ਇਕ ਆਪ ਬੀਤੀ , ਇਕ ਪੰਥ ਨਾਲ ਬੀਤਣ ਵਾਲੀ !
ਬੜੀ ਪੁਰਾਣੀ ਗੱਲ ਹੈ, ਉਸ ਵੇਲੇ ਤਰਾਈ (ਪਹਿਲਾਂ ਉਤ੍ਰ-ਪਰਦੇਸ਼, ਹੁਣ ਉਤ੍ਰਾਖੰਡ) ਦੇ ਸਿੱਖਾਂ ਦਾ ਉਹ ਟੌਹਰ ਨਹੀਂ ਸੀ, ਜੋ ਹੁਣ ਹੈ । ਸਿੱਖਾਂ ਨੂੰ ਰੋਜ਼ੀ-ਰੋਟੀ ਲਈ ਬਹੁਤ ਮਿਹਨਤ ਕਰਨੀ ਪੈਂਦੀ ਸੀ, ਇਸ ਲਈ ਗਰਾਮ-ਸਭਾ ਦੀਆਂ ਚੋਣਾਂ ਵਿਚ ਕਿਸੇ ਨੂੰ ਕੋਈ ਰੁਚੀ ਨਹੀਂ ਹੁੰਦੀ ਸੀ , ਕਿਸੇ ਵੀ ਸਰਦੇ-ਪੁਜਦੇ ਨੂੰ ਫੜ ਕੇ ਪਰਧਾਨ ਬਣਾ ਲਿਆ ਜਾਂਦਾ ਸੀ। ਏਸੇ ਦੌਰ ਵਿਚ ਇਕ ਵੀਰ ਨੂੰ ਗਰਾਮ-ਪਰਧਾਨ ਬਣਾ ਲਿਆ । ਉਸ ਨੇ ਪਿੰਡ ਵਿਚ ਇਕ ਤਲਾਬ ਬਨਾਉਣ ਦਾ ਪ੍ਰਸਤਾਵ ਸਰਕਾਰ ਨੂੰ ਘੱਲਿਆ, ਤਾਂ ਜੋ ਪਿੰਡ ਦੇ ਡੰਗਰਾਂ ਆਦਿ ਲਈ ਪਾਣੀ ਦੀ ਕਿੱਲਤ ਨੂ ਦੂਰ ਕੀਤਾ ਜਾ ਸਕੇ। ਪ੍ਰਸਤਾਵ ਮਨਜ਼ੂਰ ਹੋ ਗਿਆ ਅਤੇ ਇਕ ਲੱਖ ਦੇ ਖਰਚੇ ਨਾਲ ਪਿੰਡ ਵਿਚ ਤਾਲਾਬ ਬਣ ਗਿਆ ।
ਸਮਾ ਬਦਲਿਆ, ਪੰਜ ਸਾਲ ਮਗਰੋਂ ਦੂਸਰਾ ਪਰਧਾਨ ਬਣ ਗਿਆ। ਜਦ ਉਸ ਨੇ ਗਰਾਮ-ਸਭਾ ਦੇ ਕਾਗਜ਼ ਫੋਲੇ ਤਾਂ ਪਿੰਡ ਵਿਚ ਇਕ ਤਾਲਾਬ ਹੋਣ ਤੇ ਉਹ ਬੜਾ ਹੈਰਾਨ ਹੋਇਆ ਕਿਉਂਕਿ ਪਿੰਡ ਵਿਚ ਤਾਂ ਕੋਈ ਤਾਲਾਬ ਹੈ ਹੀ ਨਹੀਂ ਸੀ । ਉਸ ਨੇ ਇਸ ਬਾਰੇ ਪੁਰਾਣੇ ਪਰਧਾਨ ਨੂੰ ਪੁੱਛਿਆ ।
ਪੁਰਾਣੇ ਪਰਧਾਨ ਨੇ ਜਵਾਬ ਦਿੱਤਾ “ ਯਾਰ ਇਹ ਤਾਂ ਬਨਾਉਣਾ ਸੀ ਪਰ ਵੇਹਲ ਹੀ ਨਹੀਂ ਲੱਗਾ ”
ਨਵਾਂ ਪਰਧਾਨ. “ ਤੇ ਪੈਸੇ ? ”
ਪੁਰਾਣਾ ਪਰਧਾਨ, " ਉਹ ਤਾਂ ਯਾਰ ਖਰਚ ਹੋ ਗਏ "
ਨਵਾਂ ਪਰਧਾਨ, “ ਜੇ ਚੈਕਿੰਗ ਹੋ ਗਈ ਤਾਂ ਮੈਂ ਕੀ ਜਵਾਬ ਦਵਾਂਗਾ ?
ਪੁਰਾਣਾ ਪਰਧਾਨ, “ ਯਾਰ ਇਹ ਕੇਹੜਾ ਔਖਾ ਕੰਮ ਹੈ ? ਹੁਣ ਤੂੰ ਇਕ ਪਰਸਤਾਵ ਬਣਾ ਕੇ ਭੇਜ ਦੇਹ ਕਿ, ਪਿੰਡ ਵਿਚਲਾ ਤਾਲਾਬ ਪੱਛਰਾਂ ਦਾ ਘਰ ਬਣ ਗਿਆ ਹੈ, ਕਿਸੇ ਵੇਲੇ ਵੀ ਬਿਮਾਰੀ ਫੈਲ ਸਕਦੀ ਹੈ, ਇਸ ਨੂੰ ਪੂਰਨ ਦੀ ਆਗਿਆ ਦਿੱਤੀ ਜਾਵੇ "
ਤਾਲਾਬ ਪੂਰਨ ਦੀ ਇਜਾਜ਼ਤ ਮਿਲ ਗਈ, ਤਾਲਾਬ ਪੂਰਨ ਦਾ ਖਰਚਾ, ਇਕ ਲੱਖ ਰੁਪਏ, ਨਵੇਂ ਪਰਧਾਨ ਦੀ ਜੇਭ ਵਿਚ ਚਲੇ ਗਏ, ਇਵੇਂ ਕਿਸਾਨਾਂ ਦੇ ਵਿਕਾਸ ਤੇ ਲੱਗਣ ਵਾਲੇ ਦੋ ਲੱਖ ਰੁਪਏ, ਬਿਨਾ ਕਿਸੇ ਕਹੀ-ਬਾਟੇ ਨੂੰ ਹੱਥ ਲਾਇਆਂ, ਦੋ ਕਿਸਾਨਾਂ ਦੇ ਵਿਕਾਸ ਵਿਚ ਲੱਗ ਗਏ।
ਪਰ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲੇ ਅਜਿਹੇ ਨਹੀਂ ਹਨ ਕਿ ਬਿਨਾ ਕੁਝ ਕੀਤਿਆਂ ਹੀ, ਕੁਝ ਹਜ਼ਮ ਕਰ ਜਾਣ।
ਪਿਛਲੇ 68 ਸਾਲਾਂ ਵਿਚ (ਖਾਸ ਕਰ ਟੌਹੜਾ ਜੀ ਦੀ ਪਰਧਾਨਗੀ ਵੇਲੇ) ਦੋਵਾਂ ਨੇ ਮਿਲ-ਜੁਲ ਕੇ, ਸਾਰੇ ਇਤਿਹਾਸਿਕ ਗੁਰਦਵਾਰਿਆਂ ਦੀ ਪੁਰਾਣੀ ਦਿੱਖ ਖਤਮ ਕਰ ਕੇ, ਉਨ੍ਹਾਂ ਨੂੰ ਨਵਾਂ ਮਨ-ਮੋਹਕ ਰੂਪ ਦੇਣ ਲਈ, ਕਿਰਤੀ ਸਿੱਖਾਂ ਦੇ ਪੈਸੇ ਆਸਰੇ, ਮਕਰਾਣੇ ਦੇ ਮਾਰਬਲ ਅਤੇ ਸੋਨੇ ਨਾਲ ਉਨ੍ਹਾਂ ਨੂੰ ਖੂਬ ਸਜਾਇਆ-ਸੰਵਾਰਿਆ ਹੈ ।
(ਜਿਸ ਆਸਰੇ ਪਿਛਲੇ 68 ਸਾਲਾਂ ਦੌਰਾਨ ਕਿਰਤੀ ਸਿੱਖ ਗਰੀਬੀ ਦੀ ਕਗਾਰ ਤੇ ਪਹੁੰਚ ਗਏ ਹਨ ਅਤੇ ਗੁਰਦਵਾਰਿਆਂ ਨਾਲ ਸਬੰਧਤ ਕਾਰ ਸੇਵਾ ਵਾਲੇ, ਪਰਧਾਨ-ਸਕੱਤ੍ਰ ਆਦਿ ਪਰਬੰਧਕ, ਗੁਰਮਤ ਦੇ ਪਰਚਾਰ ਦੀ ਆੜ ਲੈ ਕੇ ਪਰਚਾਰਕ ਅਤੇ ਡੇਰੇਦਾਰ ਕਰੋੜਾਂਪਤੀ ਨਹੀਂ ਬਲਕਿ ਅਰਬਾਂਪਤੀ ਬਣ ਗਏ ਹਨ )
