ਪੰਜਾਬ ਨੂੰ ਦਹਿਸ਼ਤਗਰਦੀ ਦੇ ਬਹਾਨੇ ਮੁੜ ਲਹੂ-ਲੁਹਾਨ ਕਰਨ ਦੀ ਭਾਰਤੀ ਸਾਜ਼ਿਸ਼ !
ਭਾਰਤ ਦੀਆਂ ਖੁਫੀਆ ਏਜੰਸੀਆਂ ਪੰਜਾਬ ਵਿਚਲੀ ਬਾਦਲ-ਸੁਮੇਧ ਸੈਣੀ ਦੀ ਸਾਜ਼ਿਸ਼ ਨਾਲ ਪੰਜਾਬ ਵਿੱਚ ਦਹਿਸ਼ਤਗਰਦੀ ਦਾ ਹਊਆ ਖੜ੍ਹਾ ਕਰਕੇ, ਪੰਜਾਬ ਨੂੰ ਮੁੜ ਲਹੂ-ਲੁਹਾਣ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀਆਂ ਜਾਪਦੀਆਂ ਹਨ। ਦੀਨਾਨਗਰ ਵਿਚਲੀ ਅਖੌਤੀ ਦਹਿਸ਼ਤਗਰਦ ਕਾਰਵਾਈ ਦੀ ਸੱਚਾਈ ਕਾਫੀ ਹੱਦ ਤੱਕ ਬਾਹਰ ਆ ਚੁੱਕੀ ਹੈ। ਏਜੰਸੀਆਂ ਵਲੋਂ ਇਸ ਆਪੂੰ ਕੀਤੀ ਕਾਰਵਾਈ ਨੂੰ ਪਾਕਿਸਤਾਨ-ਖਾਲਿਸਤਾਨ ਦੋਹਾਂ ਨਾਲ ਜੋੜਨ ਦਾ ‘ਸੌਦਾ’ ਪੰਜਾਬ ਵਿੱਚ ਵਿਕਿਆ ਨਹੀਂ। ਭਾਵੇਂ ਭਾਰਤ ਦੇ ਅਖੌਤੀ ਮੁੱਖਧਾਰਾ ਮੀਡੀਏ ਨੇ ਏਜੰਸੀਆਂ ਦੀ ਥਿਊਰੀ ਨੂੰ ਪ੍ਰਮੁੱਖਤਾ ਦਿੱਤੀ ਪਰ ਟ੍ਰਿਬਿਊਨ ਵਰਗੇ ਇੱਕਾ-ਦੁੱਕਾ ਅਖਬਾਰਾਂ ਨੇ, ਸਰਕਾਰ ਦੀ ਸਮੁੱਚੀ ਕਾਰਵਾਈ ‘ਤੇ ਸਵਾਲੀਆ ਨਿਸ਼ਾਨ ਲਗਾਇਆ।
ਪਿਛਲੇ ਦਿਨੀਂ ਟ੍ਰਿਬਿਊਨ ਅਖਬਾਰ ਦੇ ਐਡੀਟਰ ਹਰੀਸ਼ ਖਰੇ ਅਤੇ ਦੋ ਪੱਤਰਕਾਰਾਂ (ਜਪਿੰਦਰਜੀਤ ਸਿੰਘ ਅਤੇ ਰਵੀ ਧਾਲੀਵਾਲ) ਦੇ ਖਿਲਾਫ ਗੁਰਦਾਸਪੁਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਕਚਹਿਰੀ ਵਿੱਚ ਦੋ ਕੇਸ ਦਾਇਰ ਕੀਤੇ ਗਏ ਹਨ। ਇਨ੍ਹਾਂ ਕੇਸਾਂ ਨੂੰ ਦੀਨਾਨਗਰ ਦੇ ਐਸ. ਐਚ. ਓ. ਮੁਖਤਿਆਰ ਸਿੰਘ ਅਤੇ ਹੈਡ ਕਾਂਸਟੇਬਲ ਸਤਿਨਾਮ ਸਿੰਘ ਵਲੋਂ ਦਾਇਰ ਕੀਤਾ ਗਿਆ ਹੈ। ਜ਼ਾਹਰ ਹੈ ਕਿ ਇਹ ਕੇਸ ‘ਪੁਲਸੀਆਂ’ ਵਲੋਂ ਨਹੀਂ ਬਲਕਿ ਬਾਦਲ ਸਰਕਾਰ ਵਲੋਂ ਹੀ ਦਾਇਰ ਕਰਵਾਏ ਗਏ ਹਨ। ਇਸ ਦਾ ਸਪੱਸ਼ਟ ਸੁਨੇਹਾ ਹੈ ਕਿ ‘ਸਰਕਾਰੀ ਝੂਠ ਨੂੰ ਖਰੀਦੋ ਨਹੀਂ ਤਾਂ ਜਵਾਬੀ ਕਾਰਵਾਈ ਲਈ ਤਿਆਰ ਰਹੋ।’
ਇਸ ਤੋਂ ਪਹਿਲਾਂ ‘ਪਹਿਰੇਦਾਰ’ ਅਖਬਾਰ ਦੇ ਖਿਲਾਫ ਕੀਤੀ ਗਈ ਕਾਰਵਾਈ ਵੀ ਇਸੇ ਵਿਉਂਤਬੰਦੀ ਦੇ ਤਹਿਤ ਸੀ। ਅਸੀਂ ਟ੍ਰਿਬਿਊਨ ਦੇ ਖਿਲਾਫ ਇਸ ਕੋਝੀ ਹਰਕਤ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ ਅਤੇ ਆਪਣੇ ਆਪ ਨੂੰ ‘ਲੋਕਤੰਤਰੀ’ ਕਹਾਉਣ ਵਾਲੇ ਭੱਦਰ ਪੁਰਸ਼ਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਪੰਜਾਬ ਵਿੱਚ ਭਾਰਤੀ ਏਜੰਸੀਆਂ ਦੀ ‘ਬਾਦਲਗਰਦੀ ਗੁੰਡਾ ਖੇਡ’ ਦੇ ਖਿਲਾਫ ਆਵਾਜ਼ ਬੁਲੰਦ ਕਰਨ।
ਦੀਨਾਨਗਰ ਘਟਨਾ ਤੋਂ ਇੱਕ ਦੋ ਦਿਨ ਬਾਅਦ ਗੁਰਦਾਸਪੁਰ ਕਸਬੇ ਵਿੱਚ ‘ਅਣਚੱਲੇ ਬੰਬ’ ਬਰਾਮਦ ਹੋਣ ਦੀ ਖਬਰ ਫੈਲਾ ਕੇ, ਉਥੇ ਪੁਲਿਸ ਤੇ ਫੌਜ ਦੀ ਘੇਰਾਬੰਦੀ ਕੀਤੀ ਗਈ। ਕੁਝ ਦਿਨ ਬੀਤਣ ਬਾਅਦ ਪਠਾਨਕੋਟ ਦੇ ਨੇੜਲੇ ਪਿੰਡਾਂ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਦੇ ਬਹਾਨੇ ਨਾਲ ਪਿੰਡਾਂ ਵਿੱਚ ‘ਫੌਜੀ ਤਲਾਸ਼ੀਆਂ’ ਦਾ ਦੌਰ ਚਲਾਇਆ ਗਿਆ। ‘ਮਾਝੇ’ ਵਿੱਚ ਕਾਰਵਾਈ ਤੋਂ ਬਾਅਦ, ਦੁਆਬੇ ਵਿੱਚ ‘ਦਹਿਸ਼ਤਗਰਦਾਂ’ ਦੀ ਹੋਂਦ ਸਥਾਪਤ ਕਰਨ ਲਈ ਜ਼ਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡਾਂ ਵਿੱਚ 4 ਦਹਿਸ਼ਤਗਰਦਾਂ ਦੇ ਹੋਣ ਦੀ ਰਿਪੋਰਟ ਕਰਵਾ ਕੇ, ਪਿੰਡਾਂ ਵਿੱਚ ‘ਫੌਜੀ ਤਲਾਸ਼ੀਆਂ’ ਲਈਆਂ ਗਈਆਂ।
ਐਨ ਆਜ਼ਾਦੀ ਦਿਵਸ ਮੌਕੇ, ਬਠਿੰਡਾ ਦੇ ਗੁਰੂ ਹਰਗੋਬਿੰਦਪੁਰ ਥਰਮਲ ਪਲਾਂਟ ਦੇ ਨੇੜੇ ਬਾਦਲ ਦੇ ਨੇੜਲੇ ਦੋ ਅਕਾਲੀ ਲੀਡਰਾਂ ਦੀ ਗੱਡੀ ਉਲਟਣ ਤੋਂ ਬਾਅਦ ਸਾਹਮਣੇ ਆਈ ਖਬਰ ਨੇ ਹਰ ਇੱਕ ਪੰਥਦਰਦੀ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ। ਇਸ ਥਰਮਲ ਪਲਾਂਟ ਦੇ ਸਕਿਉਰਿਟੀ ਇੰਚਾਰਜ ਕਰਨਲ ਸੁਖਚਰਨ ਸਿੰਘ ਨੇ ਇਸ ਗੱਡੀ ਦੇ ਅੰਦਰ ‘ਤਾਰਾਂ, ਸਿਲਵਰ ਸਟਿੱਕਸ ਤੇ ਡੈਟੋਨੇਟਰ’ ਹੋਣ ਦਾ ਜਦੋਂ ਖੁਲਾਸਾ ਕੀਤਾ ਤਾਂ ਪ੍ਰਸਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਅਸਲ ਵਿੱਚ ਬਾਦਲ ਦੇ ਲੰਬੀ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਇਹ ਅਕਾਲੀ ਲੀਡਰ, ਬਾਦਲ ਦੀ ਚੰਡੀਗੜ੍ਹ ਵਿਚਲੀ ਕੋਠੀ ਵਿੱਚੋਂ, ਉਸ ਨੂੰ ਮਿਲ ਕੇ ਹੀ ਪਰਤੇ ਸਨ। ਪੁਲਿਸ ਵਲੋਂ ਇਸ ਨੂੰ ‘ਮਾਮੂਲੀ ਪਟਾਕੇ’ ਕਹਿ ਕੇ ਕੇਸ ਰਫਾ-ਦਫਾ ਕਰਨ ਦੀ ਕੋਸ਼ਿਸ਼ ਜਦੋਂ ਸਫਲ ਨਹੀਂ ਹੋਈ (ਕਰਨਲ ਸੁਖਚਰਨ ਸਿੰਘ ਆਪਣੇ ਬਿਆਨ ‘ਤੇ ਕਾਇਮ ਹੈ) ਤਾਂ ਹੁਣ ਪੁਲਿਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਐਕਸੀਡੈਂਟ ਵੇਲੇ ਨਹੀਂ, ਇਹ ਬਾਅਦ ਵਿੱਚ ਥਰਮਲ ਪਲਾਂਟ ਦੇ ਅੰਦਰੋਂ ਕਿਸੇ ਨੇ ‘ਪਲਾਂਟ’ ਕੀਤਾ ਹੈ। ਇੱਕ ਕਦਮ ਹੋਰ ਅੱਗੇ ਜਾਂਦਿਆਂ ਪੁਲਿਸ ਦਾ ਕਹਿਣਾ ਹੈ ਕਿ ‘ਇਸ ਥਰਮਲ ਪਲਾਂਟ ਲਈ ਜਿਨ੍ਹਾਂ ਸਟੇਟਾਂ ਤੋਂ ਕੋਲਾ ਆਉਂਦਾ ਹੈ, ਉਥੇ ਮਾਓਵਾਦੀ ਬੜੇ ਸਰਗਰਮ ਹਨ। ਲੱਗਦਾ ਹੈ ਕਿ ਇਹ ਡੈਟੋਨੇਟਰ ਤੇ ਬਾਕੀ ਸਮਾਨ, ਮਾਓਵਾਦੀਆਂ ਨੇ ਇਥੇ ਭੇਜਿਆ ਹੋਵੇ।’ ਹੁਣ ਪੁਲਿਸ ਦੇ ਕੁੱਤੇ ‘ਅਕਾਲੀ ਦੋਸ਼ੀਆਂ’ ਨੂੰ ਸੁੰਘਣ ਦੀ ਥਾਂ, ਥਰਮਲ ਪਲਾਂਟ ਦੇ ਮੁਲਾਜ਼ਮਾਂ ਨੂੰ ਸੁੰਘ ਰਹੇ ਹਨ।
ਮਾਲਵੇ ਵਿੱਚ ‘ਬਠਿੰਡਾ ਡਰਾਮਾ’ (ਪਤਾ ਨਹੀਂ ਅਕਾਲੀਆਂ ਦੇ ਇਨ੍ਹਾਂ ਬੰਬਾਂ ਨੇ ਅਜ਼ਾਦੀ ਦਿਵਸ ਮੌਕੇ ਕਿੰਨਿਆਂ ਦੀ ਜਾਨ ਲੈਣੀ ਸੀ) ਪੁੱਠਾ ਪੈਣ ਤੋਂ ਬਾਅਦ, ਹੁਣ ‘ਏਜੰਸੀਆਂ ਦੀ ਜੁਗਨੀ’ ਲੁਧਿਆਣੇ ਤੇ ਖੰਨੇ ਜ਼ਿਲ੍ਹਿਆਂ ਵਿੱਚ ਸਰਗਰਮ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਾਹਨੇਵਾਲ ਦੇ ਨੇੜੇ ਸਾਹਨੀ ਪਿੰਡ ਦੇ ਇੱਕ ਕਾਰ ਮਕੈਨਿਕ ਨੇ ਕਿਹਾ ਹੈ ਕਿ ਉਸ ਨੇ ਅਸਲੇ ਦੀ ਭਰੀ ਹੋਈ ਇੱਕ ਕਾਰ ਵੇਖੀ ਹੈ। ਉਸ ਅਨੁਸਾਰ, ਇਸ ਕਾਰ ਵਿਚਲੇ ਤਿੰਨ ਦਹਿਸ਼ਤਗਰਦ ਰਾਮਗੜ੍ਹ ਪਿੰਡ ਦੇ ਗੁਰਦੁਆਰਾ ਨੇੜੇ ਰੁਕਣ ਲਈ ਮਜ਼ਬੂਰ ਹੋਏ ਕਿਉਂਕਿ ਉਨ੍ਹਾਂ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ ਸੀ। ਦਹਿਸ਼ਤਗਰ ਉਸ ਨੂੰ ਟਾਇਰ ਬਦਲਾਉਣ ਲਈ ਲੈ ਕੇ ਉੱਥੇ ਗਏ। ਉਹਨੇ ਉਥੋ ਮੌਕਾ ਬਚਾ ਕੇ, ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦਹਿਸ਼ਤਗਰਦਾਂ ਨੇ ਉਸ ‘ਤੇ ਫਾਇਰਿੰਗ ਕੀਤੀ। ਇਹ ਮਕੈਨਿਕ ਗੁਰਦੁਆਰਾ ਰਾਮਗੜ੍ਹ ਦੇ ਮੈਨੇਜਰ ਜਗਤਾਰ ਸਿੰਘ ਤੱਕ ਵੀ ਪਹੁੰਚ ਗਿਆ। ਇਸ ਖਬਰ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਹਾਈ ਅਲਰਟ ਜਾਰੀ ਕਰਕੇ ਲੁਧਿਆਣਾ ਅਤੇ ਖੰਨਾ ਵਿੱਚ ਤਲਾਸ਼ੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਉਥੇ ਨਵੇਂ-ਨਵੇਂ ਲੱਗੇ ਪੁਲਿਸ ਕਮਿਸ਼ਨਰ ਪਰਮਜੀਤ ਸਿੰਘ ਉਮਰਾਨੰਗਲ (ਜੀਵਨ ਉਮਰਾਨੰਗਲ ਦਾ ਪੋਤਾ) ਨੇ ਸਾਰੀ ਰਾਤ ਜਾਗ ਕੇ, ਇਲਾਕੇ ਵਿੱਚ ਸੁਰੱਖਿਆ ਕਾਇਮ ਰੱਖਣ ਲਈ ਸਖਤ ਘੇਰਾਬੰਦੀ ਕੀਤੀ ਹੈ ।
ਪਾਠਕਜਨ ! ਕੀ ਉਪਰੋਕਤ ਸਾਰਾ ਘਟਨਾਕ੍ਰਮ ਸਿੱਧੇ ਤੌਰ ‘ਤੇ ‘ਤੋਤਾ-ਮੈਨਾ’ ਦੇ ਕਿੱਸੇ ਵਾਂਗ ਨਹੀਂ ਜਾਪਦਾ? ਕੀ ਪੁਲਿਸ ਅਫਵਾਹਾਂ ‘ਤੇ ਕਾਰਵਾਈ ਕਰ ਰਹੀ ਹੈ ਜਾਂ ਖੁਦ ਅਫਵਾਹਾਂ ਫੈਲਾ ਕੇ, ਲੋਕਾਂ ਦੀਆਂ ਮੁੱਢਲੀਆਂ ਅਜ਼ਾਦੀਆਂ ਖੋਹਣ ਦੀ ਰਿਹਰਸਲ ਕਰ ਰਹੀ ਹੈ? ਕੀ ਪੰਜਾਬ ਨੂੰ ਬਲਦੀ ਦੇ ਬੂਥੇ ਦੇਣ ਲਈ ਇੱਕ ਭੂਮਿਕਾ ਤਾਂ ਤਿਆਰ ਨਹੀਂ ਕੀਤੀ ਜਾ ਰਹੀ? ਕੀ ਸਰਕਾਰ ਜਾਂ ਉਸ ਦੇ ਦੇਸ਼-ਵਿਦੇਸ਼ ਵਿਚਲੇ ਟੌਂਟ-ਬਟੌਂਟ ਉਪਰਲੇ ਸਵਾਲਾਂ ਦਾ ਜਵਾਬ ਦੇ ਸਕਦੇ ਹਨ ?
