ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ?
ਭਾ. ਕਾਹਨ ਸਿੰਘ ਨ੍ਹਾਭਾ ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ "ਵੈਦਿਕ ਧਰਮ" ਨਾਮ ਰਸਾਲੇ ਵਿੱਚ ਲਿਖਿਆ ਹੈ ਕਿ ਲੋੜ੍ਹੀ ਦਾ ਮੂਲ "ਤਿਲ-ਰੋੜੀ" ਹੈ ਇਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਦੇ ਦਿਨ ਤਿਲ ਅਤੇ ਰੋੜੀ (ਗੁੜ) ਖਾਦੇ ਤੇ ਹਵਨ ਕੀਤੇ ਜਾਂਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ। ਅੱਜ ਇਸ ਨੂੰ ਨਿਰੋਲ ਬ੍ਰਾਹਮਣੀ ਤਿਉਹਾਰ ਬਣਾ ਦਿੱਤਾ ਗਿਆ ਹੈ। ਮੁਕਤਸਰ ਦਾ ਇਤਿਹਾਸਕ ਸਾਕਾ ਜਿਹੜਾ ਕਿ ਅਸਲ ਵਿੱਚ ਮਈ ਮਹੀਨੇ ਦਾ ਸਾਕਾ ਹੈ ਨੂੰ ਰਲ-ਗਢ ਕਰਕੇ, ਮਾਘ ਮਹੀਨੇ ਨਾਲ ਜੋੜ ਕੇ, ਮਾਘੀ ਦੀ ਸੰਗ੍ਰਾਂਦ ਨੂੰ ਸਿੱਖ ਦਿਹਾੜਾ ਹੋਣ ਦਾ ਭੁਲੇਖਾ ਪਾਇਆ ਗਿਆ ਹੈ। ਇਵੇਂ ਹੀ ਲੜਕੇ ਦੇ ਜਨਮ ਅਤੇ ਵਿਆਹ ਦੀ ਪਹਿਲੀ ਲੋਹੜੀ ਆਦਿਕ। ਅੱਜ ਦੇਖਾ ਦੇਖੀ ਹੋਰਾਂ ਮਗਰ ਲੱਗ ਕੇ, ਅਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ ਪੁੱਤਾਂ-ਧੀਆਂ ਦੀਆਂ ਲੋਹੜੀਆਂ ਮਨਾਈ ਜਾਂਦੇ ਹਨ। ਐਸਾ ਕਿਉਂ ਹੈ? ਜਰਾ ਧਿਆਨ ਨਾਲ ਸੋਚੋ! ਲੋਹੜੀ ਦਾ ਮੂਲ ਸੰਬੰਧ ਦੇਵੀ-ਦੇਵਤਿਆਂ ਦੀ ਪੂਜਾ ਅਤੇ ਜੱਗਾਂ ਨਾਲ ਹੈ। ਬ੍ਰਾਹਮਣੀ ਮਤ ਦਾ ਆਧਾਰ ਹੀ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਅਤੇ ਜੱਗ-ਹਵਨ ਹਨ। ਗੁਰਮਤਿ ਅਜਿਹੇ ਥੋਥੇ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦਾ ਭਰਵਾਂ ਖੰਡਨ ਕਰਦੀ ਹੈ। ਦੇਵੀ-ਦੇਵਤਿਆਂ ਬਾਰੇ ਗੁਰਮਤਿ ਦਾ ਫੁਰਮਾਨ ਹੈ-ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ (129) ਬ੍ਰਾਹਮਣ ਮੱਤ ਦਾ ਸਭ ਤੋਂ ਪੁਰਾਤਨ ਗ੍ਰੰਥ "ਰਿਗ ਵੇਦ" ਮੰਨਿਆਂ ਜਾਂਦਾ ਹੈ। ਇਸ ਵੇਦ ਦਾ ਮੂਲ ਦੇਵੀ ਦੇਵਤਿਆਂ ਦੀ ਉਸਤਤ ਵਿੱਚ ਰਚੇ ਗਏ ਮੰਤ੍ਰਾਂ ਦੇ ਸੰਗ੍ਰਹ ਨਾਲ ਹੈ। ਦੂਜਾ "ਸਾਮਦੇਵ" ਹੋਂਦ ਵਿੱਚ ਆਇਆ ਭਾਵ ਮੰਤ੍ਰਾਂ ਦੀ ਸਮਾਨਤਾ ਦਰਸਾਉਣ ਵਾਲਾ ਵੇਦ, ਇਸ ਦੇ ਕੁਲ 1549 ਮੰਤ੍ਰ ਨੇ ਅਤੇ ਬ੍ਰਾਹਮਣ ਇਸ ਵੇਦ ਨੂੰ ਯੱਗ ਆਦਿਕ ਮੰਗਲ ਕਰਮਾਂ ਵਿੱਚ ਗਾਂਉਦੇ ਹਨ। ਉਸਤਤਿ ਦਾ ਢੰਗ ਕਿਹੜਾ ਵਰਤਿਆ ਜਾਵੇ? ਇਸ ਵਾਸਤੇ ਜੱਗ ਕਰਨੇ ਆਰੰਭ ਹੋਏ। "ਯਜੁਰ ਵੇਦ" ਇਸ ਵਿੱਚ ਬਲੀਦਾਨ ਅਤੇ ਯੱਗ ਹੋਮ ਦਾ ਵਰਨਣ ਹੈ। “ਅਥਵਣ ਵੇਦ” ਇਸ ਵਿੱਚ ਮੰਤ੍ਰ, ਟੂਣੇ, ਜਾਦੂ ਆਦਿ ਦਾ ਵਰਨਣ ਅਤੇ ਇਸ ਦੇ 760 ਮੰਤ੍ਰ ਹਨ। ਅਗਨੀ ਨੂੰ ਦੇਵੀ ਦੇਵਤਿਆਂ ਦੀ ਜੀਭ ਬਲਕਿ ਸਾਰੇ ਜੱਗਾਂ ਦਾ ਆਧਾਰ ਹੀ ਅਗਨ ਦੇਵਤਾ ਮੰਨਿਆਂ ਗਿਆ ਹੈ। ਇਸ ਕਰਕੇ ਲੋਹੜੀ ਜੱਗਾਂ ਦੀ ਅਰੰਭਤਾ ਦਾ ਸੂਚਕ ਮੰਨੀ ਜਾਂਦੀ ਹੈ। ਇਵੇਂ ਲੋਹੜੀ ਵਾਲੇ ਦਿਨ ਜਾਣੇ ਅਣਜਾਣੇ ਅਗਨ ਦੇਵਤਾ ਦੀ ਖੂਬ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਆਪਣੀ ਗੁਰਮਤਿ ਵਿਰੋਧੀ ਕਰਨੀ ਨਾਲ ਅਸੀਂ ਅਪਣੀ ਸੰਤਾਨ ਨੂੰ ਵਿਰਾਸਤ ਵਿੱਚ ਕਿਹੜੀ ਸਿੱਖੀ ਦੇ ਰਹੇ ਹਾਂ?
ਲੋਹੜੀ ਅਤੇ ਸਗਨ-ਅਪਸਗਨ-ਗੁਰਬਾਣੀ ਦਾ ਫੁਰਮਾਨ ਹੈ-ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ (401) ਭਾਵ ਇਨ੍ਹਾਂ ਸਗਨਾਂ-ਅਪਸਗਨਾਂ ਦੇ ਚੱਕਰ ਵਿੱਚ ਉਹੀ ਲੋਕ ਪੈਂਦੇ ਹਨ ਜਿਨ੍ਹਾਂ ਨੂੰ ਰੱਬ ਯਾਦ ਨਹੀਂ ਅਉਂਦਾ ਹੈ। ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਦੇ ਸਗਨਾਂ-ਅਪਸਗਨਾਂ ਦੇ ਵਹਿਮ ਵਿੱਚ ਨਹੀਂ ਪੈਂਦੇ। ਲੋਹੜੀ ਦਾ ਵੀ ਸਗਨਾਂ ਨਾਲ ਸੰਬੰਧ ਹੈ। ਭਾਰਤ ਵਿੱਚ ਬਹੁਤਾ, ਹਿੰਦੂ ਬ੍ਰਾਹਮਣ ਦਾ ਪ੍ਰਭਾਵ ਹੋਣ ਕਰਕੇ ਫਸਲਾਂ ਵੀ ਸਗਨ ਅਪਸਗਨ ਦੇਖ ਕੇ ਬੀਜੀਆਂ ਜਾਂਦੀਆਂ ਸਨ ਤੇ ਅੱਜ ਵੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਕਰਕੇ ਲੋਹੜੀ ਦੇ ਸ਼ੁਭ ਸ਼ਗਨਾਂ ਦੇ ਨਾਮ ਤੇ ਪਹਿਲੇ ਚੌਵੀ ਘੰਟੇ ਸਗਨਾਂ ਨੂੰ ਹੀ ਸਮ੍ਰਪਤ ਹੁੰਦੇ ਹਨ। “ਮਾਘ ਰਿੱਧੀ ਪੋਹ ਖਾਧੀ” ਦੇ ਕਥਨ ਅਨੁਸਾਰ ਪੰਜਾਬ ਵਿੱਚ ਰਾਤ ਨੂੰ ਪੋਹ ਮਹੀਨੇ ਦੇ ਆਖਰੀ ਦਿਨ, ਖਿਚੜੀ ਰਿੰਨ੍ਹ ਲਈ ਜਾਂਦੀ ਹੈ ਅਤੇ ਸਵੇਰੇ ਮਾਘੀ ਦੀ ਸੰਗ੍ਰਾਂਦ ਵਾਲੇ ਦਿਨ ਖਾਧੀ ਜਾਂਦੀ ਹੈ। ਉਚੇਚੇ ਰਾਤ ਨੂੰ ਰਿੰਨ੍ਹ ਕੇ ਸਵੇਰੇ ਖਾਣ ਵਾਲੇ ਇਸ ਸਗਨ ਪਿੱਛੇ ਅੰਨ ਦੇਵਤੇ ਪਾਸੋਂ ਕਾਮਨਾ ਕੀਤੀ ਜਾਂਦੀ ਹੈ ਕਿ ਅੰਨ ਭੰਡਾਰ ਹਰ ਸਵੇਰ ਚਲਦਾ ਰਹੇ ਅਤੇ ਫ਼ਸਲਾਂ ਸਦਾ ਵਧਦੀਆਂ ਫੁਲਦੀਆਂ ਰਹਿਣ। ਜਰਾ ਸੋਚੋ! ਕੀ ਫਸਲਾਂ ਚੰਗੀ ਦੇਖ-ਭਾਲ, ਚੰਗੇ ਵਾਤਾਵਰਣ ਅਤੇ ਵਧੀਆ ਮੌਸਮ ਨਾਲ ਵਧਦੀਆਂ ਫੁੱਲਦੀਆਂ ਹਨ ਜਾਂ ਕਿਸੇ ਮੰਤ੍ਰ ਪੜ੍ਹਨ ਜਾਂ ਸਗਨ-ਅਪਸਗਨ ਮੰਨਣ ਨਾਲ?
