ਭਾਈ ਨੂੰ ਜਵਾਈ ਨਾ ਬਣਾਉ
ਪਹਿਲਾ ਮੈ ਸਿਰਫ ਸੁਣਿਆ ਸੀ ਕੇ ਗੁਰੁ ਨਾਨਕ ਨੂੰ ਲੋਕਾਂ ਨੇ ਬਹੁਤ ਬੁਰਾ ਭਲਾ ਕਿਹਾ ਤੇ ਮੈ ਸੋਚਦਾ ਹੁੰਦਾ ਸੀ ਕੇ ਉਹ ਇਕ ਸਾਧੂ ਫੱਕਰ ਬੰਦਾ ਕਿਸੇ ਨੂੰ ਕੀ ਕਹਿੰਦਾ ਹੋਊ ਅੱਜ ਵੀ ਕੋਈ ਨਾ ਕੋਈ ਤਾਂ ਸਾਧੂ ਸਾਡੇ ਘਰਾਂ ਵਿਚ ਆਇਆ ਹੀ ਰਹਿੰਦਾ ਅਸੀ ਕਿਹੜਾ ਉਹਨੂੰ ਕੋਈ ਬੁਰਾ ਭਲਾ ਕਹਿੰਦੇ ਆ । ਜਿਹੜਾ ਉਸਨੂੰ ਕਿਸੇ ਭੂਤਨਾ ਬੇਤਾਲਾ ਕਹਿ ਦਿੱਤਾ ਪਰ ਸਾਇਦ ਉਦੋ ਮੈਨੂੰ ਇਸ ਗੱਲ ਦਾ ਇਲਮ ਨਹੀ ਸੀ ਕਿ ਗੁਰੂ ਨਾਨਕ ਕਿਸ ਸ਼ਖਸੀਅਤ ਦਾ ਨਾਮ ਸੀ। ਮਿਸ਼ਨਰੀ ਕਾਲਜ ਨੇ ਮੇਰੀ ਬਾਂਹ ਫੜੀ ਤੇ ਮੈਨੂੰ ਗੁਰਮਤ ਦੀ ਗੁੜਤੀ ਦੇ ਕੇ ਇਸ ਪਾਸੇ ਤੋਰ ਦਿੱਤਾ । ਇਸੇ ਤਰਾਂ ਪਤਾ ਲੱਗਾ ਕਿ ਮਹਾਨ ਕ੍ਰਾਂਤੀਕਾਰੀ ਗੁਰੂ ਅਰਜਨ ਸਾਹਿਬ ਕੌਣ ਹਨ ਇਹ ਤਾਂ ਉਹਨਾਂ ਦੀ ਬਾਣੀ ਤੋ ਹੀ ਜਾਣਿਆ ਜਾ ਸਕਦਾ ਹੈ । ਭਗਤ ਕਬੀਰ ਜੀ ਬਾਰੇ ਵੀ ਤਾਂ ਉਹਨਾਂ ਦੀ ਬਾਣੀ ਹੀ ਦੱਸ ਸਕਦੀ ਹੈ ਨਾ ।
ਸੱਚ ਨੂੰ ਮਾਰ ਕਿਦਾਂ ਪੈਂਦੀ ਹੈ, ਬਹਰੂਪੀਆਂ ਜਾਂ ਭੇਖੀ ਕਿਸਨੂੰ ਕਹਿੰਦੇ ਹਨ ।ਬੰਦਾ ਸੱਚਾਈ ਨੂੰ ਦਬਾਉਣ ਲਈ ਕਿਸ ਹੱਦ ਤੱਕ ਗਿਰ ਸਕਦਾ ਹੈ ।ਜਖਮਾਂ ਦੇ ਉੱਤੇ ਸੱਚ ਲੂਣ ਬਣ ਕੇ ਕਿਦਾਂ ਚੋਭ ਦਿੰਦਾ ਹੈ। ਇਸੇ ਤਰਾਂ ਇਕ ਸਰੀਰ ਤੇ ਹੰਢਾਈ ਹੋਈ ਇਕ ਘਟਨਾ ਦਾ ਜਿਕਰ ਮੈ ਆਪ ਜੀ ਨਾਲ ਅੱਜ ਸਾਂਝੀ ਕਰ ਕੇ ਦਿਲ ਦੇ ਭਾਰ ਨੂੰ ਹੌਲਾ ਕਰਨ ਦਾ ਯਤਨ ਕਰਨ ਲੱਗਾ ਹਾਂ।
