ਸਭ ਸੋਚਦੇ ਹੋਣਗੇ ਕਿ ਅੱਜ ਤਕ ਲੰਗਰ ਸੇਵਾ,ਜੋੜਿਆਂ ਦੀ ਸੇਵਾ ਆਦਿਕ ਤਾਂ ਸੁਣਿਆ ਸੀ,ਪਰ ਆਹ ਨਵੀਂ ਸੇਵਾ ਕਿਹੜੀ ਆ ਗਈ,ਚਲੋ ਖੈਰ ਮੈ ਦੱਸਦਾਂ, ਅੱਜ ਸਵੇਰੇ ਹੀ ਛਿੰਦੇ ਮਿਸਤਰੀ ਦਾ ਬੂਹਾ ਖੜਕਿਆ,ਕੱਚ ਦੀ ਗਲਾਸੀ ਚ ਚਾਹ ਦੀਆਂ ਚੁਸਕੀਆਂ ਭਰਦੇ ਹੋਏ ਨੇ ਜਦੋਂ ਦਰਵਾਜਾ ਖੋਲਿਆ ਤੇ ਚਿੱਟੇ ਚੋਲਿਆਂ ਵਾਲੇ ਚਾਰ –ਪੰਜ ਸਾਧਾਂ ਨੇ ਬੋਰੀਆਂ ਚੁਕੀ ਘਰ ਅੰਦਰ ਐਂਟਰੀ ਮਾਰੀ ਤੇ ਕਿਹਾ ਕਿ ਬਾਬਾ .............. ਸਿੰਘ ਜੀ ਵੱਲੋਂ ਕਾਰ ਸੇਵਾ ਦਾ ਕੁੰਭ ਚਲ ਰਿਹਾ ਏ, ਸੋ ਕਣਕ ਦੀ ਗਰਾਈ ਦੀ ਸੇਵਾ ਦਿਉ ਤੇ ਜਨਮ ਸਫਲਾ ਕਰੋ ਭੋਲਾ ਸਾਧ ਛਿੰਦੇ ਦੇ ਜਨਮ ਬਾਰੇ ਕੀ ਜਾਣਦਾ ਸੀ
ਜਦੋਂ ਸਫਲ ਜਨਮ ਵਾਲਾ ਲਫਜ ਬਾਬੇ ਦੇ ਮੂੰਹ ਤੋਂ ਛਿੰਦੇ ਨੇ ਸੁਣਿਆ ਤਾਂ ਮਨ ਦੇ ਅੰਦਰ ਸੋਚਦਾ ਹੈ ਗਰੀਬਾਂ ਦਾ ਕਾਹਦਾ ਜਨਮ...? ਵਿਚਾਰਾ ਮਿਸਤਰੀ ਉਹ ਬੰਦਾ ਹੈ ਜਿਹਦਾ ਜਵਾਨ ਪੁੱਤਰ ਫਾਹ ਲੈ ਕਿ ਜੀਵਨ ਲੀਲਾ ਸਮਾਪਤ ਕਰ ਬੈਠਾ। ਕਿੳਂਕਿ ਬਾਣੀਏ ਤੇ ਸ਼ਾਹੂਕਾਰ ਦੇ ਤਾਹਨੇ ਵੀ ਕੋਈ ਕਿਨੀ ਕੁ ਹੱਦ ਤਕ ਬਰਦਾਸ਼ਤ ਕਰੇ । ਜਵਾਨ ਧੀ ਦੇ ਵਿਆਹ ਦੇ ਕਰਜੇ ਹੇਠ ਦੱਬਿਆ ਛਿੰਦਾ ਇਸਤੋਂ ਪਹਿਲਾਂ ਕਿ ਕੁਝ ਬੋਲਦਾ ਸਾਧ ਭੁੱਖੇ ਕੁਤਿਆਂ ਵਾਂਗੂੰ ਘਰ ਦੇ ਖੂੰਜੇ ਚ ਪਈ ਕਣਕ ਦੀ ਛੋਟੀ ਜਿਹੀ ਢੇਰੀ ਨੂੰ ਜਾ ਪਏ ਤੇ ਵਾਹੋ ਦਾਹੀ ਪੀਪੇ ਨਾਲ ਬੋਰੀ ਭਰਨ ਲੱਗੇ । ਖਾਣ ਜੋਗੀ ਕਣਕ ਦੀ ਢੇਰੀ ਵੱਲ ਅਤੇ ਗਮਾ ਦੀ ਮਾਰੀ ਸਰੀਰ ਤੇ ਬਿਮਾਰੀਆਂ ਦਾ ਭਾਰ ਚੁੱਕੀ ਆਪਣੀ ਪਤਨੀ ਦੇ ਮੂੰਹ ਵੱਲ ਵੇਖ ਰਿਹਾ ਸੀ ।
ਵਿਚਾਰਾ ਧੀ ਦੀ ਡੋਲੀ ਮਗਰੋਂ ਛੱਡ ਕੇ ਆਇਆ ਸੀ ਤੇ ਲਾਡਲੇ ਪੁਤਰ ਦੀ ਅਰਥੀ ਦਾ ਭਾਰ ਵੀ ਮੋਢਿਆਂ ਤੇ ਪੈ ਗਿਆ ੳੇਸਨੂੰ ਇਉਂ ਲੱਗ ਰਿਹਾ ਸੀ ਜਿਵੇਂ ਕੰਭ ਦਾ ਮੇਲਾ ਤਾਂ ਉਸਦੇ ਘਰ ਲੱਗ ਹਟਿਆ ਜਿਸ ਵਿਚ ਜਵਾਨ ਪੁਤਰ ਗਵਾਚ ਗਿਆ ।ਤੇ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਸਾਧ ਪੀਪੇ ਕਣਕ ਦੇ ਨਹੀ ਬਲਕਿ ਉਹਦੇ ਰਹਿੰਦੇ ਹੋਏ ਸਾਹਾਂ ਦੇ ਭਰ ਰਹੇ ਸੀ। ਧੀਆਂ ਦਾ ਦੁੱਖ ਤਾਂ ਧੀਆਂ ਵਾਲੇ ਹੀ ਜਾਣਦੇ ਨੇ ਇਹਨਾ ਲੰਡੇ ਸਾਧਾਂ ਨੂੰ ਕੀ ਪਤਾ । ਪਰ ਬੋਲ ਨਹੀ ਸੀ ਸਕਦਾ ਪਹਿਲਾਂ ਧੀ ਨੂੰ ਤੋਰਨਾ ਫਿਰ ਦਾਜ ਅਤੇ ਫਿਰ ਪੁੱਤ ਦਾ ਤੁਰ ਜਾਣਾ ਤੇ ਘਰ ਵਿਚ ਪਈ ਹੋਈ ਬਿਮਾਰ ਪਤਨੀ ਮੋਢੇ ਤਾਂ ਹੀ ਕਮਜੋਰ ਹੋ ਗਏ ਸੀ ਤੇ ਅੱਜ ਇਹਨਾ ਵਿਹਲੜ ਸਾਧਾਂ ਨੇ ਕਾਰ ਸੇਵਾ ਦੀ ਬੋਰੀ ਲਿਆਂ ਰੱਖੀ ਤੇ ਗੀਰਬ ਛਿੰਦਾ ਸੋਚ ਰਿਹਾ ਸੀ ਕਿ ਮੇਰੇ ਮੋਢੇ ਤਾਂ ਪਹਿਲਾਂ ਹੀ ਸਾਥ ਨਹੀ ਸੀ ਦਿੰਦੇ।
ਅੱਜ ਢਾਡੀ ਸੋਹਣ ਸਿੰਘ ਸੀਤਲ ਦੀ ਕਹੀ ਹੋਈ ਗੱਲ ਬਹੁਤ ਟਿਕਾਣੇ ਵੱਜੀ ਕਿ “ਜੰਮਦਿਆਂ ਚਾਂਦੀ ਦੇ ਚਮਚਿਆਂ ਨਾਲ ਖਾਣ ਵਾਲਿਆਂ ਨੂੰ ਕਿਸੇ ਦੀ ਗਰੀਬੀ ਦਾ ਕੀ ਅਹਿਸਾਸ ਹੋ ਸਕਦਾ ...?” ਮਿਸਤਰੀ ਛਿੰਦੇ ਨੂੰ ਇਉਂ ਲੱਗਾ ਕਿ ਇਹ ਕਾਰ ਸੇਵਾ ਨਹੀ ਇਹ ਤਾਂ ਕਹਿਰ ਸੇਵਾ ਹੈ ।ਛਿੰਦੇ ਦੀ ਇਹ ਗੱਲ ਤਾਂ ਸੋਲ਼ਾਂ ਆਨੇ ਸੱਚੀ ਸੀ।
