ਜਸਬੀਰ ਸਿੰਘ ਵਿਰਦੀ
-: ਸਤਿਨਾਮ ਸਿੰਘ ਦੇ ਸਵਾਲਾਂ ਦੇ ਜਵਾਬ :-
Page Visitors: 3352
-: ਸਤਿਨਾਮ ਸਿੰਘ ਦੇ ਸਵਾਲਾਂ ਦੇ ਜਵਾਬ :- 1- ਸਤਿਨਾਮ ਸਿੰਘ ਮੌਂਟਰੀਅਲ:- “ਕਈ ਜਨਮ ਭਏ ਕੀਟ ਪਤੰਗਾ॥” ਪੇਜ 176 ਵਾਲੇ ਸ਼ਬਦ ਦਾ ਤੀਜਾ ਬੰਦ- ‘ਸਾਧ ਸੰਗਿ ਭਇਓ ਜਨਮੁ ਪਰਾਪਤਿ’ ?- ਜੇ ਇਹ ਮਨੁੱਖਾ ਸਰੀਰ ਸਾਧ (ਗੁਰੂ) ਦਾ ਸੰਗ ਕਰਕੇ ਮਿਲਿਆ ਹੈ, ਕਿਹੜੀਆਂ ਜੂਨਾਂ ਨੇ ਸਾਧ ਸੰਗਿ (ਗੁਰੂ) ਕੀਤਾ ਫਿਰ ਉਨ੍ਹਾਂਨੂੰ ਮਨੁਖਾ ਜਨਮ ਮਿਲਿਆ? ਜਸਬੀਰ ਸਿੰਘ ਵਿਰਦੀ:- ਵੀਰ ਜੀ! ਇਸ ਤੁਕ ਦੇ ਅਰਥ ਹਨ- ਇਹ ਮਨੁੱਖਾ ਜਨਮ ਤੈਨੂੰ ਸਾਧ ਸੰਗਤ ਵਿੱਚ ਆ ਕੇ ਖਲਕਤ ਦੀ ਸੇਵਾ ਕਰਨ ਲਈ ਮਿਲਿਆ ਹੈ। ਸ਼ਬਦ ਦਾ ਅਖੀਰਲਾ ਬੰਦ ਹੈ- “ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥” ਅਰਥਾਤ ਜੋ ਕੁਛ ਹੁੰਦਾ ਹੈ ਤੇਰੇ ਹੀ ਹੁਕਮ ਵਿੱਚ ਹੁੰਦਾ ਹੈ। ਗੁਰਮਤਿ ਅਨੁਸਾਰ ਜੀਵ ਦੁਨੀਆਂ ਤੇ ਉਸ ਦੇ ਹੁਕਮ ਵਿੱਚ ਆਉਂਦਾ ਹੈ ਅਤੇ ਉਸ ਦੇ ਹੁਕਮ ਵਿੱਚ ਹੀ ਏਥੋਂ ਤੁਰ ਜਾਂਦਾ ਹੈ।ਸੋ ਇੱਥੇ ਸ਼ਬਦ ਵਿੱਚ ਇਹ ਦੱਸਿਆ ਗਿਆ ਹੈ ਕਿ (ਪ੍ਰਭੂ ਦੇ ਹੁਕਮ ਵਿੱਚ) ਸਾਧ ਸੰਗਤ ਕਰਨ ਲਈ ਇਹ ਮਨੁੱਖਾ ਜਨਮ ਤੈਨੂੰ ਕਈ ਜੂਨਾਂ ਪਿੱਛੋਂ ਮਿਲਿਆ ਹੈ।ਇਸ ਨੂੰ ਵਿਅਰਥ ਨਾ ਗਵਾ। 2- ਸਤਿਨਾਮ ਸਿੰਘ:- “ਅੰਤਿ ਕਾਲ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਦੈ ਬਸੈ॥” ?- ਜਿਹੜਾ ਇਨਸਾਨ ਮਰ ਕੇ ਮੁਕਤ ਹੋਇਆ ਪਰਮਾਤਮਾ ਵਿੱਚ ਅਭੇਦ ਹੋ ਗਿਆ ਉਸ ਦਾ ਫੇਰ ਰਿਦਾ ਸਰੀਰ ਕੁਛ ਨਹੀਂ ਰਹਿੰਦਾ ਰਿਦਾ ਸਰੀਰ ਸਿਰਫ ਜਿਉਂਦੇ ਸਰੀਰ ਦਾ ਹੀ ਹੁੰਦਾ ਹੈ।ਤਾਂ ਪੀਤੰਬਰ (ਪਰਮਾਤਮਾ) ਕਿਸ ਰਿਦੇ ਵਿੱਚ ਵਸਦਾ ਹੈ? ਜਸਬੀਰ ਸਿੰਘ ਵਿਰਦੀ:- ਪਹਿਲੀ ਗੱਲ ਕਿ ਜੇ ਮਨੁੱਖ ਨੇ ਜਿਉਂਦਿਆਂ ਮੁਕਤੀ ਹਾਸਲ ਨਹੀਂ ਕੀਤੀ ਤਾਂ ਮਰ ਕੇ ਵੀ ਮੁਕਤ ਨਹੀਂ, ਉਹ ਆਵਾਗਵਨ ਦੇ ਗੇੜ ਵਿੱਚ ਪੈ ਜਾਂਦਾ ਹੈ।