Gurbani Vichar
“ਕਰਮ ਸੁਕਰਮ ਕਰਾਏ ਆਪੇ”
ਅਰਥ:- ਕਰਮ ਅਤੇ ਕਰਮ-ਫਲ਼ ਦਾ ਸੰਬੰਧ ਮਨ ਨਾਲ ਹੈ ਇਸ ਲਈ ਕਰਮਾਂ ਬਾਰੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮਨ ਬਾਰੇ ਥੋੜ੍ਹੀ ਵਿਚਾਰ ਕਰ ਲੈਣੀ ਜਰੂਰੀ ਹੈ।ਇਹ ਜਰੂਰਤ ਇਸ ਲਈ ਮਹਿਸੂਸ ਹੋ ਰਹੀ ਹੈ ਕਿਉਂਕਿ ਅਜੋਕੀ ਪਦਾਰਥਵਾਦੀ ਸੋਚ ਨਿਰਾਕਾਰ ਨੂੰ ਨਹੀਂ ਮੰਨਦੀ।ਇਨ੍ਹਾਂ ਅਨੁਸਾਰ ਜੋ ਦਿਸਦਾ ਸੰਸਾਰ ਹੈ, ਇਹੀ ਸਭ ਕੁਝ ਹੈ, ਇਸ ਤੋਂ ਇਲਾਵਾ ‘ਪਰਮਾਤਮਾ ਸਮੇਤ’ ਦੁਨੀਆ ਤੇ ਕਿਸੇ ਐਸੀ ਚੀਜ ਦੀ ਕੋਈ ਹੋਂਦ ਨਹੀਂ ਜਿਸ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਿਆ ਪਰਖਿਆ ਨਹੀਂ ਜਾ ਸਕਦਾ।ਅਜੋਕੀ ਪਦਾਰਥਵਾਦੀ ਸੋਚ ਮਨ ਦੀ ਹੋਂਦ ਨੂੰ ਨਹੀਂ ਮੰਨਦੀ।ਮਨ ਦਿਮਾਗ ਦਾ ਹੀ ਕੋਈ ਹਿੱਸਾ ਹੈ ਜਾਂ ਦਿਮਾਗ ਤੋਂ ਵੱਖਰੀ ਕੋਈ ਪਰਾਭੌਤਿਕ ਚੀਜ ਹੈ, ਇਹ ਸਵਾਲ ਕੋਈ ਅੱਜ ਦਾ ਨਹੀਂ ਬਲਕਿ ਸਦੀਆਂ ਤੋਂ ਹੀ ਅਣ-ਸੁਲਝਿਆ ਚੱਲਿਆ ਆ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਵਗਿਆਨਿਕ ਆਉਣ ਵਾਲੇ ਕੁਝਕੁ ਸਾਲਾਂ ਵਿੱਚ ਹੀ ਦੁਨੀਆ ਤੇ ਕੁਦਰਤ ਦੀ ਹਰ ਪੱਖੋਂ ਸੰਪੂਰਨ ਖੋਜ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਫੇਰ ਵੀ ‘ਮਨ ਅਤੇ ਦਿਮਾਗ’ ਵਾਲਾ ਸਵਾਲ ਵਿਗਿਆਨੀਆਂ ਲਈ ਉਸੇ ਤਰ੍ਹਾਂ ਅਣ-ਸੁਲਝਿਆ ਪਿਆ ਹੈ ਜਿਵੇਂ ਅੱਜ ਤੋਂ ਸਦੀਆਂ ਪਹਿਲਾਂ ਸੀ।ਵਿਗਿਆਨਕ ਸੋਚ ਅਨੁਸਾਰ ਦਿਮਾਗ ਲਹੂ, ਮਾਸ ਦੀ ਬਣੀ ਹੋਈ ਇਕ ਮਸ਼ੀਨ (ਕੰਪੀਊਟਰ) ਹੀ ਹੈ।ਪਰ ਕੋਈ ਵੀ ਵਿਗਿਆਨੀ ਦਾਅਵਾ ਨਹੀਂ ਕਰ ਸਕਦਾ ਕਿ ਪ੍ਰਯੋਗਸ਼ਾਲਾ ਵਿੱਚ ਤੱਤਾਂ ਤੋਂ ਬਣਾਏ ਗਏ ਕਿਸੇ ਮਸ਼ੀਨੀ ਦਿਮਾਗ ਵਿੱਚ ਆਪਣੇ ਆਪ ਤੋਂ ਫੁਰਨੇ ਪੈਦਾ ਹੋ ਸਕਦੇ ਹਨ, ਇੱਛਾ, ਸੰਕਲਪ, ਵਿਕਲਪ, ਭਾਵਨਾਵਾਂ, ਪੈਦਾ ਹੋ ਸਕਦੀਆਂ ਹਨ?ਜੇ ਇੱਛਾ, ਸੰਕਲਪ, ਵਿਕਲਪ ਆਦਿ ਸਭ ਭੌਤਿਕ ਦਿਮਾਗ ਦਾ ਹੀ ਹਿੱਸਾ ਹੁੰਦੇ ਤਾਂ ਵਿਗਿਆਨ ਦੀ ਏਨੀ ਤਰੱਕੀ ਦੇ ਦੌਰ ਵਿੱਚ ਮਨ ਅਤੇ ਦਿਮਾਗ ਦਾ ਸਦੀਆਂ ਪੁਰਾਣਾ ਚੱਲਿਆ ਆ ਰਿਹਾ ਸਵਾਲ ਅੱਜ ਤੱਕ ਅਣ-ਸੁਲਝਿਆ ਨਹੀਂ ਸੀ ਰਹਿ ਸਕਦਾ।ਕਿਸੇ ਵੀ ਚੀਜ ਬਾਰੇ ਇੱਛਾ ਕਰਨੀ, ਸੰਕਲਪ, ਵਿਕਲਪ ਕਰਨਾ ਦਿਮਾਗ ਦਾ ਨਹੀਂ ‘ਮਨ' ਦਾ ਕੰਮ ਹੈ।ਮਨ ਹੀ ਦਿਮਾਗ ਉੱਪਰ ਆਪਣਾ ਹੁਕਮ ਚਲਾ ਕੇ ਉਸ ਮੁਤਾਬਕ ਸਰੀਰ ਤੋਂ ਕੰਮ ਲੈਂਦਾ ਹੈ।ਮਿਸਾਲ ਦੇ ਤੌਰ ਤੇ ਟੇਬਲ ਤੇ ਕੋਈ ਚੀਜ ਪਈ ਹੈ, ਜਿੰਨੀ ਦੇਰ ਦਿਮਾਗ ਨੂੰ ਕੋਈ ਹਦਾਇਤ ਨਹੀਂ ਮਿਲਦੀ ਦਿਮਾਗ ਆਪਣੇ ਆਪ ਇਸ ਸੰਬੰਧੀ ਕੋਈ ਕਿਰਿਆ ਨਹੀਂ ਕਰਦਾ।ਅਸੀਂ ਪਈ ਚੀਜ ਬਾਰੇ ਕੋਈ ਫੈਸਲਾ ਕਰਦੇ ਹਾਂ ਤਾਂ ਹੀ ਦਿਮਾਗ ਸਰੀਰ ਦੇ ਅੰਗਾਂ ਨੂੰ ਹਦਾਇਤ ਕਰਕੇ ਅਗਲੀ ਕਾਰਵਾਈ ਸਰੀਰ ਤੋਂ ਕਰਾਂਦਾ ਹੈ।ਦੂਸਰੇ ਲਫਜਾਂ ਵਿੱਚ ਦਿਮਾਗ਼ ਤਾਂ ਲਹੂ ਮਾਸ ਦੀ ਬਣੀ ਅਤ ਦਰਜੇ ਦੀ ਵਿਕਸਿਤ “ਮਸ਼ੀਨ (ਕੰਪੀਊਟਰ)” ਹੀ ਹੈ।ਅਤੇ ‘ਮਨ’ ਸੰਕਲਪ, ਵਿਕਲਪ, ਇਰਾਦਿਆਂ ਦਾ ਇਕੱਠ ਹੈ।‘ਸੁਭਾਵ ਅਤੇ ਆਦਤ’ ਵੀ ਮਨ ਦੇ ਗੁਣ ਹਨ।ਸੋ ਮੁੱਖ ਤੌਰ ਤੇ ਇਥੇ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਇੱਛਾ, ਸੰਕਲਪ, ਵਿਕਲਪ, ਸੁਭਾਵ, ਆਦਤ ਮਨ ਨਾਲ ਸੰਬੰਧਤ ਵਿਸ਼ਾ ਹੈ ਅਤੇ ਠੀਕ, ਗ਼ਲਤ, ਚੰਗੇ, ਮੰਦੇ ਬਾਰੇ ਸੋਝੀ ਅਤੇ ਗਿਆਨ ਭੌਤਿਕ ਦਿਮਾਗ ਦਾ ਵਿਸ਼ਾ ਹੈ।ਮਨ ਦਾ ਕੋਈ ਭੌਤਿਕ ਵਜੂਦ ਨਾ ਹੋਣ ਕਰਕੇ ਇਹ ਵੀ ਮੰਨਣਾ ਪਏਗਾ ਕਿ ਇਸ ਨਾਲ ਜੁੜੀਆਂ ਕਿਰਿਆਵਾਂ ਵੀ ਪਰਾਭੌਤਿਕ ਹਨ।ਅਸੀਂ ਕੋਈ ਵੀ ਕੰਮ ਕਰਦੇ ਹਾਂ, ਸਾਰੀ ਕਿਰਿਆ ਦਿਮਾਗ਼ ਦੇ ਜਰੀਏ ਹੁੰਦੀ ਹੈ ਪਰ ਹੁਕਮ ਮਨ ਦਾ ਚੱਲਦਾ ਹੈ, ਦਿਮਾਗ ਨੂੰ ਮਨ ਦੀ ਹਿਦਾਇਤ ਮਗਰ ਚੱਲਣਾ ਪੈਂਦਾ ਹੈ।
ਕਰਮ-ਫਲ ਸਿਧਾਂਤ: ਗੁਰਮਤਿ ਅਨੁਸਾਰ ਹਰ ਬੰਦੇ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ।
ਫੁਰਮਾਨ ਹੈ- | “ਦਦੈ ਦੋਸ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥” (433} |
“ਦੋਸੁ ਨ ਦੀਜੈ ਕਾਹੂ ਲੋਗ॥ਜੋ ਕਮਾਵਨ ਸੋਈ ਭੋਗ॥ਆਪਨ ਕਰਮ ਆਪੇ ਹੀ ਬੰਧ॥ਆਵਨੁ ਜਾਵਨੁ ਮਾਇਆ ਧੰਧ॥ {888} | |
“ਕਰਮੀ ਕਰਮੀ ਹੋਇ ਵੀਚਾਰੁ॥”{7} | |
“ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥” {78} | |
“ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ॥” {308} |
ਪਰ ਦੂਸਰੇ ਪਾਸੇ ਗੁਰਬਾਣੀ ਕਹਿੰਦੀ ਹੈ ਕਿ ਬੰਦਾ ਆਪਣੀ ਮਰਜੀ ਨਾਲ ਕੁਝ ਵੀ ਨਹੀਂ ਕਰ ਸਕਦਾ, ਸਭ ਕੁਝ ਕਰਨ ਕਰਾਵਣ ਵਾਲਾ ਪਰਮਾਤਮਾ ਆਪ ਹੀ ਹੈ।ਪਰਮਾਤਮਾ ਖੁਦ ਹੀ ਸਾਡੇ ਕੋਲੋਂ ਚੰਗੇ ਮੰਦੇ ਕੰਮ ਕਰਵਾਂਦਾ ਹੈ।
“ਕਰਮ ਸੁਕਰਮ ਕਰਾਏ ਆਪੇ, ਆਪੇ ਭਗਤਿ ਦ੍ਰਿੜਾਮੰ॥” {634}
“ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ॥ {77}
“ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ॥”{1038}
ਸਭ ਤੋਂ ਪਹਿਲਾਂ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਕਰਮ ਹੈ ਕੀ? ਇਹ ਕਰਮ ਆਏ ਕਿੱਥੋਂ?