ਸਮਾਜ ਦਾ ਭਲਾ ਕਰਨ ਦਾ ਨਾਹਰਾ ਮਾਰਨ ਵਾਲੇ ਇਹ ਸਾਧ ਲੰਗਰ ਤਾਂ ਪਿਛਲੇ ਬਹੁਤ ਸਮੇ ਤੋਂ ਲਾ ਰਹੇ ਹਨ ਪਰ ਅੱਜ ਵੀ ਗਰੀਬ ਇੱਕ ਵੇਲੇ ਦੀ ਰੋਟੀ ਦਾ ਫਿਕਰ ਪਿਆ ਹੋੲਆ ਪੰਜਾਬ ਦੇ ਕਿਸਾਨਾ ਦੀ ਹਾਲਤ ਮਰਨ ਕਿਨਾਰੇ ਹੋਈ ਪਈ ਹੈ ਪਰ ਪਤਾ ਨਹੀ ਇਹ ਕਿਹੜੀ ਸੇਵਾ ਕਰ ਰਹੇ ਨੇ ।ਦਾਜ ਦੀ ਬਲੀ ਧੀਆਂ, ਲੀਡਰਾਂ ਨੇ ਪੰਜਾਬ ਦੇ ਪਾਣੀਆਂ ਅਤੇ ਜਮੀਨਾ ਦੀ ਬਲ਼ੀ ਦੇ ਦਿੱਤੀ ਪਰ ਇਹਨਾ ਸਾਧਾਂ ਨੂੰ.....................।
ਇਹਨਾ ਦੀ ਕਹਿਰ ਸੇਵਾ ਇਤਿਹਾਸਕ ਸਥਾਨਾ ਤੇ ਚੱਲੀ ਤੇ ਸਭ ਇਤਿਹਾਸਕ ਨਿਸ਼ਾਨੀਆਂ ਨੇਸਤੋ ਨਬੂਦ ਹੋ ਗਈਆਂ । ਤੇ ਇਸੇ ਕਹਿਰ ਸੇਵਾ ਨੇ ਨੌਜਵਾਨਾ ਨੂੰ ਨਸ਼ਿਆਂ ਦੀ ਭੇਟ ਚਾੜ੍ਹ ਦਿੱਤਾ ।ਟੋਕਰੀ ਚੁਕਾ ਕੇ ਸਿੱਖੀ ਦੀ ਮੜ੍ਹੀ (ਡੇਰੇ) ਉਸਾਰਨ ਲਾ ਦਿੱਤਾ । ਇਹਨਾ ਹੀ ਸਿੱਖ ਇਤਿਹਾਸ ਤੇ ਹਮਲਾ ਕੀਤਾ ਗੁਰੂ ਸਾਹਿਬ ਦੇ ਸੁੰਦਰ ਇਤਿਹਾਸ ਨੂੰ ਵਿਗਾੜ ਕੇ ਰੱਖ ਦਿੱਤਾ ਇਹ ਕਹਿਰ ਸੇਵਾ ਤੇਜ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਅਸ਼ਲੀਲ ਕਿਤਾਬ ਲਿਆ ਕੇ ਰੱਖ ਦਿੱਤੀ ਸੋ ਇਹ ਹੈ ਸਾਧਾਂ ਦੀ ਕਹਿਰ ਸੇਵਾ ਜਿਹੜੀ ਅੱਜ ਤੱਕ ਵੀ ਜਾਰੀ ਹੈ ।ਆਉ ਇਸ ਕਹਿਰ ਤੋਂ ਬਚੀਏ ।
ਗੁਰੂ ਪੰਥ ਦਾ ਦਾਸ
ਭਾਈ ਗੁਰਸ਼ਰਨ ਸਿੰਘ (ਗੁਰਮਤਿ ਪ੍ਰਚਾਰਕ)
ਸੰਪਰਕ:- 09762476295
gs_1984@yahoo.in