ਅਤੇ ਨਾਰਾਇਣ (ਪ੍ਰਭੂ) ਨੂੰ ਸਿਮਰਨ ਵਾਲਾ ਮਨੁੱਖ ਇੱਥੇ ਮਾਇਅਕ ਬੰਧਨਾਂ ਤੋਂ ਮੁਕਤ ਹੈ ਅਤੇ ਮਰਨ ਤੋਂ ਬਾਅਦ ਜੂਨਾਂ ਵਿੱਚ ਨਹੀਂ ਪੈਂਦਾ। ਸੰਬੰਧਤ ਤੁਕ ਬਾਰੇ- ਰਹਾਉ ਦੀ ਪੰਗਤੀ ਦੇ ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ ਅਰਥ ਹਨ- “ਹੇ ਭੈਣ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾ ਭੁੱਲੇ (ਤਾਂ ਜੁ ਅੰਤ ਵੇਲੇ ਭੀ ਉਹ ਪਰਮਾਤਮਾ ਹੀ ਚੇਤੇ ਆਵੇ) ਫੁੱਟ ਨੋਟ ਵਿੱਚ ਪ੍ਰੋ: ਸਾਹਿਬ ਲਿਖਦੇ ਹਨ- ਭਗਤ ਜੀ ਸਮਝਾ ਰਹੇ ਹਨ ਕਿ ਸਾਰੀ ਉਮਰ ਧਨ ਇਸਤ੍ਰੀ ਪੁੱਤਰ ਤੇ ਮਹਲ-ਮਾੜੀਆਂ ਦੇ ਧੰਦਿਆਂ ਵਿੱਚ ਹੀ ਇਤਨਾ ਖਚਿਤ ਨਾ ਰਹੋ ਕਿ ਮਰਨ ਵੇਲੇ ਭੀ ਸੁਰਤਿ ਇਹਨਾਂ ਵਿੱਚ ਹੀ ਟਿਕੀ ਰਹੇ।ਗ੍ਰਿਹਸਤ-ਜੀਵਨ ਦੀਆਂ ਜ਼ਿਮੇਵਾਰੀਆਂ ਇਸ ਤਰੀਕੇ ਨਾਲ ਨਿਭਾਓ ਕਿ ਕਿਰਤ-ਕਾਰ ਕਰਦਿਆਂ ਭੀ “ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ” ਤਾਂ ਕਿ ਅੰਤ ਵੇਲੇ ਧਨ, ਇਸਤ੍ਰੀ, ਪੁੱਤਰ, ਮਹਲ-ਮਾੜੀਆਂ ਵਿੱਚ ਸੁਤਰ ਭਟਕਣ ਦੇ ਥਾਂ ਮਨ ਪ੍ਰਭੂ ਚਰਨਾਂ ਵਿੱਚ ਜੁੜੇ। ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥਾਂ, ਭਾਵਾਰਥਾਂ ਅਤੇ ਵਿਚਾਰਾਂ ਅਨੁਸਾਰ ਬੰਦ ਦੇ ਅਰਥ/ਭਾਵਾਰਥ ਬਣਦੇ ਹਨ:- ਤ੍ਰਿਲੋਚਨ ਆਖਦਾ ਹੈ- ਜੋ ਮਨੁੱਖ ‘ਜੀਵਨ ਦੇ ਅੰਤ ਸਮੇਂ ਤੱਕ ਵੀ’ ਪਰਮਾਤਮਾ ਨੂੰ ਯਾਦ ਕਰਦਾ ਹੈ ਉਹ ਇਸ ਜੀਵਨ ਵਿੱਚ ਧਨ, ਇਸਤ੍ਰੀ, ਪੁੱਤਰ ਤੇ ਮਹਲ-ਮਾੜੀਆਂ ਦੇ ਧੰਦਿਆਂ ਤੋਂ ਮੁਕਤ ਹੁੰਦਾ ਹੈ।ਉਸ ਦੇ ਹਿਰਦੇ ਵਿੱਚ ਪ੍ਰਭੂ ਆਪ ਵਸਦਾ ਹੈ।