# = ਲੁੱਟ ਹੁੰਦੇ ਲੋਕਾਂ ਦੀਆਂ ਗੱਲਾਂ = #
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ !! (789)
ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਜਦੋਂ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਖੱਜਲ ਖ਼ਰਾਬ ਹੁੰਦਿਆਂ ਦੇਖਦੇ ਹਾਂ ਤੇ ਠੱਗ ਸਾਧਾਂ, ਤ੍ਰਾਂਿਤਕਾਂ ਅਤੇ ਜੋਤਸ਼ੀਆਂ ਪਾਸੋਂ ਲੁੱਟ ਹੁੰਦੇ ਲੋਕਾਂ ਦੀਆਂ ਗੱਲਾਂ ਪੜ੍ਹਦੇ ਸੁਣਦੇ ਹਾਂ ਤਾਂ ਰੋਣਾ ਆਉਂਦਾ ਹੈ ਤੇ ਸੋਚਦੇ ਹਾਂ ਕਿ ਕੀ ਸਾਡੀ ਸੋਚ ਵਿਗਿਆਨ ਦੀ ਹਾਣੀ ਬਣ ਗਈ ਹੈ।ਪਿਛਲੇ ਦਿਨੀਂ ਇਕ ਸੱਜਣ ਨੇ ਆਪ ਬੀਤੀ ਸੁਣਾਈ ਤਾਂ ਮੈਂ ਸੁਣ ਕੇ ਸੁੰਨ ਹੋ ਗਿਆ।
ਇਸ ਸੱਜਣ ਨੇ ਦੱਸਿਆ ਕਿ ਉਸ ਨੇ ਵਲੈਤ ਵਿਚ ਰਹਿੰਦੇ ਆਪਣੇ ਪੇਂਡੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਕਿ ਪਿੱਛੇ ਪੰਜਾਬ ਵਿਚ ਆਪਣੇ ਪਿੰਡ ਦੇ ਭਲੇ ਦੇ ਕੁਝ ਕਾਰਜ ਕੀਤੇ ਜਾਣ।ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ।ਇਕ ਕਮੇਟੀ ਦਾ ਗਠਨ ਕਰ ਲਿਆ ਗਿਆ ਤੇ ਕੰਮ-ਕਾਜ ਦੀ ਜ਼ਿੰਮੇਵਾਰੀ ਵੰਡ ਦਿਤੀ ਗਈ।ਵੱਡਾ ਕਾਰਜ ਸੀ ਮਾਇਆ ਇਕੱਤਰ ਕਰਨ ਦਾ।ਥੋੜ੍ਹੀ ਦੇਰ ਵਿਚ ਹੀ ਦਸ ਬਾਰਾਂ ਲੱਖ ਰੁਪੱਈਆ ਇਕੱਠਾ ਹੋ ਗਿਆ।ਕਮੇਟੀ ਨੇ ਵਿਚਾਰ ਕੀਤਾ ਕਿ ਪਹਿਲਾਂ ਪਿੰਡ ਦੇ ਸਕੂਲ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤੇ ਫੇਰ ਕੋਈ ਹੋਰ ਪ੍ਰਾਜੈਕਟ ਸ਼ੁਰੂ ਕੀਤਾ ਜਾਵੇ।ਸੋ ਦੋ ਮੈਂਬਰਾਂ ਦੀ ਡਿਊਟੀ ਲਾਈ ਗਈ ਕਿ ਉਹ ਜਾ ਕੇ ਆਪਣੀ ਦੇਖ ਰੇਖ ਵਿਚ ਇਹ ਕੰਮ ਕਰਵਾਉਣ।
