ਕੀ ਦੇਹ ਪਵਿੱਤਰ ਹੁੰਦੀ ਹੈ ?
ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿਚ ਮਨ ਦੀ ਪਵਿੱਤਰਤਾ, ਦੀ ਜੁਗਤ ਹੈ।ਇਸ ਸਬੰਧ ਵਿਚ ਸ. ‘ਗੁਰਦੇਵ ਸਿੰਘ ਸੱਧੇਵਾਲਿਆ’ ਜੀ ਦਾ ਇਕ ਲੇਖ (੧੫.੮.੨੦੧੫) ਇਸ ਵੈਬਸਾਈਟ ਤੇ ਛੱਪਿਆ ਹੈ। ਲੇਖ ਚੰਗਾ ਹੈ ਜੋ ਕਿ ਹੇਠ ਲਿਖੇ ਸਵਾਲ ਦੇ ਨਾਲ ਸਮਾਪਤ ਹੁੰਦਾ ਹੈ:-
" ਤੇ ਅੰਮ੍ਰਿਤ ਨਾਮ ਵਿਚ ਕਿਤੇ ਵੀ ਜ਼ਿਕਰ ਨਹੀਂ ਕਿ ਦੇਹ ਪਵਿੱਤਰ ਹੁੰਦੀ। ਕਿ ਹੁੰਦੀ ?
ਇਹ ਸਵਾਲ ਪਾਠਕਾਂ ਸਨਮੁੱਖ ਉਠਾਇਆ ਗਿਆ ਹੈ ਤਾਂ ਥੋੜੀ ਵਿਚਾਰ ਦੀ ਲੋੜ ਹੈ, ਤਾਂ ਕਿ ਉਹ ਪੱਖ ਵੀ ਵਿਚਾਰੇ ਜਾ ਸਕਣ ਜਿਨ੍ਹਾਂ ਵੱਲ ਸੱਧੇ ਵਾਲਿਆ ਜੀ ਦੀ ਚੰਗੀ ਭਾਵਨਾ ਦਾ ਧਿਆਨ ਨਹੀਂ ਗਿਆ।
ਪਵਿੱਤਰ ਨੂੰ ਸਾਫ਼ ਵੀ ਕਿਹਾ ਜਾਂਦਾ ਹੈ ਅਤੇ ਬਾਣੀ ਵਿਚ ਮਨ ਬਾਰੇ ਨਿਰਮਲ ਹੋਣ ਦੀ ਗਲ ਕਹੀ ਗਈ ਹੈ। ਚੁੰਕਿ ਮਨ ਦੀ ਮੈਲ ਸਰੀਰਕ ਮੈਲ ਵਾਂਗ ਨਹੀਂ ਹੁੰਦੀ, ਇਸ ਲਈ ਮਨ ਨੂੰ ਜਿਸ ਵੇਲੇ ਪਵਿੱਤਰਤਾ ਨਾਲ ਜੋੜ ਕੇ ਵਿਚਾਰਾਂਗੇ, ਤਾਂ ਸਪਸ਼ਟ ਰਹੇਗਾ ਕਿ ਦੇਹ ਦੀ ਪਵਿੱਤਰਤਾ ਦਾ ਭਾਵ ਵੀ ਸਰੀਰਕ ਸਫ਼ਾਈ ਨਹੀਂ ਬਲਕਿ ਮਨ ਵਰਗਾ ਨਿਰਮਲ (ਸਾਫ਼) ਹੋਣ ਦਾ ਹੈ। ਇਸ ਭਾਵ ਅਨੁਸਾਰ ਬਾਣੀ ਅੰਦਰ ਸਪਸ਼ਟ ਰੂਪ ਵਿਚ ਦੇਹ ਨੂੰ ਕਈਂ ਥਾਂ ਪਵਿੱਤਰ ਕਿਹਾ ਗਿਆ ਹੈ।
ਸੱਧੇ ਵਾਲਿਆ ਜੀ ਨੇ ਰੱਬ ਦੇ ਨਾਲ ਤੁਰਨ ਬਾਰੇ ਸੁੰਦਰ ਗਲ ਕੀਤੀ ਹੈ।ਪਰ ਰੱਬ ਕਿਸੇ ਮਨੁੱਖ ਨਾਲ ਤੁਰ ਰਿਹਾ ਹੈ ਇਸ ਦਾ ਪਤਾ ਕਿਵੇਂ ਚੱਲੇ ? ਇਸਦਾ ਪਤਾ ਚਲਦਾ ਹੈ ਮਨੁੱਖ ਦੇ ਵਿਚਾਰ ਦੇ ਨਾਲ-ਨਾਲ ਉਸਦੇ ਸਰੀਰਕ (ਦੇਹ) ਵਿਵਹਾਰ ਤੋਂ, ਉਸ ਦੇ ਆਚਰਣ ਤੋਂ ਜੋ ਕਿ ਦੇਹ ਦੀ ਕਾਰ ਰਾਹੀਂ ਪ੍ਰਗਟ ਹੁੰਦੇ ਹਨ। ਮਸਲਨ:-
ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ॥ (ਪੰਨਾ ੫੧੮)
ਇੰਝ ਮਨ ਦੀ ਪਵਿੱਤਰਤਾ ਦੇਹ ਨੂੰ ਪਵਿੱਤਰ ਕਰਦੀ ਹੈ, ਉਸਨੂੰ ਵਿਚਾਰਕ ਰੋਗਾਂ ਤੋਂ ਬਚਾਉਂਦੀ ਹੈ। ਬਾਣੀ ਅੰਦਰ ਦਰਸਾਈ ਦੇਹ ਦੀ ਪਵਿੱਤਰਤਾ ਦਾ ਇਹ ਅਹਿਮ ਨੁੱਕਤਾ ਹੈ।ਮਸਲਨ:-
ਕਰ ਇਸਨਾਨੁ ਸਿਮਰਿ ਪ੍ਰਭ ਅਪਨਾ ਮਨ ਤਨ ਭਏ ਅਰੋਗਾ (ਪੰਨਾ ੬੧੧)
ਭਾਵ ਅੰਮ੍ਰਿਤ ਬਾਣੀ ਦੇ ਸਰ ਵਿਚ ਇਸਨਾਨੁ ਨਾਲ ਮਨ ਅਤੇ ਦੇਹ ਦੋਵੇਂ ਅਰੋਗੀ, ਭਾਵ ਪਵਿੱਤਰ ਹੋ ਜਾਂਦੇ ਹਨ।
ਮਨ ਤਨ ਨਿਰਮਲ ਪਾਪ ਜਲਿ ਖੀਨਾ (ਪੰਨਾ ੮੦੪)
ਭਾਵ ਪ੍ਰਭੁ ਦੇ ਨਾਮ ਨਾਲ ਮੇਰਾ ਮਨ ਅਤੇ ਦੇਹ ਦੋਵੇਂ ਨਿਰਮਲ (ਮੈਲ ਰਹਿਤ ਪਵਿੱਤਰ) ਹੋ ਗਏ ਹਨ ਅਤੇ ਮੇਰੇ ਪਾਪ ਜਲ ਕੇ ਰਾਖ਼ ਹੋ ਗਏ ਹਨ।
ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ॥( ਪੰਨਾ ੩੧)
ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ॥(ਪੰਨਾ ੪੪)
ਧਿਆਨ ਦੇਣ ਯੋਗ ਹੈ ਕਿ ਜਿਸ ਥਾਂ ਸੰਤ ਸਭਾ, ਸੰਤਾਂ ਦੀ ਸਭਾ, ਸਤ-ਸੰਗੀਆਂ ਦੀ ਸਭਾ ਹੋਵੇ ਉਸ ਥਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਫ਼ੁਰਮਾਉਂਦੇ ਹਨ:-
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥ (ਪੰਨਾ ੪੪)
ਇਸ ਥਾਂ ਵੀ ਪਵਿੱਤਰ ਦਾ ਭਾਵ ਝਾੜੂ-ਪੋਚਾ ਦੀ ਸਫ਼ਾਈ ਨਹੀਂ ਬਲਕਿ ਅੰਮ੍ਰਿਤ ਵਿਚਾਰ ਵੇਲੇ ਕਿਸੇ ਸਥਾਨ ਦੇ ਵਾਤਾਵਰਣ ਦੇ ਪਵਿੱਤਰ ਹੋ ਜਾਣ ਦੀ ਗਲ ਹੈ। ਇਸੇ ਕਰਕੇ ਗੁਰੂ ਸਾਹਿਬਾਨ ਵਲੋਂ ਕਿਸੇ ਸਥਾਨ ਤੇ ਸੰਤ ਸਭਾ ਕਰਨ ਦੇ ਇਤਹਾਸਕ ਪਰਿਪੇਖ ਵਿਚ ਉਸਨੁੰ ਪਵਿੱਤਰ ਕਿਹਾ ਜਾਂਦਾ ਹੈ।ਚਮਕੋਰ ਦੀ ਗੜੀ ਅਤੇ ਸਿਰਹੰਦ ਦੀਆਂ ਦਿਵਾਰਾਂ ਨੂੰ ਪਵਿੱਤਰ ਸਰੀਰਾਂ ਦੇ ਆਚਰਨ ਨੇ ਪਵਿੱਤਰ ਕੀਤਾ।
ਖ਼ੈਰ, ਦੇਹ ਦੇ ਪਵਿੱਤਰ ਹੋਣ ਦੇ ਹੋਰ ਹਵਾਲੇ ਇਸ ਪ੍ਰਕਾਰ ਹਨ:-
ਨਿਰਮਲ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ॥ (ਪੰਨਾ ੭੭੪)
ਗੁਰਮਖਿ ਭੇਜਨੁ ਪਵਿਤੁ ਸਰੀਰਾ॥ (ਪੰਨਾ ੧੧੭੪)
ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਬਚਨ ਹਨ ਕਿ ਅੰਮ੍ਰਿਤ ਨਾਲ ਮਨ ਅਤੇ ਤਨ (ਦੇਹ) ਦੋਵੇਂ ਪਵਿੱਤਰ ਹੁੰਦੇ ਹਨ।ਇਹ ਝਾੜੂ –ਪੋਚਾ-ਨਾਹਾਉਂਣ ਵਰਗੀ ਸਫ਼ਾਈ ਨਹੀਂ ਬਲਕਿ ਵਿਚਾਰ (ਮਨ) ਅਤੇ ਆਚਰਣ ( ਦੇਹ ਦਾ ਜੀਵਨ ਵਿਵਹਾਰ) ਦੀ ਪਵਿੱਤਰਤਾ ਹੈ। ਮੇਰੀ ਅਲਪ ਮਤ ਅਨੁਸਾਰ ਬਾਣੀ ਦੇ ਅੰਮ੍ਰਿਤ ਨਾਲ ਦੇਹ ਇੰਝ ਪਵਿੱਤਰ ਹੁੰਦੀ ਹੈ।
ਹਰਦੇਵ ਸਿੰਘ, ਜੰਮੂ-੧੫.੦੮.੨੦੧੫