ਸਿੱਖ ਰਹਿਤ ਮਰਿਆਦਾ ਬਾਰੇ ਇਕ ਸਵਾਲ ਅਤੇ ਜਵਾਬ
ਘਟਨਾ ਸੱਚੀ ਹੈ!ਇਕ ਦਿਨ ਫ਼ੋਨ ਤੇ ਇਕ ਸੱਜਣ ਜੀ ਨੇ ਮੇਰੇ ਤੋਂ ਸਵਾਲ ਪੁੱਛ ਲਿਆ, 'ਕੀ ਸਿੱਖ ਰਹਿਤ ਮਰਿਆਦਾ ਵਿਚ ਬਦਲਾਉ ਨਹੀਂ ਹੋ ਸਕਦਾ ?'
ਮੇਰੇ ਲਈ ਇਹ ਸਵਾਲ ਮਹੱਤਵਪੁਰਣ ਸੀ ਅਤੇ ਮੈਂ ਇਸ ਦਾ ਜਵਾਬ ਦੇਣਾ ਚਾਹੁੰਦਾ ਸੀ। ਮੈਂ ਉਨ੍ਹਾਂ ਵਲੋਂ ਪੁੱਛੇ ਸਵਾਲ ਦਾ ਜਵਾਬ ਦੇ ਸਕਾਂ, ਇਸ ਲਈ ਮੈਂ ਉਨ੍ਹਾਂ ਨੂੰ ਸਵਾਲ ਕੀਤਾ, 'ਆਪ ਜੀ ਕਿਸ ਕਿਸਮ ਦੇ ਬਦਲਾਉ ਚਾਹੁੰਦੇ ਹੋ?'
'ਆਪ ਜੀ ਦਾ ਕੀ ਮਤਲਬ?' ਸੱਜਣ ਜੀ ਨੇ ਪੁੱਛ ਲਿਆ।
'ਵੀਰ ਜੀ ਜੇ ਕਰ ਆਪ ਜੀ ਦੇ ਜ਼ਹਿਨ ਵਿਚ ਦੋੜ ਰਹੇ ਬਦਲਾਉ ਦੀ ਸੀਮਾ ਗੁਰੂ ਸਾਹਿਬਾਨ ਦੀ ਗੁਰਤਾ, ਨਿਤਨੇਮ, ਅਰਦਾਸ, ਖੰਡੇ ਦੇ ਅੰਮ੍ਰਿਤ ਦੀ ਪ੍ਰਕ੍ਰਿਆਂ ਸਮੇਤ ਲਗਭੱਗ ਹਰ ਉਸ ਗਲ ਨੂੰ ਰੱਧ ਕਰਨ ਤਕ ਜਾਂਦੀ ਹੈ ਜੋ ਕਿ ਸਿੱਖੀ ਦੇ ਮੁੱਢਲੇ ਅਸੂਲਾਂ ਵਿਚ ਸ਼ਾਮਲ ਹੈ, ਤਾਂ ਆਪ ਜੀ ਦਾ ਸਵਾਲ ਹੀ ਬਦਨੀਯਤ ਹੈ' 'ਮੈਂ ਸੁਹਿਰਦਤਾ ਨਾਲ ਜਵਾਬ ਦਿੱਤਾ।
ਜ਼ਰਾ ਪਹਿਲਾਂ ਆਪਣੇ ਬਦਲਾਉ ਦਾ ਪਿਟਾਰਾ ਤਾਂ ਖੋਲੋ ?' ਮੈਂ ਪੁੱਛਿਆ। ਸੱਜਣ ਜੀ ਖ਼ਾਮੋਸ਼ ਜਿਹੇ ਹੋ ਗਏ। ਉਹ ਕਿਉਂ ਖ਼ਾਮੋਸ਼ ਰਹੇ ਮੈ ਇਸਦਾ ਆਤਮ-ਵਿਸ਼ਲੇਸ਼ਣ ਕੀਤਾ।
ਕਰ ਕੋਈ ਜਵਾਨ ਬੱਚਾ ਇਹ ਪੁੱਛ ਲਵੇ ਕਿ ਉਹ ਆਪਣੇ ਪਿਤਾ ਨੂੰ ਕੁੱਝ ਕਹਿ ਨਹੀਂ ਸਕਦਾ ? ਤਾਂ ਕਿਸੇ ਵਲੋਂ ਇਸ ਸਵਾਲ ਦਾ ਸਰਲ ਜਿਹਾ ਜਵਾਬ 'ਹਾਂ ਕਹਿ ਸਕਦਾ ਹੈ' ਵਿਚ ਹੋ ਸਕਦਾ ਹੈ। ਪਰ ਜੇ ਕਰ 'ਕੁੱਝ ਕਹਿਣ' ਤੋਂ ਜਵਾਨ ਬੱਚੇ ਦਾ ਅਸਲ ਭਾਵ ਪਿਤਾ ਦੇ ਹੱਥ-ਪੈਰ ਤੋੜਨ ਜਾਂ ਉਸਦੀ ਜਾਨ ਕੱਡ ਲੇਣ ਤਕ ਪੁੱਜਦਾ ਹੋਵੇ, ਤਾਂ ਜਵਾਨ ਬੱਚੇ ਦੇ ਸਵਾਲ ਵਿਚਲੀ ਕੁਟਿਲਤਾ ਦੇ ਭਾਵ-ਢੰਗ ਨੂੰ ਸਭ ਤੋਂ ਪਹਿਲਾਂ ਵਿਚਾਰਿਆ ਜਾਣਾ ਚਾਹੀਦਾ ਹੈ।
ਇਹੀ ਢੰਗ ਉਨ੍ਹਾਂ ਕੁੱਝ ਜ਼ਹਿਨਾਂ ਦਾ ਹੈ ਜੋ ਕਿ ਸਰਲ ਜਿਹੇ ਨਜ਼ਰ ਆਉਦੇ ਆਪਣੇ ਸਵਾਲ ਦੀ ਆੜ ਵਿਚ, ਆਪਣੀ ਨਿੱਜਤਾ ਨਾਲ ਜੁੜੀ ਰਾਜਨੀਤੀ ਖੇਡਣਾ ਚਾਹੁੰਦੇ ਹਨ, ਜਾਂ ਫਿਰ ਆਪਣੇ ਅਣਜਾਣ ਪੁਣੇ ਵਿਚ ਆਪਣੀ ਹਉਮੈ, ਚੌਧਰਾਹਟ ਆਦਿ ਦਾ ਤੁਸ਼ਟੀਕਰਣ ਭਾਲਦੇ ਹਨ।ਕੁੱਝ ਨੇ ਤਾਂ ਇਸ ਨੂੰ ਆਪਣਾ ਧੰਧਾ ਬਣਾ ਲਿਆ ਹੈ।
ਹਰਦੇਵ ਸਿੰਘ, ਜੰਮੂ-