ਹੁਣ ਸ਼੍ਰੋਮਣੀ ਕਮੇਟੀ ਨੇ ਇਕ ਨਵੇਂ ਪ੍ਰਸਤਾਵ ਅਧੀਨ, “ ਇਤਿਹਾਸਿਕ ਗੁਰਦਵਾਰਿਆਂ ਦੀ ਪੁਰਾਤਨ ਦਿੱਖ ਕਾਇਮ ਕਰਨ ਲਈ ” ਇਕ ਕਮੇਟੀ ਦਾ ਗਠਨ ਕੀਤਾ ਹੈ। ਜੋ ਉਨ੍ਹਾਂ ਕਾਰ-ਸੇਵਕਾਂ ਆਸਰੇ ਹੀ ਨਵੇਂ ਬਣੇ ‘ਮਨ-ਮੋਹਕ’ ਦਿੱਖ ਵਾਲੇ ਗੁਰਦਵਾਰਿਆਂ ਦੀ ਪੁਰਾਤਨ ਦਿੱਖ ਕਾਇਮ ਕਰੇਗੀ । ਹੁਣ ਇਸ ਦਿੱਖ ਬਦਲੀ ਦੀ ਆੜ ਵਿਚ 75 ਸਾਲ ਕਰੀਬ ਹੋਰ, ਕਿਰਤੀ ਸਿੱਖਾਂ ਦੀ ਫਿਰ ਜੇਭ ਖਾਲੀ ਕੀਤੀ ਜਾਵੇਗੀ ਅਤੇ ਗੁਰਦਵਾਰਿਆਂ ਨਾਲ ਸਬੰਧਤ ਲੋਕਾਂ ਦੇ ਢਿੱਡ ਘੜਿਆਂ ਤੋਂ ਚਾਟੀਆਂ ਵਰਗੇ ਹੋ ਜਾਣਗੇ ਅਤੇ ਗਰੀਬ ਦਾ ਢਿੱਡ ਲੱਭਣ ਲਈ ਡਾਟਰ ਨੂੰ ਮਿਹਨਤ ਕਰਨੀ ਪਿਆ ਕਰੇਗੀ।
ਕੀ ਅਜਿਹਾ ਸੰਭਵ ਨਹੀਂ ਕਿ ਸਿੱਖ ਚਿੰਤਕ ਸ਼੍ਰੋਮਣੀ ਕਮੇਟੀ ਦੇ ਇਸ ਪ੍ਰਸਤਾਵ ਨੂੰ ਕੁਝ ਸਮੇ ਲਈ ਰੋਕ ਕੇ ਕਿਰਤੀ ਸਿੱਖਾਂ ਨੂੰ ਥੋੜਾ ਆਰਾਮ ਕਰਨ ਦਾ ਮੌਕਾ ਦੇਣ ਅਤੇ ਪਹਿਲਾਂ ਸਿੱਖੀ ਨੂੰ ਬ੍ਰਾਹਮਣਵਾਦ ਦੇ ਜੂਲੇ ਥੱਲਿਉਂ ਆਜ਼ਾਦ ਕਰਵਾ ਲਿਆ ਜਾਵੇ, ਜਦ ਹਾਲਾਤ ਸੁਖਾਵੇਂ ਹੋ ਜਾਣ ਤਾਂ ਫਿਰ ਇਸ ਪੁਰਾਣੀ ਦਿੱਖ ਵਾਲੇ ਕੰਮ ਨੂੰ ਪੂਰਾ ਕਰ ਲਿਆ ਜਾਵੇ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੈ।
ਹਰ ਕੰਮ ਨੂੰ ਆਪਣੀ ਵਾਰੀ ਸਿਰ ਕਰਨਾ ਹੀ ਅਕਲਮੰਦੀ ਹੈ ।
ਅਮਰ ਜੀਤ ਸਿੰਘ ਚੰਦੀ
28-8-15