ਵਿਚਾਰ- ਇਹ ਸਾਰਾ ਜਗਤ ਪ੍ਰਭੂ ਦਾ ਪਸਾਰਿਆ ਹੋਇਆ ਪਸਾਰਾ ਹੈ।ਅਤੇ ਇਹ ਉਸੇ ਨਿਰਾਕਾਰ ਦਾ ਹੀ ਸਾਕਾਰ ਰੂਪ ਹੈ।ਸਾਰੇ ਜੀਵਾਂ ਵਿੱਚ ਉਸੇ ਦੀ ਹੀ ਜੋਤਿ ਹੈ।ਪ੍ਰਭੂ ਦੇ ਹੁਕਮ ਅਨੁਸਾਰ ਜੀਵ ਪੈਦਾ ਹੁੰਦਾ ਹੈ।ਉਸ ਨੇ ਆਪ ਹੀ ਜੀਵ ਅੰਦਰ ਹਉਮੈ ਦਾ ਇਕ ਹਲਕਾ ਜਿਹਾ ਪਰਦਾ ਪੈਦਾ ਕਰ ਦਿੱਤਾ ਹੈ।ਹਉਮੈ ਦੇ ਇਸ ਹਲਕੇ ਜਿਹੇ ਪਰਦੇ ਦੇ ਕਾਰਨ ਹੀ ਜੀਵ ਵਿੱਚ ਵੱਖਰੀ ਸ਼ਖਸੀਅਤ ਦਾ ਖਿਆਲ ਉਪਜ ਪੈਂਦਾ ਹੈ।ਇਹ ਹਉਮੈ (ਵਖਰੀ ਸਖਸੀਅਤ) ਦਾ ਖਿਆਲ ਬੰਦੇ ਵਿੱਚ ਮਮਤਾ ਉਪਜਾ ਦਿੰਦਾ ਹੈ।ਮਮਤਾ ਦਾ ਅਰਥ ਹੈ ਮੈਂ ਮੇਰੀ ਦਾ ਖਿਆਲ।ਮੇਰਾ ਪਰਿਵਾਰ, ਮੇਰਾ ਘਰ-ਬਾਰ, ਮੇਰੀ ਦੌਲਤ।ਇਹ ਵੱਖਰੀ ਸ਼ਕਸੀਅਤ ਦਾ ਖਿਆਲ ਅਤੇ ਮਮਤਾ ਹੀ ਜੀਵ ਪਾਸੋਂ ਉਸ ਦੇ ਆਪਣੇ ਹਾਲਾਤ ਮੁਤਾਬਕ ਕਿਰਿਆ ਅਰਥਾਤ ਕਰਮ ਕਰਦਾ ਹੈ।
ਕਰਮਾਂ ਦਾ ਸਿਲਸਿਲਾ ਬਣਾਇਆ ਤਾਂ ਪਰਮਾਤਮਾ ਨੇ ਹੀ ਹੈ।ਇਹ ਸ਼ੁਰੂ ਹਉਮੈ ਤੋਂ ਹੋਇਆ ਹੈ।ਅਤੇ ਮਮਤਾ ਦੇ ਕਾਰਨ ਕਰਮਾਂ ਦਾ ਜਾਲ ਬਣ ਜਾਂਦਾ ਹੈ। ਸਾਰਾ ਸੰਸਾਰ ਤਾਂ ਬ੍ਰਹਮ ਦਾ ਹੀ ਪਸਾਰਾ ਹੈ।ਜੀਵ ਦਾ ਬ੍ਰਹਮ ਤੋਂ ਆਪਣੇ ਆਪ ਨੂੰ ਵੱਖਰੀ ਹਸਤੀ ਸਮਝਣਾ ਹੀ ਹਉਮੈ ਹੈ।ਹਉਮੈ ਨਾਮ ਹੈ ਪ੍ਰਭੂ ਤੋਂ ਵੱਖਰੀ ਅਪਣਤ ਕਾਇਮ ਕਰਨ ਦਾ, ਵੱਖਰੀ ਸ਼ਖਸੀਅਤ ਤਸੱਵੁਰ ਕਰਨ ਦਾ।ਜਿਵੇਂ ਪਾਣੀ ਵਿੱਚ ਇਕ ਬੁਦਬੁਦਾ ਉੱਠਿਆ।ਜੋ ਹੈ ਤਾਂ ਸਮੁੰਦਰ ਦਾ ਹੀ ਹਿੱਸਾ ਪਰ ਆਲੇ ਦੁਆਲੇ (ਹਉਮੈ ਦੀ) ਹਲਕੀ ਜਿਹੀ ਕੰਧ ਦੇ ਕਾਰਨ ਇਸ ਦੀ ਵੱਖਰੀ ਹਸਤੀ ਬਣ ਗਈ ਹੈ।ਇਸੇ ਤਰ੍ਹਾਂ ਹਉਮੈ ਇਕ ਚਾਰ ਦਿਵਾਰੀ ਹੈ, ਜਿਸ ਨੇ ਸਰਬ ਵਿਆਪੀ ਆਤਮਾ ਨੂੰ ਜੀਵ ਆਤਮਾ ਬਣਾ ਕੇ ਤ੍ਰੈ ਗੁਣੀ-ਮਾਇਆ ਦੇ ਅਧੀਨ ਕਰ ਦਿੱਤਾ ਹੈ।
ਹਉਮੈ ਦੇ ਆਸਰੇ ਕੀਤੇ ਗਏ ਕੰਮ ਮਮਤਾ ਨੂੰ ਜਨਮ ਦਿੰਦੇ ਹਨ।ਇਸ ‘ਹਉਮੈ(=ਪ੍ਰਭੂ ਤੋਂ ਵੱਖਰੀ ਹਸਤੀ)’ ਅਤੇ ‘ਮਮਤਾ (=ਹਰ ਚੀਜ ਮੇਰੀ ਹੈ ਜਾਂ ਮੇਰੀ ਹੋ ਜਾਵੇ)’ ਦੇ ਖਿਆਲ ਕਰਕੇ ‘ਦਵੈਤ ਭਾਵ(= ਆਪਣੇ ਪਰਾਏ ਦਾ ਖਿਆਲ) ਪੈਦਾ ਹੋ ਜਾਂਦੇ ਹਨ।