ਗੁਰਬਾਣੀ ਆਦੇਸ਼ ਬੜਾ ਸਾਫ ਹੈ , ਖਾਸ ਕਰ ਅੱਜ ਦੇ ਹਾਲਾਤ ਵਿਚ । ਸਿੱਖਾਂ ਦੇ ਆਗੂਆਂ (ਖਾਸ ਕਰ ਧਾਰਮਿਕ ਖੇਤ੍ਰ ਨਾਲ ਸਬੰਧਿਤ) ਨੇ ਸਿੱਖਾਂ ਨੂੰ , ਆਨੇ-ਬਹਾਨੇ ਬਹੁਤ ਲੁਟਿਆ ਹੈ । ਕਦੇ ਗਰੀਬਾਂ ਦੀ ਮਦਦ ਦੇ ਨਾਂ ਤੇ , ਕਦੇ ਕੁੜੀਆਂ ਦੇ ਵਿਆਹ ਦੇ ਨਾਂ ਤੇ , ਕਦੇ ਗੁਰਦਵਾਰਿਆਂ ਦੇ ਨਾਂ ਤੇ , ਕਦੇ ਗੁਰਦਵਾਰਆਂ ਵਿਚ ਪੱਥਰ ਲੱਗਣ ਦੇ ਨਾਂ ਤੇ , ਕਦੇ ਗੁਰਦਵਾਰਿਆਂ ਤੇ ਲਗਦੇ ਸੋਨੇ ਦੇ ਨਾਂ ਤੇ , ਕਦੇ ਸੋਨੇ ਦੀਆਂ ਪਾਲਕੀਆਂ ਦੇ ਨਾਂ ਤੇ , ਕਦੇ ਗੁਰਮਤਿ ਪਰਚਾਰ ਦੇ ਨਾਂ ਤੇ , ਕਦੇ 84 ਦੇ ਸ਼ਹੀਦਾਂ ਦੇ ਨਾਂ ਤੇ ਅਤੇ ਕਦੇ 84 ਦੀਆਂ ਵਿਧਵਾਵਾਂ ਦੇ ਨਾਂ ਤੇ ।
ਪਰ ਸਾਰਾ ਪੈਸਾ ਆਪਣੇ ਨਿੱਜੀ ਖਾਤੇ ਵਿਚ ਹੀ ਗਿਆ ਹੈ । ਗਿਰਾਵਟ ਏਥੋਂ ਤਕ ਆ ਗਈ ਕਿ ਜਦ 84 ਦੀਆਂ ਸਿੱਖ ਵਿਧਵਾਵਾਂ ਅਕਾਲ ਤਖਤ ਤੇ ਕੁਝ ਮਦਦ ਦੀ ਆਸ ਨਾਲ ਗਈਆਂ , ਤਾਂ ਉਨ੍ਹਾਂ ਨੂੰ ਤਾਂ ਜਥੇਦਾਰ ਜੀ ਨੇ ਪਤਾ ਨਹੀਂ ਕੀ ਜਵਾਬ ਦਿੱਤਾ , ਪਰ ਜਦ ਪੱਤ੍ਰ-ਕਾਰਾਂ ਨੇ ਜਥੇਦਾਰ ਜੀ ਕੋਲੋਂ ਪੁਛਿਆ ਕਿ ਹੁਣ ਇਨ੍ਹਾਂ ਦੀ ਕੀ ਔਕੜ ਹੈ ? ਤਾਂ ਜਥੇਦਾਰ ਜੀ ਦਾ ਜਵਾਬ ਸੀ “ ਕੁਝ ਵੀ ਨਹੀਂ , ਇਹ ਤਾਂ ਐਵੇਂ ਖੇਖਨ ਪਈਆਂ ਕਰਦੀਆਂ ਨੇ ”
ਦੇਣ ਵਾਲਿਆਂ ਨੇ ਕਦੇ ਵੀ ਆਪਣਾ ਫਰਜ਼ (ਦਿੱਤੇ ਦਾ ਹਿਸਾਬ ਲੈਣਾ) ਪੂਰਾ ਨਹੀਂ ਕੀਤਾ । ਦਸਵੰਧ ਸਮਾਜਿਕ ਭਲਾਈ ਲਈ ਹੁੰਦਾ ਹੈ , ਕੀ ਉਨ੍ਹਾਂ ਦੇ ਦਿੱਤੇ ਪੈਸੇ ਨਾਲ , ਸਮਾਜਿਕ ਭਲਾਈ ਹੋਈ ਜਾਂ ਸਮਾਜ ਵਿਚ ਹੋਰ ਗੰਦ ਪਿਆ ? ਇਸ ਲਈ ਜ਼ਿਮੇਵਾਰ ਕੌਣ ਹੈ ? ਕੀ ਉਨ੍ਹਾਂ ਕਦੇ ਵਿਚਾਰਿਆ ? ਬੱਸ ਬਹੁਤ ਹੋ ਗਿਆ , ਮੂੰਹ ਰਖਵੀਆਂ ਕਰ ਕਰ ਕੇ , ਮੂਰਖ ਬਣਦਿਆਂ , ਹੱਕ-ਹਲਾਲ ਦੀ ਕਮਾਈ ਦਾ ਬਹੁਤ ਪੈਸਾ ਰੋੜ੍ਹ ਲਿਆ । ਹੁਣ ਤਾਂ ਕਿਰਤੀ ਸਿੱਖਾਂ ਨੇ ਖੁਦਕੁਸ਼ੀਆਂ ਦਾ ਰਾਹ ਫੜ ਲਿਆ ਹੈ ਅਤੇ ਤੁਹਾਡੇ ਦਿੱਤੇ ਪੈਸੇ ਨਾਲ ਪਾਟਣ ਆਏ ਢਿਡਾਂ ਵਾਲੇ , ਦਿਨ ਦੀਵੀਂ ਸਿੱਖਾਂ ਨੂੰ ਹੀ ਮਾਰਦੇ ਪਏ ਹਨ , ਕੁਝ ਵਿਚਾਰ ਕਰੋ ।
ਗੁਰਬਾਣੀ ਦੀ ਇਹ ਤੁਕ ਕਹਿੰਦੀ ਹੈ ਕਿ , ਪਹਿਲਾਂ ਤਾਂ ਜੋ ਕੋਈ ਤੁਹਾਡੇ ਕੋਲੋਂ , ਕਿਸੇ ਕੰਮ ਲਈ ਪੈਸਿਆਂ ਦੀ ਮੰਗ ਕਰਦਾ ਹੈ , ਉਸ ਦੇ ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਘੋਖ ਕੇ ਪੜ੍ਹੋ , ਉਸ ਦੀ ਅਸਲੀਅਤ ਸਮਝੋ , ਇਹ ਸੋਚੋ ਕਿ , ਕੀ ਉਨ੍ਹਾਂ ਲੋਕਾਂ ਨੂੰ ਦਿੱਤੇ ਇਹ ਪੈਸੇ , ਪੰਥ ਭਲਾਈ ਵਿਚ ਹਨ ਜਾਂ ਨਹੀਂ ? ਉਹ ਬੰਦੇ ਜਿਸ ਕੰਮ ਲਈ ਪੈਸੇ ਮੰਗ ਰਹੇ ਹਨ , ਕੀ ਉਹ ਉਸ ਕੰਮ ਨੂੰ ਗੁਰਮਤਿ ਅਨੁਸਾਰ ਕਰਨ ਦੇ ਸਮਰੱਥ ਵੀ ਹਨ ? ਕੀ ਇਸ ਵੇਲੇ ਪੰਥ ਨੂੰ ਉਹ ਕੰਮ ਕਰਨ ਦੀ ਲੋੜ ਵੀ ਹੈ ? ਜੇ ਤੁਹਾਡਾ ਦਿਮਾਗ , ਉਸ ਕੰਮ ਲੲੈ ਪੈਸੇ ਦੇਣ ਦੀ ਹਾਮੀ ਭਰੇ , ਤਾਂ ਬੜੇ ਸ਼ੌਕ ਨਾਲ ਪੈਸੇ ਦੇਵੋ , ਨਹੀਂ ਤਾਂ ਇਨ੍ਹਾਂ ਪੈਸਿਆਂ ਨੂੰ ਆਪਣੈ ਜੇਭ ਵਿਚ ਰੱਖੋ , ਜੇ ਤੁਹਾਡੀਆਂ ਜੇਭਾਂ ਇਨ੍ਹਾਂ ਪੈਸਿਆਂ ਨਾਲ ਪਾਟਦੀਆਂ ਹਨ , ਤਾਂ ਤੁਹਾਡੇ ਆਂਢ-ਗਵਾਂਢ ਵਿਚ ਬਹੁਤ ਸਾਰੇ ਲੋੜ-ਵੰਦ ਹੋਣਗੇ , ਉਨ੍ਹਾਂ ਦੀ ਮਦਦ ਕਰੋ , ਤੁਹਾਡੀਆਂ ਜੇਭਾਂ ਵੀ ਪਾਟਣੋ ਬਚ ਜਾਣਗੀਆਂ ਅਤੇ ਉਨ੍ਹਾਂ ਵਿਚਾਰਿਆਂ ਦਾ ਕੰਮ ਵੀ ਹੋ ਜਾਵੇਗਾ ।