ਇਸ ਵੇਲੇ ਮੁੱਖ ਧਾਰਾ ਭਾਰਤੀ ਮੀਡੀਆ, ਪੂਰੀ ਤਰ੍ਹਾਂ ਮੋਦੀ ਮੀਡੀਆ ਦੀ ਭੂਮਿਕਾ ਨਿਭਾ ਰਿਹਾ ਹੈ। ਬਹੁਤ ਵਾਰ ਬੜੀਆਂ ਅਹਿਮ ਖਬਰਾਂ ਨੂੰ, ਜਿਹੜੀਆਂ ਭਾਰਤੀ ਸਟੇਟ ਦੇ ਖਿਲਾਫ ਜਾਂਦੀਆਂ ਹੋਣ, ‘ਗੋਲ’ ਕਰ ਦਿੱਤਾ ਜਾਂਦਾ ਹੈ। ‘ਇੰਟਰਨੈਸ਼ਨਲ ਨਿਊਯਾਰਕ ਟਾਈਮਜ਼’ ਨੇ ਆਪਣੇ 15 ਅਗਸਤ ਦੇ ਅੰਕ ਵਿੱਚ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ, ਜਿਸ ਦਾ ਸਿਰਲੇਖ ਹੈ – ’25 ਹਜ਼ਾਰ ਕਿਸਾਨਾਂ ਵਲੋਂ ਭਾਰਤੀ ਅਜ਼ਾਦੀ ਦਿਵਸ ਮੌਕੇ, ਫਾਹਾ ਲੈ ਕੇ ਮਰਨ ਦੀ ਮੰਗੀ ਗਈ ਇਜ਼ਾਜ਼ਤ।’ ਖਬਰ ਦੇ ਵੇਰਵੇ ਅਨੁਸਾਰ, ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ‘ਗੋਕੁਲ ਬੈਰਾਜ’ ਬਣਾਉਣ ਲੱਗਿਆਂ ਗਰੀਬ ਕਿਸਾਨਾਂ ਦੀ 700 ਏਕੜ ਜ਼ਮੀਨ ਬਿਨ੍ਹਾਂ ਉਨ੍ਹਾਂ ਦੀ ਮਰਜ਼ੀ ਦੇ ਉਨ੍ਹਾਂ ਤੋਂ ਖੋਹ ਲਈ ਗਈ ਸੀ, ਜਿਸ ਦਾ ਉਨ੍ਹਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਪਿਛਲੇ 17 ਸਾਲਾਂ ਤੋਂ ਉਹ ਰੋਸ-ਵਿਖਾਵੇ ਕਰ ਰਹੇ ਹਨ, ਪਰ ਉਨ੍ਹਾਂ ਦੇ ਪੱਲੇ ਮਾਰ-ਕੁਟਾਈ ਅਤੇ ਜ਼ਲਾਲਤ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਪਿਆ। ਇਸ ਸਮੇਂ ਦੌਰਾਨ 40 ਕਿਸਾਨ ਆਤਮਘਾਤ ਕਰ ਚੁੱਕੇ ਹਨ। ਹੁਣ ਮਥੁਰਾ ਜ਼ਿਲ੍ਹੇ ਦੇ 11 ਪਿੰਡਾਂ ਦੇ 25 ਹਜ਼ਾਰ ਕਿਸਾਨਾਂ ਨੇ, ਭਾਰਤ ਦੇ 69ਵੇਂ ਅਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ, ਆਤਮਘਾਤ ਕਰਨ ਦੀ ਇਜ਼ਾਜ਼ਤ ਮੰਗੀ ਹੈ। ਇਹ ‘ਸੋਨਾ ਚਾਂਦੀ ਉਗਲਣ ਵਾਲੀ ਭਾਰਤ ਦੇਸ਼ ਦੀ ਧਰਤੀ’ ਦੇ ਪੁੱਤਰਾਂ ਦੀ ਅਸਲ ਕਹਾਣੀ ਹੈ। ਬਾਕੀ ਸਭ ਕੂੜ ਪ੍ਰਚਾਰ ਹੈ ।
