ਮੁੱਖ ਸਕੱਤਰ ਨੂੰ ਜਲ ਦੀ ਬਜਾਏ ਸ਼੍ਰੋਮਣੀ ਕਮੇਟੀ ਦਾ ਗੋਲ-ਮੋਲ ਹੁੰਦਾ ਮਾਲ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ
ਅੰਮ੍ਰਿਤਸਰ 2 ਸਤੰਬਰ (ਜਸਬੀਰ ਸਿੰਘ): ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਦੀ ਸੰਗਤਾਂ ਵੱਲੋਂ ਕੀਤੀ ਜਾਂਦੀ ਦੋ ਵਕਤ ਸਫਾਈ ਤੇ ਧੁਆਈ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਨਵੇਂ ਮੁੱਖ ਸਕੱਤਰ ਦੇ ਘੱਟੋ ਘੱਟ ਪਾਣੀ ਦੀ ਵਰਤੋਂ ਦੇ ਆਦੇਸ਼ਾਂ ਨੂੰ ਲੈ ਕੇ ਫਿਲਹਾਲ ਸੰਗਤ ਤਾਂ ਬੇਬੱਸ ਹੋ ਗਈ ਹੈ, ਲੇਕਿਨ ਕਮੇਟੀ ਦੇ ਆਪਣੇ ਹੀ ਅਧਿਕਾਰੀਆਂ ਨੂੰ ਇੱਕ ਵਾਰ ਫਿਰ ਨਵਾਂ ਮੁੱਖ ਸਕੱਤਰ ਖਿਲਾਫ ਮੁਹਾਜ ਖੋਲਣ ਦਾ ਮੌਕਾ ਜਰੂਰ ਮਿਲ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਨਵ ਨਿਯੁਕਤ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਵੱਲੋ ਦਿੱਤੇ ਆਦੇਸ਼ਾਂ 'ਤੇ ਅਮਲ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਬੀਤੇ ਕੱਲ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੀ ਧੁਆਈ ਕਰਨ ਵਾਲੀਆਂ ਸੰਗਤਾਂ ਨੂੰ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਰੋਕਣ ਹਿੱਤ ਸੌ ਬਾਲਟੀਆਂ ਦੇਣ ਤੋਂ ਇਨਕਾਰ ਕਰਦਿਆਂ ਮਹਿਜ ਦਸ ਬਾਲਟੀਆਂ ਦੇ ਦਿੱਤੀਆਂ। ਪ੍ਰਬੰਧਕਾਂ ਦਾ ਤਰਕ ਸੀ ਸੰਗਤਾਂ ਧੁਆਈ ਦੇ ਨਾਮ ਹੇਠ ਲੋੜ ਤੋਂ ਜ਼ਿਆਦਾ ਪਾਣੀ ਡੋਲਦੀਆਂ ਹਨ, ਲੇਕਿਨ ਸੰਗਤਾਂ ਦੇ ਬਹੁਤ ਜਿਆਦਾ ਵਿਰੋਧ ਜਿਤਾਉਣ ਅਤੇ ਇਸ ਨਵੇਂ ਆਦੇਸ਼ ਨੂੰ ਸ੍ਰੀ ਦਰਬਾਰ ਸਾਹਿਬ ਦੀ ਪੁਰਾਤਨ ਪ੍ਰੰਪਰਾ ਵਿੱਚ ਦਖਲ ਅੰਦਾਜੀ ਦਾ ਮੁੱਦਾ ਬਣਾਉਣ 'ਤੇ ਕੁੱਲ ਵੀਹ ਬਾਲਟੀਆਂ ਹੀ ਦਿੱਤੀਆਂ ਗਈਆਂ ਹਨ।