ਸਕੂਲ ‘ਚ ਲੋੜੀਂਦੇ ਕੰਮ ਕਰਵਾਉਣ ਤੋਂ ਬਾਅਦ ਪਿੰਡ ਦੀ ਡਿਸਪੈਂਸਰੀ ਦੀ ਬਿਲਡਿੰਗ ਵਧਾਈ ਗਈ ਤੇ ਸਰਕਾਰ ਪਾਸੋਂ ਵਾਧੂ ਸਹੂਲਤਾਂ ਦਾ ਪ੍ਰਬੰਧ ਕਰਵਾਇਆ ਗਿਆ।ਪਿੰਡ ਦੇ ਇਕ ਦੋ ਬੰਦਿਆਂ ਨੇ ਸਲਾਹ ਦਿਤੀ ਕਿ ਪਿੰਡ ਦੀ ਸ਼ਮਸ਼ਾਨਘਾਟ ਦੇ ਆਲ਼ੇ ਦੁਆਲੇ ਦੀਵਾਰ ਨਾ ਹੋਣ ਕਰ ਕੇ ਉੱਥੇ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ ਤੇ ਦਰਖ਼ਤਾਂ ਦਾ ਨੁਕਸਾਨ ਕਰਦੇ ਹਨ।ਮੀਂਹ ਕਣੀ ਵਿਚ ਮੁਰਦਾ ਫੂਕਣ ਲਈ ਸ਼ੈੱਡ ਵੀ ਨਹੀਂ ਤੇ ਨਾ ਹੀ ਲੋਕਾਂ ਦੇ ਖੜ੍ਹੇ ਹੋਣ ਲਈ ਥਾਂ ਹੈ।ਸੋ ਫ਼ੈਸਲਾ ਹੋ ਗਿਆ ਕਿ ਸ਼ਮਸ਼ਾਨਘਾਟ ਦਾ ਕੰਮ ਕਰਵਾਇਆ ਜਾਵੇ।ਅਗਲੇ ਸਾਲ ਉੱਥੇ ਸ਼ੈੱਡ ਬਣ ਗਏ, ਆਲ਼ੇ ਦੁਆਲ਼ੇ ਕੰਧ ਬਣਾ ਕੇ ਗੇਟ ਲਗਾ ਦਿਤਾ ਗਿਆ।
ਕਮੇਟੀ ਨੇ ਇਹ ਵੀ ਵਾਅਦਾ ਕਰ ਲਿਆ ਕਿ ਉਸ ਜਗ੍ਹਾ ਦੀ ਦੇਖ-ਭਾਲ਼ ਲਈ ਪਿੰਡ ਵਾਲ਼ੇ ਇਕ ਬੰਦਾ ਰੱਖ ਲੈਣ ਜਿਸ ਦੀ ਤਨਖਾਹ ਇੰਗਲੈਂਡ ਦੀ ਕਮੇਟੀ ਦੇਵੇਗੀ।ਜਿਹਨਾਂ ਦੋ ਬੰਦਿਆਂ ਨੂੰ ਸ਼ਮਸ਼ਾਨਘਾਟ ਦੇ ਕੰਮ ਕਰਵਾਉਣ ਲਈ ਭੇਜਿਆ ਗਿਆ ਸੀ ਉਹਨਾਂ ‘ਚੋਂ ਇਕ ਜਣਾ ਬੜੇ ਸੁਹਜ-ਸੁਆਦ ਵਾਲ਼ਾ ਵਿਅਕਤੀ ਸੀ।ਉਸ ਨੇ ਦੂਜੇ ਨਾਲ਼ ਸਲਾਹ ਕੀਤੀ ਕਿ ਕਿਉਂ ਨਾ ਸ਼ਮਸ਼ਾਨਘਾਟ ਵਿਚਲੀ ਥਾਂ ਪੱਧਰੀ ਕਰਵਾ ਕੇ ਕਿਆਰੀਆਂ ਵਿਚ ਫੁੱਲ ਬੂਟੇ ਲਗਵਾਏ ਜਾਣ ਤੇ ਇਸ ਨੂੰ ਇਕ ਰਮਣੀਕ ਜਗ੍ਹਾ ‘ਚ ਬਦਲ ਦਿਤਾ ਜਾਵੇ।ਉਸ ਦੀਆਂ ਅੱਖਾਂ ਸਾਹਮਣੇ ਵਿਦੇਸ਼ੀ ਮੁਲਕਾਂ ਦੇ ਸ਼ਮਸ਼ਾਨਘਾਟ ਘੁੰਮ ਰਹੇ ਸਨ ਜੋ ਕਿ ਕਿਸੇ ਪਾਰਕ ਵਾਂਗ ਹੀ ਬਣਾਏ ਗਏ ਹੁੰਦੇ ਹਨ।