ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੁਪਕਾ-ਤੁਪਕਾ ਪਾਣੀ ਤਰੌਂਕਣਾ ਅਤੇ ਨੰਗੇ ਪੈਰੀਂ ਚੱਲਣਾ, ਕੀ ਗੁਰਮਤਿ ਹੈ ?
ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੁਪਕਾ-ਤੁਪਕਾ ਪਾਣੀ ਤਰੌਂਕਣਾ ਅਤੇ ਨੰਗੇ ਪੈਰੀਂ ਚੱਲਣਾ, ਕੀ ਗੁਰਮਤਿ ਹੈ ?
Page Visitors: 2692

ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੁਪਕਾ-ਤੁਪਕਾ ਪਾਣੀ ਤਰੌਂਕਣਾ ਅਤੇ ਨੰਗੇ ਪੈਰੀਂ ਚੱਲਣਾ, ਕੀ ਗੁਰਮਤਿ ਹੈ ?
ਸਿੱਖ ਨੇ ਹਰ ਉਹ ਕੰਮ ਕਰਨਾ ਹੈ ਜੋ ਸਾਰਥਕ ਹੋਵੇ ਨਾਂ ਕਿ ਨਿਰਾਰਥਕ, ਜਿਸ ਨਾਲ ਆਪ ਨੂੰ ਅਤੇ ਸਭ ਨੂੰ ਲਾਭ ਹੋਵੇ। ਅੱਜ ਦੇ ਸਮੇਂ ਤੁਪਕਾ-ਤੁਪਕਾ ਪਾਣੀ ਛਿੜਕਣ ਦਾ ਕੋਈ ਲਾਭ ਨਹੀਂ,ਸਗੋਂ ਦੇਖਾ-ਦੇਖੀ ਹੀ ਕੀਤਾ ਜਾ ਰਿਹਾ ਹੈ। ਜਦ ਸ਼ਬਦ ਗੁਰੂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਇਆ ਜਾਂਦਾ ਹੈ, ਤਾਂ ਅੱਗੇ-ਅੱਗੇ ਤੁਪਕਾ-ਤੁਪਕਾ ਪਾਣੀ ਛਿੜਕਿਆ ਜਾਂਦਾ ਹੈ। ਕਈ ਵਾਰ ਕੜਾਹ-ਪ੍ਰਸ਼ਾਦ ਦੀ ਦੇਗ ਦੇ ਅੱਗੇ-ਅੱਗੇ ਵੀ ਅਜਿਹਾ ਕੀਤਾ ਜਾਂਦਾ ਹੈ, ਜੋ ਕੇਵਲ ਕਰਮਕਾਂਡ ਤੇ ਭਰਮ ਹੈ।