ਸ਼੍ਰੋਮਣੀ ਕਮੇਟੀ ਦੁਆਰਾ ਜਾਰੀ ਇਨਾਂ ਨਵੇਂ ਆਦੇਸ਼ਾਂ ਦੀ ਅੱਜ ਦੂਸਰੇ ਦਿਨ ਵੀ ਪਾਲਣਾ ਬਰਕਰਾਰ ਰਹੀ ਤੇ ਸੰਗਤਾਂ ਦਾ ਰੋਹ ਵੀ ਸ਼ਾਂਤ ਹੀ ਨਜ਼ਰ ਆਇਆ । ਇਥੇ ਹੀ ਬੱਸ ਨਹੀਂ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਾਲੇ ਪਾਸੇ ਬਣੇ ਸਰਕਾਰੀ ਪਲਾਜ਼ਾ ਦੀ ਧੁਆਈ ਵੇਲੇ ਵੀ ਪਾਣੀ ਦੀ ਵਰਤੋਂ ਵਿੱਚ ਸੰਕੋਚ ਸਾਫ ਨਜ਼ਰ ਆਇਆ । ਪ੍ਰਬੰਧਕਾਂ ਦਾ ਇਕ ਪਾਸੇ ਤਾਂ ਦਾਅਵਾ ਸੀ ਕਿ ਕੁਝ ਲੋਕ ਸੇਵਾ ਦੇ ਨਾਮ ਹੇਠ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਉਪਰ ਭਾਰੂ ਹੋਣਾ ਚਾਹੁੰਦੇ ਹਨ ਲੇਕਿਨ ਦੂਸਰੇ ਪਾਸੇ ਉਹ ਇਹ ਦੱਸਣ ਵਿੱਚ ਅਸਫਲ ਸਨ ਕਿ ਆਖਰ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਦੇ ਰੱਖ ਰਖਾਅ ਅਤੇ ਸੰਗਤ ਦੀ ਸੁੱਖ ਸਹੂਲਤ ਲਈ ਤਾਇਨਾਤ ਸੈਂਕੜੇ ਸੇਵਾਦਾਰ ਤੇ ਟਾਸਕ ਫੋਰਸ ਪਰਕਰਮਾ ਦੀ ਸਫਾਈ ਅਤੇ ਧੁਆਈ ਲਈ ਅੱਗੇ ਕਿਉਂ ਨਹੀਂ ਆਉਂਦੇ?
ਸ੍ਰੀ ਦਰਬਾਰ ਸਾਹਿਬ ਦੇ ਇੱਕ ਵਧੀਕ ਮੈਨੇਜਰ ਦਾ ਦੋਸ਼ ਸੀ ਕਿ ਗੱਲ ਤੇ ਕਮੇਟੀ ਪ੍ਰਬੰਧ ਵਿੱਚ ਨਿਯਮਾਂ ਦੀ ਦੁਹਾਈ ਦੇਣ ਵਾਲਾ ਮੀਡੀਆ ਜੇ ਸਮਾਂ ਰਹਿੰਦੇ ਮੁੱਖ ਸਕੱਤਰ ਦੀ ਨਿਯੁਕਤੀ ਖਿਲਾਫ ਜੰਗ ਜਾਰੀ ਰੱਖਦਾ ਤਾਂ ਆਹ ਦਿਨ ਨਹੀੰ ਸਨ ਵੇਖਣੇ ਪੈਣੇ। ਲੇਕਿਨ ਸ੍ਰੀ ਦਰਬਾਰ ਸਾਹਿਬ ਦੇ ਇਹ ਮੈਨੇਜਰ ਸਾਹਿਬ ਇਹ ਕਦਾਚਿਤ ਮੰਨਣ ਨੂੰ ਤਿਆਰ ਨਹੀਂ ਸਨ ਕਿ ਪ੍ਰਬੰਧਕਾਂ ਦੀਆਂ ਆਪ ਹੁਦਰੀਆਂ ਅਤੇ ਬੀਤੇ ਵਿੱਚ ਲਏ ਕੁਝ ਗਲਤ ਫੈਸਲੇ ਵੀ ਮੁੱਖ ਸਕੱਤਰ ਦੀ ਨਿਯੁਕਤੀ ਲਈ ਜਿੰਮੇਵਾਰ ਹਨ।