ਜੋ ਜੀਵ ਦਾ ਸੁਤੰਤਰ ਜੀਵਨ ਖਤਮ ਕਰਕੇ ਜੰਜਾਲਾਂ ਵਿੱਚ ਫਸਾ ਦਿੰਦੇ ਹਨ। ਬੰਦਾ ਸੋਚ ਸਮਝ ਤੋਂ ਕੰਮ ਘੱਟ ਲੈਂਦਾ ਹੈ, ਅਤੇ ਮਨ ਦੇ ਬਣ ਚੁਕੇ ਸੁਭਾਵ ਅਨੁਸਾਰ ਹੀ ਕਰਮ ਕਮਾਂਦਾ ਹੈ।ਅਸਲ ਵਿੱਚ ਸਾਡੇ ਆਪਣੇ ਮਨ ਦੇ ਸੁਭਾਵ ਅਨੁਸਾਰ ਕੀਤੇ ਗਏ ਕੰਮ ਹੀ ਮਨ ਤੇ ਉੱਕਰਿਆ ਹੋਇਆ ਸਾਡਾ ਸੁਭਾਵ ਹੈ।ਇਹੀ ਧੁਰੋਂ ਲਿਖੇ ਲੇਖ ਹਨ। ਇਹੀ ਪ੍ਰਭੂ ਦਾ ਭਾਣਾ, ਪ੍ਰਭੂ ਦਾ ਹੁਕਮ ਹੈ, ਜੋ ‘ਨਾਨਕ ਲਿਖਿਆ ਨਾਲਿ’ ਹੈ।
ਅਸਲ ਕਰਮ ਕਰਨ ਦੀ ਪ੍ਰੇਰਨਾ ਜੀਵ ਨੂੰ ਉਸਦੇ ਨਿਜੀ ਸੁਭਾਵ ਤੋਂ ਹੀ ਮਿਲਦੀ ਹੈ।ਇਹ ਸੁਭਾਵ ਦਾ ਵਿਰਸਾ ਮਨੁਖ ਨੂੰ ਇਸ ਦੇ ਆਪਣੇ ਹੀ ਪੂਰਬਲੇ ਜਨਮਾਂ ਦੇ ਸਿੰਚਤ ਕਰਮਾਂ ਅਨੁਸਾਰ ਮਿਲਿਆ ਹੈ। ਗੁਰਮਤਿ ਵਿੱਚ ਇਸ ਵਿਰਸੇ’ਚ ਆਏ ਸੁਭਾਵ ਨੂੰ “ਕਿਰਤ” ਕਿਹਾ ਗਿਆ ਹੈ:
“ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ॥” (990)
“ਕੁੰਟ ਚਾਰਿ ਦਹਿ ਦਿਸਿ ਭਰਮੇ ਕਰਮ ਕਿਰਤੁ ਕੀ ਰੇਖ॥ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ॥” (253)
“ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ॥ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ॥” (756)
“ਬੰਧਨ ਬੰਧਿ ਭਵਾਏ ਸੋਇ॥ਪਇਐ ਕਿਰਤਿ ਨਚੈ ਸਭੁ ਕੋਇ॥” (465)
ਗੁਰਮਤਿ ਮਨੁੱਖ ਦੇ ਸੁਭਾਵ ਨੂੰ ਉਹਦੇ ਮਨ, ਆਤਮਾ ਦੇ ਪਿਛਲੇ ਜਨਮਾਂ ਦੇ ਸਹੇੜੇ ਸੰਸਕਾਰਾਂ ਦਾ ਫਲ਼ ਮੰਨਦੀ ਹੈ।ਮਨ ਵਿੱਚੋਂ ਲੰਘਦੇ ਫੁਰਨੇ ਆਪਣਾ ਅਸਰ ਛੱਡ ਜਾਂਦੇ ਹਨ ਅਤੇ ਕੋਸ਼ਿਸ਼ ਕਰਨ ਤੇ ਜਾਂ ਸੁਭਾਵਕ ਹੀ ਮੁੜ ਸਾਡੇ ਚੇਤੇ ਵਿੱਚ ਆ ਜਾਂਦੇ ਹਨ।ਇਕੋ ਫੁਰਨਾ ਜਦੋਂ ਮੁੜ ਮੁੜ ਫੁਰੇ ਤਾਂ ਉਸਦਾ ਖੁਰਾ (ਪਦ-ਚਿੰਨ੍ਹ) ਮਨ ਵਿੱਚ ਡੂੰਘ ਪਕੜ ਲੈਂਦਾ ਹੈ।ਹਰ ਕਰਮ ਦਾ ਮੁੱਢ ਪਹਿਲਾਂ ਫੁਰਨੇ ਤੋਂ ਹੀ ਬੱਝਦਾ ਹੈ।ਇਹ ਫੁਰਨਾ ਫਿਰ ਸੰਕਲਪ ਬਣਦਾ ਹੈ।ਸੰਕਲਪ ਨੂੰ ਕਿਰਿਆਨਵਿਤ ਕਰਨ ਨਾਲ ਇਕ ਕਰਮ ਬਣ ਜਾਂਦਾ ਹੈ।ਕਿਸੇ ਇਕ ਕਰਮ ਦਾ ਕਈ ਵਾਰੀਂ ਦੁਹਰਾਣਾ ਆਦਤ ਬਣ ਜਾਂਦਾ ਹੈ ਤੇ ਇਹੋ ਆਦਤ ਹੌਲੀ ਹੌਲੀ ਪੱਕ ਕੇ ਸਾਡਾ ਸੁਭਾਵ ਬਣ ਜਾਂਦੀ ਹੈ।ਸਾਡੇ ਪੂਰਬਲੇ (ਸੰਚਿਤ) ਕਰਮਾਂ ਨੇ ਹੀ ਸਾਡੀ ਕਿਰਤ ਬਣਾਈ ਹੈ।ਇਹ ਕਿਰਤ ਹੀ ਸਾਡਾ ‘ਵਿਰਸੇ ਵਿੱਚ ਮਿਲਿਆ ਸੁਭਾਵ’ ਹੈ।ਇਸ ਵਿਰਸੇ ਵਿੱਚ ਮਿਲੇ ਸੁਭਾਵ ਦੇ ਅਧੀਨ ਹੀ ਅਸੀਂ ਵਰਤਮਾਨ ਜਨਮ ਦੇ ਨਵੇਂ ਕਰਮਾਂ ਵਿੱਚ ਪਰਵਿਰਤ ਹੁੰਦੇ ਜਾਂਦੇ ਹਾਂ।ਇਸ ਤਰ੍ਹਾਂ ਸਾਡੀ ਪਿਛਲੀ ਕਿਰਤ ਹੀ ਸਾਡੀ ਅਮਲੀ ਜ਼ਿੰਦਗ਼ੀ ਲਈ ਅੱਗੋਂ ਕਿਰਤ ਘੜਦੀ ਹੈ।ਪਿਛਲੀ ਕਿਰਤ ਨਵੇਂ ਕਰਮਾਂ ਨੂੰ ਨਾਲ ਮਿਲ ਕੇ ਪਹਿਲਾਂ ਨਾਲੋਂ ਵੀ ਮਜਬੂਤ ਹੋ ਕੇ ਇਕ ਤਕੜਾ ਕਰਮ-ਜਾਲ਼ ਬਣਾ ਲੈਂਦੀ ਹੈ।
“ਬੈਰ ਬਿਰੋਧ ਕਾਮ ਕ੍ਰੋਧ ਮੋਹ॥ਝੂਠ ਬਿਕਾਰ ਮਹਾ ਲੋਭ ਧਰੋਹ॥ਇਆਹੂ ਜੁਗਤਿ ਬਿਹਾਨੇ ਕਈ ਜਨਮ॥” (268)
ਤੇ ਫੇਰ ਇਹ ਜਨਮ ਜਮਾਂਤਰਾਂ ਦੀ ਪੱਕੀ ਹੋਈ ਕਿਰਤ ਮਨੁੱਖ ਦੇ ਅਜਿਹੀ ਖਹਿੜੇ ਪੈ ਜਾਂਦੀ ਹੈ ਕਿ ਇਸ ਤੋਂ ਛੁਟਕਾਰਾ ਪਾਣਾ ਮੁਸ਼ਕਿਲ ਹੋ ਜਾਂਦਾ ਹੈ।
“ਪਇਆ ਕਿਰਤੁ ਨ ਮੇਟੈ ਕੋਇ॥” (280)
“ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ॥”(695)
ਸਾਡੇ ਆਪਣੇ ਵਿਰਸੇ ਦੇ ਬਣੇ ਸੁਭਾਵ ਅਨੁਸਾਰ ਹੀ ਪ੍ਰਭੂ ਸਾਡਾ ਭਾਗ-ਨਿਰਣੈ ਕਰਦਾ ਹੈ।ਇਸੇ ਭਾਗ- ਨਿਰਣੈ ਨੂੰ ਹੀ ਪੂਰਬਲੇ ਜਾਂ ਧੁਰ ਦੇ ਲੇਖ ਜਾਂ ਪ੍ਰਭੂ ਦਾ ਭਾਣਾ ਕਿਹਾ ਜਾਂਦਾ ਹੈ।ਆਮ ਹਾਲਤਾਂ ਵਿੱਚ ਇਹ ਲੇਖ ਮਨੁਖ ਨੂੰ ਅਵੱਸ਼ ਭੋਗਣੇ ਹੀ ਪੈਂਦੇ ਹਨ:
“ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ॥” (689)
ਇਸ ਤਰ੍ਹਾਂ ਅਸੀਂ ਪੂਰਬਲੇ ਲੇਖਾਂ ਅਨੁਸਾਰ ਬਝੀਆਂ ਲੀਹਾਂ ਵਿੱਚ ਤੁਰਨ ਲੱਗ ਪੈਂਦੇ ਹਾਂ।ਤੇ ਓਦੋਂ ਤੱਕ ਕਿਸੇ ਨਵੀਂ ਲੀਹ ਵਿੱਚ ਜਾ ਹੀ ਨਹੀਂ ਸਕਦੇ ਜਦੋਂ ਤੱਕ ਅਸੀਂ ਆਪਣੇ ਮਨ ਦੇ ਬਣ ਚੁੱਕੇ ਸੁਭਾਵ ਅਨੁਸਾਰ ਚੱਲਦੇ ਰਹਿੰਦੇ ਹਾਂ।ਇਨ੍ਹਾਂ ਪੂਰਬਲੀਆਂ ਡੂੰਘੀਆਂ ਲੀਹਾਂ ਵਿੱਚ ਤੁਰਨਾ ਹੀ ਧੁਰੋਂ ਲਿਖੇ ਲੇਖ ਹਨ ਅਤੇ ਮਨੁਖ ਪੂਰਬਲੀਆਂ ਡੂੰਘੀਆ ਲੀਹਾਂ ਵਿੱਚ ਚੱਲ ਕੇ ਕੰਮ ਕਰਦਾ ਹੈ ਜਿਹੜੇ ਉਸਦੇ ਭਾਗ ਵਿੱਚ ਧੁਰੋਂ ਉਲੀਕੇ ਗਏ ਹਨ:
“ਜੇਤੇ ਜੀਅ ਲਿਖੀ ਸਿਰਿ ਕਾਰਿ ਕਰਣੀ ਉਪਰਿ ਹੋਵਗਿ ਸਾਰ॥” (1169)
“ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥” (937)
“ਓਏ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ॥ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ॥”(566)
“ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ॥ਪਇਆ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ॥” (756)
“ਜੋ ਧੁਰਿ ਲਿਖਿਆ ਲੇਖੁ ਸੋ ਕਰਮ ਕਮਾਇਸੀ॥” (510)
ਗੁਰਮਤਿ ਅਨੁਸਾਰ ਸਾਕ ਸੰਬੰਧੀ, ਰਿਸਤੇਦਾਰ, ਭੈਣ, ਭਰਾ ਆਦਿ ਨਾਲ ਸਾਡਾ ਰਿਸਤਾ ਸਾਡੇ ਪਿਛਲੇ ਕੀਤੇ ਕਰਮਾਂ ਅਤੇ ਮਮਤਾ ਦੇ ਬੰਧਨਾਂ ਕਰਕੇ ਹੀ ਜੁੜਦਾ ਹੈ।ਹਰ ਤਰ੍ਹਾਂ ਦਾ ਸੰਜੋਗ ਤੇ ਵਿਜੋਗ ਧੁਰ ਦੇ ਲਿਖੇ ਲੇਖਾਂ ਅਨੁਸਾਰ ਹੀ ਹੁੰਦਾ ਹੈ:
“ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰ ਭਾਈ॥ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨ ਸਹਾਈ॥” (700)
ਜੋ ਪ੍ਰਭੂ ਦਾ ਹੁਕਮ ਹੈ ਹੋਣਾ ਓਹੀ ਹੈ।ਜੀਵ ਦੇ ਵੱਸ ਕੁਝ ਨਹੀਂ।ਜੀਵ ਕਰਮ ਕਰਨ ਵਿੱਚ ਪੂਰੀ ਤਰ੍ਹਾਂ ਨਿਰੰਕਾਰ ਦੇ ਹੁਕਮ ਦੇ ਅਧੀਨ ਹੈ।
“ਕਰਨ ਕਰਾਵਨ ਕਰਨੇ ਜੋਗੁ॥ਜੋ ਤਿਸੁ ਭਾਵੈ ਸੋਈ ਹੋਗ॥” (276)
“ਇਸ ਕਾ ਬਲੁ ਨਾਹੀ ਇਸੁ ਹਾਥ॥ਕਰਨ ਕਰਾਵਨ ਸਰਬ ਕੋ ਨਾਥ॥” (277)
“ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ॥ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ॥” (736)
ਸਵਾਲ ਪੈਦਾ ਹੁੰਦਾ ਹੈ ਕਿ ਜੇ ਸਭ ਕੁਝ ਨਿਰੰਕਾਰ ਦੇ ਹੁਕਮ ਅਨੁਸਾਰ ਹੀ ਹੋਣਾ ਹੈ ਅਤੇ ਹੋ ਰਿਹਾ ਹੈ ਤਾਂ ਫਿਰ ਮਨੁਖ ਦੇ ਵੱਸ ਕੀ ਹੋਇਆ?
ਅਤੇ ਜੇ ਮਨੁਖ ਦੇ ਵੱਸ ਕੁਝ ਨਹੀਂ ਤਾਂ ਫਿਰ ਓਹ ਕਰਮਾਂ ਦਾ ਜ਼ਿੰਮੇਵਾਰ ਕਿਵੇਂ ਹੋਇਆ?
ਜ਼ਿੰਮੇਵਾਰੀ ਜਦ ਬੰਦੇ ਸਿਰ ਆਉਂਦੀ ਹੀ ਨਹੀਂ ਤਾਂ ਫਿਰ ਭੁਗਤਾਨ ਕਿਸ ਗੱਲ ਦਾ?
ਫੇਰ “ਲੇਖਾ ਰੱਬ ਮੰਗੇਸੀਆ” ਜਾਂ “ਸਹੁ ਵੇ ਜੀਆ ਆਪਣਾ ਕੀਆ” ਦਾ ਕੀ ਮਤਲਬ?