ਅਤੇ ਉਹ ਸਰੀਰਕ ਚੋਲ਼ਾ ਛੱਡ ਜਾਣ ਤੇ ਜਨਮ ਮਰਨ ਦੇ ਗੇੜ ਵਿੱਚ ਪੈਣ ਤੋਂ ਵੀ ਮੁਕਤ ਹੁੰਦਾ ਹੈ। ਨੋਟ:- ਸਾਰੇ ਬੰਦਾਂ ਵਿੱਚ ਆਏ “ਅੰਤਿ ਕਾਲਿ” ਦੇ ਭਾਵਾਰਥ ਹਨ “ਜੀਵਨ ਦੇ ਅੰਤ ਸਮੇਂ ਤੱਕ ਵੀ”। ਪਰ ਅਜੋਕੇ ਇੱਕ ਮਸ਼ਹੂਰ ਗੁਰਮਤਿ ਪ੍ਰਚਾਰਕ ਵਿਦਵਾਨ ਜੀ, ਜਿਹੜੇ ਗੁਰਮਤਿ ਦੇ ਸੰਕਲਪ ਆਵਾਗਉਣ ਨੂੰ ਨਹੀਂ ਮੰਨਦੇ।ਜਿੱਥੇ ਵੀ ਜੂਨਾਂ ਦਾ, ਆਵਾਗਵਣ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ ਹੈ, ਉਸ ਦੇ ਇਸੇ ਜਨਮ ਵਿੱਚ ਨੀਵੇਂ ਤਲ਼ ਦੇ ਸੁਭਾਵ ਵਿੱਚ ਵਿਚਰਨਾ ਅਤੇ ਆਤਮਕ ਮੌਤ ਅਰਥ ਕਰਕੇ ਗੁਰਮਤਿ ਪ੍ਰੇਮੀਆਂ ਨੂੰ ਗੁਮਰਾਹ ਕਰ ਰਹੇ ਹਨ।ਅਜੋਕੇ ਵਿਦਵਾਨ ਜੀ ਨੇ “ਅੰਤਿ ਕਾਲਿ…” ਦੇ ਅਰਥ ਸਮਝਾਏ ਹਨ- “ਅਗਿਆਨਤਾ ਦੇ ਕਾਰਣ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ, ਜਿਸ ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸ ਨੂੰ ਅੰਤਿ ਕਾਲਿ ਜਾਂ ਕਾਲਿ ਫਾਸ ਕਿਹਾ ਗਿਆ ਹੈ।ਬਿਬੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾਂ ਆਤਮਕ ਮੌਤ ਹੈ ਤੇ ਅਜੇਹੀ ਨੀਵੇਂ ਤਲ਼ ਦੀ ਸੋਚ ਨੂੰ ਜੂਨਾਂ ਭੋਗਣਾਂ ਕਿਹਾ ਗਿਆ ਹੈ।ਜਿਨ੍ਹਾਂਦੇ ਅੰਦਰ ਭਗਵਾਨ ਦੀ ਪ੍ਰੀਤ ਨਹੀਂ ਹੈ, ਉਹ ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ ਹਨ, ਤੇ ਇਨ੍ਹਾਂ ਵਾਸਤੇ ਇਸ ਸ਼ਬਦ ਵਿੱਚ ‘ਅੰਤਿ ਕਾਲਿ’ ਸ਼ਬਦ ਵਰਤਿਆ ਗਿਆ ਹੈ”। ਵਿਚਾਰ- ‘ਨਾਰਾਇਣੁ ਸਿਮਰੈ’ ਵਾਲੇ ਅਖੀਰਲੇ ਬੰਦ ਦੇ ਅਰਥ /ਭਾਵਾਰਥ ਵਿਦਵਾਨ ਜੀ ਦੇ ਦੱਸੇ ਪਦ-ਅਰਥਾਂ- ‘ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ’ ਕਰੀਏ ਤਾਂ ਗੁਰਮਤਿ ਦਾ ਘੋਰ ਅਨਾਦਰ, ਗੁਰੂ ਨਾਲ ਬੇਈਮਾਨੀ ਅਤੇ ਸਿੱਖ ਸੰਗਤ ਨਾਲ ਸਰਾਸਰ ਧੋਖਾ ਹੈ। 3- ਸਤਿਨਾਮ ਸਿੰਘ:- “ਗੁਰ ਸੇਵਾ ਤੇ ਭਗਤਿ ਕਮਾਈ॥ਤਬ ਇਹ ਮਾਨਸ ਦੇਹੀ ਪਾਈ॥ (ਪੇਜ 1159) ?