ਦੂਸਰੇ ਪਾਸੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਅਤੇ ਇਸ ਚੌਗਿਰਦੇ ਦੀ ਸਫਾਈ ਕਰ ਰਹੇ ਕੁਝ ਪ੍ਰੇਮੀਆਂ ਦਾ ਇਹ ਤਰਕ ਵੀ ਜਾਇਜ ਹੈ ਕਿ ਜੇਕਰ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਅਤੇ ਪਹੁੰਚ ਮਾਰਗਾਂ ਦੀ ਸਫਾਈ ਕੁਝ ਸ਼ਰਧਾਵਾਨ ਸਿੱਖ ਹੀ ਕਰ ਸਕਦੇ ਹਨ, ਤਾਂ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਲਈ ਲੱਖਾਂ ਰੁਪਏ ਖਰਚ ਕੇ ਚੋਣਾਂ ਜਿੱਤ ਕੇ ਕਮੇਟੀ ਮੈਂਬਰ ਬਨਣ ਵਾਲੇ ਲੋਕ ਇਸ ਅਹਿਮ ਸੇਵਾ ਤੋਂ ਕਿਉਂ ਭੱਜਦੇ ਹਨ? ਗੁਰੂ ਘਰ ਦੇ ਪ੍ਰੇਮੀਆ ਦਾ ਇਹ ਤਰਕ ਵੀ ਸਹੀ ਹੈ ਕਿ ਜਿਹੜਾ ਵੀ ਕਮੇਟੀ ਮੁਲਾਜਮ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੀ ਸੇਵਾ ਸੰਭਾਲਦਾ ਹੈ ਉਹ ਆਪਣੇ ਸੇਵਾ ਕਾਲ ਦੌਰਾਨ ਨਿੱਤ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਆਉਣ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਮੋਢਾ ਦੇਣ ਤਾਂ ਪੁੱਜ ਜਾਂਦਾ ਹੈ ਲੇਕਿਨ ਕਦੇ ਲੰਗਰ ਵਿੱਚ ਪ੍ਰਸ਼ਾਦਿਆਂ ਦੀ ਸੇਵਾ ਜਾਂ ਕੰਪਲੈਕਸ ਦੀ ਸਫਾਈ ਦੀ ਸੇਵਾ ਲਈ ਅੱਗੇ ਨਹੀਂ ਆਉਂਦਾ।
ਇਹ ਵੀ ਜਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਲਈ ਸੈਂਕੜੇ ਹੀ ਲੱਠਮਾਰ ਸੇਵਾਦਾਰ ਵੱਖ ਵੱਖ ਥਾਵਾਂ ‘ਤੇ ਤਾਇਨਾਤ ਕੀਤੇ ਗਏ ਹਨ, ਜਿਹੜੇ ਸੰਗਤਾਂ ਨਾਲ ਵਿਵਹਾਰ ਹੀ ਮਾੜਾ ਨਹੀਂ ਕਰਦੇ ਸਗੋ ਬੋਲ ਬਾਣੀ ਵੀ ਉਹਨਾਂ ਦੀ ਇੰਨੀ ਭੱਦੀ ਹੁੰਦੀ ਹੈ ਕਿ ਸੁਣਨ ਵਾਲੇ ਨੂੰ ਕੰਨਾਂ ਵਿੱਚ ਉਗਲਾਂ ਪਾਉਣ ਲਈ ਮਜਬੂਰ ਹੋਣਾ ਪੈਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਰ ਰਾਤ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸੁਖ ਆਸਨ ਤੋ ਬਾਅਦ ਹੋਣ ਵਾਲੀ ਸੁਕੀ ਸੇਵਾ ਅਤੇ ਇਸ਼ਨਾਨ ਦੀ ਸੇਵਾ ਲਈ ਬਹੁਤਾਤ ਪ੍ਰੇਮੀ ਸੰਗਤਾਂ ਦੀ ਹੁੰਦੀ ਹੈ ਅਤੇ ਇਹਨਾਂ ਦੀ ਅਗਵਾਈ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਥਾਪੜਾ ਹਾਸਲ ਪ੍ਰੇਮੀ ਨੰਬਰਦਾਰ ਬਣ ਕੇ ਹੀ ਕਰਦਾ ਹੈ। ਸੇਵਾ ਕਰਨ ਵਾਲਿਆ ਵਿੱਚ ਵਧੇਰੇ ਕਰਕੇ ਪੀੜੀ ਦਰ ਪੀੜੀ ਸੇਵਾ ਕਰਨ ਵਾਲਿਆਂ ਦੀ ਹੁੰਦੀ ਹੈ ਜਿਹੜੇ ਸਿਰਫ ਸੇਵਾ ਕਰਨ ਲਈ ਹੀ ਆਉਦੇ ਹਨ।
ਸੰਗਤਾਂ ਤੋ ਬਗੈਰ ਸ਼੍ਰੋਮਣੀ ਕਮੇਟੀ ਪ੍ਰਬੰਧ ਇੱਕ ਦਿਨ ਵੀ ਨਹੀਂ ਚਲਾ ਸਕਦੀ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਕਮੇਟੀ ਮੁਲਾਜਮਾ ਦੀ ਸਭ ਤੋਂ ਵੱਧ ਗਿਣਤੀ ਤਾਇਨਾਤ ਕੀਤੀ ਗਈ ਹੈ, ਲੇਕਿਨ ਫਿਰ ਵੀ ਲੰਗਰ ਨੂੰ ਚਲਾਉਣ ਲਈ ਸੰਗਤਾਂ ਦਾ ਸਹਿਯੋਗ ਪੂਰੀ ਤਰ੍ਹਾਂ ਬਣਿਆ ਰਹਿੰਦਾ ਹੈ ਅਤੇ ਲੰਗਰ ਵਰਤਾਉਣ ਅਤੇ ਬਣਾਉਣ ਵਿੱਚ ਸੰਗਤਾਂ ਦਾ ਅਹਿਮ ਰੋਲ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਗਏ ਨਵੇਂ ਮੁੱਖ ਸਕੱਤਰ ਲਈ ਇਹ ਸਵਾਲ ਅਹਿਮ ਰਹੇਗਾ ਕਿ ਉਹ ਆਪਣੇ ਦੁਆਰਾ ਜਾਰੀ ਆਦੇਸ਼ਾਂ ਨੂੰ ਲਾਗੂ ਕਰਾਉਣ ਲਈ ਸੰਗਤ ਦੇ ਸਹਿਯੋਗ ਨੂੰ ਯਕੀਨੀ ਬਨਾਉਣ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਪਾਣੀ ਦੀ ਬੱਚਤ ਨੂੰ ਲੈ ਕੇ ਕਮੇਟੀ ਦੇ ਮੁੱਖ ਸਕੱਤਰ ਦੁਆਰਾ ਜਾਰੀ ਆਦੇਸ਼ ਮਹਿਜ ਉਹਨਾਂ ਦੀ ਆਮਦ ਦੀ ਦਸਤਕ ਤੇ ਪਹਿਲਾਂ ਸਵਾਲ ਹੈ, ਲੇਕਿਨ ਕਮੇਟੀ ਪ੍ਰਬੰਧ ਹੇਠ ਅਜੇ ਬਹੁਤ ਕੁਝ ਸਰਫਾ ਕਰਕੇ ਬਚਾਉਣ ਵਾਲਾ ਹੈ ਜਿਹੜਾ ਪਿਛਲੇ ਲੰਮੇ ਸਮੇਂ ਤੋ ਗੋਲਮੋਲ ਹੁੰਦਾ ਆ ਰਿਹਾ ਹੈ ਤੇ ਤਰਸ ਦੇ ਆਧਾਰ 'ਤੇ ਨੌਕਰੀਆਂ ਲੈਣ ਵਾਲੇ ਗੁਰੂ ਦੀ ਗੋਲਕ ਨੂੰ ਲੁੱਟ ਕੇ ਕਰੋੜਾਂ ਦੀਆਂ ਕੋਠੀਆਂ ਪਾ ਰਹੇ ਹਨ।