ਪਹਿਲੇ ਸਮੇਂ ਰਸਤੇ ਕੱਚੇ ਹੁੰਦੇ ਸਨ, ਧੂੜ੍ਹ ਮਿੱਟੀ ਉੱਡ ਕੇ ਉੱਪਰ ਪੈਂਦੀ ਸੀ, ਇਸ ਕਰਕੇ ਪਾਣੀ ਦਾ ਭਰਵਾਂ ਛਿੜਕਾਅ ਕੀਤਾ ਜਾਂਦਾ ਸੀ, ਪਰ ਅੱਜ ਤਾਂ ਸੜਕਾਂ, ਰਸਤੇ ਪੱਕੇ ਹਨ ਫਿਰ ਵੀ ਤੁਪਕਾ-ਤੁਪਕਾ ਪਾਣੀ ਛਿੜਕਣਾ ਕੀ ਅਰਥ ਰੱਖਦਾ ਹੈ? ਭੇਡ-ਚਾਲ ਨਹੀਂ ਤਾਂ ਹੋਰ ਕੀ ਹੈ? ਹਾਂ ਜਿੱਥੇ ਪੈਦਲ ਤੁਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਜਾਣੀ ਹੋਵੇ, ਸਾਰਾ ਰਸਤਾ ਧੋਤਾ ਤੇ ਸਾਫ ਕੀਤਾ ਜਾਵੇ, ਨਾਲੀਆਂ ਦੇ ਆਸੀਂ ਪਾਸੀਂ ਕਲੀ ਪਾਈ ਜਾਵੇ, ਇਹ ਤਾਂ ਹੈ ਸ਼ਰਧਾ ਤੇ ਸਤਿਕਾਰ। ਤੁਪਕਾ-ਤੁਪਕਾ ਪਾਣੀ ਤਾਂ ਫਾਰਮੈਲਿਟੀ ਪੂਰੀ ਕਰਨਾ ਅਤੇ ਲਕੀਰ ਦੇ ਫਕੀਰ ਬਣਨ ਵਾਲੀ ਗੱਲ ਹੈ।
ਵਿਦੇਸ਼ਾਂ ਵਿਖੇ ਤਾਂ ਇਹ ਰੀਤ ਚੱਲ ਹੀ ਨਹੀਂ ਸਕਦੀ, ਕਿਉਂਕਿ ਇਥੇ ਜਦ ਗੁਰੂ ਜੀ ਦੀ ਸਵਾਰੀ ਕਿਸੇ ਸੇਵਕ ਸਿੱਖ ਦੇ ਘਰ ਲੈ ਕੇ ਜਾਈਦੀ ਹੈ, ਤਾਂ ਘਰ ਦੂਰ ਹੋਣ ਕਰਕੇ ਕਾਰ ਦੀ ਵਰਤੋਂ ਕਰਨੀ ਪੈਂਦੀ ਹੈ। ਤੁਪਕਾ-ਤੁਪਕਾ ਪਾਣੀ ਛਿੜਕਣ ਵਾਲੇ ਰਸਤੇ ਨੂੰ ਪਵਿੱਤਰ ਕਰਨ ਲਈ, ਕਾਰ ਦੇ ਅੱਗੇ-ਅੱਗੇ ਪਾਣੀ ਕਿਉਂ ਨਹੀਂ ਛਿੜਕਦੇ?ਸਿਰਫ ਗੁਰੂ ਸਾਹਿਬ ਦੇ ਸੁਖਆਸਣ ਤੋਂ ਕਾਰ ਤੱਕ ਅਤੇ ਫਿਰ ਕਾਰ ਤੋਂ ਘਰ ਤੱਕ ਜਿੱਥੇ ਜਾ ਕੇ ਪ੍ਰਕਾਸ਼ ਕਰਨਾ ਹੈ, ਓਥੇ ਹੀ ਕਿਉਂ ਛਿੜਕਿਆ ਜਾਂਦਾ ਹੈ? ਕੀ ਓਨਾ ਰਸਤਾ ਹੀ ਅਪਵਿੱਤ੍ਰ ਜਾਂ ਗੰਦਾ ਹੁੰਦਾ ਹੈ, ਅਤੇ ਬਾਕੀ ਨਹੀਂ? ਕੀ ਗੁਰੂ ਸਾਹਿਬ ਨੇ ਗੁਰਬਾਣੀ ਵਿਖੇ ਸਿੱਖ ਨੂੰ ਕੋਈ ਐਸਾ ਹੁਕਮ ਕੀਤਾ ਹੈ? ਜੇ ਨਹੀਂ ਤਾਂ ਇਹ ਰੀਤ ਕਿੱਥੋਂ ਆਈ ਤੇ ਕਿਵੇਂ ਪ੍ਰਚੱਲਤ ਹੋਈ? ਕੀ ਪਾਣੀ ਦੇ ਥਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਗੁਰੂ ਦਾ ਸਤਿਕਾਰ ਨਹੀਂ? ਹੁਣ ਤਾਂ ਪਿੰਡਾਂ ਵਿੱਚ ਵੀ ਕੋਈ ਰਸਤਾ ਕੱਚਾ ਨਹੀਂ ਰਿਹਾ, ਫਿਰ ਅਜਿਹਾ ਤੁਪਕਾ-ਤੁਪਕਾ ਪਾਣੀ ਛਿੜਕਣ ਦਾ ਰਿਵਾਜ ਕਿਉਂ? ਸਿੱਖ ਨੇ ਤਾਂ ਗੁਰਬਾਣੀ ਦਾ ਗਿਆਨ ਰੂਪੀ ਜਲ ਆਪਣੇ ਅਤੇ ਸਾਥੀਆਂ ਦੀ ਹਿਰਦੇ ਰੂਪੀ ਧਰਤੀ ਤੇ ਛਿੜਕਣਾ ਹੈ, ਜਿੱਥੇ ਵਿਸ਼ੇ ਵਿਕਾਰਾਂ ਦੀ ਧੂੜ ਉੱਡ ਰਹੀ ਹੈ ਅਤੇ ਹਉਂਮੈ ਹੰਕਾਰ ਦੀ ਅੱਗ ਨਾਲ ਹਿਰਦਾ-ਧਰਤੀ ਤਪ ਰਹੀ ਹੈ। ਗੁਰ ਫੁਰਮਾਨ ਵੀ ਹੈ-
ਬਲਤੋ ਜਲਤੋ ਤੌਂਕਿਆ ਗੁਰਿ ਚੰਦਨ ਸੀਤਲਾਇਓ (241)
ਗੱਲ ਤਾਂ ਰਸਤਾ ਸਾਫ ਕਰਨ ਦੀ ਸੀ, ਜੋ ਹੁਣ ਬਿਨਾ ਕਿਸੇ ਮਤਲਬ ਦੇ ਇੱਕ ਰੀਤ ਬਣਾ ਲਈ ਗਈ ਹੈ। ਕੀ ਤੁਪਕਾ-ਤੁਪਕਾ ਪਾਣੀ ਤਰੌਂਕਣ ਨਾਲ ਰਸਤਾ ਸਾਫ ਹੋ ਸਕਦਾ ਹੈ, ਜੇ ਨਹੀਂ ਤਾਂ ਇਹ ਪਾਖੰਡ ਕਿਉਂ? ਓਦੋਂ ਤਾਂ ਘੱਟਾ ਮਿੱਟੀ ਉੱਡ ਕੇ ਪੈਣ ਤੋਂ ਬਚਾਅ ਲਈ ਖੁਲ੍ਹਾ ਪਾਣੀ ਤਰੌਂਕਿਆ ਜਾਂਦਾ ਸੀ, ਅੱਜ ਕਿਸ ਵਾਸਤੇ? ਸਿੱਖ ਵਲੱਖਣ ਕੌਮ ਹੋ ਕੇ ਕੰਮ ਬ੍ਰਾਹਮਣ ਵਾਲੇ ਕਰ ਰਹੀ ਹੈ। ਇਸ ਵਿੱਚ ਕੀ ਰਾਜ ਹੈ?
ਗੁਰਦੁਆਰੇ ਦੇ ਹਾਲ ਅੰਦਰ ਤਾਂ ਨੰਗੇ ਪੈਰੀਂ ਜਾ ਸਕਦੇ ਹਾਂ, ਪਰ ਬਾਹਰ ਜਿੱਥੇ ਸਫਾਈ ਨਹੀਂ ਜਾਂ ਦੂਰ ਜਾਂਣਾ ਹੈ, ਉੱਥੇ ਨੰਗੇ ਪੈਰੀਂ ਜਾਣਾ ਸਿਆਣਪ ਨਹੀਂ, ਕਿਉਂਕਿ ਪੈਰ ਗੰਦੇ ਹੋ ਜਾਂਦੇ, ਰੋੜੀਆਂ ਚੁੱਭਦੀਆਂ ਅਤੇ ਕਿਲ-ਕੰਡੇ ਵੀ ਲੱਗ ਸਕਦੇ ਹਨ। ਕੀ ਗੁਰੂ ਸਾਹਿਬਾਨ ਜਦ ਸਰੀਰਕ ਰੂਪ ਵਿੱਚ ਵਿਚਰਦੇ ਸਨ, ਓਦੋ ਉਹ ਆਪ ਅਤੇ ਸਿੱਖ ਸੰਗਤਾਂ ਨੰਗੇ ਪੈਰੀਂ ਤੁਰਿਆ ਫਿਰਿਆ ਕਰਦੀਆਂ ਸਨ? ਓਦੋਂ ਤਾਂ ਰਸਤੇ ਵੀ ਅੱਜ ਵਰਗੇ ਸਾਫ-ਸੁਥਰੇ ਨਹੀਂ ਸਨ। ਜਰਾ ਸੋਚੋ! ਨੰਗੇ ਪੈਰੀਂ ਚੱਲਣਾ ਹੀ ਜੇ ਭਗਤੀ ਹੈ, ਤਾਂ ਫਿਰ ਪਸ਼ੂ-ਪੰਛੀ ਤਾਂ ਹਰ ਵੇਲੇ ਨੰਗੇ ਫਿਰਦੇ ਹਨ -
ਨਗਨ ਫਿਰਤੁ ਜਉ ਪਾਈਐ ਜੋਗੁ ॥ ਬਨ ਕਾ ਮਿਰਗ ਮੁਕਤਿ ਸਭ ਹੋਗੁ ॥
ਕਿਆ ਨਾਂਗੇ ਕਿਆ ਬਾਂਧੇ ਚਾਮ॥ ਜਬ ਨਹੀਂ ਚੀਨਤ ਆਤਮ ਰਾਮੁ
(324)
ਆਸਾ ਕੀ ਵਾਰ ਵਿੱਚ ਤਾਂ ਗੁਰੂ ਜੀ ਉੱਪਦੇਸ਼ ਕਰਦੇ ਹਨ ਕਿ -
ਪਗ ਉਪੇਤਾਣਾ ਅਪਣਾ ਕੀਆ ਕਮਾਂਣਾ...॥ ਸਹੁ ਵੇ ਜੀਆ ਆਪਣਾ ਕੀਆ॥ (467 )
ਨੰਗੇ ਪੈਂਰੀ ਫਿਰਨ ਨੂੰ ਆਪ ਕਸ਼ਟ ਸਹਿਣਾ ਦੱਸਿਆ ਹੈ। ਕਈ ਕਹਿੰਦੇ ਹਨ ਕਿ ਜੁੱਤੀਆਂ ਅਤੇ ਬੈਲਟਾਂ ਲਾਹ ਦਿਉ ਚੰਮ ਦੀਆਂ ਹਨ, ਫਿਰ ਤਾਂ ਭਾਈ ਸਾਡਾ ਸਰੀਰ ਵੀ ਚੰਮ ਦਾ ਹੈ, ਸੋਨੇ ਚਾਂਦੀ ਦਾ ਨਹੀਂ, ਸਰੀਰ ਰੂਪੀ ਚੰਮ ਕਿਵੇਂ ਲਾਹਿਆ ਜਾ ਸਕਦਾ ਹੈ? ਜੋ ਚੌਰ ਗੁਰੂ ਸਾਹਿਬ ਉੱਪਰ ਕੀਤੀ ਜਾਂਦੀ ਹੈ, ਉਹ ਵੀ ਇੱਕ ਪਸ਼ੂ ਦੀ ਵਾਲਾਂ ਵਾਲੀ ਪੂਛ ਹੈ ਅਤੇ ਸਾਡੇ ਪਰਸ ਆਦਿ ਵੀ ਚੰਮੜੇ ਦੇ ਹੁੰਦੇ ਹਨ। ਘੜੀਆਂ ਦੇ ਪਟੇ ਵੀ ਕਈ ਵਾਰ ਲੈਦਰ ਦੇ ਹੁੰਦੇ ਹਨ। ਕਿਹੜੇ ਕਰਮਕਾਂਡਾਂ ਵਿੱਚ ਪੈ ਗਏ ਹਾਂ?