ਜ਼ਿੰਮੇਵਾਰੀ ਜਦ ਬੰਦੇ ਸਿਰ ਆਉਂਦੀ ਹੀ ਨਹੀਂ ਤਾਂ ਫਿਰ ਜਿਸ ਤਰ੍ਹਾਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਪ੍ਰਭੂ ਦੁਆਰਾ ਲਿਖੇ ਗਏ ਸਾਡੇ ਲੇਖ ਸਾਡੇ ਆਪਣੇ ਹੀ ਕਰਮਾਂ ਦਾ ਨਤੀਜਾ ਹਨ।ਕਰਮ-ਜਾਲ ਸਾਡਾ ਆਪਣਾ ਹੀ ਵਿਸ਼ਾਇਆ ਹੋਇਆ ਹੈ।ਕਰਮਾਂ ਦੀਆਂ ਲੀਹਾਂ ਨੂੰ ਅਸੀਂ ਖੁਦ ਹੀ ਪੱਕਿਆਂ ਕੀਤਾ ਹੈ।ਪਿਛਲੇ ਕੀਤੇ ਕਰਮਾਂ ਦਾ ਲੇਖਾ ਭੁਗਤਣ ਲਈ ਸਾਡੇ ਆਪਣੇ ਪਿਛਲੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਨੇ ਸਾਡੇ ਲੇਖ ਲਿਖੇ ਹਨ।ਜੇ ਅਸੀਂ ਆਪਣੀ ਮਨਮੱਤ ਤੇ ਚੱਲ ਕੇ ਕਰਮ ਕਮਾਣੇ ਹਨ ਤਾਂ ਪ੍ਰਭੂ ਦਾ ਵੀ ਇਹੀ ਭਾਣਾ ਅਤੇ ਹੁਕਮ ਹੈ ਕਿ ਇਹ ਇਸੇ ਤਰ੍ਹਾਂ ਕਰਮ-ਜਾਲ ਵਿੱਚ ਫਸਿਆ ਕਰਮ ਕਮਾਂਦਾ ਰਹੇ “ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਇ”।ਪਰ ਗੁਰਮਤਿ ਦਾ ਕਰਮ-ਫਲ਼ ਸਿਧਾਂਤ ਹਿੰਦੂ ਮੱਤ ਦੇ ਕਰਮ-ਫਲ਼ ਸਿਧਾਂਤ ਤੋਂ ਵੱਖਰਾ ਹੈ।ਹਿੰਦੂ ਮੱਤ ਅਨੁਸਾਰ ਹਰ ਚੰਗੇ ਮੰਦੇ ਕਰਮ ਦਾ ਭੁਗਤਾਨ ਹੋਣਾ ਲਾਜਮੀ ਹੈ।ਪਰ ਗੁਰਮਤਿ ਦੇ ਕਰਮ-ਸਿਧਾਂਤ ਅਨੁਸਾਰ ਲੇਖ ਤਾਂ ਸਾਡੇ ਕਰਮਾਂ ਅਨੁਸਾਰ ਹੀ ਪ੍ਰਭੂ ਦੇ ਹੁਕਮ ਨਾਲ ਲਿਖੇ ਜਾਂਦੇ ਹਨ।ਪਰ ਗੁਰਮਤਿ ਦਾ ਕਰਮ-ਫਲ਼ ਕੋਈ ਅਟੱਲ ਨਿਯਮ-ਬੱਧ ਨਹੀਂ ਹੈ, ਇਹ ਪ੍ਰਭੂ ਦੇ ਹੁਕਮ ਤੇ ਨਿਰਭਰ ਹੈ।ਗੁਰਮਤਿ ਅਨੁਸਾਰ ਕਰਮਾਂ ਦੇ ਬੰਧਨਾਂ ਤੋਂ ਮੁਕਤ ਵੀ ਹੋਇਆ ਜਾ ਸਕਦਾ ਹੈ ਜੇ ਬੰਦਾ ਮਨਮੱਤ ਛੱਡ ਕੇ ਗੁਰੂ ਦੀ ਸ਼ਰਣ ਆ ਜਾਵੇ ਤਾਂ ਕਰਮਾਂ ਦੇ ਬੰਧਨਾਂ ਤੋਂ ਮੁਕਤੀ ਵੀ ਮਿਲ ਸਕਦੀ ਹੈ।
ਸਾਧ ਸੰਗਤ ਦੀ ਬਰਕਤ ਨਾਲ ਜਦੋਂ ਮਨੁਖ ਨੂੰ ਸੋਝੀ ਆ ਜਾਂਦੀ ਹੈ ਕਿ ਕਰਮਾਂ ਦਾ ਭੁਗਤਾਨ ਉਸ ਨੂੰ ਭੁਗਤਾਣਾ ਹੀ ਪੈਣਾ ਹੈ ਤਾਂ ਉਹ ਆਪਣਾ ਅੱਗਾ ਸਵਾਰਨ ਵਾਲੇ ਪਾਸੇ ਲੱਗ ਜਾਂਦਾ ਹੈ।ਜਿਉਂ ਜਿਉਂ ਬੰਦਾ ਅੱਗੋਂ ਤੋਂ ਚੰਗੇ ਆਚਰਣ ਦੀ ਉਸਾਰੀ ਵਾਲੇ ਪਾਸੇ ਲੱਗਦਾ ਹੈ, ਤਿਉਂ ਤਿਉਂ ਉੱਚੇ ਆਚਰਣ ਤੇ ਵਿਕਾਸ ਲਈ ਰਸਤਾ ਖੁਲ੍ਹਦਾ ਜਾਂਦਾ ਹੈ।ਕਰਮਾਂ ਦਾ ਸਿਲਸਿਲਾ ‘ਹਉਮੈ’ ਤੋਂ ਸ਼ੁਰੂ ਹੋਇਆ ਹੈ।ਇਸ ਲਈ ‘ਹਉਮੈ’ ਦੇ ਤਿਆਗਣ ਨਾਲ ਕਰਮਾਂ ਦਾ ਇਹ ਸਿਲਸਿਲਾ ਖਤਮ ਵੀ ਹੋ ਜਾਂਦਾ ਹੈ। “ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸ ਮਾਹਿ॥” ਅਤੇ ਇਹ ਦਾਰੂ ਕੀ ਹੈ? “ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥” ਪ੍ਰਭੂ ਦਾ ਹੁਕਮ ਬੁੱਝਣ (ਅਤੇ ਇਸ ਮੁਤਾਬਕ ਜੀਵਨ ਢਾਲਣ) ਨਾਲ ਹਉਮੈ ਦਾ ਨਾਸ ਹੋ ਜਾਂਦਾ ਹੈ। ਜੇ ਅਸੀਂ ਗੁਰੂ ਦੀ ਮੱਤ ਨੂੰ ਅਪਨਾ ਕੇ ਮਨ-ਮੱਤ ਤਿਆਗਣ ਦਾ ਦ੍ਰਿੜ ਇਰਾਦਾ ਕਰ ਲਈਏnਤਾਂ ਸਾਡਾ ਪੁਰਾਣਾ ਸੁਭਾਵ ਖੁਦ ਬ ਖੁਦ ਹੀ ਖਤਮ ਹੋ ਜਾਵੇਗਾ।