-: ਨਾਮੁ ਅੰਮ੍ਰਿਤ :-
ਗੁਰਦੇਵ ਸਿੰਘ ਸੰਧੇਵਾਲੀਆਂ ਜੀ ਦੇ ਲੇਖ- “ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ…!” ਦੇ ਸੰਬੰਧ ਵਿੱਚ-
ਗੁਰਦੇਵ ਸਿੰਘ ਸੰਦੇਵਾਲੀਆ ਜੀ! ਦਾ ਲੇਖ ਬਹੁਤ ਵਧੀਆ ਹੈ।ਉਹਨਾਂ ਦੇ ਲੇਖਾਂ ਵਿੱਚ ਹਮੇਸ਼ਾਂ ਡੂੰਘੀ ਵਿਚਾਰ ਹੁੰਦੀ ਹੈ।ਇਸੇ ਕਰਕੇ ਮੈਂ ਉਹਨਾਂ ਦੇ ਵਿਚਾਰਾਂ ਦਾ ਪ੍ਰਸ਼ੰਸਕ ਹਾਂ।ਇਸ ਮੌਜੂਦਾ ਲੇਖ ਵਿੱਚ ਵੀ ਪਵਿੱਤਰਤਾ ਬਾਰੇ ਬਹੁਤ ਸੋਹਣੀ ਅਤੇ ਡੂੰਘੀ ਵਿਚਾਰ ਦਿੱਤੀ ਗਈ ਹੈ।ਲੇਖ ਦਾ ਸਿਰਲੇਖ ‘ਅੰਮ੍ਰਿਤ’ ਬਾਰੇ ਹੈ।ਗੁਰਬਾਣੀ ਵਿੱਚ ਸਭ ਜਗ੍ਹਾ ਤੇ ਅੰਮ੍ਰਿਤ; ਮਨ, ਆਤਮਾ ਦੀ ਪਵਿੱਤਰਤਾ ਲਈ ਹੀ ਆਇਆ ਹੈ।ਕਿਤੇ ਇੱਕ ਥਾਂ ਤੇ ਵੀ ਐਸਾ ਇਸ਼ਾਰਾ ਨਹੀਂ ਮਿਲਦਾ ਕਿ ਨਾਮ ਅੰਮ੍ਰਿਤ ਪੀਣ ਨਾਲ ਸਰੀਰਕ ਪਵਿੱਤਰਤਾ ਹੁੰਦੀ ਹੈ।
ਦਸਮ ਪਾਤਸ਼ਾਹ ਨੇ ਵੀ ਸਿੱਖ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਹੈ।ਸੰਧੇਵਾਲੀਆਂ ਜੀ ਦੇ ਸੰਬੰਧਤ ਲੇਖ ਵਿੱਚ ਸਾਫ ਲਫਜ਼ਾਂ ਵਿੱਚ ਤਾਂ ਨਹੀਂ ਪਰ ਲੇਖ ਦੇ ਅੰਤ੍ਰੀਵ ਭਾਵ ਤੋਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹਨਾਂ ਨੇ ਦਸਮ ਪਾਤਿਸ਼ਾਹ ਵੱਲੋਂ ਬਖਸ਼ੇ ਖੰਡੇ ਬਾਟੇ ਦੇ ਅੰਮ੍ਰਿਤ ਦਾ ਖੰਡਣ ਕੀਤਾ ਹੋਵੇ।
ਮੈਂ ਸੰਧੇਵਾਲੀਆ ਜੀ ਜਿੰਨੀਂ ਡੂੰਘੀ ਸੋਚ ਵਿਚਾਰ ਤਾਂ ਨਹੀਂ ਰੱਖਦਾ, ਪਰ ਆਪਣੀ ਸਮਝ ਮੁਤਾਬਕ ਵਿਚਾਰ ਦੇ ਰਿਹਾ ਹਾਂ ਕਿ ਗੁਰਬਾਣੀ ਵਿੱਚ ਦਰਜ ‘ਅੰਮ੍ਰਿਤ’ ਵੱਖਰਾ ਹੈ, ਉਸ ਅੰਮ੍ਰਿਤ ਦਾ ਸੰਬੰਧ ਮਨ ਆਤਮਾ, ਹਿਰਦੇ ਦੀ ਪਵਿੱਤਰਤਾ ਨਾਲ ਹੈ ਅਤੇ ਦਸਮੇਸ਼ ਜੀ ਦੁਆਰਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਵੱਖਰਾ ਹੈ, ਉਸ ਦਾ ਸੰਬੰਧ ਮਨ ਜਾਂ ਸਰੀਰਕ ਕਿਸੇ ਕਿਸਮ ਦੀ ਪਵਿੱਤਰਤਾ ਨਾਲ ਨਹੀਂ, ਬਲਕਿ ਪੰਥ ਦੀ ਏਕਤਾ, ਅਖੰਡਤਾ, ਇਕ-ਸਾਰਤਾ ਅਤੇ ਸਿੱਖ-ਜੱਥੇਬੰਦੀ ਨਾਲ ਹੈ।ਇਸ ਲਈ ਦੋਨਾਂ ਵੱਖ ਵੱਖ ਸੰਕਲਪਾਂ ਨੂੰ ਰਲ-ਗੱਡ ਕਰਕੇ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ।
ਗੁਰਬਾਣੀ ਫੁਰਮਾਨ ਹੈ-
“ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥” (ਪੰਨਾ 595)
ਇਸ ਦਾ ਇਹ ਮਤਲਬ ਨਹੀਂ ਕਿ ਗੁਰੂ ਸਾਹਿਬ ਸੰਸਾਰਕ ਖੇਤੀ ਕਰਨ ਤੋਂ ਵਰਜਦੇ ਹਨ।ਜਿਵੇਂ ਗੁਰਬਾਣੀ ਵਿੱਚ ਦਰਜ ਮਨ ਨਾਲ ਸੰਬੰਧਤ ਕਿਰਸਾਣੀ ਅਤੇ ਕਿਰਤ-ਕਾਰ ਵਾਲੀ ਕਿਰਸਾਣੀ ਦੋਨੋਂ ਗੱਲਾਂ ਆਪੋ ਆਪਣੇ ਥਾਂ ਠੀਕ ਹਨ, ਉਸੇ ਤਰ੍ਹਾਂ ਨਾਮ-ਅੰਮ੍ਰਿਤ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਦੋਨੋਂ ਵੱਖੋ ਵੱਖਰੇ ਸੰਕਲਪਾਂ ਵਿੱਚ ਠੀਕ ਹਨ।ਕਿਸੇ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ।
ਜਸਬੀਰ ਸਿੰਘ ਵਿਰਦੀ 16-08-2015