ਗੁਰਮਤਿ ਦਾ ਪਚਾਰ ਕਰਦਿਆਂ ਨਾਗਪੁਰ (ਮਹਾਰਾਸ਼ਟਰ) ਵਿਖੇ ਮੈ ਉਪਰਾਲਾ ਕੀਤਾ ਕੇ ਗੁਰੁ ਸਾਹਿਬਾਨ ਦੇ ਜੀਵਨ ਬਾਰੇ ਅਤੇ ਜੋ ਸਾਨੂੰ ਗੁਰਬਾਣੀ ਉਪਦੇਸ਼ ਦਿੰਦੀ ਹੈ ਇਹ ਗੱਲ ਹਰ ਘਰ ਵਿਚ ਪਹੰਚੇ। ਅਤੇਜਿੰਨੀ ਕੁ ਗੁਰੂ ਨੇ ਤੌਫੀਕ ਬਖਸ਼ੀ ਉਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰਨੀ ਆਰੰਭ ਕੀਤੀ ।ਹੁਣ ਜਿੱਥੇ ਗੁਰਦੁਆਰੇ ਵਿਚਲੇ ਹੁੰਦੇ ਕਰਮ ਕਾਂਡ ਗੁਰਬਾਣੀ ਦੀ ਰੌਸਨੀ ਵਿਚ ਗੁਰਦੁਆਰਾ ਕਮੇਟੀ ਨੂੰ ਕਹਿ ਕੇ ਬੰਦ ਕਰਵਾਏ ਅਤੇ ਪੂਰੀ ਤਰਾਂ ਗੁਰੂ ਦਰ ਤੇ ਕੋਈ ਮਨਮਤੀ ਕੰਮ ਨਾ ਹੋਵੇ ਇਸ ਤੋ ਸੰਗਤ ਨੂੰ ਸੁਚੇਤ ਕੀਤਾ ਅਤੇ ਜਿੱਥੋ ਤੱਕ ਹੋ ਸਕਿਆ ਆਪ ਅੱਗੇ ਹੋ ਕੇ ਉਸ ਗੁਰਮਤਿ ਵਿਰੋਧੀ ਕੰਮ ਦੀ ਭਰਪੂਰ ਵਿਰੋਧਤਾ ਕੀਤੀ।
ਕਈ ਵਾਰ ਇਸ ਦੁਨੀਆਂ ਦੇ ਕੁਝ ਉਹ ਬੰਦਿਆਂ ਨਾਲ ਵਾਹ ਵੀ ਪਿਆਂ ਜਿਹੜੇ ਹਰਾਮ ਦੀ ਕਮਾਈ ਜੇਬ ਵਿਚ ਪਾ ਕੇ ਹੱਕ ਹਲਾਲ ਦੀਆਂ ਦੁਕਾਨਾਂ ਦਾ ਰਾਹ ਪੁੱਛ ਰਹੇ ਨੇ ,ਜਿੰਨਾ ਪੈਸਿਆ ਨਾਲ ਰੱਬ ਆਪਣੇ ਘਰ ਦੀ ਰਖੇਲ ਬਣਾ ਰੱਖਿਆ ਹੈ।
ਕਈਆਂ ਨੇ ਪੂਰਾ ਅਹਿਸਾਸ ਦਿਵਉਣ ਦਾ ਜਤਨ ਕੀਤਾ ਕੇ ਤੈਨੂੰ ਤਨਖਾਹ ਮਿਲ ਰਹੀ ਹੈ ਚੁੱਪ ਕਰਕੇ ਜਿਦਾਂ ਲੋਕ ਕਹਿੰਦੇ ਨੇ ਉਸ ਤਰਾਂ ਕਰੀ ਜਾ ਤੇ ਆਪਣਾ ਟਾਇਮ ਪਾਸ ਕਰ ।