ਜੀਜਾ ਅਹੈਡ ! (ਨਿੱਕੀ ਕਹਾਣੀ)
ਪੀ.ਪੀ.ਪੀ.ਪੀ.ਪੀ. ..... ਕੰਨ ਪਾੜਵੇਂ ਹਾਰਨ ਦੀ ਆਵਾਜ਼ ਸੁਣ ਕੇ ਹਰਜੀਤ ਕੌਰ ਨੇ ਕੰਨ ਬੰਦ ਕਰ ਲਏ !
ਹੱਦ ਹੈ ਯਾਰ ! ਸੜਕ ਤੇ ਕੋਈ ਭੀੜ ਵੀ ਨਹੀਂ ! ਟ੍ਰੈਫਿਕ ਸਾਫ਼ ਹੈ ਫਿਰ ਵੀ ਇਹ ਲੋਗ ਬਾਜ਼ ਨਹੀਂ ਆਉਂਦੇ ! ਆਖਿਰ ਹਾਰਨ ਵਜਾਉਣ ਦੀ ਲੋੜ ਕੀ ਹੈ ? ਗੱਡੀ ਤਾਂ ਦਿਮਾਗ ਅੱਗੇ ਅੱਖਾਂ ਦੇ ਸੁਮੇਲ ਨਾਲ ਚਲਦੀ ਹੈ ਪਰ ਇਹ ਲੋਗ ਸ਼ਾਇਦ ਹਾਰਨ ਨਾਲ ਹੀ ਗੱਡੀ ਚਲਾਉਣਾ ਲੋਚਦੇ ਹਨ ! ਇੱਕ ਤੁਸੀਂ ਵੀ ਤੇ ਹੋ, ਤੁਹਾਨੂੰ ਮੈਂ ਜਲਦੀ ਕਿਤੇ ਹਾਰਨ ਵਜਾਉਂਦੇ ਨਹੀਂ ਵੇਖਿਆ ! (ਹਰਜੀਤ ਕੌਰ ਗੁੱਸੇ ਵਿੱਚ ਸੀ ਤੇ ਆਪਣੇ ਪਤੀ ਹਰਪਾਲ ਨਾਲ ਗੱਲ ਕਰ ਰਹੀ ਸੀ)
ਹਰਪਾਲ ਸਿੰਘ (ਪਿਆਰ ਨਾਲ) : ਜਿਨ੍ਹਾਂ ਦੇ ਅੰਦਰ ਸ਼ੋਰ ਹੈ, ਉਨ੍ਹਾਂ ਨੂੰ ਬਾਹਰ ਦਾ ਸ਼ੋਰ ਚੰਗਾ ਲਗਦਾ ਹੈ ਭਾਓ ਉਨ੍ਹਾਂ ਨੂੰ ਬਾਹਰ ਵੀ ਸ਼ੋਰ ਮਚਾ ਕੇ ਆਪਣਾਪਣ ਮਹਿਸੂਸ ਹੁੰਦਾ ਹੈ ! ਜਿਨ੍ਹਾਂ ਦੇ ਅੰਦਰ ਸ਼ਾਂਤ ਹੈ, ਉਨ੍ਹਾਂ ਲਈ ਬਾਹਰ ਵੀ ਸ਼ਾਂਤ ਹੈ ਕਿਓਂਕਿ ਜਿੱਥੇ ਸ਼ਾਂਤੀ ਹੁੰਦੀ ਹੈ ਓਥੇ ਸਹਿਜ ਵੀ ਆ ਵਸਦਾ ਹੈ !
