ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਸੁਲਹੀ ਤੇ ਨਾਰਾਇਣ ਰਾਖ- ਭਾਗ 1 :-
-: ਸੁਲਹੀ ਤੇ ਨਾਰਾਇਣ ਰਾਖ- ਭਾਗ 1 :-
Page Visitors: 3210

-: ਸੁਲਹੀ ਤੇ ਨਾਰਾਇਣ ਰਾਖ- ਭਾਗ 1 :-
ਗੁਰੂ ਗ੍ਰੰਥ ਸਾਹਿਬ ਦੇ ਪੰਨਾ 825 ਤੇ ਗੁਰੂ ਅਰਜੁਨ ਦੇਵ ਜੀ ਦਾ ਉਚਾਰਿਆ ਸ਼ਬਦ ਹੈ:-
ਸੁਲਹੀ ਤੇ ਨਾਰਾਇਣ ਰਾਖੁ॥
ਸਾਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ
॥ਰਹਾਉ॥
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ॥
ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ
॥1॥
ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ॥
ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕ
॥2॥
   ਇਸ ਸ਼ਬਦ ਦੇ ਪ੍ਰੋ: ਸਾਹਿਬ ਸਿੰਘ ਜੀ ਨੇ ਅਰਥ ਕੀਤੇ ਹਨ:- (ਹੇ ਭਾਈ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜੋਈ ਸੀ ਕਿ) ਹੇ ਪ੍ਰਭੂ! (ਸਾਨੂੰ) ਸੁਲਹੀ (ਖਾਂ) ਤੋਂ ਬਚਾ ਲੈ, ਅਤੇ ਸੁਲਹੀ ਦਾ (ਜ਼ੁਲਮ ਭਰਿਆ) ਹੱਥ (ਸਾਡੇ ਉੱਤੇ) ਕਿਤੇ ਭੀ ਨਾਹ ਅੱਪੜ ਸਕੇ।(ਹੇ ਭਾਈ! ਪ੍ਰਭੂ ਨੇ ਆਪ ਮੇਹਰ ਕੀਤੀ ਹੈ) ਸੁਲਹੀ (ਖਾਂ) ਮਲੀਨ-ਬੁੱਧਿ ਹੋ ਕੇ ਮਰਿਆ ਹੈ।ਰਹਾਉ।
  ਹੇ ਭਾਈ! ਖਸਮ ਪ੍ਰਭੂ ਨੇ (ਮੌਤ-ਰੂਪ) ਕੁਹਾੜਾ ਕੱਢ ਕੇ (ਸੁਲਹੀ ਦਾ) ਸਿਰ ਵੱਢ ਦਿੱਤਾ ਹੈ, ਜਿਸ ਕਰ ਕੇ ਉਹ) ਇੱਕ ਖਿਨ ਵਿੱਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ।ਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ (ਸੁਲਹੀ) ਸੜ ਮਰਿਆ ਹੈ।ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ (ਹੀ ਉਸ ਨੂੰ ਪਰਲੋਕ ਵੱਲ ਦਾ) ਧੱਕਾ ਦੇ ਦਿੱਤਾ ਹੈ।1।
ਹੇ ਭਾਈ! ਸਾਰਾ ਸਾਕ (ਕੁਟੰਬ) ਛੱਡ ਕੇ (ਸੁਲਹੀ ਇਸ ਦੁਨੀਆਂ ਤੋਂ) ਤੁਰ ਗਿਆ ਹੈ।ਉਸ ਦੇ ਭਾ ਦੇ ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏ, ਨਾਹ ਧਨ ਰਹਿ ਗਿਆ, ਉਸ ਦੇ ਭਾ ਦਾ ਕੁਝ ਭੀ ਨਹੀਂ ਰਹਿ ਗਿਆ।ਹੇ ਨਾਨਕ! ਆਖ- ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ (ਤੇ, ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ)
ਭਾਵ: ਕੋਈ ਭੀ ਬਿਪਤਾ ਆਉਂਦੀ ਦਿਸੇ, ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕੀਤੀ ਫਬਦੀ ਹੈ।”
(ਸਪੱਸ਼ਟੀਕਰਨ:- ਮੇਰਾ ਕਿਸੇ ਵੀ ਸੱਜਣ ਨਾਲ ਜਾਤੀ ਵਿਰੋਧ ਜਾਂ ਲਗਾਵ ਨਹੀਂ ਹੈ।ਮੇਰਾ ਮਕਸਦ ਸਿਰਫ ਵਿਚਾਰ ਵਟਾਂਦਰਿਆਂ ਦੇ ਜਰੀਏ ਗੁਰਮਤਿ ਵਿੱਚ ਪਏ ਅਤੇ ਪੈ ਰਹੇ ਭੁਲੇਖਿਆਂ ਨੂੰ ਦੂਰ ਕਰਨਾ ਹੈ।ਅੱਜ ਕਲ੍ਹ ਕਈ ਵਿਦਵਾਨਾਂ ਵੱਲੋਂ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕਰਨ ਦੇ ਚੱਕਰ ਵਿੱਚ ਗੁਰਬਾਣੀ / ਗੁਰਮਤਿ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਗੁਰਬਾਣੀ ਅਰਥਾਂ /ਭਾਵਾਰਥਾਂ ਦੇ ਨਾਂ ਤੇ, ਆਪਣੀ ਸੋਚ ਨੂੰ ਗੁਰੂ ਸਾਹਿਬਾਂ ਦੀ ਸੋਚ ਦੱਸਕੇ ਸਿੱਖ ਜਗਤ ਵਿੱਚ ਭੁਲੇਖੇ ਖੜ੍ਹੇ ਕੀਤੇ ਜਾ ਰਹੇ ਹਨ।ਆਪਣੇ ਚੁੰਚ-ਗਿਆਨ ਦੇ ਆਧਾਰ ਤੇ ਪ੍ਰੋ: ਸਾਹਿਬ ਸਿੰਘ ਜੀ ਵਰਗੀ ਇਮਾਨਦਾਰ ਅਤੇ ਸੱਚੇ ਦਿਲੋਂ ਗੁਰਮਤਿ ਨੂੰ ਸਮਰਪਤ ਮਹਾਨ ਸ਼ਖਸ਼ੀਅਤ ਦੀ ਸਾਲਾਂ ਦੀ ਮਿਹਨਤ ਤੇ ਪਾਣੀ ਫੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸੋ ਆਪਣਾ ਫਰਜ਼ ਸਮਝਦੇ ਹੋਏ ਮੈਂ ਆਪਣੀ ਸਮਝ ਮੁਤਾਬਕ ਅਸਲੀਅਤ ਸਭ ਦੇ ਸਾਹਮਣੇ ਰੱਖ ਰਿਹਾ ਹਾਂ।ਠੀਕ-ਗ਼ਲਤ ਦਾ ਫੈਸਲਾ ਪਾਠਕ ਖੁਦ ਕਰ ਲੈਣ)
ਅਜੋਕੇ ਇਕ ਵਿਦਵਾਨ ਜਰਨੈਲ ਸਿੰਘ ਜੀ ਅਸਟ੍ਰੇਲੀਆ ਨੂੰ ਇਸ ਵਿਚਾਰ ਅਧੀਨ ਸ਼ਬਦ ਦੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਪਸੰਦ ਨਹੀਂ।ਸੋ ਉਹਨਾਂ ਨੇ ਆਪਣੇ ਅਰਥ ਸਮਝਾਏ ਹਨ।
(ਨੋਟ: ਵਿਦਵਾਨ (ਜਰਨੈਲ ਸਿੰਘ ਅਸਟ੍ਰੇਲੀਆਂ) ਜੀ ਗੁਰਮਤਿ ਦੇ ਸੰਕਲਪ ‘ਅਰਦਾਸ’ ਨੂੰ ਨਹੀਂ ਮੰਨਦੇ।ਇਸ ਲਈ ਸ਼ਬਦ ਦੇ ਅਸਲੀ ਅਰਥਾਂ ਨੂੰ ਬਦਲ ਕੇ ਆਪਣੀ ਸੋਚ ਮੁਤਾਬਕ ਅਰਥ ਘੜੇ ਗਏ ਹਨ।ਸ਼ਬਦ ਦੇ ਪਹਿਲੇ ਬੰਦ ਦੇ ਕੀਤੇ ਅਰਥਾਂ ਤੋਂ ਲੱਗੇਗਾ ਕਿ ਮੈਂ ਵਿਦਵਾਨ ਜੀ ਬਾਰੇ ਗ਼ਲਤ ਬਿਆਨੀ ਕਰ ਰਿਹਾ ਹਾਂ।ਪਰ ਸਾਰੇ ਸ਼ਬਦ ਦੇ ਅਰਥ ਵਿਚਾਰਨ ਤੇ ਪਤਾ ਲੱਗ ਜਾਏਗਾ ਕਿ ਇਹ ਲੋਕ ਭੁਲੇਖਾ ਪਾਉਣ ਲਈ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੇ ਸੰਕਲਪਾਂ ਨੂੰ ਮੰਨਣ ਦੀ ਗੱਲ ਕਰਦੇ ਜਰੂਰ ਹਨ, ਪਰ ਅਸਲ ਵਿੱਚ ਗੁਰਮਤਿ ਦੇ ਬਹੁਤ ਸਾਰੇ ਸੰਕਲਪ ਮੰਨਣ ਤੋਂ ਆਕੀ ਹਨ ਅਤੇ ਆਪਣੀ ਸੋਚ ਨੂੰ ਗੁਰਮਤਿ ਵਿੱਚ ਵਾੜ ਰਹੇ ਹਨ)
ਵਿਦਵਾਨ ਜੀ ਲਿਖਦੇ ਹਨ:- ਇਸ ਸ਼ਬਦ ਦੀ ਪਹਿਲੀ ਤੁਕ ਜੋ ਕਿ ਇਸ ਸ਼ਬਦ ਦਾ ਰਹਾਉ ਵੀ ਹੈ, ਇਸ ਤਰ੍ਹਾਂ ਹੈ-
ਸੁਲਹੀ ਤੇ ਨਾਰਾਇਣ ਰਾਖੁ॥ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ਰਹਾਉ॥”
ਅਰਥ (ਵਿਦਵਾਨ ਜੀ)- “ਸੁਲਹੀ ਵਰਗੇ ਇਨਸਾਨ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਬਲਕਿ ਅਕਾਲ ਪੁਰਖ ਅਗੇ ਇਹ ਅਰਦਾਸ ਕਰੋ ਕਿ ਸੁਲਹੀ ਵਰਗੀ ਮਨੋਵਿਰਤੀ ਤੋਂ ਬਚਾ ਲਵੇ।ਭਾਵ ਉਸ ਵਰਗੀ ਸਾਡੀ ਕਿਸੇ ਦੀ ਵੀ ਮਨੋਵਿਰਤੀ ਨਾ ਬਣੇ।…ਇੱਥੇ ਮੌਤ ਬਿਬੇਕ ਬੁੱਧ ਦੀ ਹੁੰਦੀ ਹੈ।ਇਸ ਲਈ ਅਕਾਲ ਪੁਰਖ ਅਗੇ ਅਰਦਾਸ ਹੈ ਕਿ ਸਾਨੂੰ ਸੁਲਹੀ ਦੀ ਤਰ੍ਹਾਂ ਹਉਮੈ ਨਾਲ ਭਰਿਆ ਹੋਇਆ, ਅਕਾਰਣ ਹੀ ਕਿਸੇ ਦਾ ਬੁਰਾ ਕਰਨ ਵਾਲਾ ਨਾ ਬਣਨ ਦੇਈਂ।” 
ਵਿਚਾਰ- ‘ਸੁਲਹੀ ਵਰਗੇ ਇਨਸਾਨ ਤੋਂ ਡਰਨ ਦੀ ਲੋੜ ਨਹੀਂ’ ਅਤੇ ‘ਸੁਲਹੀ ਵਰਗੀ ਮਾਨਸਿਕਤਾ ਤੋਂ ਬਚਾ ਲਵੇ’ ਵਰਗੇ ਭਾਵਾਰਥ ਵਿਦਵਾਨ ਜੀ ਨੇ ਕਿਵੇਂ ਅਤੇ ਕਿਸ ਆਧਾਰ ਤੇ ਘੜ ਲਏ ਇਹ ਤਾਂ ਉਹੀ ਜਾਣਦੇ ਹਨ।ਸਵਾਲ ਪੈਦਾ ਹੁੰਦਾ ਹੈ ਕਿ ਕੀ ਸੁਲਹੀ ਵਰਗੀ ਮਾਨਸਿਕਤਾ ਤੋਂ ਖੁਦ ਬਚਣ ਨਾਲ ਸੁਲਹੀ ਦਾ ਕਹਿਰ ਅਤੇ ਡਰ ਟਲ਼ ਸਕਦਾ ਹੈ?ਉਸ ਦਾ ਕਹਿਰ ਭਰਿਆ ਹੱਥ ਸਾਡੇ ਤੱਕ ਨਹੀਂ ਪਹੁੰਚ ਸਕਦਾ? ਇਹ ਤਾਂ ਬਾਬਰ ਵੇਲੇ ਖਤਰਾ ਦੇਖਕੇ ਗਊਆਂ ਦਾ ਵੱਗ ਮੂਹਰੇ ਲਗਾਉਣ ਬਰਾਬਰ ਹੀ ਹੋਇਆ ਕਿ ਸਾਡੀ ਮਾਨਸਿਕਤਾ ਠੀਕ ਹੋ ਗਈ ਤਾਂ ਡਰਨ ਦੀ ਲੋੜ ਨਹੀਂ ਸੁਲਹੀ ਸਾਡਾ ਕੁਝ ਨਹੀਂ ਵਿਗਾੜ ਸਕੇਗਾ।
ਵਿਦਵਾਨ ਜੀ ਕਹਿੰਦੇ ਹਨ-“ਗੁਰਮਤਿ ਇਸ ਹਾਲਾਤ ਨਾਲ ਨਜਿੱਠਣ ਲਈ ਆਪ ਸੱਚ ਤੇ ਟਿਕੇ ਰਹਿ, ਜੱਦੋ ਜਹਿਦ ਦਾ ਰਸਤਾ ਦੱਸਦੀ ਹੈ।
ਇਹ ਜੱਦੋ ਜਹਿਦ ਲੋੜ ਪੈਣ ਤੇ ਹਥਿਆਰਬੰਦ ਵੀ ਹੋ ਸਕਦੀ ਹੈ” ਸਵਾਲ ਪੈਦਾ ਹੁੰਦਾ ਹੈ- ਕਿ ਕੀ ਸੁਲਹੀ ਵਰਗੀ ਮਾਨਸਿਕਤਾ ਸਾਡੀ ਨਾ ਹੋਵੇ, ਇਹ ‘ਜੱਦੋ ਜਹਿਦ ਦਾ ਰਸਤਾ’ ਹੈ?  ਇਸ ਤੁਕ ਵਿੱਚ ‘ਰਾਖੁ’ ਸ਼ਬਦ ਤਾਂ ਪ੍ਰਭੂ ਅੱਗੇ ਅਰਜੋਈ ਦੇ ਭਾਵਾਰਥਾਂ ਵਿੱਚ ਆਇਆ ਹੈ ਕਿ ਹੇ ਪ੍ਰਭੂ! ਸੁਲਹੀ ਦਾ ਕਹਿਰ ਭਰੇ ਹੱਥ ਤੋਂ ਰੱਖ ਲੈ।ਉਸ ਦਾ ਕਹਿਰ ਭਰਿਆ ਹੱਥ ਕਿਸੇ ਤੱਕ ਨਾ ਪਹੁੰਚੇ।ਵਿਦਵਾਨ ਜੀ ਅਰਦਾਸ ਦੇ ਸੰਕਲਪ ਨੂੰ ਨਹੀਂ ਮੰਨਦੇ।ਇਸ ਲਈ ‘ਰਾਖੁ’ ਸ਼ਬਦ ਦੇ ਆਪਣੇ ਅਰਥ ਘੜਨ ਦੀ ਕੋਸ਼ਿਸ਼ ਕੀਤੀ ਗਈ ਹੈ।
‘ਰਾਖੁ’ ਦੇ ਅਰਥ ਸਮਝਾਉਣ ਲਈ ਵਿਦਵਾਨ ਜੀ  ਨੇ ਤਿੰਨ ਵਿਆਕਰਣਾਂ ਦਾ ਹਵਾਲਾ ਦਿੱਤਾ ਹੈ।ਪਰ ਸ਼ਾਇਦ ਉਹਨਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਕਿ ਹਵਾਲਿਆਂ ਵਿੱਚ ਲਿਖਿਆ ਕੀ ਹੈ? ਵਿਦਵਾਨ ਜੀ ਮੁਤਾਬਕ ‘ਤੁਕ ਵਿੱਚ ਆਇਆ ਸ਼ਬਦ ‘ਰਾਖੁ’ ਵਰਤਮਾਨ ਕਾਲ, ਮੱਧਮ ਪੁਰਸ਼, ਬਹੁ ਵਚਨ ਲਈ ਹੈ’।ਪ੍ਰੋ: ਸਾਹਿਬ ਸਿੰਘ ਜੀ ਨੇ ਵੀ ‘ਰਾਖ’ ਸ਼ਬਦ ਨੂੰ ‘ਵਰਤਮਾਨ ਕਾਲ, ਮੱਧਮ ਪੁਰਸ਼, ਪਰ ‘ਇੱਕ ਵਚਨ’ ‘ਪਰਮਾਤਮਾ ਲਈ’ ਅਰਥਾਇਆ ਹੈ।
  ਵਿਦਵਾਨ ਜੀ ਲਿਖਦੇ ਹਨ- “ਵਿਆਕਰਣ ਦੇ ਮਾਹਰਾਂ ਅਨੁਸਾਰ ਗੁਰਬਾਣੀ ਵਿੱਚ ਅਗਰ ਕਿਸੇ ਕਿਰਿਆਵਾਚੀ ਲਫਜ਼ ਦੇ ਅੰਤਲੇ ਅੱਖਰ ਨੂੰ ਔਂਕੜ ਆ ਜਾਏ ਤਾਂ ਓਹ ਲਫਜ਼ ਮੱਧਮ ਪੁਰਖ, ਵਰਤਮਾਨ ਇੱਕ ਵਚਨ ਜਾਂ ਬਹੁ ਵਚਨ ਹੁੰਦਾ ਹੈ।”
‘ਇਕ ਵਚਨ ਜਾਂ ਬਹੁ ਵਚਨ ਹੁੰਦਾ ਹੈ’ ਤੋਂ ਵਿਦਵਾਨ ਜੀ ਨੇ ਪਤਾ ਨਹੀਂ ਕਿਵੇਂ ਅੰਦਾਜਾ ਲਗਾ ਲਿਆ ਕਿ ‘ਰਾਖੁ’ ਬਹੁ ਵਚਨ ਹੈ?
‘ਰਾਖੁ’ ਸ਼ਬਦ ਨੂੰ ਬਹੁ ਵਚਨ ਸਾਬਤ ਕਰਨ ਲਈ ਵਿਦਵਾਨ ਜੀ ਨੇ ਅੰਗਰੇਜੀ ਦੀ ਗਰਾਮਰ ਦਾ ਵੀ ਹਵਾਲਾ ਦਿੱਤਾ ਹੈ।ਪਰ ਜਾਂ ਤਾਂ ਵਿਦਵਾਨ ਜੀ ਆਪਣੇ ਪੇਸ਼ ਕੀਤੇ ਹਵਾਲੇ ਨੂੰ ਖੁਦ ਹੀ ਨਹੀਂ ਸਮਝ ਸਕੇ ਜਾਂ ਫੇਰ ਜਾਣ ਬੁੱਝ ਕੇ ਪਾਠਕਾਂ ਨੂੰ ਗੁਮਰਾਹ ਕਰ ਰਹੇ ਹਨ।ਸਭ ਜਾਣਦੇ ਹਨ ਕਿ ਅੰਗ੍ਰੇਜੀ ਵਿੱਚ ਮੱਧਮ ਪੁਰਸ਼ ਲਈ “ਯੂ” ਸ਼ਬਦ ਇਕ ਵਚਨ ਲਈ ਵੀ ਅਤੇ ਬਹੁ ਵਚਨ ਦੋਨਾਂ ਲਈ ਹੀ ਵਰਤਿਆ ਜਾਂਦਾ ਹੈ।ਪੇਸ਼ ਕੀਤੇ ਗਏ ਅੰਗ੍ਰੇਜੀ ਗਰਾਮਰ ਵਾਲੇ ਹਵਾਲੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਦੋਂ ਲੋਕਾਂ ਦੇ ਇਕੱਠ ਨੂੰ *ਸੰਬੋਧਨ* ਕਰਕੇ “ਯੂ” ਸ਼ਬਦ ਵਰਤਿਆ ਜਾਂਦਾ ਹੈ ਤਾਂ ਇਹ ਬਹੁਵਚਨ ਲਈ ਹੁੰਦਾ ਹੈ।ਪਰ ਗਰਾਮਰ ਵਿੱਚ ਦੱਸੇ ਗਏ “ਸੰਬੋਧਨ” ਲਫਜ਼ ਨੂੰ, ਵਿਦਵਾਨ ਜੀ “ਉਪਦੇਸ਼ ਕਿਸ ਦੇ ਲਈ ਹੈ” ਸਮਝ / ਸਮਝਾ ਰਹੇ ਹਨ।(ਗੁਰਬਾਣੀ ਵਿਆਕਰਣ ਬਾਰੇ ਸਮਝਾਉਣ ਲਈ ਵਿਦਵਾਨ ਜੀ ਅੰਗਰੇਜੀ ਗਰਾਮਰ ਦਾ ਹਵਾਲਾ ਦੇ ਰਹੇ ਹਨ, ਕਿੰਨੀ ਅਜੀਬ ਗੱਲ ਹੈ)
‘ਰਾਖੁ’ ਸ਼ਬਦ (‘ਅਰਜੋਈ’ ਦੇ ਭਾਵ, ਇੱਕ ਵਚਨ) ਪਰਮਾਤਮਾ ਨੂੰ ਸੰਬੋਧਨ ਹੋ ਕੇ ਕਿਹਾ ਗਿਆ ਹੈ ਅਰਥਾਤ- “ਹੇ ਪ੍ਰਭੂ! …ਰੱਖ ਲੈ (ਰੱਖਿਆ ਕਰ)”।ਪਰ ਵਿਦਵਾਨ ਜੀ ਇਸ ਨੂੰ ਬਹੁਵਚਨ ਦੱਸ ਰਹੇ ਹਨ।
ਅੱਗੇ ਵਿਦਵਾਨ ਜੀ ਨੇ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਸਮੇਤ ਕੁਝ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਹਨ:-
1 “ਤਿਸ ਕੀ ਟੇਕ ਮਨੈ ਮਹਿ ਰਾਖੁ॥” ਹੇ ਭਾਈ! ਆਪਣੇ ਮਨ ਵਿੱਚ ਉਸ ਪਰਮਾਤਮਾ ਦਾ ਆਸਰਾ ਰੱਖ।(ਵਿਚਾਰ- ਜੇ ‘ਰਾਖੁ’ ਬਹੁ ਵਚਨ ਹੁੰਦਾ ਤਾਂ ਹੋਣਾ ਸੀ- ਹੇ ਭਾਈਓ! ਤੁਸੀਂ …. ਰੱਖ ਲਵੋ)
2 “ਗੁਰ ਕਾ ਸ਼ਬਦ ਰਾਖੁ ਮਨ ਮਾਹਿ॥” ਹੇ ਭਾਈ! ਜੇ ਉਸ ਭਗਵਾਨ ਦਾ ਆਸਰਾ ਮਨ ਵਿੱਚ ਪੱਕਾ ਕਰਨਾ ਹੈ ਤਾਂ ਗੁਰੂ ਦਾ ਸ਼ਬਦ ਮਨ ਵਿੱਚ ਟਿਕਾਈ ਰੱਖ।(ਵਿਚਾਰ- ਜੇ ‘ਰਾਖੁ’ ਬਹੁ ਵਚਨ ਹੁੰਦਾ ਤਾਂ ਹੋਣਾ ਸੀ ਹੇ ਭਾੲਓ! … ਟਿਕਾਈ ਰੱਖੋ)
3 “ਸਰਨਿ ਪਰੇ ਕੀ ਰਾਖੁ ਦਇਆਲਾ” ਹੇ ਦਇਆਲ! ਸਰਨ ਪਿਆਂ ਦੀ ਲਾਜ ਰੱਖ।(ਵਿਚਾਰ- ਜੇ ‘ਰਾਖੁ’ ਬਹੁ ਵਚਨ ਹੁੰਦਾ ਤਾਂ ਹੋਣਾ ਸੀ- ‘ਹੇ ਦਿਆਲੂਓ! …. ਲਾਜ ਰੱਖ ਲਵੋ)
4 ਅਬਿਨਾਸੀ ਪ੍ਰਭੁ ਮਨ ਮਹਿ ਰਾਖੁ॥” ਹੇ ਭਾਈ! ਆਪਣੇ ਮਨ ਵਿੱਚ ਅਕਾਲ ਪੁਰਖ ਨੂੰ ਪ੍ਰੋ ਰੱਖ।(ਵਿਚਾਰ-ਜੇ ‘ਰਾਖੁ’ ਬਹੁ ਵਚਨ ਹੁੰਦਾ ਤਾਂ ਹੋਣਾ ਸੀ- ‘ਹੇ ਭਾਈਓ! …ਪ੍ਰੋ ਰੱਖੋ)
ਇਹ ਉਦਾਹਰਣਾਂ ਪੇਸ਼ ਕਰਕੇ ਵਿਦਵਾਨ ਜੀ ਲਿਖਦੇ ਹਨ- “ਉੱਪਰ ਦਿੱਤੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਪ੍ਰੋ: ਸਾਹਿਬ ਨੇ ਆਪਣੇ ਕੀਤੇ ਅਰਥਾਂ ਵਿੱਚ ਕਿਰਿਆ “ਰਾਖੁ” ਨੂੰ ਬਹੁ ਵਚਨ ਹੀ ਮੰਨਿਆ ਹੈ।
ਉੱਪਰ ਦਿੱਤੇ ਅਰਥਾਂ ਵਿੱਚ ਪ੍ਰੋ: ਸਾਹਿਬ ਸਿੰਘ ਵੱਲੋਂ “ਭਾਈ” ਇਕੱਠ ਵਾਚਕ ਨਾਂਵ ਵਜੋਂ ਵਰਤਿਆ ਗਿਆ ਹੈ”।ਆਪਣੀ ਇਸ ਵਿਆਕਰਣ-ਸਮਝ ਦੇ ਆਧਾਰ ਤੇ ਵਿਦਵਾਨ ਜੀ ਪ੍ਰੋ: ਸਾਹਿਬ ਸਿੰਘ ਜੀ ਦੀ ਮਿਹਨਤ ਤੇ ਪੋਚਾ ਫੇਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਤਰ੍ਹਾਂ ਦੀਆਂ ਗੱਲਾਂ ਤੋਂ ਵਿਦਵਾਨ ਜੀ ਦੀ ਵਿਆਕਰਣ ਸਮਝ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।ਲੱਗਦਾ ਹੈ ਵਿਦਵਾਨ ਜੀ ਨੂੰ “ਭਾਈ (ਇਕ ਵਚਨ)” ਅਤੇ “ਭਾਈਓ (ਬਹੁ ਵਚਨ)” ਦਾ ਫਰਕ ਵੀ ਨਹੀਂ ਪਤਾ।ਇਸ ਸੰਬੰਧੀ ਗੁਰਬਾਣੀ ਵਿੱਚੋਂ ਕੁੱਝ ਹਵਾਲੇ ਪੇਸ਼ ਹਨ:-
ਸੰਤ ਜਨਹੁ ਸੁਣਿ ‘ਭਾਈਹੋ’ ਛੂਟਨੁ ਸਾਚੈ ਨਾਇ॥” (ਪੰਨਾ 53)
ਤੁਸੀ ਭੋਗਹੁ ਭੁੰਚਹੁ ‘ਭਾਈਹੋ’॥ਗੁਰਿ ਦੀਬਾਣਿ ਕਵਾਣਿ ਕਵਾਇ ਪੈਨਾਈਓ॥” (ਪੰਨਾ 73)
ਸਾਹਿਬੁ ਸਿਮਰਹੁ ਮੇਰੇ ‘ਭਾਈਹੋ’ ਸਭਨਾ ਏਹੁ ਪਇਆਣਾ॥” (ਪੰਨਾ 579)
ਵਿਦਵਾਨ ਜੀ ਉੱਪਰਲੀਆਂ ਉਦਾਹਰਣਾਂ ਵਿੱਚ ਭਾਈ (ਇੱਕ ਵਚਨ) ਅਤੇ ਭਾਈਹੋ (ਬਹੁ ਵਚਨ) ਦਾ ਫਰਕ ਦੇਖ ਲੈਣ।
ਕਾਢਿ ਕੁਠਾਰੁ ਖਸਮਿ ਸਿਰੁ ‘ਕਾਟਿਆ’ ਖਿਨ ਮਹਿ ‘ਹੋਇ ਗਇਆ’ ਹੈ ਖਾਕ॥
ਮੰਦਾ ਚਿਤਵਤ ਚਿਤਵਤ ‘ਪਚਿਆ’ ਜਿਨਿ ਰਚਿਆ ਤਿਨਿ ‘ਦੀਨਾ’ ਧਾਕੁ
॥1॥”
ਅਰਥ (ਵਿਦਵਾਨ ਜੀ)- ਇਸ ਮਨੋਵਿਰਤੀ ਦੇ ਵੇਗ’ਚ ਰੁੜਿਆ ਮਨੁੱਖ ਆਪਣੀ ਕਰਨੀ ਦਾ ਫਲ਼ ਭੁਗਤਦਾ ਹੋਇਆ ਆਪਣੀ ਬਿਬੇਕ ਬੁਧ ਗੁਆ ਬਹਿੰਦਾ ਹੈ।ਭਾਵ ਅਕਾਲ ਪੁਰਖ ਦੇ ਅਟੱਲ ਹੁਕਮ ਦੇ ਕੁਹਾੜੇ ਨਾਲ ਉਸਦਾ ਸਿਰ ਕੱਟਿਆ ਜਾਂਦਾ ਹੈ।ਮਤਲਬ ਉਸ ਦੀ ਬੁੱਧੀ ਮਲੀਨ ਹੋ ਜਾਂਦੀ ਹੈ।ਉਹ ਬਿਬੇਕ-ਹੀਣ ਹੋ ਜਾਂਦਾ ਹੈ।ਉਹ ਇੱਕ ਤਰ੍ਹਾਂ ਨਾਲ ਮਿੱਟੀ’ਚ ਰੁਲ ਜਾਂਦਾ ਹੈ।ਆਪਣਾ ਸਭ ਕੁਝ ਗੁਆ ਬੈਠਦਾ ਹੈ।ਇਸ ਔਝੜ ਰਾਹ ਤੇ ਤੁਰਦਾ ਤੁਰਦਾ ਉਹ ਜਿਸ ਅਕਾਲ ਪੁਰਖ ਨੇ ਉਸ ਨੂੰ ਹੋਂਦ ਬਖਸ਼ੀ ਹੈ ਉਸੇ ਤੋਂ ਹੀ ਬਹੁਤ ਦੂਰ ਹੋ ਜਾਂਦਾ ਹੈ। ਨਤੀਜਤਨ ਅਕਾਲ ਪੁਰਖ ਦਾ ਅਟੱਲ ਹੁਕਮ ਉਸ ਨੂੰ ਅਕਾਲ ਪੁਰਖ ਦੇ ਦਰ ਤੋਂ ਪਰਾਂ ਧੱਕ ਦੇਂਦਾ ਹੈ।
ਵਿਚਾਰ:- ‘ਦੀਨਾ ਧਾਕ’ (ਭੁਤ ਕਾਲ) ਦੇ ਅਰਥ ‘ਧੱਕ ਦਿੰਦਾ ਹੈ’ ਵਰਤਮਾਨ ਕਾਲ ਵਿੱਚ ਕਰ ਰਹੇ ਹਨ(?)
ਕਿਉਂਕਿ ਵਿਦਵਾਨ ਜੀ ਅਰਦਾਸ ਦੇ ਸੰਕਲਪ ਨੂੰ ਨਹੀਂ ਮੰਨਦੇ (ਸਿਰਫ ਮੰਨਣ ਦਾ ਦਿਖਾਵਾ ਕਰਦੇ ਹਨ), ਇਸ ਲਈ ਤੁਕ ਵਿੱਚ ਜੋ ਭਾਵ ਹੈ ਕਿ ਸੁਲਹੀ ਦਾ ਕਹਿਰ ਭਰਿਆ ਹੱਥ ਕਿਸੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਪਲਾਂ ਵਿੱਚ ਸੁਲਹੀ ਮੌਤ ਦੇ ਮੂੰਹ ਵਿੱਚ ਜਾ ਪਿਆ।ਜਿਸ ਤੋਂ ਅਰਦਾਸ ਮਨਜ਼ੂਰ ਹੋਣ ਦਾ ਸੰਕੇਤ ਮਿਲਦਾ ਹੈ।ਪਰ ਵਿਦਵਾਨ ਜੀ ਨੂੰ ਇਹ ਗੱਲ ਮਨਜ਼ੂਰ ਨਹੀਂ।ਇਸ ਲਈ ਅਸਲੀ ਅਰਥਾਂ ਨੂੰ ਬਦਲਕੇ ਆਪਣੇ ਹੋਰ ਹੀ ਅਰਥ ਘੜ ਦਿੱਤੇ ਹਨ।
ਅਰਥਾਂ ਵਿੱਚ ‘ਕਾਢਿ ਕੁਠਾਰੁ’ ਦੇ ਅਰਥ / ਭਾਵਾਰਥ ਕਿਤੇ ਨਜ਼ਰ ਨਹੀਂ ਆ ਰਹੇ।
ਨੋਟ:- ਲੇਖ ਲੰਬਾ ਹੋਣ ਦੇ ਡਰੋਂ ਬਹੁਤ ਸਾਰੀਆਂ ਗੱਲਾਂ ਲਿਖਣੋਂ ਛੱਡ ਦਿੱਤੀਆਂ ਗਈਆਂ ਹਨ।ਵਿਦਵਾਨ ਜੀ ਨੇ ਸ਼ਬਦ ਦੀ ਵਿਆਖਿਆ ਦਾ ਆਪਣੇ ਕੋਲੋਂ ਹੀ ਏਨਾਂ ਲੰਮਾਂ ਚੌੜਾ ਤਾਣਾ-ਬਾਣਾ ਬੁਣ ਦਿੱਤਾ ਹੈ ਕਿ ਤੁਕ ਦੇ ਅਸਲੀ ਅਰਥ / ਭਾਵਾਰਥ ਕੀ ਕੀਤੇ ਗਏ ਹਨ, ਅਤੇ ਗੱਲ ਨੂੰ ਵਿਸਥਾਰ ਵਿੱਚ ਸਮਝਾਉਣ ਲਈ ਵਿਚਾਰ ਕਿਹੜੇ ਹਨ, ਇਹ ਪਤਾ ਲਗਾਉਣਾ ਹੀ ਮੁਸ਼ਕਿਲ ਹੈ।
ਵਿਦਵਾਨ ਜੀ ਨੇ ‘ਰਾਖੁ’ ਸ਼ਬਦ ਦੇ ਅਰਥ ਸਮਝਾਉਣ ਲਈ ਵਿਆਕਰਣ ਦਾ ਬੜਾ ਲੰਮਾ ਚੌੜਾ ਹਵਾਲਾ ਦਿੱਤਾ ਹੈ, ਪਰ ‘ਰਾਖੁ’ ਤੋਂ ਬਿਨਾ ਬਾਕੀ ਸਾਰੇ ਸ਼ਬਦ ਦੀ ਵਿਆਖਿਆ ਕਰਨ ਵੇਲੇ ਪਤਾ ਨਹੀਂ ਉਹਨਾਂ ਦੀ ਵਿਆਕਰਣ ਕਿੱਥੇ ਚਲੀ ਗਈ?