ਠੰਡੀ ਸਿਆਲੀ ਰੁੱਤ ਹੋਣ ਕਰਕੇ ਪੁਰਾਨੇ ਸਮੇਂ ਲੋਕ ਠੰਡ ਤੋਂ ਬਚਨ ਲਈ ਗਲੀਆਂ, ਚੌਰਾਹਿਆਂ ਅਤੇ ਮੁਹੱਲਿਆਂ ਵਿੱਚ ਲਕੜ ਦੇ ਵੱਡੇ-ਵੱਡੇ ਖੁੰਡਾਂ, ਗੋਹਿਆਂ ਆਦਿਕ ਦੀ ਅੱਗ ਬਾਲ ਕੇ ਸੇਕਦੇ, ਤਿਲ-ਗੁੜ ਦੀਆਂ ਬਣੀਆਂ ਰਿਉੜੀਆਂ, ਮੁੰਗਫਲੀ ਆਦਿਕ ਖਾਂਦੇ ਅਤੇ ਖੁਸ਼ੀ ਦੇ ਗੀਤ ਗਾਉਂਦੇ ਸਨ। ਅਖੌਤੀ ਧਰਮ ਅਤੇ ਵਹਿਮ ਦੇ ਨਾਂ ਤੇ ਪੇਟ ਪਾਲਣ ਵਾਲੇ ਪੁਜਾਰੀ ਹਰ ਵੇਲੇ ਇਸ ਤਾਕ ਵਿੱਚ ਰਹਿੰਦੇ ਹਨ ਕਿ ਜਿਸ ਕਰਮ ਵੱਲ ਲੋਕਾਂ ਦਾ ਝੁਕਾ ਵੱਧ ਹੈ ਕਿਉਂ ਨਾਂ ਉਸ ਨੂੰ ਧਰਮ ਨਾਲ ਜੋੜ ਕੇ, ਪੂਜਾ ਦੇ ਨਾਂ ਤੇ ਸ਼ਰਧਾਲੂਆਂ ਤੋਂ ਮਾਇਆ ਦੇ ਗੱਫੇ ਬਟੋਰੇ ਜਾਣ। ਅੱਗ ਨੂੰ ਵੇਦਾਂ ਵਿੱਚ ਦੇਵਤਿਆਂ ਦੀ ਜੀਭ ਮੰਨਿਆਂ ਗਿਆ ਹੈ, ਜੋ ਇਸ ਵਿੱਚ ਭੇਟਾ ਕੀਤਾ ਜਾਵੇ, ਉਹ ਸਿੱਧਾ ਦੇਵਤਿਆਂ ਨੂੰ ਪਹੁੰਚ ਜਾਂਦਾ ਹੈ ਅਤੇ ਦੇਵੀ-ਦੇਵਤਾ ਪ੍ਰਸੰਨ ਹੋ ਕੇ ਵਰ ਦਿੰਦੇ ਹਨ। ਇਹ ਸਾਰਾ ਕੁਝ ਪੁਜਾਰੀ ਰਾਹੀਂ ਕਰਵਾਇਆ ਜਾਵੇ ਤਾਂ ਜਲਦੀ ਪਹੁੰਚਦਾ ਹੈ। ਪੁਜਾਰੀ ਲੋਕ ਚੰਗੇ ਮੰਦੇ ਸਮੇਂ ਦੇ ਸਗਨ-ਅਪਸਗਨ ਵੀ ਦਸਦੇ ਹਨ। ਲੋਕ ਡਰਦੇ ਹਨ ਕਿ ਕਿਤੇ ਅਪਸ਼ਗਨ ਨਾਂ ਹੋ ਜਾਵੇ, ਇਸ ਲਈ ਉਹ ਹਰ ਕੰਮ ਭਾਂਵੇ ਉਹ ਖੁਸ਼ੀ, ਗਮੀ, ਬੀਜ-ਬਜਾਈ, ਖਾਣ-ਪਾਨ ਜਾਂ ਕੋਈ ਘਰ, ਜਮੀਨ ਆਦਿਕ ਖ੍ਰੀਦਣ ਦਾ ਹੋਵੇ, ਜਨਮ ਤੋਂ ਮਰਨ ਤੱਕ ਇਨ੍ਹਾਂ ਅਖੌਤੀ ਧਰਮ ਪੁਜਾਰੀਆਂ ਤੋਂ ਪੁੱਛ ਕੇ ਕਰਦੇ ਹਨ। ਇਵੇਂ ਹੀ ਲੋਹੜੀ ਵਾਲੇ ਦਿਨ ਜਿੱਥੇ ਆਮ ਲੋਕ ਘਰਾਂ ਵਿੱਚੋਂ ਗੁੜ, ਮੁੰਗਫਲੀਆਂ ਅਤੇ ਰਿਉੜੀਆਂ ਇਕੱਠੀਆਂ ਕਰਕੇ ਲਿਆਉਂਦੇ ਅਤੇ ਠੰਡ ਤੋਂ ਬਚਣ ਲਈ ਅੱਗ ਦੇ ਅੰਗੀਠੇ ਦੁਆਲੇ ਬੈਠ ਕੇ ਖਾਂਦੇ ਸਨ। ਫਿਰ ਬ੍ਰਾਹਮਣ ਪੁਜਾਰੀ ਦੇ ਕਹਿਣ ਤੇ ਅਗਨ ਦੇਵਤਾ ਨੂੰ ਖੁਸ਼ ਕਰਨ ਲਈ ਤਿਲ ਆਦਿਕ ਸਮਗਰੀ ਅਗਨਿ ਭੇਟ ਅਤੇ ਸੰਗ੍ਰਾਂਦ ਆਦਿਕ ਦਿਨਾਂ ਤੇ ਧਰਮ ਅਸਥਾਨਾਂ ਤੇ ਪਹੁੰਚ ਕੇ ਮਨ ਚਾਹਿਆ ਦਾਨ ਕਰਨ ਲੱਗ ਪਏ। ਜਿਸ ਨਾਲ ਪੁਜਾਰੀ ਬ੍ਰਾਹਮਣ ਭਾਊ ਦਾ ਹਲਵਾ ਮੰਡਾ ਖੂਬ ਚੱਲਣ ਲੱਗ ਪਿਆ। ਉਸ ਨੇ ਏਂਵੇਂ ਦੇ ਪੁੰਨਿਆਂ, ਮੱਸਿਆ, ਸੰਗਰਾਂਦ, ਦਸਵੀਂ, ਪੰਚਕਾਂ, ਹੋਲੀ, ਲੋਹੜੀ ਆਦਿਕ ਅਨੇਕ ਦਿਨ ਦਿਹਾਰ, ਮੇਲਿਆਂ ਦੇ ਵੱਡੇ ਇਕੱਠ ਦੇ ਰੂਪ ਵਿੱਚ ਮਨਾਉਣੇ ਸ਼ੁਰੂ ਕਰ ਦਿੱਤੇ। ਜਿਨ੍ਹਾਂ ਨੂੰ ਇਸੇ ਬ੍ਰਾਹਮਣ ਦੇ ਬਦਲਵੇਂ ਰੂਪ ਉਦਾਸੀ, ਨਿਰਮਲੇ, ਸੰਤ, ਮਹੰਤ, ਅਜੋਕੇ ਡੇਰੇਡਾਰ ਅਤੇ ਸੰਪ੍ਰਦਾਈ ਗ੍ਰੰਥੀਆਂ ਨੇ ਵੀ ਰੋਜੀ ਰੋਟੀ ਲਈ ਅਪਣਾਅ ਲਿਆ। ਇਨ੍ਹਾਂ ਦਿਨਾਂ ਤੇ ਪਾਠਾਂ ਦੀਆਂ ਇਕੋਤਰੀਆਂ, ਕੀਰਤਨ ਦਰਬਾਰ, ਯੱਗ, ਹਵਨ ਆਦਿਕ ਕਰਕੇ ਵੱਡੀਆਂ-2 ਭੇਟਾਵਾਂ ਲੈ ਕੇ ਜਨਤਾ ਨੂੰ ਲੁੱਟਿਆ ਜਾਂਦਾ ਹੈ।
ਹੁਣ ਸਿੱਖਾਂ ਦੇ ਡੇਰਿਆਂ ਅਤੇ ਕੁਝ ਸੰਸਥਾਵਾਂ ਨੇ ਇਸ ਬਹਾਨੇ ਫੰਡ ਇਕੱਠਾ ਕਰਨ ਅਤੇ ਮੀਡੀਏ ਵਿੱਚ ਆਏ ਰਹਿਣ ਲਈ ਪੁੱਤਾਂ ਦੀ ਥਾਂ ਧੀਆਂ ਦੀਆਂ ਲੋਹੜੀਆਂ ਮਨਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਰਾ ਸੋਚੋ! ਜਿਸ ਤਿਉਹਾਰ ਨਾਲ ਸਾਡਾ ਸਬੰਧ ਹੀ ਕੋਈ ਨਹੀਂ ਉਸ ਨੂੰ ਧੀਆਂ-ਪੁੱਤਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਅੱਜ ਪੁਰਾਣਾ ਜਮਾਨਾਂ ਨਹੀਂ ਕਿ ਠੰਡ ਤੋਂ ਬਚਣ ਲਈ ਲਕੜਾਂ-ਗੋਹਿਆਂ ਆਦਿਕ ਦੀਆਂ ਅੱਗਾਂ ਬਾਲ ਕੇ ਹੀ ਨਿੱਘ ਪ੍ਰਾਪਤ ਕੀਤਾ ਜਾ ਸਕੇ। ਅੱਜ ਦੇ ਜਮਾਨੇ ਵਿੱਚ ਮਣਾਂ-ਮੂੰਹੀਂ ਅਨਾਜ਼ ਸਾੜਨਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ? ਜਿਸ ਸ਼ੇਰ ਮਰਦ ਗੁਰੂ ਨਾਨਕ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਔਰਤ ਅਤੇ ਮਰਦ ਨੂੰ ਬਾਬਰਤਾ ਦਿੱਤੀ ਸੀ, ਕੀ ਇਹ ਧੀਆਂ ਦੀਆਂ ਲੋਹੜੀਆਂ ਮਨਾਉਣ ਵਾਲੇ ਬਰਾਬਰਤਾ ਦੇ ਅਧਾਰ ਤੇ ਆਪਣੀਆਂ, ਮਾਵਾਂ, ਭੈਣਾਂ ਅਤੇ ਧੀਆਂ ਨੂੰ ਪੰਜਾਂ ਪਿਆਰਿਆਂ ਦੀ ਦੇਗ਼, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ, ਗ੍ਰੰਥੀ ਅਤੇ ਪੰਜਾਂ ਤਖਤਾਂ ਚੋਂ ਕਿਸੇ ਤਖਤ ਦੀ ਜਥੇਦਾਰੀ ਦੀ ਸੇਵਾ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਦੀ ਮਾਨਤਾ ਦੇਣ ਜਾਂ ਦਿਵਾਉਣ ਲਈ ਯਤਨਸ਼ੀਲ ਸਿੱਖ ਸੰਸਥਾਵਾਂ ਦਾ ਸਾਥ ਦੇਣਗੇ? ਲੋਹੜੀ ਮਨਾਉਣ ਅਤੇ ਬਾਲਣ ਵਾਲੇ ਇਹ ਦੱਸਣਗੇ ਕਿ ਗੁਰੂ ਗ੍ਰੰਥ ਸਹਿਬ ਵਿਖੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਆਪਣੇ ਗੁਰਮਤੀ ਜੀਵਨ ਕਾਲ ਸਮੇਂ ਧੀਆਂ-ਪੁੱਤਾਂ ਦੀਆਂ ਲੋਹੜੀਆਂ ਬਾਲੀਆਂ ਸਨ? ਕੀ ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਭਾਗ ਕੌਰ, ਬੀਬੀ ਸ਼ਰਨ ਕੌਰ ਆਦਿਕ ਸਿੱਖ ਬੀਬੀਆਂ ਨੇ ਵੀ ਗੁਰਮਤਿ ਧਾਰਨ ਕਰਕੇ ਲੋਹੜੀ ਬਾਲੀ ਜਾਂ ਮਨਾਈ ਸੀ?
