱਲੋਂ ਪੱਥਰ ਦੀ ਮੂਰਤੀ ਅੱਗੇ ਦੀਵੇ ਬਾਲ ਕੇ ਕੀਤੀ ਜਾ ਰਹੀ ਭਗਵਾਨ ਦੀ ਆਰਤੀ ਦਾ ਖੰਡਨ ਕਰਦਿਆਂ ਨਾਨਕ ਪਾਤਸ਼ਾਹ ਜੀ ਨੇ ਫੁਰਮਾਇਆ ਸੀ :- ਗਗਨ ਮੈ ਥਾਲੁ ਰਵਿ ਚੰਦੁ ਦੀਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ (ਪੰਨਾ ਨੰਬਰ 663) ਦੀਵੇ ਬਾਲ ਕੇ ਆਰਤੀ ਕਰਨ ਦਾ ਖੰਡਨ ਕਰਨ ਲਈ ਉਚਾਰਨ ਕੀਤੇ ਇਸ ਸ਼ਬਦ ਨੂੰ ਗਾਉਂਦਿਆਂ ਥਾਲ ਵਿੱਚ ਦੀਵੇ ਬਾਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਆਰਤੀਆਂ ਕੀਤੀਆਂ ਜਾ ਰਹੀਆਂ ਹਨ । ਜਾਤ-ਪਾਤ ਦੀ ਬੁਰਾਈ ਨੂੰ ਖਤਮ ਕਰਨ ਲਈ ਗੁਰਬਾਣੀ ਦਾ ਉਪਦੇਸ਼ ਹੈ ਕਿ :- ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸ ਗਰਬ ਤੇ ਚਲਹਿ ਬਹੁਤ ਵਿਕਾਰਾ ॥ (ਪੰਨਾ ਨੰ: 1127-28) ਪਰ ਅੱਜ ਇਸ ਗੁਰ ਉਪਦੇਸ਼ ਦੇ ਉਲਟ ਜਾਤਾਂ ਦੇ ਅਧਾਰ ਤੇ ਗੁਰਦੁਆਰੇ ਬਣਾਏ ਜਾ ਰਹੇ ਹਨ ।
ਕਈ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦੇ ਹੋਏ ਵੀ ਜਾਤੀ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਕੋਈ ਖੰਡੇ ਦੀ ਪਹੁਲ ਛਕਾਉਣ ਸਮੇਂ ਵੀ ਜਾਤੀ ਵਿਤਕਰਾ ਕਰ ਰਿਹਾ ਹੈ । ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਮਾਲਾ ਫੇਰਨ ਦੇ ਪਾਖੰਡ ਦਾ ਖੰਡਨ ਕੀਤਾ ਹੋਇਆ ਹੈ ਜਿਵੇਂ ਕਿ :- ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ ॥ (ਪੰਨਾ ਨੰ: 888) ਅਤੇ :- ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥ (ਪੰਨਾ ਨੰ: 1368) ਪਰ ਅਜੋਕੇ ਅਖੌਤੀ ਸੰਤ ਗੁਰ ਹੁਕਮਾਂ ਦੇ ਉਲਟ ਮਾਲਾ ਫੇਰਨ ਦਾ ਪਾਖੰਡ ਕਰਕੇ ਜਿੱਥੇ ਗੁਰਬਾਣੀ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ ।
ਉੱਥੇ ਆਪਣੇ ਆਪ ਨੂੰ ਮਹਾਂਪੁਰਸ਼, ਬ੍ਰਹਮ ਗਿਆਨੀ ਤੇ ਸਿੱਖੀ ਦੇ ਠੇਕੇਦਾਰ ਵੀ ਕਹਾ ਰਹੇ ਹਨ । ਨੀਚਾਂ ਗਰੀਬਾਂ ਨੂੰ ਗਲੇ ਲਾਉਣ ਵਾਲੇ ਨੀਚਾਂ ਦੇ ਸਾਥੀ ਨਾਨਕ ਪਾਤਸ਼ਾਹ ਜੀ ਨੇ ਫੁਰਮਾਇਆ ਸੀ :- ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕ ਤਿਨ ਕੈ ਸੰਗਿ ਸਾਥਿ ਵਡਿਆਂ ਸਿਉ ਕਿਆ ਰੀਸ ॥ (ਪੰਨਾ ਨੰਬਰ 15) ਪਰ ਅੱਜ ਗਰੀਬਾਂ ਨੀਚਾਂ ਨੂੰ ਗਲੇ ਲਗਾਉਣ ਵਾਲੇ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਗਰੀਬੀ ਅਮੀਰੀ ਦਾ ਵਿਤਕਰਾ ਹੁੰਦਾ ਹੈ ।
ਜਿਸ ਦਰਬਾਰ ਸਾਹਿਬ ਨੂੰ ਚਹੁੰ ਵਰਗਾਂ ਲਈ ਸਾਂਝਾ ਪ੍ਰਚਾਰਿਆ ਜਾਂਦਾ ਹੈ, ਉੱਥੇ ਸਿਰੋਪੇ ਵਿਕਦੇ ਹਨ ਇੱਥੇ ਘੱਟ ਰੁਪਏ ਮੱਥਾ ਟੇਕਣ ਵਾਲੇ ਨੂੰ ਮਾੜਾ ਸਮਝਿਆ ਜਾਂਦਾ ਹੈ, ਵੱਧ ਪੈਸੇ ਮੱਥਾ ਟੇਕਣ ਵਾਲੇ ਨੂੰ ਸਿਰੋਪਾ ਦਿੱਤਾ ਜਾਂਦਾ ਹੈ । ਕੀ ਇਹ ਗਰੀਬੀ ਅਮੀਰੀ ਦਾ ਵਿਤਕਰਾ ਨਹੀਂ ਹੈ ?
ਸਿੱਖਾਂ ਲਈ ਗੁਰਬਾਣੀ ਅਕਾਲ ਪੁਰਖ ਦਾ ਹੁਕਮ ਹੈ ਪਰ ਗੁਰਬਾਣੀ ਦੇ ਸਿਧਾਂਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇਸਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ । ਗੁਰਬਾਣੀ ਦੀ ਵਿਚਾਰਧਾਰਾ ਦੇ ਉਲਟ ਪੁਜਾਰੀ (ਸਿਆਸੀ ਲੋਕਾਂ ਦੇ ਹੱਥ ਠੋਕੇ/ਗੁਲਾਮ ਜਿੰਨ੍ਹਾਂ ਨੂੰ ਤਖਤਾਂ ਦੇ ਜਥੇਦਾਰ ਪ੍ਰਚਾਰਿਆ ਜਾਂਦਾ ਹੈ) ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉਪਰ ਸਮਝਦੇ ਹਨ, ਜਿਸ ਕਾਰਨ ਗੁਰਬਾਣੀ ਦੇ ਹੁਕਮਾਂ ਧੀਆਂ ਧੱਜੀਆਂ ਉਡਾਉਣ ਵਾਲੇ ਸਾਰੇ ਦੇ ਸਾਰੇ ਪੰਥਕ, ਸੰਤ, ਮਹਾਂਪੁਰਸ਼, ਬ੍ਰਹਮਗਿਆਨੀ, ਸਿੰਘ ਸਾਹਿਬ, ਫਖਰ-ਏ-ਕੌਮ ਅਤੇ ਪੰਥ ਰਤਨ ਦੀਆਂ ਪਦਵੀਆਂ ਦੇ ਮਾਲਕ ਹਨ, ਪਰ ਗੁਰਬਾਣੀ ਦੇ ਸਿਧਾਂਤਾਂ ਨੂੰ ਮੰਨਣ ਵਾਲੇ ਜੋ ਇਨ੍ਹਾਂ ਤਨਖਾਹਦਾਰ ਪੁਜਾਰੀਆਂ ਦੀ ਈਨ ਨਹੀਂ ਮੰਨਦੇ ਉਨ੍ਹਾਂ ਨੂੰ ਪੰਥ ਵਿਰੋਧੀ ਆਖ ਕੇ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ । ਪੁਜਾਰੀਆਂ ਵੱਲੋਂ ਕੀਤੀ ਜਾਂਦੀ ਅਜਿਹੀ ਘਟੀਆ ਹਰਕਤ ਨੂੰ ਅਕਾਲ ਤਖਤ ਦਾ ਹੁਕਮਨਾਮਾ ਪ੍ਰਚਾਰਿਆ ਜਾਂਦਾ ਹੈ । ਜਦੋਂ ਕਿ ਇਹ ਅਸਲ ਵਿੱਚ ਪੁਜਾਰੀਆਂ ਰਾਹੀਂ ਜਾਰੀ ਕੀਤਾ ਗਿਆ ਰਾਜਨੀਤਿਕ ਜਾਂ ਆਰ.ਐਸ.ਐਸ. ਦੇ ਆਗੂਆਂ ਦਾ ਫੁਰਮਾਨ ਹੀ ਹੁੰਦਾ ਹੈ । ਪੁਜਾਰੀ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਪਰ ਸਮਝਦੇ ਹਨ । ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਣ ਤੋਂ ਤਾਂ ਇਨਕਾਰ ਕੀਤਾ ਜਾ ਸਕਦਾ ਹੈ ਪਰ ਪੁਜਾਰੀਆਂ (ਜਥੇਦਾਰਾਂ) ਦਾ ਹੁਕਮ ਮੰਨਣਾ ਜਰੂਰੀ ਹੈ । ਜੇ ਅਕਾਲ ਤਖਤ ਸੱਚ ਮੁੱਚ ਹੀ ਅਕਾਲ ਦਾ ਤਖਤ ਹੈ, ਫਿਰ ਇੱਥੋਂ ਹੁਕਮਨਾਮੇ ਵੀ ਅਕਾਲ ਦੀ ਬਾਣੀ (ਗੁਰਬਾਣੀ) ਦੇ ਹੀ ਜਾਰੀ ਹੋਣੇ ਚਾਹੀਦੇ ਹਨ ਨਾ ਕਿ ਤਨਖਾਹਦਾਰ ਪੁਜਾਰੀਆਂ ਦੇ ।
ਸਿੱਖ ਮੱਤ ਵਿੱਚ ਗੁਰਬਾਣੀ ਦੇ ਉਲਟ ਹੋ ਰਹੀਆਂ ਅਣਗਿਣਤ ਮਨ ਮੱਤਾਂ ਵਿੱਚੋਂ ਇਹ ਤਾਂ ਕੁੱਝ ਕੁ ਵੰਨਗੀਆਂ ਹੀ ਪੇਸ਼ ਕੀਤੀਆਂ ਹਨ, ਗੁਰਬਾਣੀ ਤੋਂ ਉਲਟ ਤਾਂ ਬਹੁਤ ਕੁਝ ਹੋ ਰਿਹਾ ਹੈ । ਜੋ ਕੁੱਝ ਗੁਰਬਾਣੀ ਤੋਂ ਉਲਟ ਅੱਜ ਸਿੱਖ ਧਰਮ ਵਿੱਚ ਵਾਪਰ ਰਿਹਾ ਹੈ, ਜੇਕਰ ਕੋਈ ਗੁਰਬਾਣੀ ਦੇ ਸਿਧਾਂਤਾਂ ਨੂੰ ਮੰਨਣ ਵਾਲਾ ਵਿਅਕਤੀ ਓ ਮਾਈ ਗੌਡ ਫਿਲਮ ਦੇ ਪਾਤਰ ਕਾਂਜੀ ਲਾਲ ਮਹਿਤਾ ਵਾਂਗ ਸਿੱਖਾਂ ਤੇ ਕੇਸ ਕਰ ਦੇਵੇ ਕਿ ਅਜੋਕੇ ਸਿੱਖਾਂ ਨੇ ਪੂਰੀ ਮਨੁੱਖਤਾ ਨੂੰ ਸੇਧ ਦੇਣ ਵਾਲੇ ਮੇਰੇ (ਸਾਰੀ ਦੁਨੀਆਂ ਦੇ) ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਉੱਤੇ ਨਜਾਇਜ ਕਬਜ਼ਾ ਕਰ ਰੱਖਿਆ ਹੈ । ਇਹ ਮੇਰੇ ਗੁਰੂ ਜੀ ਦੀ ਬੇਅਦਬੀ ਕਰ ਰਹੇ ਹਨ, ਇਹ ਗੁਰੂ ਦੇ ਨਾਮ ਤੇ ਲੋਕਾਂ ਦੀ ਮਾਨਸਿਕ ਤੇ ਆਰਥਿਕ ਲੁੱਟ ਕਰ ਰਹੇ ਹਨ, ਇਹ ਗਿਆਨ ਗੁਰੂ ਦੀ ਓਟ ਲੈ ਕੇ ਹੀ ਅਗਿਆਨਤਾ ਫੈਲਾ ਰਹੇ ਹਨ ।
ਕ੍ਰਿਪਾ ਕਰਕੇ ਇਨ੍ਹਾਂ ਸਿੱਖਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੁਡਾਇਆ ਜਾਵੇ ਅਤੇ ਗੁਰਬਾਣੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ । ਫਿਰ ਦੇਖੋ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਿਆਂ ਨਾਲ ਕੀ ਬਣਦੀ ਹੈ, ਕੋਈ ਵਿਰਲਾ ਹੀ ਗੁਰੂ ਕਾ ਸਿੱਖ ਇਸ ਸਜਾ ਤੋਂ ਬਚ ਪਾਏਗਾ । ਜਦੋਂ ਫਿਰ ਸਿੱਖਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ਵਿੱਚ ਕੇਸ ਕਰਨ ਲਈ ਨੋਟਿਸ ਭੇਜਣ ਲਈ ਪੁੱਛਿਆ ਜਾਵੇਗਾ ਕਿ ਨੋਟਿਸ ਕਿਸ ਦੇ ਨਾਮ ਅਤੇ ਕਿੱਥੇ ਭੇਜਣੇ ਹਨ ।
ਫਿਰ ਵੇਖਣਾ ਓ ਮਾਈ ਗੌਡ ਦੇ ਪਾਤਰ ਪੁਜਾਰੀਆਂ ਵਾਂਗ ਸਾਰੀ ਸਿੱਖ ਕੌਮ ਕਿਸ ਤਰ੍ਹਾਂ ਕਟਿਹਰੇ ਵਿੱਚ ਖੜ੍ਹੀ ਹੋਵੇਗੀ । ਜਦੋਂ ਸਾਰਿਆਂ ਨੂੰ ਪੁੱਛਿਆ ਜਵੇਗਾ ਕਿ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋਏ ਗੁਰਬਾਣੀ ਦੇ ਉਲਟ ਅਜਿਹੀਆਂ ਮਨਮੱਤੀ ਕਾਰਵਾਈਆਂ ਕਰਦੇ ਹੋਂ ? ਜਿਵੇਂ ਕਿ ਗੁਰਬਾਣੀ ਦੀ ਥਾਂ ਆਪਣੇ ਹੁਕਮਨਾਮੇ ਜਾਰੀ ਕਰਨੇ, ਮਾਲਾ ਫੇਰਨੀਆਂ, ਸ਼ਰਾਧ ਕਰਨੇ, ਦਰਬਾਰ ਸਾਹਿਬ ਵਿੱਚ ਵੱਧ ਪੈਸੇ ਮੱਥਾ ਟੇਕਣ ਵਾਲਿਆਂ ਨੂੰ ਸਿਰੋਪਾ ਦੇਣਾ, ਭਾੜੇ ਦੇ ਸਹਿਜ ਪਾਠ, ਅਖੰਡ ਪਾਠ, ਸੰਪਟ ਪਾਠ, ਪਾਠਾਂ ਦੀਆਂ ਇਕੋਤਰੀਆਂ ਲੜੀਆਂ ਪ੍ਰਕਾਸ਼ ਕਰਨੀਆਂ, ਕੱਪੜੇ ਨਾਲ ਮੂੰਹ ਬੰਨ ਕੇ ਪਾਠ ਕਰਨੇ, ਪਾਠ ਦੇ ਨਾਲ ਕੁੰਭ (ਪਾਣੀ ਦਾ ਘੜਾ) ਜੋਤ ਨਾਰੀਅਲ ਆਦਿ ਰੱਖਣੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੰਦੀ ਕਵਿਤਾ ਵਾਲੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਕਰਨਾ, ਗੰਦੀ ਅਸ਼ਲੀਲ ਕਵਿਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜਣਾ, ਸਿੱਖ ਬੀਬੀਆਂ ਨੂੰ ਬਰਾਬਰਤਾ ਨਾ ਦੇਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦੀਵੇ ਬਾਲ ਕੇ ਆਰਤੀ ਕਰਨੀ, ਭਾੜੇ ਲੈ ਕੇ ਅਨੰਦ ਕਾਰਜ ਕਰਨੇ, ਜੰਤਰੀਆਂ ਵੇਖ ਕੇ ਚੰਗੇ ਮੰਦੇ ਦਿਨ ਦੱਸਣੇ, ਜਾਤਾਂ ਦੇ ਅਧਾਰ ਤੇ ਗੁਰਦੁਆਰੇ ਬਣਾਉਣੇ, ਜਾਤ ਦੇ ਅਧਾਰ ਤੇ ਮਨੁੱਖਾਂ ਨਾਲ ਵਿਤਕਰਾ ਕਰਨਾ, ਮਰੇ ਪ੍ਰਾਣੀਆਂ ਦੇ ਫੁੱਲ ਚੁਗਣੇ, ਉਨ੍ਹਾਂ ਦੀਆਂ ਅਰਦਾਸਾਂ ਕਰਨੀਆਂ, ਉਨ੍ਹਾਂ ਦੇ ਨਾਮ ਤੇ ਮੰਜਾ ਬਿਸਤਰਾ, ਭਾਂਡੇ, ਅੰਨ ਪਾਣੀ ਲੈਣਾ ਅਤੇ ਦੇਣਾ, ਮੂਰਤੀਆਂ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਭੋਗ ਲਵਾਉਣੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੋਨੇ ਚਾਂਦੀ ਦਾ ਪ੍ਰਦਰਸ਼ਨ ਕਰਨਾ, ਮੜੀਆਂ, ਸਮਾਧਾਂ, ਜੰਡਾਂ, ਕਰੀਰਾਂ, ਬੇਰੀਆਂ ਦੀ ਪੂਜਾ ਕਰਨੀ, ਤੀਰਥ, ਇਸ਼ਨਾਨ ਕਰਨੇ ਤੇ ਕਰਵਾਉਣੇ, ਆਪਣੇ ਆਪ ਨੂੰ ਆਮ ਨਾਲੋਂ ਖਾਸ ਦੱਸਣ ਲਈ, ਆਪਣੇ ਨਾਮ ਨਾਲ ਸੰਤ, ਮਹਾਂ ਪੁਰਸ਼, ਬ੍ਰਹਮ ਗਿਆਨੀ, ਸਿੰਘ ਸਾਹਿਬ, ਪੰਥ ਰਤਨ, ਫਖਰ-ਏ-ਕੌਮ ਆਦਿ ਵਿਸ਼ੇਸ਼ਣ ਲਾਉਣੇ ਤੇ ਲਵਾਉਣੇ, ਆਪੋ ਆਪਣੇ ਨਿੱਜੀ ਡੇਰੇ ਬਣਾਉਣੇ, ਕਾਰ ਸੇਵਾ ਦੇ ਨਾਮ ਤੇ ਪੈਸੇ ਇਕੱਠੇ ਕਰਕੇ ਨਿੱਜੀ ਡੇਰੇ ਬਣਾਉਣੇ, ਪੁਰਾਤਨ ਇਤਿਹਾਸਕ ਨਿਸ਼ਾਨੀਆਂ ਨੂੰ ਮਿਟਾਉਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਪੁਰਾਤਨ ਸਰੂਪਾਂ ਨੂੰ ਸੇਵਾ ਦੇ ਨਾਮ ਹੇਠ ਅਗਨ ਭੇਟ ਕਰਨਾ, ਗੁਰਬਾਣੀ ਦੇ ਅਰਥ ਬੇਈਮਾਨੀ ਤਹਿਤ ਗਲਤ ਕਰਨੇ, ਸਿੱਖੀ ਦੇ ਪ੍ਰਚਾਰ ਹਿੱਤ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਿਆਸੀ ਕਬਜ਼ਾ ਕਰਨਾ, ਗੁਰੂ ਘਰਾਂ ਦੇ ਪੈਸੇ ਅਤੇ ਸਟੇਜਾਂ ਦੀ ਸਿਆਸੀ ਹਿੱਤਾਂ ਲਈ ਨਜਾਇਜ ਵਰਤੋਂ ਕਰਨੀ ਤੇ ਕਰਵਾਉਣੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਮੰਨਦੇ ਹੋਏ ਵੀ ਆਰਥਿਕ ਲਾਭ ਲੈਣ ਲਈ ਸਹਿਜਧਾਰੀ ਸਿੱਖਾਂ ਦੇ ਨਾਮ ਦੇ ਬਖੇੜੇ ਖੜ੍ਹੇ ਕਰਨਾ ਆਦਿ ਗੁਰਬਾਣੀ ਦੇ ਉਲਟ ਚੱਲਣ ਵਾਲੀਆਂ ਅਜਿਹੀਆਂ ਮਨਮੱਤੀ ਕਾਰਵਾਈਆਂ ਕਰਦੇ ਹੋਂ ਤਾਂ ਸਾਰਿਆਂ ਦਾ ਜਵਾਬ ਹਾਂ ਵਿੱਚ ਹੋਵੇਗਾ, ਫਿਰ ਸਾਰਿਆਂ ਨੂੰ ਆਪੋ ਆਪਣੇ ਜੁਰਮਾਂ ਮੁਤਾਬਿਕ ਸਜਾ ਸੁਣਾ ਕੇ ਕਿਹਾ ਜਾਵੇਗਾ ।
ਜੇਕਰ ਕੋਈ ਅੱਗੇ ਤੋਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਕਹਾਉਣ ਵਾਲਾ ਜਾਣਦੇ ਹੋਏ ਗੁਰਬਾਣੀ ਦੇ ਸਿਧਾਂਤਾਂ ਤੋਂ ਉਲਟ ਕੋਈ ਮਨਮੱਤ ਕਰੇਗਾ, ਉਸਨੂੰ ਫਾਂਸੀ ਦੀ ਸਜ਼ਾ ਹੋਵੇਗੀ । ਫਿਰ ਕੋਈ ਵੀ ਸਿੱਖ ਕਹਾਉਣ ਵਾਲਾ ਗਲਤ ਕੰਮ ਨਹੀਂ ਕਰੇਗਾ ਫਿਰ ਗੁਰੂ ਕੇ ਸਿੱਖਾਂ ਦੀ ਕੌਮ ਸੱਚ ਮੁੱਚ ਦੁਨੀਆਂ ਲਈ ਮਾਡਲ ਹੋਵੇਗੀ । ਇਸ ਲਈ ਸਿੱਖਾਂ ਨੂੰ ਓ ਮਾਈ ਗੌਡ ਫਿਲਮ ਵੇਖ ਕੇ ਸਮਝ ਜਾਣਾ ਚਾਹੀਂਦਾ ਹੈ ਅਤੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਂਦੀ ਹੈ । ਮੈਂ ਤਾਂ ਇਹੀ ਕਹਾਂਗਾ ਕਿ ਅਜਿਹੀ ਫਿਲਮ ਸਿੱਖਾਂ ਬਾਰੇ ਵੀ ਜਰੂਰ ਬਣਨੀ ਚਾਹੀਂਦੀ ਹੈ ਤਾਂ ਕਿ ਸਿੱਖਾਂ ਨੂੰ ਵੀ ਆਪਣੀ ਅਸਲੀਅਤ ਦਾ ਪਤਾ ਲੱਗ ਸਕੇ ਕਿ ਅਸੀਂ ਗੁਰਬਾਣੀ ਦੇ ਉਲਟ ਆਹ ਕੁੱਝ ਕਰ ਰਹੇ ਹਾਂ । ਮੇਰੀ ਬੇਨਤੀ ਹੈ ਕਿ ਹਰ ਇੱਕ ਨੂੰ ਓ ਮਾਈ ਗੌਡ ਫਿਲਮ ਜਰੂਰ ਵੇਖਣੀ ਚਾਹੀਦੀ ਹੈ । ਅੰਧ ਵਿਸ਼ਵਾਸਾਂ ਦੇ ਵਿਰੁੱਧ ਸੰਘਰਸ਼ ਕਰ ਰਹੇ ਤਰਕਸ਼ੀਲ ਵੀਰਾਂ ਲਈ ਇਹ ਅਣਮੁੱਲਾ ਤੋਹਫਾ ਹੈ ਉਹਨਾਂ ਨੂੰ ਇਹ ਤਵਾ (ਡਿਸਕ) ਵੱਡੀ ਗਿਣੀ ਵਿੱਚ ਮੁਫਤ ਜਾਂ ਲਾਗਤ ਕੀਮਤ ਤੇ ਵੰਡਣਾ ਚਾਹੀਂਦਾ ਹੈ । ਅੰਤ ਵਿੱਚ ਓ ਮਾਈ ਗੌਡ ਫਿਲਮ ਦੇ ਸਮੁੱਚੇ ਪਰਿਵਾਰ ਨੂੰ ਵਧਾਈਆਂ ਅਤੇ ਮਨਮੱਤਾਂ ਕਰਨ ਵਾਲੇ ਸਿੱਖਾਂ ਨੂੰ ਬੇਨਤੀ ਹੈ ਕਿ ਰੁਕੋ, ਸੋਚੋ, ਜਾਂ ਤਾਂ ਆਪਣੇ ਆਪ ਨੂੰ ਸਿੱਖ (ਗੁਰੁ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ) ਕਹਾਉਣਾ ਬੰਦ ਕਰ ਦਿਉ ਜਾਂ ਗੁਰਬਾਣੀ ਦੇ ਉਲਟ ਆਪਣੀਆਂ ਮਨਮੱਤਾਂ ਕਰਨੀਆਂ ਛੱਡ ਦਿਉ । ਕਿਉਂਕਿ ਤੁਹਾਡੀਆਂ ਮਨਮੱਤਾਂ, ਘਟੀਆਂ ਚਾਲਾਂ ਸਦਕਾ ਜਿੱਥੇ ਪੂਰੀ ਸਿੱਖ ਕੌਮ ਦੀ ਬਦਨਾਮੀ ਹੋ ਰਹੀ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਵੀ ਉਂਗਲ ਉੱਠੇਗੀ ਕਿ ਇਸ ਗੁਰੂ ਦੇ ਸਿੱਖ ਇਹੋ ਜਿਹੇ ਹਨ ? ਸਿੱਖੋ,ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਮਜਲੂਮਾਂ ਦੀ ਰਾਖੀ ਕਰਦਿਆਂ ਅਤੇ ਜੁਲਮਾਂ ਦੇ ਵਿਰੁੱਧ ਲੜਦਿਆਂ ਆਪਣੇ ਸਮੁੱਚੇ ਪਰਿਵਾਰ ਨੂੰ ਕੁਰਬਾਨ ਕਰਨ ਵਾਲੇ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨੂੰ ਕਲੰਕਿਤ ਨਾ ਕਰੋ ।
- ਹਰਲਾਜ ਸਿੰਘ ਬਹਾਦਰਪੁਰ