- ਜੇ ਦੇਹੀ (ਸਰੀਰ) ਹੋਰ ਜੂਨਾਂ ਤੋਂ (ਜਿਹਨਾਂ ਨੂੰ ਸਾਧ ਲਾਣਾ ਟੇਢੀਆਂ ਜੂਨਾਂ ਕਹਿੰਦਾ ਹੈ) ਬਾਅਦ ਗੁਰੂ ਦੀ ਸੇਵਾ ਜਾਂ ਭਗਤੀ ਕਰਕੇ ਮਿਲਿਆ ਹੈ ਤਾਂ ਗੁਰੂ ਦੀ ਸੇਵਾ ਜਾਂ ਭਗਤੀ ਕਿਸ ਜੂਨ ਨੇ ਕੀਤੀ?? ਜਸਬੀਰ ਸਿੰਘ ਵਿਰਦੀ:- ਤੁਕ ਦੇ ਅਰਥ ਹਨ- ਹੇ ਭਾਈ! ਜੇ ਤੂੰ ਗੁਰੂ ਦੀ ਸੇਵਾ ਰਾਹੀਂ ਬੰਦਗ਼ੀ ਦੀ ਕਮਾਈ ਕਰੇਂ ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ।… ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ ਇਸ ਰਾਹੀਂ ਨਾਮ ਸਿਮਰ, ਹਰੀ ਦਾ ਭਜਨ ਕਰ।(ਅਰਥ-ਪ੍ਰੋ: ਸਾਹਿਬ ਸਿੰਘ) ਜਿਸ ਤਰ੍ਹਾਂ ਕਿ ਇੱਥੇ ਪਹਿਲੇ ਸਵਾਲ ਦੇ ਜਵਾਬ ਵਿੱਚ ਵੀ ਦੱਸਿਆ ਗਿਆ ਹੈ ਕਿ- ‘ਗੁਰਮਤਿ ਅਨੁਸਾਰ ਜੀਵ ਦੁਨੀਆਂ ਤੇ ਉਸ ਦੇ ਹੁਕਮ ਵਿੱਚ ਆਉਂਦਾ ਹੈ ਅਤੇ ਉਸ ਦੇ ਹੁਕਮ ਵਿੱਚ ਹੀ ਏਥੋਂ ਤੁਰ ਜਾਂਦਾ ਹੈ’। ਸੋ ਮਨੁੱਖਾ ਸਰੀਰ ਸੇਵਾ ਕਰਕੇ ਨਹੀਂ, ਪ੍ਰਭੂ ਦੇ ਹੁਕਮ ਨਾਲ ਸੇਵਾ ਕਰਨ ਲਈ ਮਿਲਿਆ ਹੈ। 4- ਸਤਿਨਾਮ ਸਿੰਘ ਮੌਂਟਰੀਅਲ:- “ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥” (ਪੇਜ 1366) ਕਬੀਰ ਜੀ ਕਹਿ ਰਹੇ ਹਨ ਕਿ ਮਾਨਸ ਜਨਮ ਬਾਰ ਬਾਰ (ਦੁਬਾਰਾ ਦੁਬਾਰਾ) ਨਹੀਂ ਹੁੰਦਾ, ਜਿਮੇਂ ਪੱਕ ਕੇ ਟੁੱਟਿਆ ਫਲ਼ ਬਹੁਰਿ (ਦੁਬਾਰਾ) ਟਾਣੀਂ ਨਾਲ ਨਹੀਂ ਲੱਗਦਾ।ਸਾਧ ਲਾਣੇ ਅਨੁਸਾਰ ਕਰਮਾਂ ਕਰਕੇ 84 ਲੱਖ, 84 ਲੱਖ ਤੋਂ ਬਾਅਦ ਫੇਰ ਜਨਮ …. ਜਾਣੀ ਬਾਰ ਬਾਰ (ਦੁਬਾਰਾ ਦੁਬਾਰਾ) ਜਨਮ। ?- ਕੀ ਉਹ ਦੱਸ ਸਕਦੇ ਹਨ ਕਿ ਫੇਰ ਕਬੀਰ ਜੀ ਨੇ ਝੂਠ ਕਿਉਂ ਬੋਲਿਆ?? ਜਸਬੀਰ ਸਿੰਘ ਵਿਰਦੀ:- ਵੀਰ ਜੀ! ਪਹਿਲਾਂ ਤੁਕ ਨੂੰ ਧਿਆਨ ਨਾਲ ਪੜ੍ਹੋ।ਸ਼ਬਦ ਵਿੱਚ ਮਨੁੱਖਾ ਜਨਮ ਬਾਰ ਬਾਰ ਨਾ ਮਿਲਣ ਦੀ ਗੱਲ ਕੀਤੀ ਗਈ ਹੈ। ਇਹ ਨਹੀਂ ਕਿਹਾ ਕਿ ਇਸ ਜਨਮ ਤੋਂ ਬਾਅਦ ਕਿਸੇ ਵੀ ਜੂਨ ਵਿੱਚ ਜਨਮ ਨਹੀਂ ਹੈ।