ਹਰਿਆਣਾ ਪ੍ਰਾਂਤ ਦੇ ਇੱਕ ਜਾਟ-ਬਹੁਗਿਣਤੀ ਭਾਗਨਾ ਪਿੰਡ ਦੀ ਖਬਰ ਜ਼ਰੂਰ ਭਾਰਤੀ ਮੀਡੀਏ ਨੇ ਮਿਰਚ-ਮਸਾਲੇ ਲਾ ਕੇ ਛਾਪੀ। ਇਹ ਖਬਰ ਹੈ ਕਿ ਭਾਗਨਾ ਪਿੰਡ ਨਾਲ ਸਬੰਧਿਤ ਸੈਂਕੜਿ²ਆਂ ਦਲਿਤਾਂ ਨੇ, ਜੰਤਰ-ਮੰਤਰ ਦਿੱਲੀ ਵਿੱਚ ਹੋਏ ਇੱਕ ਸਮਾਗਮ ਵਿੱਚ, ਹਿੰਦੂ ਧਰਮ ਛੱਡ ਕੇ, ਇਸਲਾਮ ਧਾਰਨ ਕਰ ਲਿਆ ਹੈ। ਦਲਿਤ, ਐਸਾ ਕਰਨ ‘ਤੇ ਕਿਉਂ ਮਜਬੂਰ ਹੋਏ? ਇਸ ਦਾ ਜਵਾਬ ਸਤੀਸ਼ ਕਾਜਲਾ (ਜਿਸ ਨੇ ਇਸਲਾਮ ਧਰਮ ਗ੍ਰਹਿਣ ਕੀਤਾ ਹੈ, ਇਹ ਸੰਸਕ੍ਰਿਤ ਵਿੱਚ ਐਮ. ਏ. ਹੈ ਅਤੇ ਬੀ. ਐਡ. ਦੀ ਡਿਗਰੀ ਪ੍ਰਾਪਤ ਵੀ ਹੈ) ਨੇ ਮੀਡੀਏ ਨੂੰ ਇਉਂ ਦਿੱਤਾ, ‘ਅਸੀਂ ਕਿਸੇ ਲਾਲਚ ਜਾਂ ਡਰ ਥੱਲੇ ਮੁਸਲਮਾਨ ਨਹੀਂ ਹੋਏ ਬਲਕਿ ਮਰਜ਼ੀ ਨਾਲ ਹੋਏ ਹਾਂ।
ਅਸੀਂ, ਪਿੰਡ ਦੇ ਹਿੰਦੂਆਂ ਦੇ ਜ਼ੁਲਮਾਂ ਦਾ ਲੰਮੇ ਸਮੇਂ ਤੋਂ ਸ਼ਿਕਾਰ ਹੋ ਰਹੇ ਸੀ। ਸਾਡਾ ਲੰਮੇ ਸਮੇਂ ਤੋਂ ਸਮਾਜਿਕ ਬਾਈਕਾਟ ਕੀਤਾ ਜਾ ਰਿਹਾ ਸੀ। ਸਾਡੀ ਤਾਜ਼ਾ ਕਹਾਣੀ ਦੀ ਸ਼ੁਰੂਆਤ 2011 ਵਿੱਚ ਹੋਈ ਜਦੋਂਕਿ ਪਿੰਡ ਦੀ 280 ਏਕੜ ਸ਼ਾਮਲਾਤੀ ਜ਼ਮੀਨ ‘ਤੇ (ਜਿੱਥੇ ਕਿ ਦਲਿਤਾਂ ਵਲੋਂ ਸਮਾਜਿਕ ਸਮਾਗਮ ਕੀਤੇ ਜਾਂਦੇ ਸਨ) ਜਾਟਾਂ ਨੇ ਕਬਜ਼ਾ ਕਰਕੇ, ਇਸ ਨੂੰ ਆਪਸ ਵਿੱਚ ਵੰਡ ਲਿਆ। ਅਸੀਂ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਸਾਡੇ ‘ਤੇ ਖਾਪ ਪੰਚਾਇਤ ਵਲੋਂ ਜ਼ੁਲਮ ਢਾਹਿਆ ਜਾਣ ਲੱਗਾ। ਬੰਦਿਆਂ ਦੀ ਮਾਰਕੁਟਾਈ ਅਤੇ ਜਵਾਨ ਕੁੜੀਆਂ ਦੇ ਬਲਾਤਕਾਰ ਰੋਜ਼ ਦੀ ਕਹਾਣੀ ਬਣ ਗਏ। 