ਬਠਿੰਡਾ, 10 ਜਨਵਰੀ, (ਕਿਰਪਾਲ ਸਿੰਘ): ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣ ਵਾਲੇ ਕੀ ਕੁੰਭ ਦੇ ਮੇਲੇ ’ਤੇ ਗੁਰੂ ਨਾਨਕ ਦਾ ਸਿਧਾਂਤ ਦ੍ਰਿੜ ਕਰਵਾਉਣਗੇ ਜਾਂ ਕੁੰਭ ਦੇ ਕੀਤੇ ਇਸ਼ਨਾਨ ਦੇ ਫਲਾਂ ਦੀ ਸ਼ੋਭਾ ਗਾਉਣਗੇ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀ ਵਾਰ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 662 ’ਤੇ ਦਰਜ ਗੁਰੂ ਨਾਨਕ ਸਾਹਿਬ ਦੇ ਸ਼ਬਦ : ‘ਧਨਾਸਰੀ ਮਹਲਾ 1 ॥ ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥1॥’ ਦੀ ਵਿਆਖਿਆ ਕਰਦੇ ਹੋਏ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਸ਼ਬਦ ਦੇ ਅੱਖਰੀ ਅਰਥ ਕਰਦੇ ਹੋਏ ਉਨ੍ਹਾਂ ਕਿਹਾ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਰਾਹੀਂ, ਸਾਨੂੰ ਫੋਕਟ ਕਰਮ ਕਾਂਡਾਂ ਅਤੇ 33 ਕਰੋੜ ਦੇਵੀ ਦੇਵਤਿਆਂ ਦੀ ਨਿਰਅਰਥਕ ਪੂਜਾ ਤੋਂ ਵਰਜ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ। ਗੁਰੁ ਸਾਹਿਬ ਜੀ ਨੇ ਉਪਦੇਸ਼ ਦਿੱਤਾ ਇੱਕ ਅਕਾਲ ਪੁਰਖ਼ ਦੀ (ਸਿਫ਼ਤ-ਸਾਲਾਹ ਦੀ ਬਾਣੀ ਵਿਸਾਰ ਕੇ ਫੋਕਟ ਕਰਮ ਕਾਂਡ ਕਰਨ ਵਿੱਚ ਸਮਾਂ ਗਵਾਉਣ ਨਾਲ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ ॥1॥
ਆਰਐੱਸਐੱਸ ਦੇ ਸੱਦੇ ’ਤੇ ਜਥਾ ਲੈ ਕੇ ਕੁੰਭ ਦੇ ਮੇਲੇ ’ਤੇ ਜਾਣ ਲਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਪਾਸ ਕੀਤੇ ਮਤੇ ਵੱਲ ਇਸ਼ਾਰਾ ਕਰਦੇ ਹੋਏ ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਅਜਿਹੇ ਮੇਲਿਆਂ ਅਤੇ ਤੀਰਥ ਇਸ਼ਨਾਨਾਂ ਦਾ ਜੋਰਦਾਰ ਖੰਡਨ ਕੀਤਾ ਅਤੇ ਉਨ੍ਹਾਂ ਭਗਤ ਸਾਹਿਬਾਨਾਂ ਦੀ ਬਾਣੀ ਵੀ ਆਪਣੇ ਪ੍ਰਚਾਰਕ ਦੌਰਿਆਂ ਦੌਰਾਣ ਇਕੱਠੀ ਕੀਤੀ, ਜਿਹੜੇ ਅਜਿਹੇ ਤੀਰਥ ਇਸ਼ਨਾਨਾਂ ਦਾ ਜੋਰਦਾਰ ਖੰਡਨ ਕਰਦੇ ਹੋਏ ਇੱਕ ਅਕਾਲ ਪੁਰਖ਼ ਦਾ ਸਿਮਰਨ ਦਾ ਹੀ ਉਪਦੇਸ਼ ਦਿੰਦੇ ਸਨ। ਪ੍ਰਮਾਣ ਵਜੋਂ ਭਾਈ ਸ਼ਿਵਤੇਗ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 973 ’ਤੇ ਰਾਮਕਲੀ ਰਾਗੁ ਵਿੱਚ ਦਰਜ ਭਗਤ ਨਾਮਦੇਵ ਜੀ ਦੇ ਸ਼ਬਦ:
‘ਬਾਨਾਰਸੀ ਤਪੁ ਕਰੈ ਉਲਟਿ, ਤੀਰਥ ਮਰੈ, ਅਗਨਿ ਦਹੈ, ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ ॥1॥’ ਦੀ ਵਿਆਖਿਆ ਕਰਦੇ ਹੋਏ ਕਿਹਾ ਇਸ ਸ਼ਬਦ ਵਿੱਚ ਭਗਤ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਸਮਝਾ ਰਹੇ ਹਨ:- (ਹੇ ਮੇਰੇ ਮਨ!) ਜੇ ਕੋਈ ਮਨੁੱਖ ਕਾਸ਼ੀ ਜਾ ਕੇ ਉਲਟਾ ਲਟਕ ਕੇ ਤਪ ਕਰੇ, ਤੀਰਥਾਂ ਤੇ ਸਰੀਰ ਤਿਆਗੇ, (ਧੂਣੀਆਂ ਦੀ) ਅੱਗ ਵਿਚ ਸੜੇ, ਜਾਂ ਜੋਗ-ਅੱਭਿਆਸ ਆਦਿਕ ਨਾਲ ਸਰੀਰ ਨੂੰ ਲੰਬੇ ਸਮੇ ਤੱਕ ਜਿਉਂਦਾ ਰੱਖ ਲਏ; ਜੇ ਕੋਈ ਅਸਮੇਧ ਜੱਗ ਕਰੇ, ਜਾਂ (ਫਲ ਆਦਿਕਾਂ ਵਿਚ) ਲੁਕਾ ਕੇ ਸੋਨਾ ਦਾਨ ਕਰੇ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥1॥
ਇਹ ਸਿੱਖਿਆ ਸੁਣ ਕੇ ਵੀ ਲੋਕ-ਲਾਜ ਜਾਂ ਕਿਸੇ ਲਾਲਚ ਅਧੀਨ ਫੋਕਟ ਕਰਮ ਕਾਂਡ ਕਰਨ ਵਾਲੇ ਨੂੰ ਭਗਤ ਨਾਮਦੇਵ ਜੀ ਪਾਖੰਡੀ ਸ਼ਬਦ ਨਾਲ ਸੰਬੋਧਨ ਕਰਦੇ ਹੋਏ ਲਿਖ ਰਹੇ ਹਨ-
‘ਛੋਡਿ ਛੋਡਿ ਰੇ ਪਾਖੰਡੀ ਮਨ, ਕਪਟੁ ਨ ਕੀਜੈ ॥ ਹਰਿ ਕਾ ਨਾਮੁ, ਨਿਤ ਨਿਤਹਿ ਲੀਜੈ ॥1॥ ਰਹਾਉ ॥’ ਭਾਵ ਹੇ (ਮੇਰੇ) ਪਖੰਡੀ ਮਨ! ਕਪਟ ਨਾ ਕਰ, ਛੱਡ ਇਹ ਕਪਟ, ਛੱਡ ਇਹ ਕਪਟ। ਸਦਾ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ॥1॥ ਰਹਾਉ ॥
‘ਗੰਗਾ ਜਉ ਗੋਦਾਵਰਿ ਜਾਈਐ, ਕੁੰਭਿ ਜਉ ਕੇਦਾਰ ਨ੍ਾਈਐ, ਗੋਮਤੀ ਸਹਸ ਗਊ ਦਾਨੁ ਕੀਜੈ ॥ ਕੋਟਿ ਜਉ ਤੀਰਥ ਕਰੈ, ਤਨੁ ਜਉ ਹਿਵਾਲੇ ਗਾਰੈ, ਰਾਮ ਨਾਮ ਸਰਿ ਤਊ ਨ ਪੂਜੈ ॥2॥’ (ਹੇ ਮੇਰੇ ਮਨ!) ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ; (ਹੇ ਮਨ!) ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਕਰੇ, ਜਾਂ ਆਪਣਾ ਸਰੀਰ ਹਿਮਾਲੈ ਪਰਬਤ ਦੀ ਬਰਫ਼ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥2॥
‘ਅਸੁ ਦਾਨ, ਗਜ ਦਾਨ, ਸਿਹਜਾ ਨਾਰੀ ਭੂਮਿ ਦਾਨ, ਐਸੋ ਦਾਨੁ ਨਿਤ ਨਿਤਹਿ ਕੀਜੈ ॥ ਆਤਮ ਜਉ ਨਿਰਮਾਇਲੁ ਕੀਜੈ, ਆਪ ਬਰਾਬਰਿ ਕੰਚਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ ॥3॥’(ਹੇ ਮੇਰੇ ਮਨ!) ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ ਕਰ ਦੇਈਏ, ਆਪਣੀ ਜਮੀਨ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ; ਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ!) ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥3॥
‘ਮਨਹਿ ਨ ਕੀਜੈ ਰੋਸੁ, ਜਮਹਿ ਨ ਦੀਜੈ ਦੋਸੁ, ਨਿਰਮਲ ਨਿਰਬਾਣ ਪਦੁ ਚੀਨ੍ ਿਲੀਜੈ ॥ ਜਸਰਥ ਰਾਇ ਨੰਦੁ, ਰਾਜਾ ਮੇਰਾ ਰਾਮ ਚੰਦੁ, ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥4॥4॥’ (ਹੇ ਜਿੰਦੇ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲ੍ਹਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ); (ਹੇ ਜਿੰਦੇ!) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ; ਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰੇ (ਨਾਮਦੇਵ ਲਈ ਉਸੇ ਤਰ੍ਹਾਂ ਹੀ ਸਰਬੋਤਮ ਹੈ ਜਿਵੇਂ ਲੋਕਾਂ ਲਈ ਰਾਜਾ ਜਸਰਥ ਦਾ ਪੁੱਤਰ ਰਾਜਾ ਰਾਮ ਚੰਦਰ ਹੈ ॥4॥4॥
ਭਾਈ ਸ਼ਿਵਤੇਗ ਸਿੰਘ ਨੇ ਕਿਹਾ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਸਿੰਘ ਸਾਹਿਬਾਨ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਵੀਚਾਰ ਜਾਨਣੇ ਚਾਹੇ ਕਿ ਕੀ ਸ਼੍ਰੋਮਣੀ ਕਮੇਟੀ ਵੱਲੋਂ ਕੁੰਭ ਦੇ ਮੇਲੇ ’ਤੇ ਜਾਣ ਦਾ ਫੈਸਲਾ ਠੀਕ ਹੈ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਗੁਰੂ ਰਾਮ ਦਾਸ ਜੀ, ਗੁਰੂ ਅਰਜੁਨ ਸਾਹਿਬ ਜੀ ਵੱਲੋਂ ਵਰੋਸਾਏ ਸਾਡੇ ਕੇਂਦਰੀ ਸਥਾਨ ਦੇ ਗ੍ਰੰਥੀ ਸਾਹਿਬ ਜੀ ਦਾ ਜਵਾਬ ਬੜਾ ਹੀ ਹੈਰਾਨੀ ਜਨਕ ਸੀ ਜਦੋਂ ਉਨ੍ਹਾਂ ਕਿਹਾ ਭਾਈ ਸਾਹਿਬ ਜੀ ਉਥੇ ਜਾਣ ਨਾਲ ਕੀ ਫਰਕ ਪੈਂਦਾ ਹੈ? ਗੁਰੂ ਨਾਨਕ ਸਾਹਿਬ ਜੀ ਵੀ ਤਾਂ ਹਰਿਦੁਆਰ ਤੇ ਹੋਰ ਤੀਰਥਾਂ ’ਤੇ ਗਏ ਹੀ ਸਨ! ਭਾਈ ਸ਼ਿਵਤੇਗ ਸਿੰਘ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਕਿਸੇ ਦੇ ਸੱਦੇ ’ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਰਮ ਕਾਂਡਾਂ ਵਿੱਚ ਸ਼ਾਮਲ ਹੋਣ ਲਈ ਕਿਸੇ ਸਥਾਨ ’ਤੇ ਨਹੀਂ ਸਨ ਗਏ ਬਲਕਿ ਉਥੇ ਹੋ ਰਹੇ ਫੋਕਟ ਕਰਮ ਕਾਂਡਾਂ ਦਾ ਖੰਡਨ ਕਰਨ ਤੇ ਸੱਚ ਦਾ ਉਪਦੇਸ਼ ਲਈ ਆਪਣੀ ਮਰਜੀ ਨਾਲ ਜਾਂਦੇ ਸਨ। ਜੇ ਉਹ ਹਰਿਦੁਆਰ ਗਏ ਸਨ ਤਾਂ ਪਿਤਰਾਂ ਨੂੰ ਪਾਣੀ ਦੇਣ ਲਈ ਚੜ੍ਹਦੇ ਸੂਰਜ ਨੂੰ ਪਾਣੀ ਦੇਣ ਵਾਲਿਆਂ ਨੂੰ ਸਮਝਾਉਣ ਲਈ ਪੱਛਮ ਵੱਲ ਪਾਣੀ ਸੁੱਟ ਕੇ ਸਮਝਾਇਆ ਕਿ ਤੁਹਾਡਾ ਪਾਣੀ ਤਾਂ ਇਥੇ ਹੀ ਤੁਹਾਡੇ ਪੈਰਾਂ ਵਿੱਚ ਡਿੱਗ ਰਿਹਾ ਹੈ, ਪਿਤਰਾਂ ਨਮਿਤ ਇਥੋਂ ਭੇਜਿਆ ਪਾਣੀ ਜਾਂ ਕਰਵਾਏ ਸ਼ਰਾਧਾਂ ਰਾਹੀਂ ਉਨ੍ਹਾਂ ਕੋਲ ਕੁਝ ਨਹੀਂ ਪਹੁੰਚਣਾ ਇਸ ਲਈ ਜੀਵਤ ਪਿਤਰਾਂ ਦੀ ਸੇਵਾ ਤੋਂ ਮੂੰਹ ਫੇਰ ਕੇ ਮਰਿਆਂ ਨਮਿਤ ਸ਼ਰਾਧ ਕਰਵਾਉਣ ਦਾ ਕੋਈ ਲਾਭ ਨਹੀਂ ਹੈ। ਭਾਈ ਸ਼ਿਵਤੇਗ ਸਿੰਘ ਨੇ ਪੁੱਛਿਆ ਕਿ ਕੀ ਸ਼੍ਰੋਮਣੀ ਕਮੇਟੀ ਦਾ ਕੁੰਭ ਦੇ ਮੇਲੇ ’ਤੇ ਪਹੁੰਚਿਆ ਜਥਾ ਕੁੰਭ ਦੇ ਮੇਲੇ ’ਤੇ ਕੀਤੇ ਜਾ ਰਹੇ ਫੋਕਟ ਕਰਮ ਕਾਂਡਾਂ ਦਾ ਗੁਰੂ ਨਾਨਕ ਸਾਹਿਬ ਜੀ ਵਾਂਗ ਖੰਡਨ ਕਰਦੇ ਕਹਿਣਗੇ ‘ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥ ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥2॥’ (ਆਸਾ ਕੀ ਵਾਰ, ਗੁਰੂ ਗ੍ਰੰਥ ਸਾਹਿਬ -ਪੰਨਾ 470)। ਕੀ ਉਹ ਭਗਤ ਨਾਮ ਦੇਵ ਜੀ ਦੇ ਉਕਤ ਸ਼ਬਦ ਦੀ ਵਿਆਖਿਆ ਕਰਕੇ ਸੁਣਾਉਣਗੇ ਜਾਂ ਬ੍ਰਾਹਮਣਾਂ ਵੱਲੋਂ ਕੀਤੇ ਜਾ ਰਹੇ ਫੋਕਟ ਕਰਮ ਕਾਂਡ ਕਰਕੇ ਹੀ ਆ ਜਾਣਗੇ? ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਅਸੀਂ ਕੁਝ ਨਹੀਂ ਸਿੱਖਿਆ ਪਰ ਇਨ੍ਹਾਂ ਬ੍ਰਾਹਮਣਾਂ ਨੇ ਜਰੂਰ ਸਿੱਖ ਲਿਆ ਹੈ। ਉਨ੍ਹਾਂ ਬ੍ਰਾਹਮਣਾਂ ਨੇ ਔਰੰਗਜ਼ੇਬ ਨੂੰ ਕਿਹਾ ਸਾਡੇ ਮੁਖੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ ਜੇ ਤੁਸੀਂ ਉਨ੍ਹਾਂ ਨੂੰ ਮੁਸਲਮਾਨ ਬਣਾਂ ਲਵੋ ਤਾਂ ਅਸੀਂ ਸਾਰੇ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਗੁਰੂ ਤੇਗ ਬਹਾਦਰ ਜੀ ਨੇ ਬ੍ਰਾਹਮਣਾਂ ਦਾ ਧਰਮ ਬਚਾਉਣ ਲਈ ਸ਼ਹੀਦੀ ਤਾਂ ਦੇ ਦਿੱਤੀ ਪਰ ਧਰਮ ਤਬਦੀਲ ਨਹੀਂ ਕੀਤਾ। ਇਸ ਤੋਂ ਸਿਖਿਆ ਲੈ ਕੇ ਇਨ੍ਹਾਂ ਬ੍ਰਾਹਮਣਾਂ ਨੇ ਸੋਚਿਆ ਕਿ ਸਿੱਖਾਂ ਦੀ ਮੁਖੀ ਸੰਸਥਾ ਸ਼੍ਰੋਮਣੀ ਕਮੇਟੀ ਹੈ। ਇਸ ਲਈ ਜੇ ਸ਼੍ਰੋਮਣੀ ਕਮੇਟੀ ਸਿਧਾਂਤਾਂ ਦਾ ਮਲੀਆਮੇਟ ਕਰਕੇ ਹਿੰਦੂ ਧਰਮ ਦਾ ਅੰਗ ਹੋਣਾ ਸਵੀਕਾਰ ਕਰ ਲਏ ਤਾਂ ਸਾਰੀ ਕੌਮ ਨੂੰ ਸਿਧਾਂਤ ਤੋਂ ਡੇਗ ਕੇ ਉਨ੍ਹਾਂ ਨੂੰ ਹਿੰਦੂ ਧਰਮ ਦਾ ਅੰਗ ਬਣਨਾ ਕਬੂਲ ਕਰਨ ਲਈ ਸਹਿਜੇ ਹੀ ਮਨਾਇਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸੱਦਾ ਦੇ ਕੇ ਇਸ ਦਾ ਮੁੱਢ ਬੰਨ੍ਹ ਦਿੱਤਾ। ਸ਼੍ਰੋਮਣੀ ਕਮੇਟੀ ਵੱਲੋਂ ਸੱਦਾ ਪ੍ਰਵਾਨ ਕੀਤੇ ਜਾਣ ਦਾ ਫੌਰੀ ਅਸਰ ਇਹ ਹੋਇਆ ਹੈ ਕਿ ਸਾਡੇ ਸਰਬ ਉਚ ਸਥਾਨ ਦੇ ਪ੍ਰਚਾਰਕ ਬਿਨਾਂ ਸੋਚੇ ਸਮਝੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਰਤ ਕੇ ਇਹ ਦਲੀਲਾਂ ਦੇਣ ਲੱਗ ਪਏ ਹਨ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਸਿੱਖਾਂ ਦੀ ਨੁੰਮਾਇਦਾ ਸੰਸਥਾ ਸ਼੍ਰੋਮਣੀ ਕਮੇਟੀ ਸਿੱਖੀ ਸਿਧਾਂਤ ’ਤੇ ਪਹਿਰਾ ਨਹੀਂ ਦੇ ਸਕਦੀ, ਇਸ ਦੇ ਪ੍ਰਚਾਰਕ ਗੁਰਬਾਣੀ ਦੀ ਸਹੀ ਵਿਆਖਿਆ ਨਹੀਂ ਕਰਨਗੇ ਤਾਂ ਬਾਕੀ ਸਿੱਖਾਂ ਦਾ ਜੋ ਹਾਲ ਹੈ ਉਹ ਸਾਡੇ ਸਾਹਮਣੇ ਹੀ ਹੈ।
ਵਿਆਖਿਆ ਅਧੀਨ ਮੂਲ ਸ਼ਬਦ ਵੱਲ ਪਰਤਦਿਆਂ ਭਾਈ ਸ਼ਿਵਤੇਗ ਸਿੰਘ ਨੇ ਸ਼ਬਦ ਦੇ ਰਹਾਉ ਦੀ ਤੁਕ ਦੇ ਅਰਥ ਕਰਦੇ ਹੋਏ ਕਿਹਾ: ‘ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥1॥ ਰਹਾਉ ॥’ (ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ ॥1॥ ਰਹਾਉ ॥