ਤੇ ਅਸੀਂ ਗੁਰੂ ਹੁਕਮ ਵਿੱਚ ਚੱਲਕੇ ਉੱਚੇ ਸੁਭਾ ਨੂੰ ਅਪਨਾ ਲਵਾਂਗੇ।ਸੋ ਲੋੜ ਹੈ ਮਨ ਨੂੰ ਗੁਰੂ ਅਨੁਸਾਰੀ ਤੋਰਨ ਦੀ।ਇਸ ਤਰ੍ਹਾਂ ਕਰਮ-ਜਾਲ ਤੋਂ ਛੁਟਕਾਰਾ ਹੋ ਜਾਵੇਗਾ।ਜਦ ਗੁਰਸਿਖ ਆਪਣੀ ਸੋਚ, ਆਪਣੇ ਫੁਰਨੇ, ਆਪਣੀ ਹਉ ਗੁਰੂ ਨੂੰ ਸੌਂਪ ਦਿੰਦਾ ਹੈ, ਜਾਂ ਦੂਜੇ ਸ਼ਬਦਾਂ ਵਿਚ ਆਪਣੀ ਮਰਜੀ ਨਿਰੰਕਾਰੀ ਹੁਕਮ ਅਨੁਸਾਰੀ ਕਰ ਦਿੰਦਾ ਹੈ।ਉਹਦੇ ਹਿਰਦੇ ਅੰਦਰ ਨਾਮ ਦਾ ਪਰਗਾਸ ਹੋ ਜਾਂਦਾ ਹੈ।ਤੇ ਉਸਦਾ ਕਰਮ-ਜਾਲ ਟੁਟ ਜਾਂਦਾ ਹੈ।ਇਸ ਅਵਸਥਾ ਵਿਚ ਉਹ ਕਰਮ ਕਰਦਿਆਂ ਕਰਦਿਆਂ ਵੀ ਨਿਹਕਰਮਾ ਹੈ।
“ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ॥” (1002)
“ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ॥” (131)
“ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ॥”
ਗੁਰੂ ਦੀ ਮੱਤ ਤੇ ਚੱਲਣ ਨਾਲ ਸਾਡਾ ਪਹਿਲਾ ਮਨਮੱਤ ਵਾਲਾ ਸੁਭਾਵ ਬਦਲ ਕੇ ਗੁਰੂ ਦੀ ਮੱਤ ਵਾਲਾ ਹੋ ਜਾਂਦਾ ਹੈ।
“ਸਤਿਗੁਰ ਮਿਲਿਐ ਫਲੁ ਪਾਇਆ ਜਿਨਿ ਵਿਚਹੁ ਅਹੰਕਰਣੁ ਚੁਕਾਇਆ ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ॥” {72}
ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ॥ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ॥” {651}
ਸੋ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਸਭ ਕੁਝ ਪ੍ਰਭੂ ਦੇ ਭਾਣੇ ਅਤੇ ਹੁਕਮ ਵਿੱਚ ਹੀ ਹੋ ਰਿਹਾ ਹੈ।ਚੰਗੇ ਮਾੜੇ ਕਰਮ ਜੀਵ ਤੋਂ ਉਹ ਆਪ ਹੀ ਕਰਵਾਂਦਾ ਹੈ।ਸਾਡੇ ਪਿਛਲੇ ਮਨਮੱਤ ਅਧੀਨ ਕੀਤੇ ਕਰਮਾਂ ਅਨੁਸਾਰ ਪ੍ਰਭੂ ਅੱਗੋਂ ਸਾਡੇ ਲੇਖ ਲਿਖਦਾ ਹੈ।ਅਤੇ ਲਿਖੇ ਲੇਖਾਂ ਅਨੁਸਾਰ ਕਰਮ ਕਮਾਈ ਜਾਂਦੇ ਹਾਂ।ਗੁਰੂ ਦੀ ਮੱਤ ਤੇ ਚੱਲਣ ਨਾਲ ਕਰਮਾਂ ਦਾ ਲੇਖਾ ਮੁੱਕ ਜਾਂਦਾ ਹੈ।ਗੁਰਮੁਖ ਦੇ ਕਰਮ ਲੇਖਾ ਭੁਗਤਣ ਲਈ ਨਹੀਂ ਹੁੰਦੇ ਬਲਕਿ ਉਸ ਦੇ ਸਾਰੇ ਕਰਮ ਪ੍ਰਭੂ ਪਰਾਇਣ ਹੋ ਜਾਂਦੇ ਹਨ, ਉਹ ਕਰਮ ਕਰਦਾ ਹੋਇਆ ਵੀ ਨਿਹਕਰਮਾ ਹੋ ਜਾਂਦਾ ਹੈ।
-ਜਸਬੀਰ ਸਿੰਘ ਵਿਰਦੀ (ਕੈਲਗਰੀ)