ਅਜਿਹਾ ਕਰ ਕੇ ਉਹ ਪਿੰਡ ਵਾਸੀਆਂ ਨੂੰ ਇਕ ਤੋਹਫ਼ਾ ਦੇਣਾ ਚਾਹੁੰਦਾ ਸੀ ਤੇ ਬਾਕੀ ਪਿੰਡਾਂ ਲਈ ਇਕ ਮਿਸਾਲ।ਉਸ ਦੀ ਇਸ ਸਕੀਮ ਦੀ ਭਿਣਕ ਹੌਲੀ ਹੌਲ਼ੀ ਪਿੰਡ ਵਿਚ ਵੀ ਪੈ ਚੁੱਕੀ ਸੀ।
ਉਹਨਾਂ ਨੇ ਇਕ ਲੈਂਡ ਸਕੇਪਿੰਗ ਆਰਕੀਟੈਕਟ ਸੱਦਿਆ ਤੇ ਟਰੈਕਟਰ ਵਾਲੇ ਨੂੰ ਕਿਹਾ ਕਿ ਉਹ ਜ਼ਮੀਨ ਪੱਧਰੀ ਕਰ ਦੇਵੇ।ਕੰਮ ਸ਼ੁਰੂ ਕਰਨ ਵਾਲ਼ੇ ਦਿਨ ਉਹ ਅਜੇ ਉੱਥੇ ਪਹੁੰਚੇ ਹੀ ਸਨ ਕਿ ਪਿੰਡ ਦੇ ਚਾਲ਼ੀ ਪੰਜਾਹ ਬੰਦੇ ਪਹੁੰਚ ਗਏ ਤੇ ਉਹਨੀਂ ਕੰਮ ਸ਼ੁਰੂ ਕਰਨ ਤੋਂ ਰੋਕ ਦਿਤਾ।ਜਦੋਂ ਪੁੱਛਿਆ ਕਿ ਕਿਸ ਵਜਾਹ ਕਰ ਕੇ ਰੋਕਿਆ ਜਾ ਰਿਹਾ ਹੈ ਤਾਂ ਉਹਨਾਂ ਦਾ ਆਗੂ ਬੋਲਿਆ ਕਿ ਉਹਨਾਂ ਨੂੰ ਕਿਸੇ ‘ਸਿਆਣੇ’ ਨੇ ਦੱਸਿਆ ਹੈ ਕਿ ਸ਼ਮਸ਼ਾਨਘਾਟ ਦੀ ਛੇੜਛਾੜ ਕਰਨ ਕਰ ਕੇ ਹੀ ਪਿੰਡ ਵਿਚ ਮੌਤਾਂ ਵਧੇਰੇ ਹੋਣ ਲੱਗ ਪਈਆਂ ਹਨ।‘ਸਿਆਣੇ’ ਨੇ ਉਹਨਾਂ ਨੂੰ ਇਹ ਵੀ ਦੱਸਿਆ ਹੈ ਕਿ ਸ਼ਮਸ਼ਾਨਘਾਟ ‘ਚ ਪਹਿਲਾਂ ਹੀ ਉੱਥਲ ਪੁੱਥਲ ਹੋਣ ਨਾਲ਼ ਰੂਹਾਂ ਨੂੰ ਬਹੁਤ ਤੰਗੀ ਹੋਈ ਹੈ ਤੇ ਹੁਣ ਉੱਥੇ ਟਰੈਕਟਰ ਚਲਾਉਣ ਨਾਲ਼ ਤਾਂ ਉਹ ਪਿੰਡ ਉੱਪਰ ਕਰੋਪੀ ਹੀ ਲਿਆ ਦੇਣਗੀਆਂ।
ਸੁਲਝੇ ਹੋਏ ਬੰਦਿਆਂ ਦੀਆਂ ਦਲੀਲਾਂ ਨੇ ਵੀ ਕੋਈ ਕਾਟ ਨਾ ਕੀਤੀ।‘ਸਿਆਣੇ’ ਦਾ ਤਿਆਰ ਕੀਤਾ ਹੋਇਆ ਗਰੁੱਪ ਆਪਣੀ ਗੱਲ ‘ਤੇ ਅੜਿਆ ਰਿਹਾ।ਪਿੰਡ ਦੇ ਬਹੁਤੇ ਬੰਦਿਆਂ ਨੇ ਕਿਸੇ ਗ਼ੈਬੀ ਸ਼ਕਤੀ ਦੇ ਡਰ ਤੋਂ ਬਿਲਕੁਲ ਹੀ ਚੁੱਪ ਵੱਟ ਲਈ ਤੇ ਸਕੀਮ ਧਰੀ ਧਰਾਈ ਰਹਿ ਗਈ।
ਨਿਰਮਲ ਸਿੰਘ ਕੰਧਾਲਵੀ