ਹਰਜੀਤ ਕੌਰ : ਅਸਲ ਵਿੱਚ ਸ਼ਾਇਦ ਭਾਰਤ ਵਿੱਚ ਹਾਰਨ ਵਜਾਉਣਾ ਆਪਣੀ ਹਉਮੇਂ ਨੂੰ ਪੱਠੇ ਪਾਉਣਾ ਹੈ ! ਇਹ ਦੂਜੇ ਬੰਦੇ ਨੂੰ ਦੱਸਣ ਦਾ ਢੰਗ ਹੈ ਕੀ ਮੈਂ ਤੇਰੇ ਨਾਲੋਂ ਜਿਆਦਾ ਤਾਕਤਵਰ ਜਾਂ ਦੌਲਤਮੰਦ ਹਾਂ ! ਗਾਲਾਂ ਤੇ ਇੰਜ ਕਢਦੇ ਹਨ ਜਿਵੇਂ ਆਪਣੇ ਘਰ ਮਾਂ-ਭੈਣ ਵਸਦੀਆਂ ਹੀ ਨਹੀਂ !
ਸ਼ਾਇਦ ਤੂੰ ਠੀਕ ਕਹਿੰਦੀ ਹੈਂ ! ਮਜ਼ੇ ਦੇ ਗੱਲ ਤਾਂ ਇਹ ਹੈ ਕਿ ਮੈਂ ਅੱਜ ਤਕ ਕਿਸੀ ਨੂੰ ਗਾਲਾਂ ਕਢਦੇ ਹੋਏ ਇਹ ਕਹਿੰਦੇ ਨਹੀਂ ਸੁਣਿਆ ਕੀ "ਓਏ ਜੀਜੇ !", ਹਰ ਕੋਈ ਦੂਜੇ ਦਾ ਜੀਜਾ ਬਣ ਕੇ ਗ਼ਾਲ ਕਢਦਾ ਤੇ ਖੁਦ ਕਿਸੀ ਦੂਜੇ ਨੂੰ ਗ਼ਾਲ ਕਢਣ ਵੇਲੇ ਜੀਜਾ ਨਹੀਂ ਬਣਾਉਂਦਾ ! ਸੜਕ ਤੇ ਵੀ ਜੇਕਰ ਸਾਰੇ ਇਹ ਸਮਝ ਲੈਣ ਕੀ ਦੂਜੀ ਗੱਡੀ ਵਾਲਾ ਉਸਦਾ ਜੀਜਾ ਹੈ ਜਾਂ ਸੜਕਾਂ ਤੇ ਬੋਰਡ ਲੱਗ ਜਾਉਣ ਕੀ "ਜੀਜਾ ਅਹੈਡ" ਤਾਂ ਸ਼ਾਇਦ ਇਸ ਹਾਰਨ ਵਜਾਉਣ ਦੀ ਕੋਝੀ ਪਿਰਤ ਤੇ ਠੱਲ ਪੈ ਜਾਵੇ! (ਹਰਪਾਲ ਸਿੰਘ ਜੋਰ ਦੀ ਹਸਦਾ ਹੈ)
ਹਰਜੀਤ ਕੌਰ (ਅੱਖਾਂ ਕਢਦੇ ਹੋਏ) : ਹੁਣ ਤੁਸੀਂ ਆਪਣੀਆਂ ਜਬਲੀਆਂ ਮਾਰਨੀ ਸ਼ੁਰੂ ਹੋ ਗਏ ! ਮੇਰਾ ਭਰਾ ਮਤਲਬ ਤੁਹਾਡੇ ਸਾਲੇ ਸਾਹਿਬ ਆਉਣ ਹੀ ਵਾਲੇ ਨੇ ! ਫਟਾਫਟ ਬਾਜ਼ਾਰ ਤੋਂ ਕੁਝ ਖਾਣ-ਪੀਣ ਦਾ ਸਮਾਨ ਲੈ ਆਓ, ਵਰਨਾ ਭੈਣ-ਭਰਾ ਨੇ ਮਿਲ ਕੇ ਜੀਜੇ ਦੀ ਬੈੰਡ ਵਜਾ ਦੇਣੀ ਹੈ!
ਹਰਪਾਲ ਸਿੰਘ ਭੱਜਣ ਦੀ ਐਕਟਿੰਗ ਕਰਦਾ ਹੋਇਆ ਬਾਜ਼ਾਰ ਚਲਾ ਜਾਂਦਾ ਹੈ !
ਬਲਵਿੰਦਰ ਸਿੰਘ ਬਾਈਸਨ
http://nikkikahani.com/