ਆਪਣੀ ਗੁਰਮਤਿ ਐਵੇ ਹਰ ਥਾਂ ਨਾ ਚੁੱਕੀ ਫਿਰ ।ਕਮਾਈ ਕਰ ਲਾ ਤੇਰੀ ਕਿਹੜੀ ਬੁਢੇਪਾ ਪੈਨਸਨ ਲੱਗ ਜਾਣੀ ।ਤੇਰੇ ਖੂਨ ਦੀ ਆ ਤਾਸੀਰ ਜਿਹੜੀ ਹੁਣ ਕੁਝ ਜਿਆਦਾ ਹੀ ਗਰਮ ਹੈ ਇਸ ਨੂੰ ਠੰਢੀ ਹੁੰਦਿਆਂ ।ਕੋਈ ਬਹੁਤਾ ਚਿਰ ਨਹੀ ਲੱਗਣਾ। ਤੇਰੀ ਜਵਾਨੀ ਦੇ ਨਾਲ ਨਾਲ ਤੇਰਾ ਬੁਢੇਪਾ ਵੀ ਰੁਲ ਜਾਊ ।
ਇਕ ਦਿਨ ਕੀ ਹੋਇਆ ਕੇ ਗੁਰਦੁਆਰੇ ਦੀ ਨਿੱਤ ਦੀ ਦਿੱਤੀ ਜਾਂਦੀ ਅਰਦਾਸ ਦੀ ਲਿਸਟ ਜਿਸ ਵਿਚ ਇਹਨੀ ਸਖਤ ਹਦਾਇਤ ਗ੍ਰੰਥੀ ਨੂੰ ਸੀ ਕੇ ਇਸ ਵਿਚਲਾ ਇਕ ਵੀ ਨਾਮ ਛੱਡਣਾ ਨਹੀ । ਨਾਮ ਭੁੱਲ ਗਏ ਤਾਂ ਗ੍ਰੰਥੀ ਦੀ ਪੇਸ਼ੀ ।ਉਸ ਲਿਸਟ ਵਿਚ ਇਕ ਨਾਮ ਸੀ ਲਾਲਾ ਦੌਲਤ ਰਾਮ ਦਾ ਜਿਸ ਦਾ ਨਾਮ ਸਭ ਤੋ ਪਹਿਲਾਂ ਬੋਲਿਆ ਜਾਂਦਾ ਸੀ ਭਾਵੇ ਕਿ ਉਹ ਕਾਫੀ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਪਰ ਗੁਰਦੁਆਰੇ ਨੂੰ ਥੋੜੀ ਜਮੀਨ ਦਿੱਤੀ ਹੋਣ ਕਰਕੇ ਉਹਨਾਂ ਦਾ ਨਾ ਬੋਲਣਾ ਲਾਜਮੀ ਸੀ ।
ਗੁਰਮਿਤ ਵਿਚਾਰਾਂ ਦੀ ਸਾਂਝ ਹਰ ਰੋਜ ਸੰਗਤ ਨਾਲ ਹੁੰਦੀ ਸੀ, ਅਤੇ ਇਕ ਦਿਨ ਮੈ ਦੀਵਾਨ ਦੀ ਸਮਾਪਤੀ ਤੇ ਅਰਦਾਸ ਤੋ ਪਹਿਲਾਂ ਟੋਡਰ ਮੱਲ ਦਾ ਜਿਕਰ ਕੀਤਾ ਕੇ ਅਸੀ ਉਸ ਮਹਾਨ ਸ਼ਖਸੀਅਤ ਦਾ ਬਹੁਤ ਸਤਿਕਾਰ ਕਰਦੇ ਹਾਂ ਜਿਸਨੇ ਸਾਹਿਬਜਾਦਿਆਂ ਦੇ ਸਸਕਾਰ ਲਈ ਜਗ੍ਹਾ ਦਿੱਤੀ ਤੇ ਅੱਜ ਵੀ ਸਾਇਦ ਉਸ ਜਮੀਨ ਨਾਲੋ ਮਹਿੰਗੀ ਜਮੀਨ ਹੋਰ ਕੋਈ ਨਹੀ ਪਰ ਕਿਧਰੇ ਵੀ ਕਿਸੇ ਵੀ ਗੁਰਦੁਆਰੇ ਵਿਚ ਉਸ ਦਾ ਨਾਮ ਲੈ ਕੇ ਅਰਦਾਸ ਨਹੀ ਕੀਤੀ ਜਾਂਦੀ ਅਸੀ ਉਸ ਦਾ ਸਤਿਕਾਰ ਕਰਦੇ ਹਾਂ ।