‘ਜਿਨਿ ਕਨ ਕੀਤੇ ਅਖੀ ਨਾਕੁ ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ ਜਿਨਿ ਮਨੁ ਰਾਖਿਆ ਅਗਨੀ ਪਾਇ ॥ ਵਾਜੈ ਪਵਣੁ ਆਖੈ ਸਭ ਜਾਇ ॥2॥’ (ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ; ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ; ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ; (ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ ॥2॥
‘ਜੇਤਾ ਮੋਹੁ ਪਰੀਤਿ ਸੁਆਦ ॥ ਸਭਾ ਕਾਲਖ ਦਾਗਾ ਦਾਗ ॥ ਦਾਗ ਦੋਸ ਮੁਹਿ ਚਲਿਆ ਲਾਇ ॥ ਦਰਗਹ ਬੈਸਣ ਨਾਹੀ ਜਾਇ ॥3॥’ ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ, ਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ। (ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ॥3॥
‘ਕਰਮਿ ਮਿਲੈ ਆਖਣੁ ਤੇਰਾ ਨਾਉ ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ ਜੇ ਕੋ ਡੂਬੈ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰ ॥4॥3॥5॥’ (ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ, ਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ। ਹੇ ਨਾਨਕ! (ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ) ॥4॥3॥5॥
ਸੋ ਇਤਨੇ ਗੁਣਾਂ ਦੇ ਮਾਲਕ ਪ੍ਰਭੂ ਨੂੰ ਛੱਡ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੁੰਭ ਦੇ ਮੇਲਿਆਂ ’ਤੇ ਕੀਤੇ ਜਾ ਰਹੇ ਫੋਕਟ ਕਰਮ ਕਾਂਡਾਂ ਵਿੱਚ ਭਾਗ ਲੈਣ ਦਾ ਭਾਵ ਹੋਵੇਗਾ ਕਿ ਸਿੱਖ ਗੁਰੂ ਅਰਜੁਨ ਸਾਹਿਬ ਜੀ, ਗੁਰੂ ਤੇਗ ਬਹਾਦੁਰ ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਤੇ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਦੀ ਸ਼ਹੀਦੀਆਂ ਪਿਛਲੇ ਸਿਧਾਂਤ ਤੋਂ ਮੂੰਹ ਫੇਰ ਚੁੱਕੇ ਹਨ।
ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣ ਵਾਲੇ ਕੀ ਕੁੰਭ ਦੇ ਮੇਲੇ ’ਤੇ ਗੁਰੂ ਨਾਨਕ ਦਾ ਸਿਧਾਂਤ ਦ੍ਰਿੜ ਕਰਵਾਉਣਗੇ ਜਾਂ ਕੁੰਭ ਦੇ ਕੀਤੇ ਇਸ਼ਨਾਨ ਦੇ ਫਲਾਂ ਦੀ ਸ਼ੋਭਾ ਗਾਉਣਗੇ: ਸ਼ਿਵਤੇਗ ਸਿੰਘ
Page Visitors: 2555