ਗੁਰੂ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਹੋਮ-ਯੱਗਾਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਰੋਕਿਆ ਹੈ। ਗੁਮਮਤਿ ਵਿੱਚ ਕੇਵਲ ਕਰਤੇ ਦੀ ਪੂਜਾ ਹੀ ਸਮਝਾਈ ਗਈ ਹੈ-ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ (489) ਅਗਨੀ, ਹਵਾ, ਪਾਣੀ, ਅਨਾਜ ਦੀ ਪੂਜਾ ਨੂੰ ਕਿਰਤਮ ਦੀ ਪੂਜਾ ਦੱਸਕੇ ਇਸ ਤੋਂ ਸੁਚੇਤ ਕੀਤਾ ਹੈ। ਗੁਰੂ ਦੀ ਸਿਖਿਆ ਲੈ ਕੇ ਜੀਵਨ ਨੂੰ ਚਲਾਉਣਾ ਅਤੇ ਇਸ ਤਰ੍ਹਾਂ ਜੀਂਦੇ ਜੀਅ ਆਪਣੇ ਮਨੁੱਖਾ ਜੀਵਨ ਨੂੰ ਚੰਗੇ ਗੁਣਾਂ ਵਾਲਾ ਸਦਾਚਾਰੀ ਬਣਾ ਕੇ "ਗੁਣ ਕਹਿ ਗੁਣੀ ਸਮਾਵਣਿਆ" ਹੋਣਾ ਹੈ। ਇਸੇ ਨੂੰ ਗੁਰਬਾਣੀ ਵਿੱਚ ਜੀਵਨ ਮੁਕਤ ਹੋਣਾ ਵੀ ਆਖਿਆ ਗਿਆ ਹੈ। ਗੁਰਬਾਣੀ ਦੀ ਸਿਖਿਆ ਅਨੁਸਾਰ ਚੱਲਣ ਵਾਲਾ ਇਨਸਾਨ, ਇਸ ਅਵਸਥਾ ਨੂੰ ਸਹਿਜੇ ਹੀ ਪ੍ਰਾਪਤ ਕਰ ਲੈਂਦਾ ਹੈ।
ਲੋਹੜੀ ਦਾ ਤਿਉਹਾਰ ਸਿੱਖ ਸਿਧਾਂਤਾਂ ਨਾਲ ਮੇਲ ਹੀ ਨਹੀਂ ਖਾਂਦਾ। ਗੁਰਮਤਿ ਵਿਹੂਣੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਕਾਰਨ ਅੱਜ ਸਿੱਖਾਂ ਅੰਦਰ ਗੁਰਬਾਣੀ ਅਨੁਸਾਰ ਜੀਵਨ ਢਾਲਣ ਦੀ ਥਾਂ ਅੰਧਵਿਸ਼ਵਾਸਾਂ ਦਾ ਦੌਰ ਚੱਲ ਰਿਹਾ ਹੈ। ਜਿਸ ਕਰਕੇ ਅਜੋਕੇ ਦੌਰ ਵਿੱਚ ਦੂਜਿਆਂ ਦੀ ਦੇਖਾ ਦੇਖੀ, ਕਈ ਸਿੱਖ ਵੀ ਇਸ ਨੂੰ ਆਪਣਾ ਤਿਉਹਾਰ ਜਾਣ ਕੇ, ਕਈ-ਕਈ ਦਿਨ ਪਹਲਾਂ ਹੀ ਲੋਹੜੀ ਦੀ ਤਿਆਰੀ ਵਿੱਚ ਜੁੱਟ ਜਾਂਦੇ ਹਨ। ਇਸ ਦਿਨ, ਕਈ ਮਨਚਲੇ ਸ਼ਰਾਬ ਆਦਿਕ ਮਾਰੂ ਨਸ਼ੇ ਸੇਵਨ ਕਰਕੇ, ਆਪਣੀ ਧੰਨ ਦੌਲਤ ਅਤੇ ਇਜ਼ਤ ਆਬਰੂ ਵੀ ਮਿੱਟੀ ਵਿੱਚ ਰੋਲਦੇ ਹੋਏ, ਸਿੱਖੀ ਤੋਂ ਬੇਮੁੱਖ ਹੋ, ਨਸ਼ੇ ਵਿੱਚ ਧੁੱਤ, ਲੜਾਈਆਂ-ਝਗੜੇ ਅਤੇ ਮਾਰ-ਕੁਟਾਈਆਂ ਕਰਕੇ ਮੁਕੱਦਮੇ ਬਾਜ਼ੀਆਂ ਦਾ ਕਾਰਣ ਵੀ ਬਣਦੇ ਹਨ। ਕਈ ਵਾਰੀ ਤਿਉਹਾਰਾਂ ਤੇ ਆਪਣੀਆਂ ਪੁਰਾਣੀਆਂ ਦੁਸ਼ਮਣੀਆਂ ਵੀ ਕੱਢੀਆਂ ਜਾਂਦੀਆਂ ਹਨ ਅਤੇ ਅਨੇਕਾਂ ਨੂੰ ਲੰਮਾ ਸਮਾਂ ਜੇਲ੍ਹਾਂ, ਵਕੀਲਾਂ ਆਦਿਕ ਦੇ ਚੱਕਰ ਵੀ ਕੱਟਣੇ ਪੈਂਦੇ ਹਨ।
