ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ…!
ਪਵਿੱਤਰ ਹੋਣ ਲਈ ਪਾਣੀ ਦੀ ਨਹੀਂ, ਨਾਮ ਦੀ ਲੋੜ ਹੈ। "ਨਾਮ" ਯਾਨੀ ਰੱਬੀ ਹੋਂਦ ਨੂੰ ਆਪਣੀ ਸਿਮਰਤੀ ਵਿਚ ਰੱਖ ਕੇ ਤੁਰਨਾ, ਯਾਨੀ ਹਰ ਵੇਲੇ ਰੱਬ ਦੇ ਨਾਲ ਤੁਰਨਾ।
ਰੱਬ ਤੁਹਾਡੇ ਨਾਲ ਤੁਰਿਆ ਜਾ ਰਿਹਾ ਹੋਵੇ, ਤਾਂ ਤੁਸੀਂ ਅਪਵਿੱਤਰ ਕਿਵੇਂ ਹੋਵੋਂਗੇ। ਦੁਨੀਆਂ ਦੀ ਕੋਈ ਜੂਠ ਤੁਹਾਨੂੰ ਅਪਵਿੱਤਰ ਨਹੀਂ ਕਰ ਸਕਦੀ, ਜੇ ਮੈਂ ਰੱਬ ਨੂੰ ਨਾਲ ਤੁਰਦਾ ਕਰ ਲਿਆ। ਮੈਂ ਰੱਬ ਦੇ ਹੁੰਦੇ ਠੱਗੀ ਮਾਰ ਲਾਂਗਾ? ਰੱਬ ਮੈਨੂੰ ਮਾਰਨ ਦੇਵੇਗਾ ਝੂਠ? ਪਾਪ ਕਰ ਸਕਾਂਗਾ ਮੈਂ ਰੱਬ ਦੇ ਹੁੰਦੇ? ਨਫਰਤ, ਈਰਖਾ, ਸਾੜਾ? ਜੇ ਇਹ ਸਭ ਨਹੀਂ, ਤਾਂ ਮੈਂ ਪਵਿੱਤਰ ਹੀ ਤਾਂ ਹਾਂ। ਮੇਰੀ ਪਵਿੱਤਰਤਾ ਭੰਗ ਹੁੰਦੀ ਹੀ ਉਦੋਂ ਜਦ ਰੱਬੀ ਹੋਂਦ ਤੋਂ ਮੈਂ ਦੂਰ ਚਲਾ ਜਾਂਦਾ ਹਾਂ।
ਪਵਿੱਤਰ ਤਾਂ ਵਿਚਾਰ ਹੋਣੀ ਸੀ। ਵਿਚਾਰ ਤਾਂ ਮੇਰੀ ਕਹਿੰਦੀ ਕਿ ਜੰਮਣ ਵਾਲੀ ਔਰਤ ਹੀ ਜੂਠੀ, ਕਿਉਂਕਿ ਇਸ ਨੂੰ ਮਹਾਂਵਾਰੀ ਆਉਂਦੀ। ਵੈਨਕੁਵਰ ਦਾ ਇੱਕ ਗਿਆਨੀ ਕਹਿ ਰਿਹਾ ਸੀ ਸਾਨੂੰ ਤਾਂ ਜੀ ਚੱਦਰਾਂ ਧੋਣੀਆਂ ਪੈਂਦੀਆਂ! ਅਜਿਹੀ ਨੀਚ ਵਿਚਾਰ ਵਾਲੇ ਮਨੁੱਖ ਨੂੰ ਦੁਨੀਆਂ ਦੇ ਕਿਹੜੇ ਤੀਰਥ ਦਾ ਪਾਣੀ ਸੁੱਚਾ ਕਰ ਦਏਗਾ! ਕਿਹੜਾ ਪਾਣੀ ਉਸ ਨੂੰ ਪਵਿੱਤਰ ਕਰ ਦਏਗਾ। ਕਿਵੇਂ ਪਵਿੱਤਰ ਹੋ ਜਾਏਗੀ ਉਹ ਦੇਹ ਜਿਸ ਦੇਹ ਦਾ ਸਿਰ ਇਨੀ ਗਲੀਚ ਵਿਚਾਰ ਚੁੱਕੀ ਫਿਰਦਾ। ਗੁਰੂ, ਪੀਰ, ਰਾਜੇ, ਮਹਾਂਰਾਜੇ, ਗਰੀਬ, ਅਮੀਰ ਕੁੱਲ ਤੁਰਿਆ ਫਿਰਦਾ ਸੰਸਾਰ ਇਸ 'ਜੂਠੀ' ਪ੍ਰਕਿਰਿਆ ਵਿਚੋਂ ਹੀ ਤਾਂ ਆਇਆ।
ਦਰਅਸਲ ਸੁੱਚਾ ਹੋਣ ਵੇਲੇ ਗੁਰਬਾਣੀ ਦੇਹ ਦੀ ਤਾਂ ਗੱਲ ਹੀ ਨਹੀਂ ਕਰਦੀ ! ਗੁਰਬਾਣੀ ਜਿਥੇ ਪਵਿੱਤਰਤਾ ਦੀ ਗੱਲ ਕਰਦੀ, ਉਥੇ ਸੋਚ ਦੀ ਗੱਲ ਕਰਦੀ। ਵਿਚਾਰ ਦੇ ਪਵਿੱਤਰ ਹੋਣ ਦੀ ਗੱਲ ਕਰਦੀ। ਪਰ ਮੈਨੂੰ ਭੁਲੇਖਾ ਪੈ ਗਿਆ, ਕਿ ਦੇਹ ਪਵਿੱਤਰ ਹੁੰਦੀ। ਪਵਿੱਤਰਤਾ ਦਾ ਸਬੰਧ ਦੇਹ ਨਾਲ ਹੈ ਹੀ ਨਹੀਂ! ਅਪਵਿੱਤਰਤਾ ਦੇਹ ਵਿਚੋਂ ਨਹੀਂ, ਵਿਚਾਰ ਵਿਚੋਂ ਆਉਂਦੀ ਹੈ। ਚੋਰੀ, ਯਾਰੀ, ਠੱਗੀ, ਹੰਕਾਰ, ਲੋਭ, ਨਫਰਤ ਦੇਹ ਥੋੜੋਂ ਕਰਦੀ। ਦੇਹ ਤਾਂ ਮੇਰੇ ਅੰਦਰ ਚਲ ਰਹੇ ਕੂੜ ਨੂੰ ਅਮਲੀ ਰੂਪ ਦਿੰਦੀ। ਦੇਹ ਤਾਂ ਉਹ ਗੱਡੀ ਹੈ, ਜਿਹੜੀ ਮੇਰੇ ਰੇਸ ਦਿੱਤਿਆਂ ਤੁਰਦੀ ਤੇ ਮੋੜਿਆਂ ਮੁੜਦੀ।
ਤੁਸੀਂ ਕਿਸੇ ਉਪਰ ਗੱਡੀ ਚਾਹੜ ਦਿੰਦੇ ਹੋਂ ਗੱਡੀ ਨੂੰ ਟਿਕਟ ਥੋੜੋਂ ਦਿੰਦਾ ਕੋਈ। ਗੱਡੀ ਦਾ ਚਲਾਣ ਥੋੜੋਂ ਹੁੰਦਾ ਦਰਅਸਲ ਉਹ ਮੇਰਾ ਚਲਾਣ ਹੁੰਦਾ। ਗੱਡੀ ਤਾਂ ਤੁਸੀਂ ਭਵੇਂ ਹਾਈਵੇਅ ਤੇ ਚਾਹੜੀ ਫਿਰੋ ਤੇ ਚਾਹੇ ਬੰਦਿਆਂ ਉਪਰ। ਚਾਹੇ ਟਿੱਬਿਆਂ ਵਿਚ ਲਈ ਫਿਰੋਂ, ਗੱਡੀ ਨੇ ਥੋੜੋਂ ਬੋਲਣਾ ਕਿ ਕਿਥੇ ਰੇਹੜੀ ਫਿਰਦਾਂ। ਦੇਹ ਨੂੰ ਵਿਚਾਰ ਚਲਾਉਂਦੀ। ਦੇਹ ਦੀ ਡਰਾਈਵਰ ਵਿਚਾਰ ਹੈ। ਵਿਚਾਰ ਫੈਸਲਾ ਦਿੰਦੀ ਕਿ ਚੰਗਾ ਕੀ ਤੇ ਮਾੜਾ ਕੀ! ਵਿਚਾਰ ਦੱਸਦੀ ਕਿ ਆਹ ਜੱਟ, ਆਹ ਚੂਹੜਾ, ਆਹ ਚਮਾਰ! ਵਿਚਾਰ ਨਿਖੇੜਾ ਕਰਦੀ ਕਿ ਬ੍ਰਾਹਮਣ ਕੌਣ ਤੇ ਸ਼ੂਦਰ ਕੌਣ। ਦੇਹ ਕਦ ਇਨਕਾਰੀ ਹੋਈ ਕਿ ਮੈਂ ਜੱਟ ਨਾਲ ਬਹਿਣਾ ਜਾਂ ਚੂਹੜੇ ਨਾਲ ਨਹੀਂ ਬਹਿਣਾ। ਜੱਟ, ਚੂਹੜਾ, ਚਮਾਰ, ਬ੍ਰਹਾਮਣ, ਸ਼ੂਦਰ ਦੇਹ ਦੀ ਨਹੀਂ, ਵਿਚਾਰ ਦੀ ਸ਼ੈਤਾਨੀ ਹੈ। ਸ਼ੈਤਾਨੀਆਂ ਸਾਰੀਆਂ ਵਿਚਾਰ ਕਰਦੀ, ਪਰ ਮੈਂ ਬਾਟੇ ਲੈ ਕੇ ਦੇਹ ਦੇ ਦੁਆਲੇ ਹੋਇਆ ਰਹਿੰਨਾ ਕਿ ਇਸ ਨੂੰ ਮਾਂਜ ਸੁੱਟਾਂ। ਇਹ ਗੱਲਾਂ ਵਿਚਾਰ ਵਿਚੋਂ ਆਉਂਦੀਆਂ।
ਵਿਚਾਰ ਕਹਿੰਦੀ ਇਸ ਦਾ ਬਾਟਾ ਅੱਡ ਕਰ ਦਿਉ, ਇਸ ਦੀ ਪੰਗਤ ਅਲਾਹਿਦਾ ਕਰ ਦਿਉ, ਕਿ ਇਹ ਨੀਵਾਂ ਹੈ, ਇਹ ਉੱਚਾ ਹੈ, ਇਹ ਜੱਟ ਹੈ ਜਾਂ ਇਹ ਚਮਾਰ। ਦੇਹ ਤਾਂ ਫਰਕ ਹੀ ਕੋਈ ਨਹੀਂ ਰੱਖਦੀ। ਦੇਹ ਫਰਕ ਕਿਵੇਂ ਰੱਖ ਸਕਦੀ ਜਦ ਉਸ ਵਿਚ ਫਰਕ ਹੀ ਕੋਈ ਨਹੀਂ। ਉਹੀ ਲਹੂ ਬ੍ਰਾਹਮਣ ਦੀ ਦੇਹ ਵਿਚ ਚਲਦਾ ਉਹੀ ਸ਼ੂਦਰ ਦੇ, ਉਹੀ ਜੱਟ ਦੇ ਤੇ ਉਹੀ ਚਮਾਰ ਦੇ। ਦੇਹ ਕਰਕੇ ਕੋਈ ਬ੍ਰਾਹਮਣ- ਸ਼ੂਦਰ ਜਾਂ ਜੱਟ-ਚਮਾਰ ਹੈ ਹੀ ਨਹੀਂ। ਇਹ ਸਾਰੀ ਅਪਵਿੱਤਰਤਾ ਵਿਚਾਰ ਵਿਚੋਂ ਆਉਂਦੀ। ਤੇ ਵਿਚਾਰ ਵਿਚ ਜੇ ਊਚ-ਨੀਚ ਹੈ, ਤਾਂ ਕੁੱਲ ਦੁਨੀਆਂ ਦੇ ਸਮੁੰਦਰਾਂ ਵਿਚ ਦੇਹ ਨੂੰ ਗੋਤੇ ਦੇ ਲਵਾਂ ਪਵਿੱਤਰ ਨਹੀਂ ਹੋ ਸਕਦੀ! ਹੋ ਸਕਦੀ?
ਦੇਹ ਹਰ ਸਮੇਂ ਚਲਦੀ ਉਹ ਮਸ਼ੀਨ ਹੈ ਜਿਸ ਦੇ ਵਿਚਦੀ ਕਈ ਤਰ੍ਹਾਂ ਦਾ ਕੂੜਾ-ਕੱਚਰਾ ਬਣਦਾ ਤੇ ਨਿਕਲਦਾ ਰਹਿੰਦਾ ਹੈ। ਅਜਿਹਾ ਕੂੜਾ ਕਿ ਜਿਸ ਵਿਚੋਂ ਨਿਕਲਿਆ ਹੁੰਦਾ ਉਹ ਖੁਦ ਹੀ ਉਸ ਨੂੰ ਨਫਰਤ ਕਰਦਾ। ਤੇ ਅਜਿਹਾ ਬਾਲਣ ਹਰ ਸਮੇਂ ਦੇਹ ਦੀ ਭੱਠੀ ਵਿੱਚ ਬਲਦਾ ਰਹਿੰਦਾ। ਦੇਹ ਨੂੰ ਚਲਾਉਂਦਾ ਹੀ ਅਜਿਹਾ ਬਾਲਣ ਹੈ। ਤੁਸੀਂ ਮੂੰਹ ਵਿਚ ਬੁਰਕੀ ਪਾ ਕੇ ਹੀ ਦੁਬਾਰਾ ਕੱਢ ਕੇ ਦੇਖ ਨਹੀਂ ਸਕਦੇ। ਤੁਸੀਂ ਜਿੰਨੀਆਂ ਮਰਜੀ ਚੰਗੀਆਂ ਚੀਜਾਂ ਅਤੇ ਖੁਰਾਕਾਂ ਦੇਹ ਵਿਚ ਪਾਈ ਚਲੋ, ਇਸ ਨੇ ਆਪਣੇ ਲੋੜੀਂਦੇ ਤੱਤ ਕੱਢਕੇ ਬਾਕੀ ਦਾ ਗੋਹਾ ਕਰ ਦੇਣਾ ਹੈ। ਇਹ 24 ਘੰਟੇ ਗੰਦ-ਮੰਦ ਨੂੰ ਵੱਖ ਕਰਨ ਵਿਚ ਲੱਗੀ ਰਹਿੰਦੀ ਹੈ। ਮੇਰੇ ਸੁੱਤਿਆਂ ਵੀ ਅਤੇ ਜਾਗਦਿਆਂ ਵੀ। ਇਸ ਨੂੰ ਤੁਸੀਂ ਪਵਿੱਤਰ ਕਿਵੇਂ ਕਰ ਲਉਂਗੇ?
ਦੇਹ ਤਾਂ ਤੁਹਾਡੇ ਵਿਚਾਰ ਦੀ ਆਗਿਆਕਾਰ ਹੈ। ਤੁਹਾਡੇ ਵਿਚਾਰ ਤੋਂ ਬਿਨਾ ਦੇਹ ਤੁਹਾਡੀ ਤਾਂ ਹੱਥ ਵੀ ਨਹੀਂ ਹਿਲਾਉਂਦੀ। ਅੱਖ ਨਹੀਂ ਝਪਕਦੀ ਤੁਹਾਡੇ ਹੁਕਮ ਬਿਨਾ। ਜਿੰਨੀ ਖਰਾਬੀ ਆ ਰਹੀ ਸਾਰੀ ਮੇਰੀ ਸਿਮਰਤੀ ਵਿਚੋਂ ਆ ਰਹੀ। ਜਿੰਨੇ ਵਿਗਾੜ ਪੈਦਾ ਹੋ ਰਹੇ, ਉਹ ਮੇਰੇ ਵਿਚਾਰ ਦੇ ਹਨ। ਬਜਾਇ ਇਸ ਦੇ ਕਿ ਮੈਂ ਅਪਣੇ ਵਿਚਾਰਾਂ ਦੇ ਵਿਗਾੜ ਸੁਧਾਰਾਂ, ਮੈਂ ਦੇਹ ਨੂੰ ਠੀਕ ਕਰਨ 'ਤੇ ਲੱਗ ਗਿਆ। ਮੇਰੀਆਂ ਸਾਰੀਆਂ ਕਾਰਵਾਈਆਂ ਦੇਹ ਉਪਰ ਕੇਂਦਰਤ ਹੋ ਕੇ ਰਹਿ ਗਈਆਂ। ਖਾਣਾ, ਪੀਣਾ, ਨਾਹਣਾ, ਧੋਣਾ, ਹਰ ਵੇਲੇ ਹੱਥਾਂ ਦੁਆਲੇ ਹੋਏ ਰਹਿਣਾ, ਟੂਟੀਆਂ ਹੀ ਮਾਂਜੀ ਜਾਣੀਆਂ, ਪਰਨੇ ਵਿਚ ਹੱਥ ਵਲੇਟੀ ਫਿਰਨੇ! ਇਹ ਕੀ ਹੈ ਇਸ ਨਾਲ ਮੈਂ ਸੁੱਚਾ ਹੋ ਜਾਂਗਾ? ਮੈਂ ਇੱਕ ਬੰਦੇ ਨੂੰ ਜਾਣਦਾ ਜਿਸ ਦਾ ਬਾਪੂ ਪ੍ਰਸ਼ਾਦਾ ਛੱਕਣ-ਛੱਕਣ ਵੇਲੇ ਤੱਕ 9 ਵਾਰੀ ਹੱਥ ਧੋ ਬੈਠਦਾ ਤੇ ਹੋਰ ਹੈਰਾਨੀ ਕਿ ਨ੍ਹਾਉਣ ਵੇਲੇ ਟੱਬ, ਬੈਠਣ ਸਮੇਂ ਕੁਰਸੀ ਤੇ ਪੈਣ ਸਮੇਂ ਬੈੱਡ ? ਯਾਨੀ ਛੱਟੇ ਮਾਰਕੇ 'ਪਵਿੱਤਰ' ਕਰਨਾ?
ਵਿਚਾਰ ਨੇ ਵਿਕਾਸ ਕਰਨਾ ਸੀ, ਵਿਚਾਰ ਨੇ ਉਪਰ ਵਲ ਉੱਠਣਾ ਸੀ ਤੇ ਉਪਰ ਉੱਠੀ ਵਿਚਾਰ ਹੀ ਸਰਬਤ ਦੇ ਭਲੇ ਬਾਰੇ ਸੋਚ ਸਕਦੀ, ਪਰ ਇਥੇ ਵਿਚਾਰ ਤਾਂ ਧੋਆ-ਧੁਆਈ ਅਤੇ ਮਾਂਜਾ-ਮਾਂਜੀ ਵਿਚ ਉਲਝ ਗਈ। ਉਲਝਣ ਵਿਚਾਰ ਨੂੰ ਵਿਕਾਸ ਕਿਵੇਂ ਕਰਨ ਦਏਗੀ। ਉਲਝੇ ਬੰਦੇ ਨੂੰ ਤਾਂ ਖੁਦ ਦਾ ਹੀ ਪਤਾ ਨਹੀਂ ਲੱਗਦਾ ਉਹ ਬਾਕੀਆਂ ਦਾ ਪਤਾ ਕੀ ਲਾ ਲਏਗਾ।
ਬਾਬਾ ਜੀ ਮੈਂਨੂੰ ਕਹਿੰਦੇ ਪਵਿੱਤਰ ਹੋਈਦਾ ਅੰਮ੍ਰਿਤਿ ਨਾਮ ਸੁਣਨ ਨਾਲ। ਤੇ ਅੰਮ੍ਰਿਤ ਨਾਮ ਵਿੱਚ ਤਾਂ ਕਿਤੇ ਵੀ ਜ਼ਿਕਰ ਨਹੀਂ ਕਿ ਦੇਹ ਪਵਿੱਤਰ ਹੁੰਦੀ। ਕਿ ਹੁੰਦੀ?
ਗੁਰਦੇਵ ਸਿੰਘ ਸੱਧੇਵਾਲੀਆ