ਅੱਜ-ਕਲ ਇੰਟਰਨੈਟ ਤੇ ਜੋਗੀ ਹਰਭਜਨ ਸਿੰਘ ਦੇ ਚੇਲਿਆਂ (sikhnet) ਵਲੋਂ ਇਸ਼ਤਿਹਾਰ ਨੁਮਾ ਇਕ ਸੁਨੇਹਾ ਹੈ , ਕਿ ਉਹ ਸਿੱਖ ਬੱਚਿਆਂ ਲਈ ਸੌ ਕਹਾਣੀਆਂ ਲਿਖਣਾ ਚਾਹੁੰਦੇ ਹਨ , ਜੋ ਸਿੱਖ ਬੱਚਿਆਂ ਵਿਚ ਸਿੱਖੀ ਦਾ ਪਰਚਾਰ ਕਰਨ ਲਈ ਛਾਪੀਆਂ ਜਾਣਗੀਆਂ । ਉਨ੍ਹਾਂ ਕੋਲ 53,900 ਪਾਊਂਡ ਤਾਂ ਹਨ ਅਤੇ ਜਨਵਰੀ ਦੇ ਆਖਿਰ ਤਕ 60,000 ਪਾਊਂਡ ਹੋਰ ਚਾਹੀਦੇ ਹਨ । ਪਹਿਲੀ ਗੱਲ ਤਾਂ ਇਹ ਕਿ ਉਹ ਸਿੱਖੀ ਸਿਧਾਂਤ ਤੋਂ ਕੋਰੇ , ਚਮਤਕਾਰਾਂ ਅਤੇ ਕਰਮ-ਕਾਂਡਾਂ ਵਚ ਫਸੇ ਹੋਏ , ਸਿੱਖ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਵਾਲੀਆਂ ਕਹਾਣੀਆਂ ਲਿਖਣ ਦੇ ਸਮਰੱਥ ਹੀ ਨਹੀਂ ਹਨ ।
ਦੂਸਰਾ , ਜੇ ਸਾਡੇ ਕੋਲ ਏਨਾ ਪੈਸਾ (53,900 ਪਾਊਂਡ) ਹੋਵੇ ਤਾਂ ਅਸੀਂ ਗੁਰਮਤਿ ਨੂੰ ਉਜਾਗਰ ਕਰਦੀਆਂ ਸੌ ਕਹਾਣੀਆਂ ਲਿਖ ਕੇ , ਹਰ ਸਾਲ ਉਨ੍ਹਾਂ ਨੂੰ ਘੱਟੋ-ਘੱਟ ਇਕ ਲੱਖ ਦੀ ਗਿਣਤੀ ਵਿਚ ਛਾਪ ਕੇ ਵੰਡ ਸਕਦੇ ਹਾਂ , ਭਵਿੱਖ ਵਿਚ ਕਿਸੇ ਕੋਲੋਂ ਕੋਈ ਪੈਸਾ ਮੰਗਣ ਦੀ ਲੋੜ ਨਹੀਂ ਪਵੇਗੀ ।
ਸੰਭਲੋ ਅਤੇ ਆਪਣੇ ਲਹੂ-ਪਸੀਨੇ ਦੀ ਕਮਾਈ ਦੇ ਪੈਸੇ , ਆਪਣੇ ਪਰਿਵਾਰ ਅਤੇ ਪੰਥ ਦੀ ਭਲਾਈ ਤੇ ਲਾਉਣ ਦੇ ਪ੍ਰੋਗਰਾਮ ਉਲੀਕੋ । ਵੇਹਲੜਾਂ ਨੂ ਬਹੁਤ ਪਾਲ ਲਿਆ , ਹੁਣ ਕਿਰਤੀਆਂ ਦੀ ਸਾਰ ਲਵੋ ।
ਸੰਪਾਦਕੀ
ਖਬਰਦਾਰ-ਹੁਸ਼ਿਆਰ - ਅਕਲੀ ਪ ਿੜ੍ ਕੈ ਬੁਝੀਐ ਅਕਲੀ ਕੀਚੈ ਦਾਨੁ ॥
Page Visitors: 3494