ਗੁਰਸਿੱਖਾਂ ਨੂੰ ਅਜਿਹੇ ਕਰਮਕਾਂਡੀ ਤਿਉਹਾਰਾਂ ਜਿਨ੍ਹਾਂ ਨੂੰ ਧਰਮ ਨਾਲ ਜੋੜਿਆ ਗਿਆ ਹੈ ਨੂੰ ਛੱਡ ਕੇ, ਗੁਰਦੁਆਰਿਆਂ, ਸਕੂਲਾਂ-ਕਾਲਜਾਂ, ਲਾਇਬ੍ਰੇਰੀਆਂ, ਸਮਾਗਮਾਂ ਆਦਿਕ ਥਾਵਾਂ ਤੇ ਜਾ ਕੇ ਗੁਰਬਾਣੀ ਦੀ ਵਿਚਾਰ ਹੀ ਕਰਨੀ ਚਾਹੀਦੀ ਹੈ, ਜੋ ਸਾਨੂੰ ਇਨ੍ਹਾਂ ਵਿਖਾਵੇ ਵਾਲੇ ਥੋਥੇ ਕਰਮਕਾਂਡਾਂ ਅਤੇ ਹੂੜਮੱਤਾਂ ਤੋਂ ਬਚਾ ਸਕਦੀ ਹੈ। ਅੱਜ ਅਸੀਂ ਆਪਣਾ ਨਿਆਰਾਪਨ, ਵੱਖਰੀ ਹੋਂਦ ਦੇਖਾ-ਦੇਖੀ ਦੇ ਥੋਥੇ ਕਰਮਕਾਂਡਾਂ ਵਿੱਚ ਰਲ-ਗਡ ਹੋ ਕੇ ਮਿਟਾਈ ਜਾ ਰਹੇ ਹਾਂ। ਅਜਿਹੀਆਂ ਕਰਮਕਾਂਡੀ ਮਨੌਤਾਂ ਅਤੇ ਤਿਉਹਾਰਾਂ ਦਾ ਹੀ ਅਸਰ ਹੈ ਕਿ ਅਗਿਆਨੀ ਸਿੱਖ, ਅੱਜ ਗੁਰਦੁਆਰਿਆਂ ਵਿਖੇ ਮੱਸਿਆ, ਪੁੰਨਿਆਂ, ਪੰਚਕਾਂ, ਸੰਗ੍ਰਾਂਦਾਂ, ਲੋਹੜੀਆਂ ਅਤੇ ਹੋਲੀਆਂ ਮਨਾ ਕੇ, ਗੁਰਮਤਿ ਸਿਧਾਂਤਾਂ ਅਤੇ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕਰੀ ਕਰਾਈ ਜਾ ਰਹੇ ਹਨ। ਨਾਮਵਰ ਪੰਥਕ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਦਾ ਫ਼ਰਜ਼ ਬਣਦਾ ਹੈ ਕਿ ਅਜੇਹੇ ਅੰਧਵਿਸ਼ਵਾਸ਼ੀ, ਹੰਕਾਰੀ ਅਤੇ ਪਦਵੀਆਂ ਦੇ ਲਾਲਚੀ ਸਿੱਖਾਂ ਨੂੰ, ਇਨ੍ਹਾਂ ਕੋਝੀਆਂ ਚਾਲਾਂ-ਹੂੜਮੱਤਾਂ ਵਿੱਚੋਂ ਕੱਢਣ ਲਈ ਕੋਈ ਯੋਗ ਅਤੇ ਠੋਸ ਉਪਰਾਲਾ ਕਰਨ। ਇਸ ਸਭ ਕੁਝ ਲਈ ਪੰਥ ਦੇ ਸਿਰਕੱਢ ਵਿਦਵਾਨ ਆਗੂਆਂ ਨੂੰ ਛੋਟੇ-ਮੋਟੇ ਮਤ-ਭੇਦ ਭੁਲਾ, ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ, ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ। ਕੋਈ ਕੌਮੀ ਜਥੇਬੰਦੀ ਜੋ ਕੇਵਲ ਤੇ ਕੇਵਲ "ਗੁਰੂ ਗ੍ਰੰਥ ਸਾਹਿਬ ਜੀ" ਦੀ ਰਹਿਨੁਮਾਈ ਵਿੱਚ ਚੱਲਣਵਾਲੀ ਹੋਵੇ ਜੋ ਕਿਸੇ ਸੇਵਾ-ਭਾਵਨਾ ਨਿਮਰਤਾ ਦੇ ਪੁੰਜ, ਸੂਰਬੀਰ, ਬਚਨ ਦੇ ਬਲੀ ਪੜ੍ਹੇ ਲਿਖੇ ਗੁਰਮੁਖ ਵਿਦਵਾਨ ਨੂੰ ਕੌਮੀ ਆਗੂ ਮੰਨ ਕੇ, ਇੱਕ ਕਾਫਲੇ ਦੇ ਰੂਪ ਵਿੱਚ ਸਦਾ ਸਰਗਰਮ ਹੋ ਚਲਦੀ ਰਹੇ। ਜੇ ਕਿਤੇ ਅਜਿਹਾ ਹੋ ਗਿਆ ਤਾਂ ਸਿੱਖ ਕੌਮ ਬ੍ਰਾਹਮਣੀ ਕਰਮਕਾਂਡਾਂ ਅਤੇ ਡੇਰੇਦਾਰਾਂ ਦੀ "ਗੋਹ ਵਾਂਗ ਚਿੰਬੜੀ" ਗੁਲਾਮੀ ਨੂੰ ਗਲੋਂ ਲਾਹ ਸੁੱਟੇਗੀ ਅਤੇ ਅਜ਼ਾਦ ਹੋ ਕੇ "ਨਾਨਕ ਰਾਜ ਚਲਾਇਆ" ਵਾਲੇ ਰਾਜ-ਭਾਗ ਵੱਲ ਵਧਦੀ ਹੋਈ ਸੰਸਾਰ ਵਿੱਚ ਸਿਰ ਉੱਚਾ ਕਰਕੇ ਵਿਚਰੇਗੀ। ਹੁਣ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਕੇ, ਸਿੱਖੀ ਦੇ ਕੀਤੇ ਜਾ ਰਹੇ ਭਗਵਾਕਰਨ ਨੂੰ ਰੱਦ ਕਰ ਦਿੱਤਾ ਹੈ। ਅੱਜ ਲੋੜ ਹੈ ਗੁਰਦੁਆਰਿਆਂ, ਗੁਰਧਾਮਾਂ-ਤਖਤਾਂ ਆਦਿਕ ਚੋਂ ਸਿੱਖੀ ਸਰੂਪ ਵਿੱਚ ਵੱਡੇ-ਵੱਡੇ ਔਹਦਿਆਂ ਤੇ ਬਿਰਾਜਮਾਨ ਕੇਸਾਧਾਰੀ, ਕਰਮਕਾਂਡੀ ਡੇਰਿਆਂ ਨਾਲ ਸਬੰਧਤ ਭੇਖੀਆਂ ਨੂੰ ਗੁਰਮਤਿ ਦੀ ਐਨਕ ਨਾਲ ਪਛਾਣ ਕੇ, ਉਨ੍ਹਾਂ ਤੋਂ ਧਰਮ ਅਸਥਾਂਨ ਅਜ਼ਾਦ ਕਰਾਏ ਜਾਣ ਅਤੇ ਕੌਮੀ ਸਹਿਮਤੀ ਨਾਲ ਗੁਰਮੁਖ ਜਨਾਂ ਨੂੰ ਗੁਰਧਾਮਾਂ ਦੀ ਸੇਵਾ ਸੌਂਪੀ ਜਾਵੇ, ਤਾਂ ਹੀ ਅਜਿਹੇ ਲੋਹੜੀ ਵਰਗੇ ਅੰਧ ਵਿਸ਼ਵਾਸ਼ੀ ਅਨਮਤੀ ਤਿਉਹਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸੋ ਲੋਹੜੀ ਮੌਸਮੀ ਤਿਉਹਾਰ ਹੈ ਅਤੇ ਇਸ ਨੂੰ ਮੌਸਮ ਦੀ ਤਬਦੀਲੀ ਦੇ ਤੌਰ ਤੇ ਲੈਣਾਂ ਚਾਹੀਦਾ ਹੈ। ਅੱਗ ਸੇਕਣੀ, ਗੁੜ, ਰਿਉੜੀਆਂ ਅਤੇ ਮੂੰਗ ਫਲੀਆਂ ਆਦਿਕ ਗਰਮ ਪਦਾਰਥ ਖਾਣੇ ਮਨਮਤਿ ਨਹੀਂ ਸਗੋਂ ਇਨ੍ਹਾਂ ਕੀਮਤੀ ਪਦਾਰਥਾਂ ਨੂੰ ਅਜਾਂਈ ਬੇਅਰਥ ਅੱਗ ਵਿੱਚ ਫੂਕਣਾਂ ਮਨਮਤਿ ਹੈ। ਕਿਨ੍ਹਾਂ ਚੰਗਾ ਹੋਵੇ ਜੇ ਇਕੱਠੇ ਹੋ ਕੇ, ਅੱਗ ਸੇਕਦੇ ਹੋਏ, ਗੁਰਬਾਣੀ ਵਿਚਾਰ ਵਿਟਾਂਦਰੇ ਕਰਕੇ ਲਾਹੇ ਲੈ ਜਾਣ। ਥੋਥੇ ਕਰਮਕਾਂਡਾਂ ਅਤੇ ਵਿਕਾਰਾਂ ਦੀ ਠੰਡ-ਕੋਰੇ ਨਾਲ ਠਰੇ ਹੋਏ ਮਨ ਨੂੰ ਗੁਰਮਤਿ ਗਿਆਨ ਦਾ ਨਿੱਘ ਦਿੱਤਾ ਜਾਵੇ। ਮੁੰਡੇ-ਕੁੜੀ ਦੇ ਜਨਮ ਨਾਲ ਲੋਹੜੀ ਦਾ ਕੋਈ ਸਬੰਧ ਨਹੀਂ ਹੈ ਫਿਰ ਕਿਉਂ ਨਾਂ ਬੱਚਿਆਂ ਦੇ ਜਨਮ ਦਿਨ ਪ੍ਰਵਾਰਕ ਖੁਸ਼ੀਆਂ ਸਾਂਝੀਆਂ ਕਰਦੇ ਹੋਏ, ਦੇਣਹਾਰ ਦਾਤਾਰ ਦੀ ਉਸਤਤਿ ਅਤੇ ਧੰਨਵਾਦ ਦੇ ਰੂਪ ਵਿੱਚ ਮਨਾਏ ਜਾਣ।
-ਅਵਤਾਰ ਸਿੰਘ ਮਿਸ਼ਨਰੀ (5104325827)