ਆਪਣੀ ਧੀ ਦੀ ਇੱਜਤ ਬਚਾਉਂਦਿਆਂ ਜਾਨ ਦੇਣ ਵਾਲੇ ਰਵਿੰਦਰਪਾਲ ਸਿੰਘ ਨੂੰ ਸਮਰਪਿਤ ।
ਨੰਨ੍ਹੀ ਛਾਂ ਦੇ ਨਾਮ ਹੇਠ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੁਣ ਇਹ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਦਾ ਭਰੂਣ ਹੱਤਿਆ ਦੇ ਅਸਲੀ ਕਾਰਨ ਤਾਂ ਉਸ ਦੀ ਪਾਰਟੀ ਦੇ ਆਗੂ ਹੀ ਹਨ ।
ਧੀ ਨਾਲ ਛੇੜਖਾਨੀ ਰੋਕਣ ਵਾਲੇ ਥਾਣੇਦਾਰ ਪਿਤਾ ਦੀ ਅਕਾਲੀ ਆਗੂ ਵੱਲੋਂ ਹੱਤਿਆ ਦੇ ਸਿਰਲੇਖ ਹੇਠ 6 ਦਸੰਬਰ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਮੁੱਖ ਪੰਨੇ ਤੇ ਲੱਗੀ ਇਹ ਦੁਖਦਾਈ ਖਬਰ ਨੂੰ ਜਦੋਂ ਮੈਂ ਪੜ੍ਹ ਰਿਹਾ ਸੀ ਤਾਂ ਉਧਰ ਪੀ.ਟੀ.ਸੀ. ਚੈਨਲ ਤੇ ਨੰਨ੍ਹੀ ਛਾਂ ਦੀ ਮਸ਼ਹੂਰੀ ਚੱਲ ਰਹੀ ਸੀ । ਜਿਸ ਵਿੱਚ ਪਾਇਲਟ, ਡਾਕਟਰ ਤੇ ਵਕੀਲ ਬਣੀਆਂ ਲੜਕੀਆਂ ਦੀਆਂ ਤਸਵੀਰਾਂ ਦੇ ਨਾਲ ਇਹ ਬੋਲ ਵੀ ਸੁਣਾਈ ਦੇ ਰਹੇ ਸਨ ।"..........ਮੈਨੂੰ ਜਨਮ ਲੈਣ ਦਾ ਇੱਕ ਮੌਕਾ ਦਿਉ, ਤੁਹਾਡੇ ਸਿਰ ਦਾ ਤਾਜ ਬਣਾਂਗੀ, ਸਮਝੋ ਨਾ ਮੈਨੂੰ ਕੁਲ ਤੇ ਦਾਗ । ਪੁੱਤਾਂ ਵਾਂਗ ਘਰ ਦਾ ਰੋਸ਼ਨ ਚਿਰਾਗ ਬਣਾਂਗੀ । ਆਓ ਅਸੀਂ ਸਾਰੇ ਰਲ ਮਿਲਕੇ ਆਪਣੀਆਂ ਧੀਆਂ ਨੂੰ ਅੱਗੇ ਵਧਾਈਏ ਉਹ ਸਾਡੇ ਸਮਾਜ ਦੀ ਹੀ ਨਹੀਂ, ਸਾਰੇ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ ।" ਇਸ ਸਮੇਂ ਮੈਂ ਕਦੇ ਇਸ ਮਸ਼ਹੂਰੀ ਵਿੱਚ ਕੁੱਖ ਬਚਾਓ ਦਾ ਹੋਕਾ ਦਿੰਦਿਆਂ ਮੁਸਕਰਾ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਤਸਵੀਰ ਵੱਲ ਵੇਖਦਾ ਸੀ, ਕਦੇ ਥਾਣੇਦਾਰ ਪਿਤਾ ਦੀ ਹੱਤਿਆ ਤੇ ਵਿਰਲਾਪ ਕਰਦੀ ਉਸ ਦੁਖਿਆਰੀ ਲੜਕੀ ਦੀ ਫੋਟੋ ਵੱਲ ਵੇਖਦਾ ਸੀ, ਜਿਸਦੇ ਪਿਤਾ ਨੇ ਆਪਣੀ ਜਵਾਨ ਧੀ ਦੀ ਇੱਜਤ ਨੂੰ ਬਚਾਉਂਦਿਆਂ ਆਪਣੀ ਜਾਨ ਦੇ ਦਿੱਤੀ ਸੀ । ਇਹ ਕੁੱਝ ਵੇਖ ਕੇ ਬਹੁਤ ਦੁੱਖ ਹੋ ਰਿਹਾ ਸੀ । ਇਸ ਦੁੱਖ ਵਿੱਚ ਮਨ ਅੰਦਰੋਂ ਇੱਕ ਹੂਕ ਨਿਕਲ ਰਹੀ ਸੀ ਕਿ ਅਣਜੰਮੀਆਂ ਧੀਆਂ ਨੂੰ ਬਚਾਉਣ ਦੇ ਡਰਾਮੇ ਕਰਨ ਵਾਲਿਓ ਧਰਮ ਅਤੇ ਸਮਾਜ ਦੇ ਠੇਕੇਦਾਰੋ ਤੁਹਾਨੂੰ ਨੌਜਵਾਨ ਧੀਆਂ ਦਾ ਵਿਰਲਾਪ ਕਿਉਂ ਨਹੀਂ ਸੁਣਾਈ ਦਿੰਦਾ ? ਕੀ ਟੀ.ਵੀ. ਤੇ ਮਸ਼ਹੂਰੀ ਦੇਣ ਨਾਲ ਹੀ ਧੀਆਂ ਬੋਝ ਦੀ ਥਾਂ ਸਿਰ ਦਾ ਤਾਜ ਬਣ ਜਾਣਗੀਆਂ ? ਬਿਲਕੁਲ ਵੀ ਨਹੀਂ । ਬੀਬੀ ਹਰਸਿਮਰਤ ਕੌਰ ਬਾਦਲ ਜੀ ਪੰਜਾਬ ਵਿੱਚ ਤੁਹਾਡੀ ਸਰਕਾਰ ਦੂਜੀ ਵਾਰ ਬਣ ਚੁੱਕੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਤੁਹਾਡਾ ਲੰਮੇ ਸਮੇਂ ਤੋਂ ਕਬਜਾ ਹੈ, ਪੰਥ ਰਤਨ ਅਤੇ ਫਖਰ-ਏ-ਕੌਮ ਤੁਸੀਂ ਸਿੱਖਾਂ ਦੇ ਬਣੇ ਹੋਏ ਹੋਂ । ਤੁਹਾਡੀ ਰਹਿਨੁਮਾਈ ਹੇਠ ਪੰਜਾਬ ਅਤੇ ਪੰਜਾਬ ਦੀਆਂ ਧੀਆਂ ਦਾ ਕੀ ਹਾਲ ਹੋ ਰਿਹਾ ਹੈ । ਇਸ ਸਾਰੇ ਕੁੱਝ ਦੇ ਤੁਸੀਂ ਹੀ ਜਿੰਮੇਵਾਰ ਹੋਂ । ਫਰੀਦਕੋਟ ਵਿਖੇ 24 ਸਤੰਬਰ ਨੂੰ ਵਾਪਰੇ ਸ਼ਰੂਤੀ ਅਗਵਾ ਕਾਂਡ ਵਿੱਚ ਦਿਨ ਦਿਹਾੜੇ ਹਥਿਆਰਾਂ ਦੀ ਨੋਕ ਤੇ ਅੱਤਵਾਦੀਆਂ ਵੱਲੋਂ ਅਸ਼ਵਨੀ ਕੁਮਾਰ ਸੱਚਦੇਵਾ ਦੀ ਜਵਾਨ ਲੜਕੀ ਨੂੰ ਉਸਦੇ ਘਰੋਂ ਅਗਵਾ ਕੀਤਾ ਗਿਆ ਸੀ, ਲੜਕੀ ਦੇ ਮਾਪਿਆਂ ਵੱਲੋਂ ਵਿਰੋਧ ਕਰਨ ਤੇ ਉਨ੍ਹਾਂ ਨੂੰ ਕੁੱਟਿਆ ਗਿਆ ਸੀ । ਲੜਕੀ ਦੇ ਮਾਪਿਆਂ ਨੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਹੀਨਿਆਂ ਵੱਧੀ ਸੰਘਰਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਇਆ ਅਤੇ ਆਪਣੀ ਲੜਕੀ ਵਾਪਿਸ ਘਰ ਲਿਆਂਦੀ । ਫਰੀਦਕੋਟ ਜਿਲ੍ਹੇ ਵਿੱਚ ਹੀ ਜੈਤੋਂ ਦੇ ਨੇੜਲੇ ਪਿੰਡ ਖੱਚੜਾਂ ਵਿਖੇ 4 ਦਸੰਬਰ ਨੂੰ ਇੱਕ ਲੜਕੀ ਵਿਆਹ ਵਿੱਚ ਨੱਚਣ ਲਈ ਆਈ ਤਾਂ ਹਥਿਆਰਬੰਦ ਅੱਤਿਵਾਦੀਆਂ ਵੱਲੋਂ ਉਸ ਨਾਲ ਛੇੜ-ਛਾੜ ਕੀਤੀ ਗਈ, ਲੜਕੀ ਵੱਲੋਂ ਵਿਰੋਧ ਕਰਨ ਤੇ ਉਸਨੂੰ ਗੋਲੀ ਮਾਰ ਦਿੱਤੀ ਗਈ । ਘਟਨਾ ਦੇ 15 ਘੰਟਿਆਂ ਬਾਅਦ ਵੀ ਪੁਲਿਸ ਪੀੜਤ ਲੜਕੀ ਦੀ ਸਾਰ ਲੈਣ ਨਹੀਂ ਸੀ ਪਹੁੰਚੀ । ਧੀ ਨਾਲ ਛੇੜਖਾਨੀ ਰੋਕਣ ਵਾਲੇ ਥਾਣੇਦਾਰ ਪਿਤਾ ਦੀ ਅਕਾਲੀ ਆਗੂ ਵੱਲੋਂ ਹੱਤਿਆ । ਅੰਮ੍ਰਿਤਸਰ ਦੇ ਛੇਹਰਟਾ ਥਾਣੇ ਨੇੜੇ ਸਹਾਇਕ ਸਬ-ਇੰਸਪੈਕਟਰ ਰਵਿੰਦਰਪਾਲ ਸਿੰਘ ਦੀ 5 ਦਸੰਬਰ ਨੂੰ ਦਿਨ ਦਿਹਾੜੇ ਬਾਦਲ ਦਲ ਦੇ ਹਥਿਆਰ ਬੰਦ ਅੱਤਵਾਦੀਆਂ ਨੇ ਇਸ ਲਈ ਹੱਤਿਆ ਕਰ ਦਿੱਤੀ ਕਿ ਉਹ ਆਪਣੀ ਧੀ ਨਾਲ ਛੇੜਖਾਨੀ ਕਰਨ ਦਾ ਵਿਰੋਧ ਕਰ ਰਿਹਾ ਸੀ । ਅੱਤਵਾਦੀ ਪਹਿਲਾਂ ਰਵਿੰਦਰਪਾਲ ਸਿੰਘ ਨੂੰ ਜਖਮੀ ਕਰ ਗਏ ਤੇ ਫਿਰ ਦੁਬਾਰਾ ਆ ਕੇ ਉਸਦਾ ਕਤਲ ਕਰ ਗਏ । ਪੁਲਿਸ ਦਾ ਇੱਥੇ ਵੀ ਉਹੀ ਰੋਲ ਰਿਹਾ ਜੋ ਆਮ ਹੁੰਦਾ ਹੈ । ਬਾਦਲ ਦਲ ਦਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ 24 ਨਵੰਬਰ ਨੂੰ ਗੜਦੀਵਾਲਾ ਵਿਖੇ ਨੱਚਣ ਗਾਉਣ ਵਾਲੀਆਂ ਲੜਕੀਆਂ ਨਾਲ ਨੱਚ ਰਿਹਾ ਹੈ । ਬਠਿੰਡਾ ਵਿਖੇ ਤੀਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨ ਸਮੇਂ 1 ਦਸੰਬਰ ਨੂੰ ਪੰਥ ਰਤਨ ਫਖਰ-ਏ-ਕੌਮ, ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਉਪ ਮੁੱਖ ਮੰਤਰੀ ਪੰਜਾਬ ਸੁਖਵੀਰ ਸਿੰਘ ਬਾਦਲ ਅੱਧ ਨੰਗੀਆਂ ਕੁੜੀਆਂ ਦਾ ਨਾਚ ਵੇਖ ਰਹੇ ਹਨ । ਕੀ ਇਹੀ ਅਕਾਲੀ ਪਣ ਹੈ ? ਕਿ ਅੱਧ ਨੰਗੀਆਂ ਕੁੜੀਆਂ ਦੇ ਨਾਚ ਵੇਖਣੇ, ਸਟੇਜਾਂ ਤੇ ਕੁੜੀਆਂ ਦੇ ਨਾਲ ਨੱਚਣਾ, ਕੁੜੀਆਂ ਨੂੰ ਅਗਵਾ ਕਰਨਾ ਜਾਂ ਕੁੜੀਆਂ ਨੂੰ ਰਸਤਿਆਂ ਵਿੱਚ ਘੇਰਨਾ ਆਦਿ । ਕੀ ਇਹੀ ਰਾਜ ਨਹੀਂ ਸੇਵਾ ਹੈ ? ਪੰਜਾਬ ਵਿੱਚ ਅੱਜ ਜਦੋਂ ਥਾਣੇਦਾਰ ਦੀ ਕੁੜੀ ਵੀ ਸੁਰੱਖਿਅਤ ਨਹੀਂ ਹੈ ਤਾਂ ਆਮ ਜਾਂ ਗਰੀਬਾਂ ਦੀਆਂ ਕੁੜੀਆਂ ਨਾਲ ਕੀ ਬਣਦਾ ਹੋਵੇਗਾ, ਇਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਮਾਪਿਆਂ ਦੇ ਸਿਰ ਦਾ ਤਾਜ ਬਣਨ ਵਾਲੀ ਰੌਬਿਨਜੀਤ ਕੌਰ ਦੇ ਪਿਤਾ ਦਾ ਕੀ ਦੋਸ਼ ਸੀ ? ਬੱਸ ਇਹੀ ਦੋਸ਼ ਸੀ ਕਿ ਉਹ ਇੱਕ ਜਵਾਨ ਧੀ ਦਾ ਪਿਤਾ ਸੀ, ਉਸਨੇ ਮਾਦਾ ਭਰੂਣ ਹੱਤਿਆ ਕਰਵਾਉਣ ਦੀ ਥਾਂ ਆਪਣੀ ਪਿਆਰੀ ਬੇਟੀ ਨੂੰ ਪੜ੍ਹਾ ਲਿਖਾ ਕੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚਲਾਈ ਗਈ ਨੰਨ੍ਹੀ ਛਾਂ ਦੀ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਇਆ ਸੀ । ਲੜਕੀ ਰੌਬਿਨਜੀਤ ਕੌਰ ਦੇ ਪਿਤਾ ਦੇ ਕਾਤਲਾਂ ਨੂੰ ਕੀ ਸਜ਼ਾ ਮਿਲੇਗੀ ? ਅਜਿਹੇ ਅੱਤਵਾਦੀਆਂ ਨੂੰ ਆਪਣੇ ਦਲ ਦੇ ਆਗੂ ਥਾਪਣ ਵਾਲਿਆਂ ਨੂੰ ਕੀ ਸਜ਼ਾ ਮਿਲੇਗੀ ? ਅਜਿਹੇ ਗੁੰਡਾ ਅਨਸਰਾਂ ਨੂੰ ਜੇਕਰ ਚੌਂਕ ਵਿੱਚ ਖੜਾ ਕੇ ਗੋਲੀ ਵੀ ਮਾਰ ਦਿੱਤੀ ਜਾਵੇ ਫਿਰ ਵੀ ਸਜ਼ਾ ਘੱਟ ਹੈ । ਕਿਉਂਕਿ ਜੇ ਅਹਿਜਾ ਕਰ ਵੀ ਦਿੱਤਾ ਜਾਵੇ ਫਿਰ ਵੀ ਦੋਸ਼ੀਆਂ ਨੂੰ ਤਾਂ ਕੀਤੇ ਜੁਰਮ ਦੀ ਸਜ਼ਾ ਹੀ ਮਿਲੇਗੀ । ਜੋ ਧੀ ਦਾ ਪਿਤਾ ਹੋਣ ਦੀ ਸਜ਼ਾ ਰਵਿੰਦਰਪਾਲ ਸਿੰਘ ਨੂੰ ਮਿਲੀ, ਜਾਂ ਧੀ ਹੋਣ ਦੇ ਦੋਸ਼ ਵਿੱਚ ਰੌਬਿਨਜੀਤ ਕੌਰ ਨੂੰ ਆਪਣਾ ਪਿਤਾ ਗਵਾਉਣ ਦੀ ਸਜ਼ਾ ਮਿਲ ਚੁੱਕੀ ਹੈ ਇੰਨ੍ਹਾਂ ਨੂੰ ਕਦੇ ਇਨਸਾਫ ਮਿਲ ਹੀ ਨਹੀਂ ਸਕਦਾ । ਕੀ ਲੜਕੀ ਰੌਬਿਨਜੀਤ ਕੌਰ ਨੂੰ ਉਸਦਾ ਪਿਤਾ ਵਾਪਿਸ ਮਿਲ ਜਾਵੇਗਾ ? ਕਦੇ ਵੀ ਨਹੀਂ । ਹਾਂ ਅਜਿਹੇ ਗੁੰਡੇ ਸਾਰੀ ਉਮਰ ਮਿਲਦੇ ਰਹਿਣਗੇ । ਜਦੋਂ ਇਸ ਲੜਕੀ ਦੀ ਪਿਤਾ (ਉਹ ਵੀ ਪੁਲਿਸ ਮੁਲਾਜਮ) ਦੇ ਹੁੰਦੇ ਅਜਿਹੀ ਹਾਲਤ ਸੀ, ਫਿਰ ਹੁਣ ਉਸ ਪਿਤਾ ਤੋਂ ਸੱਖਣੀ ਦਾ ਕੀ ਬਣੇਗਾ । ਅੱਜ ਜਦੋਂ ਸਾਡਾ ਸਮਾਜ/ਪੰਜਾਬ ਇੰਨਾ ਗਰਕ ਗਿਆ ਹੈ ਕਿ ਇੱਕ ਪਿਤਾ ਆਪਣੀ ਧੀ ਦੀ ਇੱਜਤ ਨੂੰ ਹੀ ਨਹੀਂ ਬਚਾ ਸਕਦਾ ਫਿਰ ਹਰਸਿਮਰਤ ਕੌਰ ਬਾਦਲ ਨੂੰ ਕੀ ਹੱਕ ਹੈ ਕਿ ਉਹ ਕਿਸੇ ਦੀ ਨਿੱਕੀ ਜਿਹੀ ਕੁੜੀ ਨੂੰ ਚੁੱਕ ਕੇ ਮਾਦਾ ਭਰੂਣ ਹੱਤਿਆ ਨੂੰ ਰੋਕਣ ਅਤੇ ਧੀਆਂ ਨੂੰ ਪੈਦਾ ਕਰਨ ਦੇ ਸਿਆਸੀ ਸਟੰਟ ਰਾਹੀਂ ਕੁੱਖ (ਲੜਕੀਆਂ) ਬਚਾਉਣ ਦਾ ਹੋਕਾ ਦਿੰਦੀ ਫਿਰੇ । ਨੰਨ੍ਹੀ ਛਾਂ ਦੇ ਨਾਮ ਹੇਠ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੁਣ ਇਹ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਦਾ ਭਰੂਣ ਹੱਤਿਆ ਦੇ ਅਸਲੀ ਕਾਰਨ ਤਾਂ ਉਸ ਦੀ ਪਾਰਟੀ ਦੇ ਆਗੂ ਹੀ ਹਨ । ਬੀਬੀ ਹਰਸਿਮਰਤ ਕੌਰ ਬਾਦਲ ਵੀ ਇੱਕ ਧੀ ਹੀ ਹੈ । ਜੇਕਰ ਇਸਦੇ ਅੰਦਰ ਧੀਆਂ ਪ੍ਰਤੀ ਸੱਚਮੁੱਚ ਹੀ ਦਰਦ ਹੈ ਤਾਂ ਇਸਨੂੰ ਮਾਦਾ ਭਰੂਣ ਹੱਤਿਆ ਦੇ ਵਿਰੁੱਧ ਹੋਕਾ ਦੇਣ ਸਮੇਂ (ਆਪਣੇ ਸਹੁਰਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਸਿਆਸੀ ਆਗੂਆਂ ਵੱਲੋਂ ਪੰਜਾਬ ਵਿੱਚ ਵਗਾਏ ਜਾ ਰਹੇ ਨਸ਼ਿਆਂ ਦੇ ਤੇ ਲੱਚਰਤਾ ਦੇ ਦਰਿਆ ਵਿੱਚ ਟੁਬੀ ਲਾ ਕੇ ਸੁੱਤੀ ਹੋਈ ਪੰਜਾਬ ਦੀ ਅਣਖ ਨੂੰ ਜਗਾਉਣ ਲਈ) ਪਾਇਲਟ, ਡਾਕਟਰ ਤੇ ਵਕੀਲ ਬਣੀਆਂ ਲੜਕੀਆਂ ਦੀਆਂ ਤਸਵੀਰਾਂ ਦੀ ਥਾਂ, ਆਪਣੀ ਧੀ ਦੀ ਇੱਜਤ ਬਚਾਉਂਦੇ ਹੋਏ ਆਪਣੀ ਜਾਨ ਦੇਣ ਵਾਲੇ ਰਵਿੰਦਰਪਾਲ ਸਿੰਘ ਦੀ ਅਤੇ ਵਿਰਲਾਪ ਕਰਦੀ ਉਸਦੀ ਧੀ ਰੌਬਿਨਜੀਤ ਕੌਰ ਦੀਆਂ ਫੋਟੋਆਂ ਵਿਖਾਉਣੀਆਂ ਚਾਹੀਦੀਆਂ ਹਨ ਅਤੇ ਨਾਲ ਇਹ ਕਹਿਣਾ ਚਾਹੀਦਾ ਹੈ ਕਿ ਸਰਕਾਰਾਂ ਤੇ ਧਰਮਾਂ ਦੇ ਠੇਕੇਦਾਰਾਂ ਵੱਲੋਂ ਬੇਗੈਰਤ ਬਣਾਏ ਗਏ ਪੰਜਾਬੀਓ, ਤੁਸੀਂ ਸਿਰਫ ਮਾਦਾ ਭਰੂਣ ਹੱਤਿਆ ਰੋਕਣ ਅਤੇ ਕੁੜੀਆਂ ਨੂੰ ਪੜ੍ਹਾਉਣ ਲਿਖਾਉਣ ਨਾਲ ਹੀ ਬਰਾਬਰਤਾ ਨਹੀਂ ਦਿਵਾ ਸਕਦੇ, ਉੱਚੀ ਵਿੱਦਿਆ, ਪ੍ਰਾਪਤ ਕਰਕੇ ਵੀ ਤੁਹਾਡੀਆਂ ਧੀਆਂ ਤੁਹਾਡੇ ਸਿਰ ਦਾ ਤਾਜ ਨਹੀਂ ਬਣ ਸਕਣਗੀਆਂ । ਜੇ ਤੁਸੀਂ ਲੜਕੀ ਪੈਦਾ ਕਰ ਰਹੇ ਹੋਂ ਤਾਂ ਤੁਹਾਨੂੰ ਰੌਬਿਨਜੀਤ ਕੌਰ ਦੇ ਪਿਤਾ ਰਵਿੰਦਰਪਾਲ ਸਿੰਘ ਵਾਂਗ ਆਪਣੀ ਧੀ ਦੀ ਇੱਜਤ ਬਚਾਉਣ ਲਈ ਕਤਲ ਵੀ ਹੋਣਾ ਪੈ ਸਕਦਾ ਹੈ । ਇਸ ਲਈ ਭਾਰਤ/ਪੰਜਾਬ ਵਿੱਚ ਧੀ ਨੂੰ ਜਨਮ ਦੇਣ ਤੋਂ ਪਹਿਲਾਂ ਸੌ ਵਾਰ ਸੋਚੋ । ਹਾਂ ਜੇ ਤੁਸੀਂ ਸੱਚਮੁੱਚ ਹੀ ਮਾਦਾ ਭਰੂਣ ਹੱਤਿਆ ਦੇ ਵਿਰੋਧੀ ਹੋਂ ਅਤੇ ਧੀਆਂ ਦੇ ਹਮਦਰਦੀ ਹੋ ਤਾਂ ਤੁਹਾਨੂੰ ਤੁਹਾਡੀਆਂ ਧੀਆਂ ਦੇ ਸ਼ਿਕਾਰੀਆਂ/ਅੱਤਵਾਦੀਆਂ ਦੇ ਟੋਲਿਆਂ ਨੂੰ ਪੈਦਾ ਤੇ ਉਤਸ਼ਾਹਿਤ ਕਰਨ ਵਾਲੀਆਂ ਅੱਤਵਾਦੀਆਂ ਦੀਆਂ ਮਾਵਾਂ ਅਕਾਲੀ ਦਲ ਬਾਦਲ ਅਤੇ ਅਜਿਹੀਆਂ ਹੋਰ ਸਿਆਸੀ ਪਾਰਟੀਆਂ ਦੀਆਂ ਨੀਤੀਆਂ/ਬਦਨੀਤੀਆਂ ਨੂੰ ਸਮਝਣਾ ਪਵੇਗਾ ਕਿਉਂਕਿ ਪੰਜਾਬੀ ਨੌਜਵਾਨਾਂ ਨੂੰ ਭਾਂਤ-ਭਾਂਤ ਦੇ ਨਸ਼ੇ ਤੇ ਹਥਿਆਰ ਮੁਹੱਈਆ ਕਰਵਾ ਕੇ ਅੱਤਵਾਦ (ਗੁੰਡਾਗਰਦੀ) ਲਈ ਵੀ ਇਹੀ ਸਿਆਸੀ ਪਾਰਟੀਆਂ ਹੀ ਪ੍ਰੇਰਦੀਆਂ ਹਨ । ਸਿਆਸੀ ਸ਼ਹਿ ਪ੍ਰਾਪਤ ਇਹਨਾਂ ਅੱਤਵਾਦੀਆਂ ਨੂੰ ਪੁਲਿਸ ਵੀ ਨਹੀਂ ਫੜ ਸਕਦੀ ਕਿਉਂਕਿ ਪੁਲਿਸ ਦੀ ਨਕੇਲ ਵੀ ਇਹਨਾਂ ਸਿਆਸੀਆਂ ਖਾਸ ਕਰਕੇ ਹੁਕਮਰਾਨ ਪਾਰਟੀਆਂ ਦੇ ਹੱਥ ਵਿੱਚ ਹੀ ਹੁੰਦੀ ਹੈ । ਆਓ ਅਸੀਂ ਸਾਰੇ ਰਲ ਮਿਲਕੇ ਆਪਣੀਆਂ ਧੀਆਂ ਨੂੰ ਬਚਾਉਣ ਲਈ ਅੱਗੇ ਵਧੀਏ, ਆਪਣੀਆਂ ਧੀਆਂ ਦੇ ਸ਼ਿਕਾਰੀਆਂ, ਅੱਤਵਾਦੀਆਂ ਨੂੰ ਪੈਦਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀਆਂ ਜੜ੍ਹਾਂ ਪੰਜਾਬ ਦੀ ਪਵਿੱਤਰ ਧਰਤੀ ਤੋਂ ਪੁੱਟੀਏ ਫਿਰ ਹੀ ਸਾਡੀਆਂ ਧੀਆਂ ਸਾਡੇ ਸਿਰ ਦਾ ਤਾਜ ਬਣਨਗੀਆਂ ॥ ਹਰੇਕ ਸਿਆਸੀ ਪਾਰਟੀ ਨੇ ਆਪਣੇ ਵਿਰੋਧੀਆਂ ਨੂੰ ਦਵਾਉਣ ਲਈ ਅਤੇ ਆਪਣੀ ਦਹਿਸ਼ਤ ਪੈਦਾ ਕਰਨ ਲਈ ਅੱਤਵਾਦੀ ਪਾਲੇ ਹੋਏ ਹੁੰਦੇ ਹਨ, ਇਹ ਅੱਤਵਾਦੀ ਵੱਡੇ-ਵੱਡੇ ਮੰਤਰੀਆਂ, ਮੁੱਖ ਮੰਤਰੀਆਂ ਦੀ ਬੁੱਕਲ ਦਾ ਨਿੱਘ ਮਾਣਦੇ ਹੁੰਦੇ ਹਨ ।98 ਪ੍ਰਤੀਸ਼ਤ ਅਪਰਾਧ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿਆਸੀ ਜਾਂ ਪੁਲਿਸ ਦੀ ਸ਼ਹਿ ਤੇ ਹੀ ਹੁੰਦੇ ਹਨ । ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਅਪਰਾਧੀਆਂ, ਧੀਆਂ ਦੇ ਕਾਤਲਾਂ, ਬਲਾਤਕਾਰੀਆਂ, ਲੁਟੇਰਿਆਂ, ਭ੍ਰਿਸ਼ਟਾਚਾਰੀਆਂ, ਨਸ਼ਿਆਂ ਦੇ ਸੁਦਾਗਰਾਂ ਆਦਿ ਅਸਲੀ ਅੱਤਵਾਦੀਆਂ ਨੂੰ ਕੋਈ ਅੱਤਵਾਦੀ ਨਹੀਂ ਕਹਿੰਦਾ, ਨਾ ਹੀ ਅਜਿਹੇ ਅੱਤਵਾਦੀ ਪੈਦਾ ਕਰਨ ਵਾਲੀ ਸਿਆਸੀ ਪਾਰਟੀ ਨੂੰ ਕੋਈ ਅੱਤਵਾਦੀਆਂ ਦੀ ਪਾਰਟੀ ਕਹਿੰਦਾ ਹੈ, ਅਜਿਹੇ ਅੱਤਵਾਦੀਆਂ ਦੀ ਸੇਵਾਦਾਰ ਪੁਲਿਸ ਨੂੰ ਤਾਂ ਅੱਤਵਾਦੀ ਕਹਿ ਹੀ ਕੌਣ ਸਕਦਾ ਹੈ ਕਿਉਂਕਿ ਇੰਨ੍ਹਾਂ ਕੋਲ ਇੱਕ ਤਾਂ ਅਖੌਤੀ ਕਾਨੂੰਨ ਦੀ ਡਾਂਗ ਹੁੰਦੀ ਹੈ ਦੂਜਾ ਇਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹੁੰਦੇ ਹਨ, ਇੰਨ੍ਹਾਂ ਬੇਚਾਰਿਆਂ ਦੀ ਕੀ ਹਸਤੀ ਹੈ ਕਿ ਇਹ ਆਪਣੇ ਕਾਨੂੰਨ ਦੇ ਮੁਤਾਬਿਕ ਕਿਸੇ ਦੋਸ਼ੀ ਤੇ ਬਣਦੀ ਕਾਰਵਾਈ ਕਰ ਸਕਣ । ਹਾਂ ਧੀਆਂ ਦੀਆਂ ਇੱਜਤਾਂ ਦੇ ਰਾਖਿਆਂ, ਗੁੰਡਾ ਗਰਦੀ ਦੇ ਵਿਰੋਧੀਆਂ, ਬੇਇਨਸਾਫੀਆਂ ਦੇ ਪੀੜਤਾਂ ਅਤੇ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਜੁਝਾਰੂਆਂ ਜਗਤਾਰ ਸਿੰਘ ਹਵਾਰੇ ਵਰਗਿਆਂ ਨੂੰ, ਪੰਜਾਬ ਦਾ ਮੁੱਖ ਮੰਤਰੀ, ਪੰਥ ਰਤਨ, ਫਖਰ-ਏ-ਕੌਮ ਪ੍ਰਕਾਸ਼ ਸਿੰਘ ਬਾਦਲ (ਜੋ ਅਸਲ ਵਿੱਚ ਖੁਦ ਅੱਤਵਾਦੀ ਹੈ) ਵੀ ਅੱਤਵਾਦੀ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦਾ ਹੈ । ਜਦਕਿ ਹਵਾਰੇ ਵਰਗੇ ਜੁਝਾਰੂ ਵੀਰ ਦੇਸ਼ ਭਗਤ ਹਨ ਅਤੇ ਬਾਦਲ ਵਰਗੇ ਜਿੱਥੇ ਖੁਦ ਅੱਤਵਾਦੀ ਹਨ, ਉੱਥੇ ਅੱਤਿਵਾਦੀਆਂ ਦੇ ਜਨਮ ਦਾਤੇ ਵੀ ਹਨ । ਆਪਣੇ ਵੱਲੋਂ ਤਿਆਰ ਕੀਤੇ ਲੁਟੇਰਿਆ, ਚੋਰਾਂ, ਡਾਕੂਆਂ, ਅਗਵਾਕਾਰਾਂ, ਬਲਾਤਕਾਰੀਆਂ, ਕਾਤਲਾਂ, ਭ੍ਰਿਸ਼ਟਾਚਾਰੀਆਂ, ਨਸ਼ਿਆਂ ਦੇ ਸੁਦਾਗਰਾਂ, ਲੱਚਰਤਾ ਦੇ ਵਣਜਾਰਿਆਂ ਨੂੰ ਪਹਿਲਾਂ ਤਾਂ ਹਰ ਤਰ੍ਹਾਂ ਦੀ ਸੁਰੱਖਿਆਂ ਤੇ ਸੁੱਖ ਇਹਨਾਂ ਰਾਜਨੀਤਿਕ ਆਗੂਆਂ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ । ਪਰ ਜੇ ਕਿਤੇ ਕਿਸੇ ਅਪਰਾਧੀ ਦੇ ਵਿਰੁੱਧ ਲੋਕਾਂ ਦਾ ਰੋਹ ਜਿਆਦਾ ਹੀ ਭੜਕ ਉੱਠੇ ਤਾਂ ਉਸਨੂੰ ਸ਼ਾਂਤ ਕਰਨ ਲਈ, ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਅਤੇ ਆਪਣੀ ਅਪਰਾਧੀਆਂ ਦੀ ਮਾਂ ਪਾਰਟੀ ਨੂੰ ਸਾਫ-ਸੁਥਰੀ ਸਿੱਧ ਕਰਨ ਲਈ ਉਸ ਆਪਣੇ ਪਾਲਤੂ ਅਪਰਾਧੀ ਨੂੰ ਪਾਰਟੀ ਵਿੱਚੋਂ ਕੱਢ ਕੇ ਆਪਣੇ ਆਪ ਨੂੰ ਲੋਕ ਪੱਖੀ ਹੋਣ ਦਾ ਨਾਟਕ ਕਰ ਜਾਂਦੇ ਹਨ । ਅਸੀਂ ਲੋਕ/ਪੀੜਤ ਲੋਕ ਇਹਨਾਂ ਦੀਆਂ ਗੰਦੀਆਂ ਚਾਲਾਂ ਨੂੰ ਨਾ ਸਮਝਦੇ ਹੋਏ ਸਭ ਕੁੱਝ ਗਵਾ ਕੇ ਵੀ ਜਿੱਤ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੰਦੇ ਹਾਂ । ਅਸਲ ਵਿੱਚ ਇੱਥੇ ਵੀ ਸਾਡੀ ਹਾਰ ਹੁੰਦੀ ਹੈ ਅਤੇ ਜਿੱਤ ਰਾਜਨੀਤਿਕ ਆਗੂਆਂ ਦੀ ਹੀ ਹੋਈ ਹੁੰਦੀ ਹੈ । ਕਿਉਂਕਿ ਇਹ ਰਾਜਨੀਤਿਕ ਆਗੂ ਸਾਡੇ ਗੁੰਮਰਾਹ ਹੋਏ ਨੌਜਵਾਨਾਂ ਨੂੰ ਅਪਰਾਧੀ ਬਣਾ ਕੇ ਸਾਡੇ ਸਮਾਜ ਦਾ ਨੁਕਸਾਨ ਕਰਵਾ ਕੇ, ਉਸ ਅਪਰਾਧੀ ਨੌਜਵਾਨ ਨੂੰ ਸਿਰਫ ਪਾਰਟੀ ਵਿੱਚੋਂ ਕੱਢ ਕੇ ਹੀ ਆਪ ਦੁੱਧ ਧੋਤੇ ਬਣ ਜਾਂਦੇ ਹਨ । ਤੇ ਫਿਰ ਮਾਸੂਮ ਜਿਹਾ ਚਿਹਰਾ ਬਣਾ ਕੇ ਬਿਆਨ ਦੇ ਦਿੰਦੇ ਹਨ ਕਿ ਇਸ ਅਪਰਾਧ/ਘਟਨਾ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ, ਕਮਾਲ ਦੀ ਗੱਲ ਹੈ ਕਿ ਇੱਕ ਸਿਆਸੀ ਪਾਰਟੀ ਦੇ ਆਗੂ ਵੱਲੋਂ ਕੀਤੇ ਗਏ ਅਪਰਾਧ ਦੀ ਖੁਦ ਜਿੰਮੇਵਾਰੀ ਲੈਣ ਦੀ ਵਜਾਇ ਇਹ ਉਸਨੂੰ ਸਿਆਸੀ ਅਪਰਾਧ ਵੀ ਨਹੀਂ ਕਹਿਣ ਦਿੰਦੇ । ਸ਼ਾਇਦ ਕੋਈ ਵੀਰ ਕਹੇਗਾ ਕਿ ਗੱਲ ਕਿੱਧਰ ਨੂੰ ਲੈ ਗਿਆ ਹੈ, ਨਹੀਂ ਵੀਰ ਜੀ ਗੱਲ ਕਿਸੇ ਪਾਸੇ ਨਹੀਂ ਗਈ ਗੱਲ ਤਾਂ ਧੀਆਂ ਦੇ ਰਾਖਿਆਂ ਜੁਝਾਰੂਆਂ ਦੀ ਅਤੇ ਧੀਆਂ ਦੇ ਸ਼ਿਕਾਰੀਆਂ/ਅੱਤਵਾਦੀਆਂ ਦੀ ਹੀ ਹੋ ਰਹੀ ਹੈ, ਤੁਹਾਨੂੰ ਗੱਲ ਹੋਰ ਪਾਸੇ ਗਈ ਸ਼ਾਇਦ ਇਸ ਕਰਕੇ ਲੱਗ ਰਹੀ ਹੋਵੇਗੀ ਕਿਉਂਕਿ ਚੋਰ ਮਚਾਵੇ ਸ਼ੋਰ ਦੀ ਕਹਾਵਤ ਅਨੁਸਾਰ ਇੰਨ੍ਹਾਂ ਚੋਰਾਂ ਸਿਆਸੀ ਅੱਤਵਾਦੀਆਂ ਨੇ ਸ਼ੋਰ ਮਚਾਕੇ ਆਪਣੇ ਆਪ ਨੂੰ ਦੇਸ਼ ਭਗਤ ਅਤੇ ਦੇਸ਼ ਦੇ ਹੱਕਾਂ ਲਈ ਜੂਝਣ ਵਾਲੇ ਜੁਝਾਰੂਆਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਹੋਇਆ ਹੈ । ਤੁਹਾਡੇ ਸਾਹਮਣੇ ਹੈ ਕਿ ਹੁਣ ਤਾਂ ਪੰਜਾਬ ਵਿੱਚ ਜੁਝਾਰੂ ਸਿੰਘਾਂ ਦੀ ਕੋਈ ਸਰਗਰਮੀ ਨਹੀਂ ਹੈ, ਜਿੰਨ੍ਹਾਂ ਨੂੰ ਇਨਾ ਨੇ ਅੱਤਵਾਦੀ ਪ੍ਰਚਾਰਿਆ ਹੋਇਆ ਸੀ ਫਿਰ ਹੁਣ ਤਾਂ ਪੰਜਾਬ ਵਿੱਚ ਸ਼ਾਂਤੀ ਹੋਣੀ ਚਾਹੀਦੀ ਸੀ ? ਨਹੀਂ । ਪੰਜਾਬ ਤਾਂ ਹੁਣ ਉਸ (ਜੁਝਾਰੂਆਂ ਦੇ) ਸਮੇਂ ਨਾਲੋਂ ਵੀ ਵੱਧ ਅਸ਼ਾਂਤ ਹੈ । ਅੱਜ ਪੰਜਾਬ ਵਿੱਚ ਅੱਤਵਾਦ ਪੂਰੀ ਸਿਖਰ ਤੇ ਹੈ । ਫਿਰ ਹੁਣ ਪੰਜਾਬ ਨੂੰ ਅਸ਼ਾਂਤ ਕਰਨ ਵਾਲੇ ਕੌਣ ਹਨ ? ਅੱਜ ਦਿਨ ਦਿਹਾੜੇ ਪੰਜਾਬ ਵਿੱਚ ਲੁੱਟਾਂ, ਖੋਹਾਂ, ਚੋਰੀਆਂ, ਡਾਕੇ, ਧੀਆਂ ਅਗਵਾ, ਬਲਾਤਕਾਰ, ਕਤਲ, ਭ੍ਰਿਸ਼ਟਾਚਾਰ, ਭਾਂਤ-ਭਾਂਤ ਦੇ ਨਸ਼ਿਆਂ ਦੀ ਬਹੁਤਾਤ, ਲੱਚਰਤਾ ਆਦਿ ਇਹ ਸਭ ਕੌਣ ਕਰਵਾ ਰਿਹਾ ਹੈ ? ਪੰਜਾਬ ਸਰਕਾਰ ! ਜੇ ਨਹੀਂ ਤਾਂ ਫਿਰ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੇਅੰਤ ਸਿੰਘ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਬੈਠਾ ਹੈ, ਪੰਜਾਬ ਪੁਲਿਸ ਦਾ ਮੁਖੀ ਉਹੀ ਸੁਮੇਧ ਸਿੰਘ ਸੈਣੀ ਹੈ ਫਿਰ ਹੁਣ ਉਸ ਸਮੇਂ ਦੇ ਜੁਝਾਰੂਆਂ ਵਾਂਗ ਅੱਜ ਦੇ ਲੁਟੇਰਿਆਂ, ਚੋਰਾਂ, ਡਾਕੂਆਂ, ਅਗਵਾਕਾਰਾਂ, ਬਲਾਤਕਾਰੀਆਂ, ਕਾਤਲਾਂ, ਭ੍ਰਿਸ਼ਟਾਚਾਰੀਆਂ, ਨਸ਼ਿਆਂ ਦੇ ਸੁਦਾਗਰਾਂ, ਲੱਚਰਤਾ ਦੇ ਵਣਜਾਰਿਆਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਕਿਉਂ ਨਹੀਂ ਮਾਰਿਆ ਜਾਂਦਾ ? ਕਿਉਂ ਨਹੀਂ ਇੰਨ੍ਹਾਂ ਨੂੰ ਬਿਨ੍ਹਾਂ ਕੇਸ ਚਲਾਏ ਜੇਲ੍ਹਾਂ ਵਿੱਚ ਡੱਕਿਆ ਜਾਂਦਾ ? ਨਹੀਂ, ਕਿਉਂਕਿ ਇਹ ਸਾਰਾ ਸਰਕਾਰੀ ਅੱਤਵਾਦ ਹੈ । ਝੂਠੇ ਪੁਲਿਸ ਮੁਕਾਬਲੇ ਸਿਰਫ ਉਨ੍ਹਾਂ ਦੇ ਹੀ ਬਣਦੇ ਹਨ ਜੋ ਰਾਜਨੀਤਿਕ ਪਾਰਟੀਆਂ ਬਣਾਈ ਬੈਠੇ ਅੱਤਵਾਦੀਆਂ ਲਈ ਖਤਰਾ ਹੋਣ । ਸਰਕਾਰੀ ਅੱਤਵਾਦੀਆਂ ਵੱਲੋਂ ਜਿੰਨ੍ਹਾਂ ਨੂੰ ਅੱਤਵਾਦੀ ਪ੍ਰਚਾਰਿਆ ਜਾਂਦਾ ਰਿਹਾ ਹੈ ਉਹ ਤਾਂ ਆਪਣੇ ਹੱਕਾਂ ਲਈ ਲੜਨ ਵਾਲੇ ਜੁਝਾਰੂ ਦੇਸ਼ ਭਗਤ ਸਨ ਜੋ ਮੁੱਢ ਤੋਂ ਹੀ ਧੀਆਂ ਤੇ ਮਜਲੂਮਾਂ ਦੀ ਰਾਖੀ ਲਈ ਜਰਵਾਣਿਆ ਸਰਕਾਰੀ ਅੱਤਵਾਦੀਆਂ ਨਾਲ ਟੱਕਰ ਲੈ ਕੇ ਜਾਨਾਂ ਕੁਰਬਾਨ ਕਰਦੇ ਰਹੇ ਹਨ । ਪਰ ਜੋ ਸਰਕਾਰਾਂ ਦੇ ਬਣਾਏ ਹੋਏ ਅਤਵਾਦੀ ਹਨ ਉਨ੍ਹਾਂ ਨੂੰ ਬਾਦਲ ਦਲ ਦੇ ਜਿਲ੍ਹਾ ਆਗੂ ਕਿਹਾ ਜਾਂਦਾ ਹੈ । ਰੌਬਿਨਜੀਤ ਕੌਰ ਦੇ ਪਿਤਾ ਰਵਿੰਦਰਪਾਲ ਸਿੰਘ ਦੇ ਕਾਤਲਾਂ ਦੀ ਮਿਸਾਲ ਤੁਹਾਡੇ ਸਾਹਮਣੇ ਹੈ । ਇਹਨਾਂ ਅੱਤਵਾਦੀਆਂ ਵੱਲੋਂ ਦਿਨ ਦਿਹਾੜੇ ਸ਼ਰੇਆਮ ਕੀਤੇ ਗਏ ਕਤਲ ਦੇ ਬਾਵਜੂਦ ਵੀ ਕਾਨੂੰਨੀ ਸਹਾਇਤਾ ਮਿਲੇਗੀ, ਸਜਾ ਕਈ ਸਾਲਾਂ ਤੋਂ ਬਾਅਦ ਵੀ ਹੋਵੇ ਜਾਂ ਨਾ ਹੋਵੇ ਉਹ ਅਗਲੀ ਗੱਲ ਹੈ ਕਿਉਂਕਿ ਇਸ ਦੇਸ਼/ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ । ਇੱਥੇ ਧੀਆਂ ਭੈਣਾਂ ਦੇ ਰਾਖਿਆਂ, ਬੇਇਨਸਾਫੀਆਂ ਦੇ ਪੀੜਤਾਂ ਅਤੇ ਆਪਣੇ ਹੱਕ ਮੰਗਣ ਵਾਲਿਆਂ ਨੂੰ ਤਾਂ ਸ਼ਰੇਆਮ ਗੋਲੀਆਂ ਨਾਲ ਉਡਾ ਦਿੱਤਾ ਜਾਂਦਾ ਸੀ, ਉਨ੍ਹਾਂ ਨੂੰ ਰੋਟੀ ਪਾਣੀ ਦੇਣ ਵਾਲਿਆਂ (ਬੇਸ਼ੱਕ ਰੋਟੀ ਪਾਣੀ ਡਰਦਿਆਂ ਨੇ ਹੀ ਦਿੱਤਾ ਹੋਵੇ) ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਜਾਂ ਅੱਤਵਾਦੀਆਂ (ਜੁਝਾਰੂਆਂ) ਨੂੰ ਪਨਾਹ ਦੇਣ ਦੇ ਕੇਸ ਵਿੱਚ ਅੰਨ੍ਹਾ ਤਸ਼ੱਦਦ ਕਰਕੇ ਮੌਤ ਨਾਲੋਂ ਵੀ ਭੈੜੀ ਜਿੰਦਗੀ ਜਿਉਣ ਲਈ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਸੀ । ਪਰ ਹੁਣ ਬਾਦਲ ਦਲ ਦੇ ਆਗੂ ਅਸਲੀ ਅੱਤਵਾਦੀ ਰਣਜੀਤ ਸਿੰਘ ਰਾਣਾ ਨੂੰ ਪੁਲਿਸ ਨੇ ਗੋਲੀ ਕਿਉਂ ਨਹੀਂ ਮਾਰੀ, ਜਦਕਿ ਉਸਨੇ ਪੁਲਿਸ ਨਾਲ ਮੁਕਾਬਲਾ ਵੀ ਕੀਤਾ ਸੀ । ਪੁਲਿਸ ਤਾਂ ਇਸਨੂੰ ਮੌਕੇ ਤੇ ਫੜਨ ਵੀ ਨਹੀਂ ਗਈ ਸੀ । ਇਸਨੂੰ ਪਨਾਹ ਦੇਣ ਦੇ ਕੇਸ ਵਿੱਚ ਬਾਦਲ ਦਲ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ? ਲੱਚਰ ਗੀਤਾਂ ਦੇ ਲੇਖਕਾਂ ਤੇ ਕਲਾਕਾਰਾਂ ਜੋ ਅਜੋਕੇ ਅੱਤਵਾਦ ਨੂੰ ਹਵਾ ਦਿੰਦੇ :- "ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ" ਜਿਹੇ ਗੀਤਾਂ ਰਾਹੀਂ ਕਿਸੇ ਦੀ ਧੀ ਦੀ ਬਾਂਹ ਫੜ ਲੈਣ ਨੂੰ ਵੀ ਕੁੱਝ ਨਹੀਂ ਹੋਇਆ ਪ੍ਰਚਾਰਦੇ ਹਨ ਅਤੇ ਕਿਸੇ ਦੀਆਂ ਧੀਆਂ ਦੀਆਂ ਬਾਹਾਂ ਫੜਨ ਲਈ ਅੱਤਵਾਦੀਆਂ ਨੂੰ ਹੱਲਾ ਸ਼ੇਰੀ ਦਿੰਦੇ ਹਨ । ਅਜਿਹੇ ਕਲਾਕਾਰਾਂ ਤੇ ਲੱਚਰਤਾ ਦੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਕੇਸ ਦਰਜ ਕਿਉਂ ਨਹੀਂ ਹੁੰਦੇ ? ਨਸ਼ਿਆਂ ਦੇ ਸੁਦਾਗਰਾਂ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ । ਇੰਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਿਉਂ ਨਹੀਂ ਮਾਰਿਆ ਜਾਂਦਾ ? ਕਿਉਂਕਿ ਇਹਨਾਂ ਸਾਰਿਆਂ ਦਾ ਆਗੂ ਸਮੇਂ ਦਾ ਮੁੱਖ ਮੰਤਰੀ ਹੁੰਦਾ ਹੈ । ਇਸ ਲਈ ਇਹ ਅੱਤਵਾਦੀ, ਜਿਵੇਂ ਮਰਜੀ ਲੁੱਟਾਂ, ਖੋਹਾਂ, ਚੋਰੀਆਂ, ਧੀਆਂ ਅਗਵਾ, ਬਲਾਤਕਾਰ, ਭਾਂਤ-ਭਾਂਤ ਦੇ ਨਸ਼ਿਆਂ ਦਾ ਵਪਾਰ, ਲੱਚਰਤਾ, ਭ੍ਰਿਸ਼ਟਾਚਾਰ, ਕਤਲ ਆਦਿ ਕਰਨ ਇੰਨ੍ਹਾਂ ਨੂੰ ਕੋਈ ਨਹੀਂ ਟੋਕੇਗਾ । ਇਸ ਲਈ ਪੰਜਾਬ ਵਾਸੀਆਂ ਨੂੰ ਪੰਜਾਬ ਦੀਆਂ ਮਾਵਾਂ ਨੂੰ ਸੋਚਣਾ ਪਵੇਗਾ ਕਿ ਤੁਹਾਡੇ ਹੀ ਪੁੱਤਾਂ ਨੂੰ ਤੁਹਾਡੀ ਹੀ ਧੀਆਂ ਦੇ ਸ਼ਿਕਾਰੀ/ਬਲਾਤਕਾਰੀ ਬਣਾਉਣ ਵਾਲੇ ਕੌਣ ਲੋਕ ਹਨ ? ਕੌਣ ਹਨ ਉਹ ਜਿੰਨ੍ਹਾਂ ਸਿੱਖ ਜੁਝਾਰੂਆਂ ਦੇ ਸਮੇਂ ਵਿੱਚ ਸਾਡੇ ਨੌਜਵਾਨਾਂ ਦਾ ਕਤਲੇਆਮ ਕਰਕੇ ਮਾਵਾਂ ਦੇ ਪੁੱਤਾਂ, ਭੈਣਾਂ ਦੇ ਵੀਰਾਂ, ਪਤਨੀਆਂ ਦੇ ਸੁਹਾਗਾਂ ਨੂੰ ਮਿੱਟੀ ਵਿੱਚ ਮਿਲਾਇਆ ਸੀ ? ਕੌਣ ਹਨ ਉਹ ਜੋ ਖਾੜਕੂਵਾਦ ਦੇ ਸਮੇਂ ਨਾਲੋਂ ਵੀ ਵੱਡੀ ਪੱਧਰ ਤੇ ਮਾਰੂ ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਅੱਜ ਫਿਰ ਖਤਮ ਕਰ ਰਹੇ ਹਨ। ਕੌਣ ਹਨ ਸਾਡੇ ਨੌਜਵਾਨ ਬੱਚਿਆਂ ਨੂੰ ਨਸ਼ੇੜੀ ਬਣਾਉਣ ਵਾਲੇ ? ਕਿੱਥੋਂ ਆਉਂਦੇ ਹਨ ਭਾਂਤ-ਭਾਂਤ ਦੇ ਮਾਰੂ ਨਸ਼ੇ ? ਸਾਡੀ ਨੌਜਵਾਨ ਪੀੜ੍ਹੀ ਨੂੰ ਸੋਚਣਾ ਪਵੇਗਾ ਕਿ ਇਹਨਾਂ ''ਜੁਲਮ ਦੇ ਖਿਲਾਫ ਆਪਣਾ ਸਰਬੰਸ ਵਾਰਨ ਵਾਲੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ, ਸਿੱਖ ਸ਼ਹੀਦਾਂ'', ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਦੇ ਵਾਰਸਾਂ ਨੂੰ ਆਪਣੇ ਮਹਾਨ ਵਿਰਸੇ ਨਾਲੋਂ ਤੋੜ ਕੇ ਕੌਣ ਕੁਰਾਹੇ ਪੈ ਰਿਹਾ ਹੈ ? ਸਰਕਾਰੀ ਅੱਤਵਾਦ ਰਾਹੀਂ ਨਸ਼ਿਆਂ, ਠੱਗੀਆਂ, ਚੋਰੀਆਂ, ਡਾਕਿਆਂ, ਲੁੱਟਾਂ, ਖੋਹਾਂ, ਬਲਾਤਕਾਰਾਂ ਤੇ ਕਾਤਲਾਂ ਦੇ ਰਾਹ ਪਏ ਪੰਜਾਬ ਦੇ ਨੌਜਵਾਨਾਂ (ਜਿੰਨ੍ਹਾਂ ਨੂੰ ਮੈਂ ਇਸ ਲੇਖ ਵਿੱਚ ਅੱਤਵਾਦੀ ਲਿਖਿਆ ਹੈ) ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਅਸਲੀਅਤ ਪਹਿਚਾਣੋ, ਤੁਸੀਂ ਅੱਤਵਾਦੀ ਨਹੀਂ ਹੋ, ਤੁਸੀਂ ਤਾਂ ਮੇਰੇ ਸੋਹਣੇ ਪੰਜਾਬ ਦੇ ਅਸਲੀ ਵਾਰਸ ਤੇ ਰਾਖੇ ਹੋ । ਜਾਗੋ ਤੇ ਸੋਚੋ ਰੌਬਿਨਜੀਤ ਕੌਰ ਵਰਗੀਆਂ ਜਿੰਨ੍ਹਾਂ ਦੇ ਤੁਸੀਂ ਰਾਹ ਰੋਕਦੇ ਹੋਂ ਉਹ ਤੁਹਾਡੀਆਂ ਹੀ ਭੈਣਾਂ ਹਨ ਤੁਸੀਂ ਤਾਂ ਉਨ੍ਹਾਂ ਦੇ ਵੀਰ ਹੋਂ । ਤੁਸੀਂ ਉਸ ਪੰਜਾਬ ਦੇ ਪੁੱਤਰ ਹੋਂ ਜਿਸ ਪੰਜਾਬ ਦੇ ਪੁੱਤਰ ਵਿਦੇਸ਼ੀ ਜਰਵਾਣਿਆਂ ਤੋਂ ਪੰਜਾਬ ਹੀ ਨਹੀਂ ਪੂਰੇ ਭਾਰਤ ਦੇਸ਼ ਦੀਆਂ ਧੀਆਂ ਦੀ ਇੱਜਤ ਬਚਾਉਂਦੇ ਰਹੇ ਸਨ । ਦੇਸ਼ ਅਤੇ ਪੰਜਾਬ ਦੀਓ ਬੇਟੀਓ, ਤੁਸੀਂ ਨੁਮਾਇਸ਼ੀ ਵਸਤੂਆਂ ਨਹੀਂ ਹੋ, ਤੁਸੀਂ ਸ਼ਰਾਬ ਦੀਆਂ ਮਸ਼ਹੂਰੀਆਂ ਕਰਨ ਲਈ ਨਹੀਂ ਹੋਂ, ਅੱਧ ਨੰਗੀਆਂ ਹੋ ਕੇ ਸਟੇਜਾਂ ਤੇ ਨੱਚਣ ਵਾਲੀਆਂ ਨਾਚੀਆਂ ਨਹੀਂ ਹੋਂ, ਤੁਸੀਂ ਕਾਮੀਆਂ ਦੀ ਕਾਮ ਵਾਸਨਾ ਪੂਰੀ ਕਰਨ ਦਾ ਸਾਧਨ ਨਹੀਂ ਹੋਂ, ਤੁਸੀਂ ਵੀ ਆਪਣੇ ਆਪ ਨੂੰ ਪਹਿਚਾਣੋ, ਮਾਤਾ ਗੁਜਰੀ ਦੀਆਂ ਧੀਆਂ ਬਣੋ, ਮਾਈ ਭਾਗੋ ਤੇ ਬੀਬੀ ਹਰਸ਼ਰਨ ਕੌਰ, ਝਾਂਸੀ ਦੀ ਰਾਣੀ ਆਦਿ ਦੀਆਂ ਵਾਰਿਸਾਂ ਬਣੋ । ਹਨੇਰੀ ਗਲੀ ਵੱਲ ਜਾ ਰਹੇ ਮੇਰੇ ਦੇਸ਼ ਪੰਜਾਬ ਦੇ ਪੁੱਤਰੋ ਪੁੱਤਰੀਓ ਜਾਗੋ, ਆਪ ਅਣਖ ਨਾਲ ਜੀਓ ਅਤੇ ਹੋਰਾਂ ਨੂੰ ਜਿਉਣ ਦਿਓ ।
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ : 94170-23911
e-mail : harlajsingh70@gmail.com
ਹਰਲਾਜ ਸਿੰਘ ਬਹਾਦਰਪੁਰ
ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੁਣ ਇਹ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ |
Page Visitors: 3450