‘84 ਲੱਖ (ਅਨੇਕਾਂ) ਜੂਨਾਂ’ ਅਤੇ ‘ਮਨੁੱਖਾ ਜਨਮ’ ਦਾ ਫਰਕ ਸਮਝਣ ਦੀ ਕੋਸ਼ਿਸ਼ ਕਰੋ। ਕਬੀਰ ਜੀ ਦੇ ਇਹ ਵਚਨ ਵੀ ਪੜ੍ਹੋ- “ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ॥ ਪਰਗਟ ਭਏ ਨਿਦਾਨ ਸਭ ਜਬ ਪੂਛੈ ਧਰਮ ਰਾਇ॥105॥ ਅਰਥ- ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ, ਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖਰ ਸਾਰੇ ਉੱਘੜ ਆਉਂਦੇ ਹਨ।(ਸੋਚੋ, ਜੇ ਕਰਮਾਂ ਦਾ ਹਿਸਾਬ ਨਾਲ ਦੀ ਨਾਲ ਹੀ ਨਿਬੜੀ ਜਾਂਦਾ ਹੈ ਤਾਂ ਧਰਮ ਰਾਜ (ਪ੍ਰਭੂ) ਕਦੋਂ ਪੁੱਛਦਾ ਹੈ ਅਤੇ ਪਾਪ ਉਘੜ ਆਉਂਦੇ ਹਨ?) ਹੋਰ ਦੇਖੋ- “ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ॥” (ਪੰਨਾ-187) ਅਰਥ- ਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉੱਤੇ ਧੱਕਾ ਕਰਨਾ ਜ਼ੁਲਮ ਹੈ।(ਤੂੰ ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਜ਼ਬਹ ਕਰਦਾ ਹੈਂ ਅਤੇ) ਤੂੰ ਆਖਦਾ ਹੈਂ ਇਹ (ਜ਼ਬਹ ਕੀਤਾ ਜਾਨਵਰ) ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ।(ਅਤੇ ਇਸ ਕੁਰਬਾਨੀ ਨਾਲ ਖੁਦਾ ਤੇਰੇ ਤੇ ਖੁਸ਼ ਹੋ ਗਿਆ ਹੈ) (ਪਰ ਇਹ ਮਾਸ ਤੂੰ ਆਪ ਹੀ ਖਾ ਲੈਂਦਾ ਹੈਂ।ਇਸ ਤਰ੍ਹਾਂ ਪਾਪ ਨਹੀਂ ਬਖਸ਼ੇ ਜਾਂਦੇ, ਕਦੇ ਸੋਚ ਕਿ) ਜਦੋਂ ਰੱਬ ਦੀ ਦਰਗਾਹ ਵਿੱਚ ਤੇਰੇ ਅਮਲਾਂ ਦਾ ਹਿਸਾਬ ਹੋਏਗਾ ਤਾਂ ਤੇਰਾ ਕੀ ਹਾਲ ਹੋਵੇਗਾ? (ਦਫਤਰਿ ਲੇਖਾ ਮੰਗੀਐ ਵੱਲ ਧਿਆਨ ਦੇਵੋ) ਕਬੀਰ ਜੀ ਦਾ ਇਕ ਇਹ ਸ਼ਬਦ ਵੀ ਵਿਚਾਰ ਲਵੋ- “ਅਸਥਾਵਰ ਜੰਗਮ ਕੀਟ ਪਤੰਗਾ॥ ਅਨਿਕ ਜਨਮ ਕੀਏ ਬਹੁ ਰੰਗਾ॥1॥ ਐਸੇ ਘਰ ਹਮ ਬਹੁਤੁ ਬਸਾਏ॥ ਜਬ ਹਮ ਰਾਮ ਗਰਭ ਹੋਇ ਆਏ॥1॥ਰਹਾਉ॥ ਜੋਗੀ ਜਤੀ ਤਪੀ ਬ੍ਰਹਮਚਾਰੀ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ॥2॥ ਸਾਕਤ ਮਰਹਿ ਸੰਤ ਸਭ ਜੀਵਹਿ॥ ਰਾਮ ਰਸਾਇਨੁ ਰਸਨਾ ਪੀਵਹਿ॥3॥ ਕਹੁ ਕਬੀਰ ਪ੍ਰਭ ਕਿਰਪਾ ਕੀਜੈ॥ ਹਾਰ ਪਰੇ ਅਬ ਪੂਰਾ ਦੀਜੈ॥(ਪੰਨਾ-326) 5- ਸਤਿਨਾਮ ਸਿੰਘ ਮੌਂਟਰੀਅਲ:- ਮੁੱਕਦੀ ਗੱਲ, ਅਗਲੇ ਪਿਛਲੇ ਜਨਮ ਦੇ ਚੱਕਰ ਪਾ ਕੇ ਬ੍ਰਹਮਣ ਨੇ ਮਨੁੱਖਤਾ ਨੂੰ ਹਜ਼ਾਰਾਂ ਸਾਲ ਲੁੱਟਿਆ ਹੈ।ਗੁਰਮਤਿ ਨੇ ਇਸ ਸੋਚ ਨੂੰ ਮੁੱਢ ਤੋਂ ਹੀ ਰੱਦ ਕੀਤਾ।ਪਰ ਇਹ ਸਾਧ ਲਾਣਾ ਸਿੱਖਾਂ ਨੂੰ ਇਸ ਸੋਚ ਵਿੱਚੋਂ ਨਿਕਲਣ ਨਹੀਂ ਦੇ ਰਿਹਾ।ਅਸਲ ਵਿੱਚ ਇਹਨਾਂ ਲੋਕਾਂ ਨੇ ਸਿਰਫ ਭੇਸ ਹੀ ਬਦਲਿਆ ਹੈ, ਪਰ ਹੈ ਓਹੀ ਬਨਾਰਸ ਦੇ ਠੱਗ।ਲਾਹਣਤ ਹੈ ਉਹਨਾਂ ਲੋਕਾਂ ਦੇ ਜਿਹੜੇ ਲੋਕ ਆਪਣੀ ਉਲਾਦ ਕੁੱਤੇ ਬਿੱਲੀਆਂ ਵਿੱਚੋਂ ਨਿਕਲ ਕੇ ਆਏ ਮੰਨਦੇ ਹਨ।ਪਰ ਗੁਰੂ ਸਾਹਿਬ ਕਹਿ ਰਹੇ ਹਨ ਕਿ ਸਭ ਕੁਝ ਸਿੱਧਾ ਪਰਮਾਤਮਾ ਵਿੱਚ ਹੀ ਸਮਾ ਰਿਹਾ ਹੈ- “ਏਕਸ ਤੇ ਹੋਇਓ ਅਨੰਤਾ ਨਾਨਕ ਏਕਸੁ ਮਹਿ ਸਮਾਏ ਜੀਓ॥” (ਪੇਜ 131) ਜਸਬੀਰ ਸਿੰਘ ਵਿਰਦੀ:- “ਏਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਹਿ ਸਮਾਏ ਜੀਓ॥ ਦੇ ਅਰਥ ਹਨ- ਹੇ ਨਾਨਕ! ਉਹ ਆਪ ਹੀ ਆਪਣੇ ਇਕ ਸਰੂਪ ਤੋਂ ਬੇਅੰਤ ਰੂਪਾਂ ਵਾਲਾ ਬਣਿਆ ਹੋਇਆ ਹੈ।(ਇਹ ਸਾਰਾ ਬਹੁ-ਰੰਗੀ ਜਗਤ) ਉਸ ਇਕ ਵਿੱਚ ਹੀ ਲੀਨ ਹੋ ਜਾਂਦਾ ਹੈ। ਇੱਥੇ ਆਵਾਗਵਨ ਸਿਧਾਂਤ ਅਤੇ ਅਗਲੇ ਪਿਛਲੇ ਜਨਮ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ।ਸੰਸਾਰ ਰਚਨਾ ਅਤੇ ਇਸ ਦੇ ਅੰਤ ਦੀ ਗੱਲ ਕੀਤੀ ਗਈ ਹੈ। ਆਪਣੀ ਹੀ ਮਰਜ਼ੀ ਦੇ ਅਰਥ ਸਮਝਣ ਸਮਝਾਉਣ ਨਾਲ ਅਸਲੀਅਤ ਨਹੀਂ ਬਦਲ ਸਕਦੀ। ਤੁਸੀਂ ਲਿਖਿਆ ਹੈ- ‘84 ਲੱਖ ਜੂਨਾਂ ਦਾ ਚੱਕਰ ਪਾ ਕੇ ਸਾਧ ਲਾਣੇ ਨੇ ਬਹੁਤ ਲੁੱਟਿਆ ਹੈ।’ ਵੀਰ ਜੀ! 84 ਲੱਖ/ਅਨੇਕ ਜੂਨਾਂ/ਕੋਟਿ ਜੋਨੀ ਆਦਿ ਦੀ ਗੱਲ ਗੁਰੂ ਸਾਹਿਬਾਂ/ ਭਗਤਾਂ ਨੇ ਕੀਤੀ ਹੈ।ਅਤੇ ਗੁਰੁ ਗ੍ਰੰਥ ਸਾਹਿਬ ਵਿੱਚ ਇਸ ਸੰਬੰਧੀ ਬਹੁਤ ਸਾਰੇ ਸ਼ਬਦ ਦਰਜ ਹਨ। ਤੁਸੀਂ ਲਿਖਿਆ ਹੈ “ਲਾਹਨਤ ਹੈ ਉਨ੍ਹਾਂ ਲੋਕਾਂ ਦੇ ਜਿਹੜੇ ਲੋਕ ਆਪਣੀ ਉਲਾਦ ਨੂੰ ਕੁੱਤੇ ਬਿੱਲੀਆਂ ਵਿੱਚੋਂ ਨਿਕਲ ਕੇ ਆਏ ਮੰਨਦੇ ਹਨ”। ਵੀਰ ਜੀ! ਲਾਹਨਤ ਹੈ ਉਨ੍ਹਾਂ ਸਿੱਖ ਅਖਵਾਉਂਦੇ ਲੋਕਾਂ ਦੇ ਜਿਨ੍ਹਾਂਨੇ, ਨਾ ਗੁਰਬਾਣੀ ਪੜ੍ਹੀ ਹੈ ਅਤੇ ਨਾ ਹੀ ਸਾਇੰਸ।ਵਿਗਿਆਨ ਦੀਆਂ (ਖਾਸ ਕਰਕੇ ਡਾਰਵਿਨ ਦੇ ਅੰਦਾਜਿਆਂ ਨਾਲ ਬਣੇ ਸਿਧਾਂਤਾਂ ਦੀਆਂ) ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ, ਡਾਰਵਿਨ ਦੇ ‘ਕਰਮ ਵਿਕਾਸ’ ਸਿਧਾਂਤ ਤੋਂ ਪ੍ਰਭਾਵਿਤ ਗੁਰਬਾਣੀ ਦੇ ਅਰਥ ਘੜਕੇ ਗੁਰਮਤਿ ਦੇ ਅਸਲੀ ਸੁਨੇਹੇ ਤੋਂ ਆਪ ਖੰਝੇ ਪਏ ਹਨ ਅਤੇ ਦੂਸਰਿਆਂ ਨੂੰ ਭੁਲੇਖੇ ਵਿੱਚ ਪਾ ਰਹੇ ਹਨ। ਪਹਿਲੇ ਨੰਬਰ ਤੇ ਲਾਹਨਤ ਹੈ ਉਨ੍ਹਾਂ ਸਿੱਖੀ ਭੇਸ ਵਾਲੇ ਗੁਰਮਤਿ ਪ੍ਰਚਾਰਕਾਂ ਨੂੰ ਜਿਹੜੇ ਗੁਰਬਾਣੀ ਅਰਥਾਂ ਨੂੰ ‘ਦੇਵ ਸਮਾਜੀ’ ਅਤੇ ‘ਚਾਰਵਾਕੀ’ ਰੰਗਤ ਦੇ ਕੇ ਸਿੱਖ ਜਗਤ ਵਿੱਚ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ।ਦਰ ਅਸਲ ਇਹਨਾਂ ਲੋਕਾਂ ਨੇ ਬ੍ਰਹਮਣੀ ਵਿਚਾਰਧਾਰਾ ਵੀ ਨਹੀਂ ਪੜ੍ਹੀ ਜਿਹੜੀ ਗੱਲ ਇਹਨਾਂ ਨੂੰ ਪਸੰਦ ਨਹੀਂ ਆਉਂਦੀ ਉਸ ਨੂੰ ‘ਬ੍ਰਹਮਣੀ ਵਿਚਾਰਧਾਰਾ’ ਦਾ ਨਾਮ ਦੇ ਦਿੰਦੇ ਹਨ।ਬ੍ਰਹਮਣਵਾਦ ਦੇ ਕਰਮਕਾਂਡਾਂ’ਚੋਂ ਕਢਕੇ ਕਿਸੇ ਹੋਰ ਨਵੇਂ ‘….ਵਾਦ’ ਵੱਲ ਸਿੱਖਾਂ ਨੂੰ ਧੱਕ ਰਹੇ ਹਨ। ਲਾਹਨਤ ਹੈ ਉਨ੍ਹਾਂਨੂੰ ਵੀ ਜਿਹੜੇ ਆਪਣੇ ਹੀ ਵਿਚਾਰਾਂ ਨੂੰ ਅੰਤਿਮ ਸਮਝ ਕੇ ਆਵਾਗਵਨ ਨੂੰ ਮੰਨਣ ਵਾਲਿਆਂ ਤੇ ਵਿਅੰਗਾਤਮਕ ਫਿਕਰੇ ਕਸਦੇ ਹਨ।