ਬੀਤੇ ਕਲ ਤਾਂ ਪਰਕਰਮਾ ਦੀ ਸਫਾਈ ਤੇ ਧੁਆਈ ਮਾਮਲੇ ਵਿੱਚ ਉਹ ਇਹ ਕਹਿ ਕੇ ਸਾਫ ਬਚ ਗਏ ਕਿ ਸੰਗਤ ਮੈਨੇਜਰ ਸ੍ਰੀ ਦਰਬਾਰ ਸਾਹਿਬ ਨਾਲ ਗਲ ਕਰੇ ਲੇਕਿਨ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਵੀ ਸੰਗਤ ਦੇ ਕਟਿਹਰੇ ਵਿੱਚ ਖੜਨ ਲਈ ਤਿਆਰ ਬਰ ਤਿਆਰ ਰਹਿਣਾ ਪਵੇਗਾ। ਮੁੱਖ ਸਕੱਤਰ ਵੱਲੋ ਜਿਹੜੀ ਜਲ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਸ਼ਾਇਦ ਉਹਨਾਂ ਨੂੰ ਇਹ ਪਤਾ ਨਹੀਂ ਸਰੋਵਰ ਦਾ ਜਲ ਲਗਾਤਾਰ ਚੱਲਦਾ ਰਹਿੰਦਾ ਹੈ ਤੇ ਫਾਲਤੂ ਜਲ ਬਾਬਾ ਅਟੱਲ ਰਾਏ ਵਾਲੇ ਪਾਸੇ ਬਾਹਰ ਕੱਢ ਦਿੱਤਾ ਜਾਂਦਾ ਹੈ। ਜੇਕਰ ਸੰਗਤਾਂ ਇਹ ਪਰਕਰਮਾ ਦੀ ਧੁਲਾਈ ਲਈ ਵਰਤੋ ਕਰਨਗੀਆ ਤਾਂ ਇਸ ਵਿੱਚ ਬੁਰਾਈ ਵੀ ਕੀ ਹੈ? ਅੱਜ ਧੁਆਈ ਦੀ ਸੇਵਾ ਕਰਨ ਲਈ ਜਿਹੜੇ ਅੰਮ੍ਰਿਤਸਰ ਦੇ ਲੋਕ ਆਪਣਾ ਕਾਰੋਬਾਰ ਛੱਡ ਕੇ ਆਉਦੇ ਸਨ, ਉਹਨਾਂ ਨੇ ਆਉਣਾ ਬੰਦ ਕਰ ਦਿੱਤਾ ਹੈ ਤੇ ਸ਼੍ਰੋਮਣੀ ਕਮੇਟੀ ਨੇ ਸੇਵਾ ਅੱਜ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਨਾਲ ਲੈ ਕੇ ਕਰਵਾਈ ਪਰ ਅਧਿਕਾਰੀ 20 ਬਾਲਟੀਆਂ 'ਤੇ ਹੀ ਅੜੇ ਰਹੇ।
ਮੁੱਖ ਸਕੱਤਰ ਸਾਹਿਬ ਨੂੰ ਸੰਗਤ ਨਾਲ ਆਢਾ ਲੈਣ ਦੀ ਬਜਾਏ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵਿੱਚ ਫੈਲੈ ਭ੍ਰਿਸ਼ਟਾਚਾਰ ਤੇ ਬੇਨਿਯਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਸੰਗਤ ਨਾਲ ਆਢਾ ਲਗਾ ਕੇ ਕੋਈ ਵੀ ਅਧਿਕਾਰੀ ਬੱਚ ਨਹੀਂ ਸਕਦਾ। ਸ੍ਰ. ਹਰਚਰਨ ਸਿੰਘ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੀ ਗਈ ਹੈ, ਪਰ ਸੰਗਤ ਨਾਲ ਵਿਗਾੜ ਕੇ ਉਹਨਾਂ ਦੀ ਸਕੱਤਰੀ ਚੱਲਣੀ ਮੁਮਕਿਨ ਨਹੀਂ ਹੈ। ਸ਼੍ਰੋਮਣੀ ਕਮੇਟੀ ਦਾ ਜਦੋ ਵੀ ਕੋਈ ਨਵਾਂ ਸਕੱਤਰ ਲੱਗਦਾ ਹੈ ਤਾਂ ਉਸ ਨੂੰ ਵਧਾਈਆ ਦੇਣ ਵਾਲਿਆ ਦਾ ਤਾਂਤਾ ਲੱਗਾ ਰਹਿੰਦਾ ਹੈ, ਇਸ ਵੇਲੇ ਮੁੱਖ ਸਕੱਤਰ ਦੇ ਦਫਤਰ ਵਿੱਚ ਕੋਈ ਰੌਣਕ ਵੇਖਣ ਨੂੰ ਨਹੀਂ ਮਿਲਦੀ।