ਜਿਸ ਨੂੰ ਵਿਆਕਰਣ ਦਾ ‘ੳ, ਅ’ ਵੀ ਨਾ ਪਤਾ ਹੋਵੇ ਏਨੀ ਕੁ ਗੱਲ ਤਾਂ ਉਹ ਵੀ ਸਮਝ ਸਕਦਾ ਹੈ ਕਿ; ਕਾਟਿਆ, ਹੋਇ ਗਇਆ, ਪਚਿਆ, ਦੀਨਾ (ਦਿੱਤਾ) ਸਭ ਭੁਤਕਾਲ ਦੀਆਂ ਕਿਰਿਆਵਾਂ ਹਨ।ਪਰ ਕਿਉਂਕਿ ਵਿਦਵਾਨ ਜੀ ਇਹ ਗੱਲ ਮੰਨਣ ਤੋਂ ਆਕੀ ਹਨ ਕਿ ਪ੍ਰਭੂ ਜਿਸ ਤਰ੍ਹਾਂ ਚਾਹੁੰਦਾ ਹੈ ਉਸ ਤਰ੍ਹਾਂ ਦੀ ਵਿਧਿ ਰਚ ਦਿੰਦਾ ਹੈ, ਅਤੇ ਉਸ ਰਚੀ ਵਿਧਿ ਮੁਤਾਬਕ ਸੁਲਹੀ ਦੀ ਮੌਤ ਹੋਈ (ਭੁਤ ਕਾਲ ਦੀ ਕ੍ਰਿਆ), ਵਿਦਵਾਨ ਜੀ ਅਰਥ ਕਰ ਰਹੇ ਹਨ- ਗੁਆ ਬਹਿੰਦਾ ਹੈ, ਕੱਟਿਆ ਜਾਂਦਾ ਹੈ, ਬੁੱਧ ਮਲੀਨ ਹੋ ਜਾਂਦੀ ਹੈ, ਆਪਣੀ ਹੋਂਦ ਤੋਂ ਦੂਰ ਹੋ ਜਾਂਦਾ ਹੈ, ਅਕਾਲ ਪੁਰਖ ਪਰਾਂ ਧੱਕ ਦੇਂਦਾ ਹੈ ਸਭ ਵਰਤਮਾਨ ਕਾਲ ਦੀ ਕ੍ਰਿਆ।
ਇਸ ਤੇ ਵੀ ਤੁੱਰਾ ਇਹ ਕਿ ਵਿਦਵਾਨ ਜੀ ਮੁਤਾਬਕ, ਉਹਨਾਂ ਨੇ ਤਿੰਨ ਤਿੰਨ ਵਿਆਕਰਣਾਂ ਦੇ ਆਧਾਰ ਤੇ ਵਿਆਖਿਆ ਕੀਤੀ ਹੈ।
ਤੁਕ ਵਿੱਚ ਲਫਜ਼ ਹਨ- “ਸਿਰੁ ਕਾਟਿਆ ਖਿਨ ਮਹਿ”। ‘ਖਿਨ ਮਾਹਿ’ ਦਾ ਮਤਲਬ ਬਣਦਾ ਹੈ, ਪਲਾਂ ਵਿੱਚ ਹੀ।ਅਤੇ ਦੇਖਿਆ ਜਾਏ ਤਾਂ ਘਟੀਆ ਮਨੋਵਿਰਤੀ ਵਾਲਾ ਮਨੁੱਖ ਖਿਨ ਮਾਹਿ, ਅਰਥਾਤ ਪਲਾਂ ਵਿੱਚ ਹੀ ਬੁੱਧੀ ਨਹੀਂ ਗਵਾ ਬੈਠਦਾ।ਬਲਕਿ ‘ਘਟੀਆ ਮਨੋਵਿਰਤੀ’ ਨੂੰ ਹੀ ਘਟੀਆ ਬੁੱਧੀ ਕਿਹਾ ਜਾਂਦਾ ਹੈ।ਘਟੀਆ ਮਨੋਵਿਰਤੀ ਕਾਰਨ ਹੀ ਬੰਦਾ ਘਟੀਆ ਕੰਮ ਕਰਦਾ ਹੈ।‘ਖਿਨ ਮਾਹਿ’ ਦੇ ਅਰਥ ਇਸ ਲਈ ਨਹੀਂ ਕੀਤੇ ਗਏ ਕਿਉਂਕਿ ਵਿਦਵਾਨ ਜੀ ਮੰਨਣ ਤੋਂ ਇਨਕਾਰੀ ਹਨ ਕਿ ਪ੍ਰਭੂ ਅੱਗੇ ਅਰਦਾਸ ਕੀਤੇ ਜਾਣ ਤੇ ਅਰਦਾਸ ਵਾਲਾ ਵਾਕ ਪੂਰਣ ਹੋਇਆ ਅਤੇ ਸੁਲਹੀ ਪਲਾਂ ਵਿੱਚ ਮੌਤ ਦੀ ਆਗੋਸ਼ ਵਿੱਚ ਚਲਾ ਗਿਆ।

ਚੱਲਦਾ
ਜਸਬੀਰ ਸਿੰਘ ਵਿਰਦੀ              26-08-2015               

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.