ਕਾਲ ਵਿੱਚ ਐਕਸਪੋਰਟ ! (ਨਿੱਕੀ ਕਹਾਣੀ)
ਅਗਲੇ ਐਤਵਾਰ ਸ਼ਾਮੀ ਪੰਜ ਵਜੇ ਆ ਜਾਣਾ, ਉਚੇਚੇ ਤੌਰ ਤੇ ਵੱਡੇ ਇਤਿਹਾਸਿਕ ਸਥਾਨ ਤੋਂ ਹਜੂਰੀ ਰਾਗੀ ਜੱਥਾ ਬੁਲਾਇਆ ਹੈ, ਆਉਣ-ਜਾਣ ਦੀਆਂ ਟਿਕਟਾਂ ਅੱਤੇ ਕੀਰਤਨ ਭੇਟਾਂ ਵਖਰੀ ! (ਹਰਜੋਤ ਸਿੰਘ ਨੇ ਵਰਿਆਮ ਸਿੰਘ ਨੂੰ ਦੱਸ ਪਾਈ)
ਆਪਣੇ ਘਰ "ਸੋਕਾ ਅਤੇ ਕਾਲ" ਪਿਆ ਹੋਵੇ ਤੇ ਅਸੀਂ "ਕਣਕ" ਵਾਧੂ ਆਖ ਕੇ ਐਕਸਪੋਰਟ ਕਰੀਏ, ਇਹ ਕੋਈ ਚੰਗਾ ਤਰੀਕਾ ਨਹੀਂ ! ਆਪਣੇ ਘਰ ਲੋੜ ਹੋਵੇ ਪ੍ਰਚਾਰ ਦੀ ਤੇ ਕਰੀਏ ਬਾਹਰ ਜਾ ਕੇ ? ਸਟੇਜ ਸ਼ੋ ਬਣਾ ਕੇ ਰੱਖ ਦਿੱਤਾ ਹੈ ਕੀਰਤਨ ਨੂੰ ਇਨ੍ਹਾਂ "ਪ੍ਰਧਾਨ ਵਪਾਰੀਆਂ" ਨੇ ! (ਵਰਿਆਮ ਸਿੰਘ ਬੋਲਿਆ)
ਹਰਜੋਤ ਸਿੰਘ (ਹੈਰਾਨੀ ਨਾਲ) : ਕੀ ਮਤਲਬ ?
ਵਰਿਆਮ ਸਿੰਘ : ਹਰ ਦੇਸ਼ ਅੱਤੇ ਸਟੇਟ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀਦੀ ਹੈ ! ਇਸ ਨਾਲ ਦਿੱਲੀ ਕਮੇਟੀ ਅੱਤੇ ਸ਼ਿਰੋਮਣੀ ਕਮੇਟੀ ਦਾ ਕਰੋੜਾਂ ਰੁਪਇਆ ਜੋ "ਵਿਦੇਸ਼ਾਂ ਵਿੱਚ ਧਰਮ ਪ੍ਰਚਾਰ" ਕਰਨ ਲਈ ਉਚੇਚੇ ਤੌਰ ਤੇ ਜਾਣ ਤੇ ਖਰਚ ਹੁੰਦਾ ਹੈ, ਓਹ ਬਚ ਜਾਵੇਗਾ ! ਹਰ ਕਮੇਟੀ ਆਪਣੇ ਆਪਣੇ ਤੌਰ ਤੇ ਉਚੇਚੇ ਕੀਰਤਨੀਏ ਅੱਤੇ ਪ੍ਰਚਾਰਕ ਤਿਆਰ ਕਰੇ ਤਾਂਕਿ ਇਸ ਇੰਪੋਰਟ-ਐਕਸਪੋਰਟ ਕਰਕੇ ਹਰ ਸਾਲ ਕਰੋੜਾਂ ਦੇ ਨੁਕਸਾਨ ਤੋਂ ਕੌਮ ਨੂੰ ਬਚਾਇਆ ਜਾ ਸਕੇ ! ਜੇਕਰ ਇਹ ਕਮੇਟੀਆਂ ਆਪਣੇ ਆਪਣੇ ਸਟੇਟ ਵਿੱਚ ਹੀ ਕੰਮ ਕਰਨਗੀਆਂ ਤਾਂ ਸੇਵਾ ਅੱਤੇ ਸੰਭਾਲ ਜਿਆਦਾ ਚੰਗੀ ਤਰਾਂ ਹੋਵੇਗੀ !
ਹਰਜੋਤ ਸਿੰਘ (ਖੁਸ਼ ਹੁੰਦਾ ਹੋਇਆ) : ਇਸ ਤਰੀਕੇ ਤੇ ਅਸੀਂ ਸੋਚਿਆ ਹੀ ਨਹੀਂ ਕਦੀ ! ਸੇਲੀਬ੍ਰੀਟੀ ਕੀਰਤਨੀਏ ਨਾ ਬੁਲਾ ਕੇ ਬਚਾਏ ਹੋਏ ਇਨ੍ਹਾਂ ਕਰੋੜਾਂ ਰੁਪਏ ਨਾਲ ਪ੍ਰਬੰਧ ਬਹੁਤ ਚੰਗਾ ਹੋ ਸਕਦਾ ਹੈ! ਫਿਲਹਾਲ ਤਾਂ "ਰੋਟੀਆ ਕਾਰਣਿ ਪੂਰਹਿ ਤਾਲ" ਵਾਲੀ ਗੱਲ ਹੋ ਰਹੀ ਹੈ ! ਗੁਰਦੁਆਰੇ ਦੇ ਸਟਾਫ਼ ਦੀ ਤਨਖਾਵਾਂ ਘੱਟ ਹਨ ਤੇ ਧਿਆਨ ਮਾਇਆ ਵੱਲ ਭਟਕੇਗਾ ਹੀ ! ਇਸ ਪੈਸੇ ਨਾਲ ਗੁਰਦੁਆਰੇ ਦੇ ਸਟਾਫ਼ ਨੂੰ ਚੰਗੀ ਤਨਖਾਵਾਂ ਅੱਤੇ ਮੇਡਿਕਲ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਤਾਂਕਿ ਓਹ ਮਾਇਆ ਕਾਰਣ ਆਪਣੇ ਈਮਾਨ ਨਾਲ ਸਮਝੋਤਾ ਨਾ ਕਰਨ ਤੇ ਉਨ੍ਹਾਂ ਦਾ ਸਮਾਂ ਕੇਵਲ ਗੁਰਮਤ ਪ੍ਰਚਾਰ ਅੱਤੇ ਪ੍ਰਸਾਰ ਵਿੱਚ ਖਚਿਤ ਹੋਵੇ, ਨਾ ਕੀ ਪੈਸਾ ਕਮਾਉਣ ਦੀ ਤਿਗੜਮਬਾਜ਼ੀ ਵਿੱਚ !
ਬਲਵਿੰਦਰ ਸਿੰਘ ਬਾਈਸਨ
http://nikkikahani.com/