ਨੰਗੇ ਪੈਰੀਂ ਗੱਡੀ ਚਲਾਉਂਣਾ, ਨੰਗੇ ਪੈਰ ਮੋਟਰ ਗੱਡੀ ਜਾਂ ਬੱਸ ਉੱਤੇ ਸਫਰ ਕਰਨਾਂ ਕਾਨੂੰਨੀ ਮਨ੍ਹਾਂ ਹੈ। ਬੱਸ ਡ੍ਰਾਈਵਰ ਨੰਗੇ ਪੈਰੀਂ ਬੱਸ 'ਤੇ ਚੜ੍ਹਨ ਤੋਂ ਮਨ੍ਹਾਂ ਕਰਦਾ ਹੈ। ਕਿਹੜੇ-ਕਿਹੜੇ ਵਹਿਮ ਦੀ ਗੱਲ ਕਰੀਏ ਵਹਿਮਾਂ ਦੇ ਤਾਂ ਪੈਰ-ਪੈਰ ਤੇ ਜਾਲ ਵਿਛੇ ਪਏ ਹਨ। ਜਿਵੇਂ ਕਈ ਵਾਰ ਮਿਲਣੀ ਦੀ ਅਰਦਾਸਿ ਵੇਲੇ ਜੋ ਆਮ ਤੌਰ 'ਤੇ ਗੁਰਦੁਆਰੇ ਦੇ ਹਾਲ ਤੋਂ ਬਾਹਰ ਕੀਤੀ ਜਾਂਦੀ ਹੈ, ਬਾਹਰ ਕਈ ਵਾਰ ਥਾਂ ਸਾਫ ਵੀ ਨਹੀਂ ਹੁੰਦੀ ਅਤੇ ਸਾਰੇ ਬਰਾਤੀ ਲੜਕੇ-ਲੜਕੀ ਵਾਲੇ ਧੇਤੇ-ਪੁਤੇਤੇ ਪ੍ਰਵਾਰਾਂ ਨੇ ਜੁੱਤੀਆਂ ਪਾਈਆਂ ਹੁੰਦੀਆਂ ਹਨ, ਕਈ ਤਾਂ ਸਿਰੋਂ ਵੀ ਨੰਗੇ ਹੁੰਦੇ ਹਨ। ਉੱਥੇ ਕੇਵਲ “ਭਾਈ” ਜੀ ਨੂੰ ਹੀ ਜੁੱਤੀ ਉਤਾਰਨ ਵਾਸਤੇ ਕਿਹਾ ਜਾਂਦਾ ਹੈ, ਬਾਕੀ ਸਾਰੇ ਜੁੱਤੀਆਂ ਕਿਉਂ ਨਹੀਂ ਉਤਾਰਦੇ? ਕੀ ਉਹ ਉਸ ਵੇਲੇ ਅਰਦਾਸਿ ਵਿੱਚ ਸ਼ਾਮਲ ਨਹੀਂ? ਕੈਸੀਆਂ ਹਾਸੋ-ਹੀਣਆਂ ਗੱਲਾਂ ਹਨ ਜਿਨ੍ਹਾਂ ਦਾ ਗੁਰਮਤਿ ਨਾਲ ਜਾਂ ਧਰਮ ਨਾਲ ਕੋਈ ਵੀ ਸਬੰਧ ਨਹੀਂ ਪਰ ਅਸੀਂ ਦੇਖਾ-ਦੇਖੀ ਕਰੀ ਜਾ ਰਹੇ ਹਾਂ। ਸਾਨੂੰ ਕਹਿਣਾ ਤਾਂ ਇਹ ਚਾਹੀਦਾ ਹੈ ਕਿ ਮਹਾਂਰਾਜ ਦੀ ਸਵਾਰੀ ਨਾਲ ਕੋਈ ਨਸ਼ਈ, ਸ਼ਰਾਬੀ ਅਤੇ ਤੰਬਾਕੂ ਆਦਿਕ ਦਾ ਕੋਈ ਨਸ਼ਾ ਨਾਂ ਕੀਤਾ ਹੋਵੇ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਹੀ ਠੀਕ ਹੈ ਨਾਂ ਕਿ ਨੰਗੇ ਪੈਰੀਂ ਜਾਂਣਾ। ਜਿਉਂ-ਜਿਉਂ ਸਾਂਇੰਸ ਤਰੱਕੀ ਕਰ ਰਹੀ ਹੈ, ਨਵੀਂ ਟੈਕਨਾਉਲਜੀ-ਤਕਨੀਕ ਆ ਰਹੀ ਹੈ ਅਤੇ ਨਵੀਆਂ-ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ, ਓਨ੍ਹਾਂ ਤੋਂ ਲਾਹਾ ਲੈਣਾ ਚਹੀਦਾ ਹੈ।
ਜੇ ਅਸੀਂ ਕਹੀਏ ਕਿ ਅਸੀਂ ਤਾਂ ਪੁਰਾਤਨ ਹੀ ਸਭ ਕੁਝ ਕਰਨਾ ਹੈ, ਫਿਰ ਤਾਂ ਸਾਨੂੰ ਕਾਰਾਂ ਛੱਡ ਕੇ ਪੈਦਲ, ਬੈਲ ਗੱਡੀ ਜਾਂ ਹਾਥੀ-ਘੋੜੇ ਦੀ ਸਵਾਰੀ ਹੀ ਕਰਨੀ ਚਾਹੀਦੀ ਹੈ। ਪੈਂਟਾਂ ਕਮੀਜਾਂ ਦੀ ਥਾਂ ਕੇਵਲ ਚੋਲਾ, ਕਛਹਿਰਾ, ਚਾਦਰਾ ਆਦਿਕ ਪੁਰਾਤਨ ਪਹਿਰਾਵਾ ਹੀ ਪਹਿਨਣਾਂ ਚਾਹੀਦਾ ਹੈ ਅਤੇ ਹਵਾਈ ਜ਼ਹਾਜ਼ਾਂ ਤੇ ਤਾਂ ਬਿਲਕੁਲ ਨਹੀਂ ਚੜ੍ਹਨਾ ਚਾਹੀਦਾ। ਪਹਿਲੇ ਤਾਂ ਘਰ ਵੀ ਕੱਚੇ ਜਾਂ ਛੰਨਾਂ ਛੱਪਰੀਆਂ ਹੀ ਹੁੰਦੀਆਂ ਸਨ, ਹੁਣ ਵੀ ਉਹੋ ਜਿਹੇ ਹੀ ਹੋਣੇ ਚਾਹੀਦੇ ਹਨ। ਰਸੋਈਆਂ ਵਿੱਚ ਗੈਸਾਂ ਦੀ ਥਾਂ ਬਾਲਣ ਵਾਲੇ ਚੁਲ੍ਹੇ ਜਾਂ ਲੋਹਾਂ-ਤਵੀਆਂ ਹੀ ਹੋਣੀਆਂ ਚਾਹੀਦੀਆਂ ਹਨ। ਲਕੜਾਂ ਬਾਲ ਕੇ ਹੀ ਰਸੋਈ ਤਿਆਰ ਕਰਨੀ ਚਾਹੀਦੀ ਹੈ ਅਤੇ ਚੁਲ੍ਹੇ ਵੀ ਜ਼ਮੀਨ ਵਿੱਚ ਹੀ ਪੁੱਟਣੇ ਚਾਹੀਦੇ ਹਨ। ਨਵੀਨ ਬੈੱਡਾਂ ਦੀ ਥਾਂ ਮੰਜਿਆਂ ਉੱਤੇ ਜਾਂ ਭੁੰਜੇ ਹੀ ਸੌਣਾ ਚਾਹੀਦਾ ਹੈ। ਰੇਡੀਓ, ਅਖਬਾਰ, ਟੈਲੀਵਿਯਨ ਅਤੇ ਕੰਪਿਊਟਰ ਆਦਿਕ ਨਹੀਂ ਵਰਤਣੇ ਚਾਹੀਦੇ ਕਿਉਂਕਿ ਇਹ ਵਿਗਿਆਨ ਦੀਆਂ ਕਾਢਾਂ ਹਨ। ਸਤਿਗੁਰਾਂ ਨੇ ਤਾਂ ਕਿਸੇ ਸੁਖ-ਸਹੂਲਤ ਜਾਂ ਵਿਗਿਆਨ ਦੀ ਵਿਰੋਧਤਾ ਨਹੀਂ ਕੀਤੀ, ਸਗੋਂ ਹਰ ਉਸ ਚੀਜ ਦੀ ਵਿਰੋਧਤਾ ਕੀਤੀ ਹੈ ਜਿਸ ਕਰਕੇ ਅਸੀਂ ਵਾਹਿਗੁਰੂ ਪ੍ਰਮਾਤਮਾਂ ਨੂੰ ਭੁੱਲ ਜਾਈਏ ਤੇ ਮੰਦੇ ਕਰਮ ਕਰੀਏ। ਹਾਂ ਕਿਸੇ ਵੀ ਚੀਜ਼ ਦੀ ਦੁਰਵਰਤੋਂ ਮਾੜੀ ਹੈ,ਨਾਂ ਕਿ ਸੁਵਰਤੋਂ। ਜਿਉਂ-ਜਿਉਂ ਜ਼ਮਾਨਾ ਤਰੱਕੀ ਕਰਦਾ ਹੈ, ਸੁਖ-ਸਹੂਲਤਾਂ ਬਦਲਦੀਆਂ ਹਨ, ਸਿੱਖ ਨੇ ਉਨ੍ਹਾਂ ਤੋ ਲਾਭ ਲੈਣਾ ਹੈ ਨਾਂ ਕਿ ਵਿਰੋਧਤਾ ਕਰਨੀ ਹੈ।
ਸੋ ਗੁਰੂ ਜੀ ਦੀ ਸਵਾਰੀ ਅੱਗੇ ਤੁਪਕਾ-ਤੁਪਕਾ ਪਾਣੀ ਛਿੜਕਣਾ ਅਤੇ ਨੰਗੇ ਪੈਰੀਂ ਜਾਣਾ ਗੁਰਮਤਿ ਨਹੀਂ ਸਗੋਂ ਮਨਮਤਿ ਹੈ। ਫੁਰਮਾਨ ਹੈ -
ਮਨ ਕੀ ਮਤਿ ਤਿਆਗੋ ਹਰਿ ਜਨ… (800)
ਹੁਕਮਿ ਮੰਨਿਆ ਹੋਵਹਿ ਪਰਵਾਣ ਤਾ ਖਸਮੇ ਕਾ ਮਹਿਲ ਪਾਇਸੀ (471)
ਸੋ, ਦੂਰ ਜਾਣਾ ਹੋਵੇ ਜਾਂ ਰਸਤਾ ਠੀਕ ਨਾਂ ਹੋਵੇ ਤਾਂ ਜੁਰਾਬਾਂ ਜੋੜੇ ਪਾ ਕੇ ਜਾ ਸਕਦੇ ਹਾਂ। ਹਾਂ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੈ ਸਾਫ ਚਾਦਰਾਂ ਅਤੇ ਗਲੀਚੇ ਵਿਛੇ ਹੋਏ ਹਨ ਓਥੇ ਜੋੜੇ ਉਤਾਰ ਕੇ ਜਾਣਾ ਚਾਹੀਦਾ ਹੈ। ਕਾਰ ਵਿੱਚ ਜਾਂ ਰਸਤੇ ਵਿੱਚ ਜਾਂਦਿਆਂ ਨੰਗੇ ਪੈਰੀਂ ਨਹੀਂ ਜਾਣਾ ਚਾਹੀਦਾ। ਅਜਿਹੇ ਵਹਿਮਾਂ-ਭਰਮਾਂ ਨੂੰ ਗੁਰਮਤਿ ਕੋਈ ਮਾਨਤਾ ਨਹੀਂ ਦਿੰਦੀ। ਬ੍ਰਾਹਮਣ ਚੌਂਕਾ ਲਿੱਪ ਕੇ ਸੁੱਚਾ ਹੁੰਦਾ ਸੀ ਅਸੀਂ ਤੁਪਕਾ-ਤੁਪਕਾ ਪਾਣੀ ਤਰੌਂਕਣਾ ਅਤੇ ਨੰਗੇ ਪੈਰੀਂ ਜਾਣਾ ਹੀ ਪਵਿੱਤਰਤਾ ਸਮਝੀ ਜਾ ਰਹੇ ਹਾਂ ਕਿਉਂ? ਕਿਉਂਕਿ ਗੁਰਬਾਣੀ ਨੁੰ ਕੇਵਲ ਪੜ੍ਹਦੇ ਗਾਉਂਦੇ ਹਾਂ ਜਾਂ ਪਾਠੀਆਂ ਤੋਂ ਪਾਠ ਕਰਵਾ ਛਡਦੇ ਹਾਂ, ਜੋ ਬਾਣੀ ਵਿੱਚ ਲਿਖਿਆ ਹੈ ਉਸ ਨੂੰ ਮੰਨਣ ਨੂੰ ਤਿਆਰ ਨਹੀਂ, ਸੰਪ੍ਰਦਾਈ ਸਾਧਾਂ ਦਾ ਕਿਹਾ ਝੱਟ ਮੰਨ ਜਾਂਦੇ ਹਾਂ।
ਇਹ ਸਾਰੇ ਵਹਿਮ-ਭਰਮ ਜੋ ਬ੍ਰਾਹਮਣ ਦੀ ਉਪਜ ਹਨ ਅਤੇ ਲੰਬੇ ਚੋਲਿਆਂ ਵਾਲੇ ਅਖੌਤੀ ਸੰਤਾਂ ਰਾਹੀਂ ਸਿੱਖ ਕੌਮ ਵਿੱਚ ਵੀ ਫੈਲਾਏ ਜਾ ਰਹੇ ਹਨ, ਜੋ ਨਿਰਾਰਥਕ ਹਨ ਅਤੇ ਸਾਨੂੰ ਸਮਝਦਾਰ ਬਣ ਕੇ ਛੱਡ ਦੇਣੇ ਚਾਹੀਦੇ ਹਨ। ਗੁਰਦੁਆਰੇ ਗਿਆਨ ਦੇ ਸੋਮੇ ਹਨ ਨਾਂ ਕਿ ਵਹਿਮ-ਭਰਮ ਫੈਲਾਉਣ ਵਾਲੇ ਸਾਧਾਂ ਦੇ ਡੇਰੇ। ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਹਉਮੈ-ਹੰਕਾਰ ਦੀ ਤਪਸ਼ ਨਾਲ ਸੜ-ਬਲ ਰਹੇ ਹਿਰਦਿਆਂ ਅਤੇ ਵਿਸ਼ੇ-ਵਿਕਾਰਾਂ ਦੀ ਉੱਡ ਰਹੀ ਧੂੜ ਉੱਤੇ, ਗੁਰੂ ਗਿਆਨ ਦਾ ਪਾਣੀ ਛਿੜਕਣਾ ਚਾਹੀਦਾ ਹੈ, ਨਾਂ ਕਿ ਤੁਪਕਾ-ਤੁਪਕਾ ਪਾਣੀ ਛਿੜਕਣ ਵਾਲੀ ਬ੍ਰਾਹਮਣੀ ਰੀਤ ਹੀ ਨਿਭਾਈ ਜਾਣੀ ਚਾਹੀਦੀ ਹੈ।

ਅਵਤਾਰ ਸਿੰਘ ਮਿਸ਼ਨਰੀ
510 432 5827 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.