2014 ਵਿੱਚ ਸਾਡੇ ‘ਤੇ ਫਾਇਰਿੰਗ ਕਰਕੇ, 137 ਪਰਿਵਾਰਾਂ ਨੂੰ ਪਿੰਡੋਂ ਭੱਜਣ ‘ਤੇ ਮਜ਼ਬੂਰ ਕਰ ਦਿੱਤਾ ਗਿਆ। ਅਸੀਂ ਇਨਸਾਫ ਲਈ ਦਰ-ਦਰ ਭਟਕੇ, ਸਾਡੇ ਨਾਲ ਜ਼ੁਬਾਨੀ-ਕਲਾਮੀਂ ਹਮਦਰਦੀ ਵਿਖਾਈ ਗਈ ਪਰ ਅਸਲ ਵਿੱਚ ਕੁਝ ਨਾ ਕੀਤਾ ਗਿਆ ।
ਅਸੀਂ 16 ਅਪ੍ਰੈਲ, 2014 ਤੋਂ ਜੰਤਰ-ਮੰਤਰ ਦਿੱਲੀ ਵਿਖੇ ਧਰਨੇ ‘ਤੇ ਬੈਠੇ ਹਾਂ। ਇੱਥੇ ਵੀ ਹਿੰਦੂ ਸੰਸਥਾਵਾਂ ਨਾਲ ਮਿਲੀਭੁਗਤ ਰੱਖਣ ਵਾਲੀ ਦਿੱਲੀ ਪੁਲਿਸ ਨੇ ਵਾਰ-ਵਾਰ ਲਾਠੀਚਾਰਜ ਕਰਕੇ ਤੇ ਮਾਰ ਕੁਟਾਈ ਕਰਕੇ ਸਾਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਅਖੀਰ ਹਿੰਦੂ ਧਰਮ ਨੂੰ ਛੱਡਣ ਦਾ ਫੈਸਲਾ ਕੀਤਾ। 8 ਅਗਸਤ ਨੂੰ ਭਾਗਨਾ ਪਿੰਡ ਦੇ 70 ਵਿਅਕਤੀਆਂ ਨੇ ਇਸਲਾਮ ਵਿੱਚ ਪ੍ਰਵੇਸ਼ ਕੀਤਾ। ਉਸੇ ਰਾਤ ਸਾਡੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਨੂੰ ਰੋਸ-ਵਿਖਾਵਾ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਸਾਡੇ ‘ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਅਸੀਂ ‘ਘਰ-ਵਾਪਸੀ’ (ਵਾਪਸ ਹਿੰਦੂ ਬਣਨ) ਕਰੀਏ। ਸਾਡਾ ਇਨ੍ਹਾਂ ਨੂੰ ਜਵਾਬ ਹੈ, ਚਾਰ ਹਿੰਦੂ ਮੱਠਾਂ ‘ਚੋਂ 2 ਦਲਿਤਾਂ ਦੇ ਹਵਾਲੇ ਕਰ ਦਿਓ, ਫਿਰ ਅਸੀਂ ਘਰ ਵਾਪਸੀ ਕਰ ਲਵਾਂਗੇ।’
ਪਾਠਕ ਜਨ! ਉਪਰੋਕਤ ਕਹਾਣੀ ਭਾਰਤੀ ਸਮਾਜ ਦੀ ਹਕੀਕਤ ਨੂੰ ਬਿਆਨ ਕਰਦੀ ਹੈ। ਜ਼ਾਲਮ ਨੂੰ ਵੰਗਾਰਨ ਵਾਲੀ ਸਿੱਖ ਕੌਮ ਅਤੇ ਉਸ ਦੇ ਲੀਡਰ ਕਿੱਥੇ ਸੁੱਤੇ ਪਏ ਹਨ ? ਕੀ ਸਿੱਖਾਂ ਨੇ ਆਪਣੀ ਆਨ-ਅਣਖ ਦਾ ਕਿਤੇ ਭੋਗ ਹੀ ਤਾਂ ਨਹੀਂ ਪਾ ਦਿੱਤਾ ?
ਡਾ.ਅਮਰਜੀਤ ਸਿੰਘ ਵਾਸ਼ਿੰਗਟਨ