ਜਿਹੜੇ ਇਹ ਵੀ ਪਰਵਾਹ ਨਹੀਂ ਕਰਦੇ ਕਿ ਜੇ ਉਨ੍ਹਾਂਦੀ ਸੋਚ ਗ਼ਲਤ ਹੋਈ ਤਾਂ ਇਹ ਵਿਅੰਗਾਤਮਕ ਫਿਕਰੇ ਸਿੱਧੇ ਗੁਰੂ ਸਾਹਿਬਾਂ ਲਈ ਹੀ ਹੋਏ। ਤੁਸੀਂ ਲਿਖਿਆ ਹੈ- “ਅਗਲੇ ਪਿਛਲੇ ਜਨਮ ਦੇ ਚੱਕਰ ਪਾ ਕੇ ਬ੍ਰਹਮਣ ਨੇ ਮਨੁੱਖਤਾ ਨੂੰ ਹਜ਼ਾਰਾਂ ਸਾਲ ਲੁੱਟਿਆ ਹੈ।ਗੁਰਮਤਿ ਨੇ ਇਸ ਸੋਚ ਨੂੰ ਮੁੱਢ ਤੋਂ ਹੀ ਰੱਦ ਕੀਤਾ।ਪਰ ਇਹ ਸਾਧ ਲਾਣਾ ਸਿੱਖਾਂ ਨੂੰ ਇਸ ਸੋਚ ਵਿੱਚੋਂ ਨਿਕਲਣ ਨਹੀਂ ਦੇ ਰਿਹਾ।ਅਸਲ ਵਿੱਚ ਇਹਨਾਂ ਲੋਕਾਂ ਨੇ ਸਿਰਫ ਭੇਸ ਹੀ ਬਦਲਿਆ ਹੈ” ਜਸਬੀਰ ਸਿੰਘ ਵਿਰਦੀ:- ਵੀਰ ਜੀ! ਮੈਂ ਤੁਹਾਡੀ ਇਸ ਗੱਲ ਨਾਲ ਕੁਝ ਹੱਦ ਤੱਕ ਸਹਿਮਤ ਹਾਂ ਕਿ ਸਾਧ ਲਾਣੇ ਨੇ ਸਿੱਖਾਂ ਨੂੰ ਬ੍ਰਹਮਣ ਦੀ ਤਰਜ਼ ਤੇ ਹੀ ਲੁੱਟਿਆ ਹੈ।ਪਰ ਵੀਰ ਜੀ! ਗੁਰੂ ਸਾਹਿਬਾਂ ਨੇ ਜਨਮ ਮਰਨ ਸੰਬੰਧੀ ਜੋ ਸਿਧਾਂਤ ਦਿੱਤਾ ਹੈ ਉਸ ਮੁਤਾਬਕ ਸਿੱਖ ਨੂੰ ਇੱਕ ਵੀ ਪੈਸਾ ਖਰਚ ਕਰਨ ਦੀ ਜਰੂਰਤ ਨਹੀਂ ਹੈ।ਗੁਰਮਤਿ ਅਨੁਸਾਰ ਮਨਮੁਖ ਬੰਦੇ ਨੂੰ ਆਵਾਗਉਣ ਹੈ ਅਤੇ ਕੋਈ ਵੀ ਕਰਮ-ਕਾਂਡ, ਪੂਜਾ-ਪਾਠ ਜਾਂ ਦਾਨ-ਪੁੰਨ ਮਨਮੁਖ ਬੰਦੇ ਨੂੰ ਆਵਾਗਉਣ ਤੋਂ ਵਚਾ ਨਹੀਂ ਸਕਦਾ। ਇਸ ਦੇ ਉਲਟ ਗੁਰਮਤਿ ਦੇ ਆਵਾਗਉਣ ਸਿਧਾਂਤ ਅਨੁਸਾਰ ਗੁਰਮੁਖ ਬੰਦਾ ਆਵਾਗਉਣ ਦੇ ਬੰਧਨਾਂ ਤੋਂ ਮੁਕਤ ਹੈ।ਅਤੇ ਗੁਰਮੁਖ ਬੰਦੇ ਨੂੰ ਗੁਰਮੁਖ ਬਣਨ ਲਈ ਕਿਸੇ ਕਰਮ-ਕਾਂਡ, ਪੂਜਾ-ਪਾਠ, ਦਾਨ-ਪੁੰਨ ਜਾਂ ਕਿਸੇ ਵੀ ਹੋਰ ਉਪਰਾਲੇ ਤੇ “ਇੱਕ ਵੀ ਧੇਲਾ” ਖਰਚਣ ਦੀ ਲੋੜ ਨਹੀਂ ਹੈ।ਗੁਰਮਤਿ ਵਿੱਚ ਮੰਨੇ ਗਏ ਆਵਾਗਉਣ ਨੂੰ ਵੀ ਬ੍ਰਹਮਣੀ ਆਵਾਗਉਣ ਸਮਾਨ ਹੀ ਦੱਸਣਾ ਤੇ ਪ੍ਰਚਾਰਨਾ, ਜਾਂ ਤਾਂ ਗੁਰਮਤਿ ਸਿਧਾਂਤਾਂ ਪ੍ਰਤੀ ਅਗਿਆਨਤਾ ਹੈ ਜਾਂ ਫੇਰ ਜਾਣ ਬੁੱਝਕੇ ਗੁਰਮਤਿ ਪ੍ਰਤੀ ਬੇਈਮਾਨੀ ਅਤੇ ਸਿੱਖ ਸਗਤ ਨਾਲ ਧੋਖਾ ਕੀਤਾ ਜਾ ਰਿਹਾ ਹੈ। ਜਸਬੀਰ ਸਿੰਘ (ਕੈਲਗਰੀ) 07-09-2015