* # ਅਪਨੇ ਲੋਭ ਕਉ ਕੀਨੋ ਮੀਤੁ # *
ਗਉੜੀ ਮਹਲਾ 5-ਪੰਨਾ 195।
ਅਪਨੇ ਲੋਭ ਕਉ ਕੀਨੋ ਮੀਤੁ॥ਸਗਲ ਮਨੋਰਥ ਮੁਕਤਿ ਪਦੁ ਦੀਤੁ॥1॥
ਜਿਸ ਕਿਸੇ ਨੇ ਭਾਵਂੇ ਲਾਲਚ ਖਾਤਰ ਹੀ ਪ੍ਰਭੂ ਨੂੰ ਮਿੱਤਰ ਬਣਾ ਲਿਆ, ਪ੍ਰਭੂ ਨੇ ਉਸ ਦੇ ਸਾਰੇ ਮਨੋਰਥ ਪੂਰੇ ਕਰ ਦਿੱਤੇ ਤੇ ਨਾਲੇ ਉਹ ਆਤਮਕ ਅਵਸਥਾ ਵੀ ਦੇ ਦਿੱਤੀ ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ।1।
ਐਸਾ ਮੀਤੁ ਕਰਹੁ ਸਭੁ ਕੋਇ॥ਜਾ ਤੇ ਬਿਰਥਾ ਕੋਇ ਨ ਹੋਇ॥1॥ਰਹਾਉ॥
ਹੇ ਭਾਈ! ਹਰ ਕੋਈ ਐਸੇ ਪ੍ਰਭੂ ਨੂੰ ਮਿੱਤਰ ਬਣਾਉ ਜਿਸ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਕੋਈ ਵਿਰਵਾ ਨਹੀਂ ਰਹਿੰਦਾ।1।ਰਹਾਉ।
ਅਪੁਨੈ ਸੁਆਇ ਰਿਦੈ ਲੈ ਧਾਰਿਆ॥ਦੂਖ ਦਰਦ ਰੋਗ ਸਗਲ ਬਿਦਾਰਿਆ॥2॥
ਹਾਂ, ਆਪਣੇ ਸਵਾਰਥ ਲਈ ਜਿਸ ਨੇ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਟਿਕਾ ਲਿਆ, ਵਾਹਿਗੁਰੂ ਨੇ ਉਸ ਦੇ ਸਾਰੇ ਦੁੱਖ ਦਰਦ ਦੂਰ ਕਰ ਦਿੱਤੇ, ਸਾਰੇ ਰੋਗ ਦੂਰ ਕਰ ਦਿੱਤੇ, ਸਾਰੇ ਕਸ਼ਟ ਕਟ ਦਿੱਤੇ।2।
ਰਸਨਾ ਗੀਧੀ ਬੋਲਤ ਰਾਮ॥ਪੂਰਨ ਹੋਏ ਸਗਲੇ ਕਾਮ॥3॥
ਜਿਸ ਮਨੁੱਖ ਦੀ ਜੀਭ ਪ੍ਰਭੂ ਦਾ ਨਾਮ ਉੱਚਾਰਨਾ ਗਿੱਝ ਜਾਂਦੀ ਹੈ, ਉਸ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ।3।
ਅਨਿਕ ਬਾਰ ਨਾਨਕ ਬਲਿਹਾਰਾ॥ਸਫਲ ਦਰਸਨੁ ਗੋਬਿੰਦੁ ਹਮਾਰਾ॥4॥79॥148॥
ਸਾਡਾ ਗੋਬਿੰਦ ਸਫਲ ਦਰਸ਼ਨ ਹੈ (ਸਫਲ ਦਰਸਨ= ਉਹ ਦਰਸ਼ਨ ਜੋ ਆਪਣਾ ਅਸਰ ਕੀਤੇ ਬਿਨਾਂ ਰਹਿ ਨਹੀਂ ਸਕਦਾ), ਭਾਵ, ਗੋਬਿੰਦ ਦੇ ਦਰਸ਼ਨ ਨਾਲ ਸਫਲਤਾ ਮਿਲਣੀ ਹੀ ਮਿਲਣੀ ਹੈ। ਸੋ ਨਾਨਕ ਆਪਣੇ ਗੋਬਿੰਦ ਤੋਂ ਅਨੇਕਾਂ ਵਾਰ ਬਲਿਹਾਰ ਜਾਂਦਾ ਹੈ। ।4।79।148।
ਵਿਆਖਿਆ:-ਹਰ ਕੋਈ ਲੋੜਵੰਦ ਹੈ। ਲੋੜ ਪੂਰੀ ਕਰਨ ਲਈ ਕਈ ਤਰ੍ਹਾਂ ਦੇ ਹੀਲੇ ਕੀਤੇ ਜਾਂਦੇ ਹਨ, ਕਈ ਤਰ੍ਹਾਂ ਦੀ ਦੌੜ ਭਜ ਕੀਤੀ ਜਾਂਦੀ ਹੈ। ਕਈ ਤਰ੍ਹਾਂ ਦੇ ਉਪਾਉ ਕੀਤੇ ਜਾਂਦੇ ਹਨ। ਪਰ ਜੋ ਲੋੜ ਵੇਲੇ ਵਾਹਿਗੁਰੂ ਦੀ ਸ਼ਰਨ ਲੈਂਦਾ ਹੈ ਤੇ ਆਪਣੀਆਂ ਗ਼ਰਜ਼ਾਂ ਲਈ ਲੋਭ ਵਿੱਚ ਵੀ ਵਾਹਿਗੁਰੂ ਦੀ ਅਰਾਧਨਾ ਕਰਦਾ ਹੈ, ਵਾਹਿਗੁਰੂ ਉਸ ਦੇ ਮਨੋਰਥ ਪੂਰੇ ਕਰਦਾ ਹੈ ਅਤੇ ਉਸ ਨੂੰ ਉੱਚੀ ਆਤਮਕ ਅਵਸਥਾ ਵੀ ਬਖ਼ਸ਼ਦਾ ਹੈ (ਉਹ ਅਵਸਥਾ ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ)।
ਇਹ ਕਿਵੇਂ?
ਇਹ ਇਉਂ:- ਗੁਰੁ ਜੀ ਨੇ ਸ਼ਬਦ ਵਿੱਚ ਪਦ ‘ਮੀਤੁ’ ਅਤੇ ‘ਰਿਦੈ ਲੈ ਧਾਰਿਆ’ ਵਰਤੇ ਹਨ। ਮੁਰਾਦ ਭਾਵੇਂ ਗ਼ਰਜ਼ ਹੈ ਪਰ ਵਾਹਿਗੁਰੂ ਨੂੰ ਮਿੱਤਰ ਸਮਝਿਆ ਹੈ ਅਤੇ ਉਸ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ। ਇਹ ਮਿੱਤਰ ਭਾਵਨਾ ਤੇ ਹਿਰਦੇ ਵਿੱਚ ਧਾਰਨ ਦਾ ਅਮਲ ਹੀ ਮਨ ਜਾਂ ਬਿਰਤੀ ਨੂੰ ਵਾਹਿਗੁਰੂ ਜੀ ਦੇ ਪ੍ਰਭਾਵਸ਼ਾਲੀ ਅਸਰ ਹੇਠ ਲੈ ਜਾਂਦਾ ਹੈ। ਸੋ ਇੱਕ ਅਸਰ ਉਸ ਦਾ ਹੈ:-ਸਫਲਤਾ, ਮਨੋਵਾਂਛਿਤ ਦਾ ਪੂਰਾ ਹੋਣਾ। ਦੂਸਰਾ ਅਸਰ ਹੈ:- ਉਹ ਆਤਮਕ ਅਵਸਥਾ, ਮੁਕਤੀ ਦਾਇਕ ਅਵਸਥਾ ਜਿੱਥੇ ਵਾਸ਼ਨਾ ਖ਼ਤਮ ਹੋ ਜਾਂਦੀ ਹੈ। ਜੀਵ ਵਾਹਿਗੁਰੂ ਦੇ ਅਸਰ ਹੇਠ ਗਿਆ ਤਾਂ ਸੀ ਗ਼ਰਜ਼ ਲੈ ਕੇ ਪਰ ਮੁਕਤ ਦਾਇਕ ਪ੍ਰਭਾਵ ਸੁਤੇ ਹੀ ਅਸਰ ਕਰ ਗਿਆ।
ਮਾਂਗਉ ਰਾਮ ਤੇ ਸਭਿ ਥੋਕ॥ ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ॥ਧਨਾਸਰੀ ਮ: 5, ਪੰਨਾ 682॥
ਇਹ ਸਾਰੀ ਘਟਨਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕੋਈ ਮਨੁੱਖ ਧੁੱਪ ਤੋਂ ਵਿਆਕੁਲ ਹੋ ਕੇ ਚੰਦਨ ਦੇ ਰੁੱਖ ਦੀ ਛਾਵੇਂ ਜਾ ਬੈਠੇ ਤਾਂ ਛਾਂ ਦੇ ਨਾਲ-ਨਾਲ ਖ਼ੁਸ਼ਬੂ ਉਸ ਨੂੰ ਆਪੇ ਹੀ ਮਿਲ ਜਾਂਦੀ ਹੈ ਕਿਉਂਕਿ ਚੰਦਨ ਦਾ ਰੁੱਖ ਸੁਤੇ ਹੀ ਖ਼ੁਸ਼ਬੂ ਦਾਨ ਕਰਦਾ ਹੈ।
ਸੁਰਜਨ ਸਿੰਘ--
+919041409041