ਨਾਲ ਹੀ ਮੈ ਅਕਬਰ ਬਾਰੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਗੱਲ ਕੀਤੀ ਕੇ ਮਹਾਰਾਜੇ ਨੇ ਵੀ ਮਸਜਿਦਾਂ ਮੰਦਰਾਂ ਅਤੇ ਗੁਰਦੁਆਰਿਆਂ ਨਾਲ ਜਮੀਨਾਂ ਲਵਾਈਆਂ ਪਰ ਅਰਦਾਸ ਵਿਚ ਨਾਮ ਉਹਨਾਂ ਦਾ ਵੀ ਨਹੀ ਲਿਆ ਜਾਂਦਾ ਤੇ ਅਸੀ ਅਰਦਾਸਾਂ ਦੀਆਂ ਲਿਸਟਾਂ ਚੁੱਕ ਕੇ ਹੰਕਾਰ ਨੂੰ ਪੱਠੇ ਕਿੳੇ ਪਾ ਰਹੇ ਹਾਂ । ਮੇਰੀਆਂ ਇਹਨਾਂ ਗੱਲਾ ਤੋ ਬਾਅਦ ਉਹ ਅਰਦਾਸਾਂ ਦੀ ਲਿਸਟ ਤਾਂ ਮਤਾ ਪਾ ਕੇ ਕਮੇਟੀ ਨੇ ਬੰਦ ਕਰ ਦਿੱਤੀ ਪਰ ਮੈ ਝੂਠ ਦੇ ਹਮਾਇਤੀਆਂ ਦੀ ਹਿਟ ਲਿਸਟ ਤੇ ਆ ਗਿਆ ।
ਕਥਾ ਚਾਹੇ ਉਹ ਨਿੱਤ ਦੀ ਹੁੰਦੀ ਜਾਂ ਹਫਤਾਵਾਰੀ ਕੋਈ ਨਾ ਕੋਈ ਪੁਆਂਇਟ ਲੱਭ ਕੇ ਕੁਝ ਕੁ ਲੋਕਾਂ ਵੱਲੋ ਵਿਰੋਧਤਾ ਕਾਇਮ ਰਹਿੰਦੀ ।ਬਥੇਰੀਆਂ ਦਲੀਲਾਂ ਗੁਰਬਾਣੀ ਚੋ ਦਿੱਤੀਆਂ ਜਾਂਦੀਆਂ ਕਈਆਂ ਦੀ ਹਾਲਤ“ ਮੈ ਨਾ ਮਾਨੂੰ” ਵਾਲੀ ਸੀ।
ਇਸੇ ਤਰ੍ਹਾਂ ਬੇਲੋੜੀਆਂ ਗੱਲਾ ਤੇ ਵਿਵਾਦ ਕਈ ਗੁਰਮਤਿ ਤੋ ਸੱਖਣੇ ਵਿਅਕਤੀ ਕਰ ਲੈਂਦੇ । ਜਾਂ ਕਈ ਇਦਾਂ ਵੀ ਸਮਝਾਉਦੇ ਤੈਨੂੰ ਕੀ ਲੋੜ ਆ ਜੇ ਕਿਸੇ ਸਿੱਖ ਨੇ ਘਰ ਚ ਜਗਰਾਤਾ ਕਰਵਾ ਲਿਆ , ਵਰਤ ਰੱਖ ਲਿਆ , ਟਿੱਕਾ ਲਵਾ ਲਿਆ , ਸ਼ਨੀ ਪੂਜ ਲਿਆ ਜਾਂ ਕਿਧਰੇ ਕੌਕਟੇਲ ) (cocktailਪਾਰਟੀਆਂ ਵਿਚ ਬੈਲੀ ਡਾਂਸ ਕਰਵਾ ਲਿਆ ਜਾਂ ਜੇ ਬੀਬੀਆਂ ਬਿਊਟੀ ਪਾਰਲਰ ਜਾਂਦੀਆਂ ਤਾਂ ਤੈਨੂੰ ਕੀ.. ਤੂੰ ਬਾਣੀ ਦੇ ਅਰਥ ਕਰੀ ਜਾ ।
ਹੁਣ ਦੱਸੋ ਕੀ ਆਹ ਸਭ ਕੁਝ ਜੋ ਅਸੀ ਕਰ ਰਹੇਂ ਹਾਂ ਕੀ ਇਹ ਸਭ ਗੁਰਮਤਿ ਸਾਨੂੰ ਕਰਨ ਲਈ ਆਖਦੀ ਹੈ..?
ਖੈਰ ਮੈ ਸਮਝਿਆ ਸਾਇਦ ਇਹ ਲੋਕ ਸਮਝਦੇ ਹੋਣਗੇ ਕੇ ਇਹ ਭਾਈ ਆਪਣੇ ਕੋਲੋ ਸਾਰੀਆਂ ਗੱਲਾ ਕਰੀ ਜਾ ਰਿਹਾ ਹੈ । ਇਸ ਲਈ ਐਤਵਾਰ ਹਫਤਾਵਾਰੀ ਦੀਵਾਨ ਵਿਚ ਪ੍ਰੋਜੈਕਟਰ ਲਾ ਕੇ ਸਾਹਮਣੇ ਸਕਰੀਨ ਤੇ ਵਿਚਾਰ ਅਧੀਨ ਸ਼ਬਦ ਰੱਖ ਕੇ ਅਰਥ ਕੀਤੇ ਜਾਣ ਅਤੇ ਨਾਲ ਨਾਲ ਸੰਗਤ ਨੂੰ ਪੜਾਏ ਜਾਣ ਸਾਇਦ ਮੇਰੀ ਕੌਮ ਨੂੰ ਕੁਝ ਸਮਝ ਲੱਗ ਜਾਵੇ । ਸਬਦ ਸਨ-
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥
ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥
ਅਤੇ
ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥
ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥
ਪਹਿਲਾਂ ਰੌਲਾ ਇਹ ਪਿਆ ਕੇ ਗੁਰੂ ਹਜੂਰੀ ਵਿਚ ਪ੍ਰੋਜੈਕਟਰ ਕਿਉ ਲਾਇਆ ਅੱਗੇ ਤੋ ਪ੍ਰੋਜੈਕਟਰ ਨਹੀ ਲਾਇਆ ਜਾਵੇਗਾ ਇਹ ਮਨਮਤ ਹੈ । ਹੁਣ ਤੁਸੀ ਆਪ ਅੰਦਾਜਾ ਲਗਾ ਸਕਦੇ ਹੋ ਕਿ ਸਾਡੇ ਅਖੌਤੀ ਸਿੱਖਾਂ ਦੀ ਸੋਚ ਦਾ ਦਿਵਾਲਾ ਕਿਵੇ ਨਿਕਲਿਆ ਪਿਆ ਹੈ ਜਿੰਨਾਂ ਨੂੰ ਸਕਰੀਨ ਤੇ ਸ਼ਬਦ ਡਿਸਪਲੇਅ ਕਰਨਾ ਤਾਂ ਮਨਮਤ ਲੱਗਦਾ ਹੈ ਪਰ ਜੋ ਕਰਮਕਾਂਡ ਪਾਖੰਡ ,ਹਨ ਉਹ ਗੁਰਮਤਿ ਲੱਗਦੀ ਹੈ ।
ਅਜੇ ਉਹ ਪ੍ਰਜੈਕਟਰ ਨਾ ਲਉਣ ਬਾਰੇ ਸਮਝਾ ਹੀ ਰਿਹਾ ਸੀ ਕੇ ਇਹਨੇ ਨੂੰ ਮਨਮਤੀ ਲੋਕ ਜਿੰਨਾ ਦੇ ਅੰਦਰ ਮਨਮਤ ਦੀ ਜੁਆਲਾ ਮੇਰੇ ਖਿਲਾਫ ਬੋਲਣ ਲਈ ਭੜਕ ਰਹੀ ਸੀ । ਉਹ ਬਾਹਰ ਆਈ ਤੇ ਪੈਸੇ ਦੇ ਹੰਕਾਰ ਰਾਹੀ ਹੁੰਦੀ ਹੋਈ ਮੇਰੇ ਮੂੰਹ ਤੇ ਵੱਜੀ ।
ਇਕ ਕਹਿੰਦਾ ਤੂੰ ਸਟੇਜ ਤੇ ਬੋਲ ਰਿਹਾ ਗੁਰੂ ਗ੍ਰੰਥ ਸਾਹਿਬ ਇਹ ਗੱਲ ਕਹਿੰਦਾ ਵਰਤ ਨਹੀ ਰੱਖਣੇ ।ਗੁਰੂ ਗ੍ਰੰਥ ਤਾਂ ਕਈ ਕੁਝ ਕਹਿੰਦਾ ....। ਤੂੰ ਧਰਮਾਂ ਦੇ ਖਿਲਾਫ ਬੋਲਦਾ ਜਨਮ ਆਸ਼ਟਮੀ ਬਾਰੇ ਬੋਲੀ ਜਾ ਰਿਹਾ ਹੈ ।
ਸਾਡੀਆਂ ਤਾਂ ਦੂਜੇ ਧਰਮਾਂ ਵਿਚ ਰਿਸ਼ਤੇਦਾਰੀਆਂ ਨੇ ਤੂੰ ਕੌਣ ਹੁੰਨਾ ਇਹਨੀ ਗੱਲ ਕਹਿਣ ਵਾਲਾ ਕੇ ਵਰਤ ਨਹੀ ਰੱਖਣੇ , ਮੂਰਤੀਆਂ ਨਹੀ ਪੂਜਣੀਆਂ ਜਾਂ ਜਗਰਾਤੇ ਨਹੀ ਕਰਵਾਉਣੇ । ਮੈ ਬਥੇਰਾਂ ਕਿਹਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ । ਅਸੀ ਵੀ ਤਾਂ ਸਾਰਿਆ ਨੂੰ ਆਪਣੇ ਭਰਾ ਮੰਨਦੇ ਹਾਂ ਚਾਹੇ ਕੋਈ ਕਿਸੇ ਮੱਤ ਨਾਲ ਵੀ ਸੰਬੰਧਤ ਹੋਵੇ ਪਰ ਜੋ ਅਸਲੀਅਤ ਹੈ ਅਸੀ ਉਸ ਤੋ ਤਾਂ ਮੁਨਕਰ ਨਹੀ ਹੋ ਸਕਦੇ । ਜੋ ਗਲਤ ਹੈ ਉਸ ਨੂੰ ਤਾਂ ਅਸੀ ਠੀਕ ਕਿਸੇ ਹਾਲਾਤ ਵਿਚ ਨਹੀ ਕਹਿ ਸਕਦੇ ਪਰ ਕੌਣ ਸੁਣੇ ਮੇਰੀ ਅਤੇ ਮੇਰੇ ਗੁਰੂ ਦੀ ਗੱਲ ਬੱਸ ਭਾਈ ਤੂੰ ਗਲਤ ਹੈ ਤੇ ਨਿੰਦਕ ਹੈ ਤੂੰ ਨਵਾਂ ਈ ਆਇਆਂ ਅੱਗੇ ਵੀ ਤਾ ਕਥਾਵਾਚਕ ਭਾਈ ਹੈ ਗੇ ਸੀ ।
ਕਮੇਟੀ ਨੇ ਮਨਮਤ ਦੂਰ ਕਰਨ ਵਿਚ ਮੇਰੀਆਂ ਕਈਆਂ ਗੱਲਾਂ ਮੰਨੀਆਂ ਵੀ ਸਨ ਇਸ ਲਈ ਬਾਹਰੋ ਇਕ ਨੇ ਆਵਾਜ ਦਿੱਤੀ ਤੇ ਕਿਹਾ “ ਇਸ ਭਾਈ ਨੂੰ ਭਾਈ ਬਣਾ ਕੇ ਰੱਖੋ ਜਵਾਈ ਨਾ ਬਣਾਓ”। ਮਤਲਬ ਕੇ ਹਰ ਗੱਲ ਤਾਂ ਜਵਾਈ ਦੀ ਮੰਨੀ ਜਾਂਦੀ ਹੈ ਭਾਈ ਤਾਂ ਲੋਕਾਂ ਦੇ ਨੌਕਰ ਹੁੰਦੇ ਨੇ..।
ਸੱਚ ਵੀ ਕਿਹੋ ਜਿਹਾ ਹੈ ਸਹਾਰਿਆਂ ਨਹੀ ਜਾਂਦਾ ਉਹ ਵੀ ਉਸ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦਾ ਜਿਸਦੇ ਪਤਾ ਨਹੀ ਕਿਤਨੇ ਆਖੰਡ ਪਾਠ ਅਤੇ ਲੜੀਆਂ ਅਸੀ ਚਲਾ ਲਈਆਂ ।
ਮੈ ਸਿਜਦਾ ਕਰਦਾ ਗੁਰੂ ਨਾਨਕ ਸਾਹਿਬ ਮੇਰੇ ਬਾਬਾ ਤੂੰ ਤਾਂ ਜਗਨ ਨਾਥ ਪੁਰੀ , ਹਰਿਦੁਆਰ ਅਤੇ ਮੱਕੇ ਜਾਂ ਕੇ ਵੀ ਸੱਚ ਦਾ ਹੋਕਾ ਦੇ ਆਇਆ ਜਿੱਥੇ ਕੋਈ ਵੀ ਤੇਰੀ ਸੋਚ ਵਾਲਾ ਨਹੀ ਸੀ ਸਾਰੇ ਹੀ ਹੋਰ ਮੱਤਾਂ ਵਾਲੇ ਇਨਸਾਨ ਸਨ । ਪਰ ਬਾਬਾ ਵੇਖ ਅੱਜ ਅਸੀ ਤੁਹਾਡੇ ਅਸਥਾਨ ਤੇ ਹੀ ਆਪ ਜੀ ਦੁਆਰਾ ਬਖਸੇ ਹੋਏ ਸੱਚ ਨੂੰ ਨਹੀ ਬੋਲ ਸਕਦੇ।
ਕਥਾਵਾਚਕ -ਭਾਈ ਗੁਰਸ਼ਰਨ ਸਿੰਘ ਚੀਮਾਂ (ਨਾਗਪੁਰ)
(09762476295)