ਕਿੱਧਰ ਗਿਆ ਕੌਮ ਦਾ ਹਰਿਆਵਲ ਦਸਤਾ…?
ਦੁਨੀਆ ’ਚ ਕਿਧਰੇ ਇਨਕਲਾਬ ਆਇਆ, ਕ੍ਰਾਂਤੀਕਾਰੀ ਤਬਦੀਲੀ ਆਈ, ਇਤਿਹਾਸ ਨੇ ਨਵਾਂ ਮੋੜਾ ਲਿਆ ਜਾਂ ਨਵਾਂ ਇਤਿਹਾਸ ਸਿਰਜਿਆ ਗਿਆ ਤਾਂ ਉਸਦੇ ਪਿੱਛੇ ਨੌਜਵਾਨ ਸ਼ਕਤੀ ਸੀ। ਦਰਿਆਵਾਂ ਦੇ ਵਹਿਣ ਮੋੜਨ ਦੀ ਸਮਰੱਥਾ ਸਿਰਫ਼ ਜੁਆਨ ਸ਼ਕਤੀ ਦੇ ਪੱਲੇ ਹੀ ਹੁੰਦੀ ਹੈ। ਹੁਣ ਤੱਕ ਮਨੁੱਖਤਾ ਦਾ ਇਤਿਹਾਸ, ਇਹੋ ਕੁਝ ਹੀ ਕਹਿੰਦਾ ਹੈ। ਇਹ ਵੀ ਆਖਿਆ ਜਾਂਦਾ ਹੈ ਕਿ ਜਦੋਂ ਜੁਆਨੀ, ਜੁਆਨੀ ਦੇ ਸਹੀ ਅਰਥ ਲੱਭ ਲਵੇ ਤਾਂ ਉਸ ਜੁਆਨੀ ਦੇ ਰਾਹ ’ਚ ਕੋਈ ਤਾਕਤ ਵੀ ਰੋੜਾ ਨਹੀਂ ਬਣ ਸਕਦੀ। ਪ੍ਰੰਤੂ ਜੁਆਨੀ ਦਾ ਸ਼ੂਕਦਾ ਵੇਗ ਜੇ ਕੁਰਾਹੇ ਪਾ ਜਾਵੇ, ਭਟਕ ਜਾਵੇ, ਦਿਸ਼ਾਹੀਣ ਹੋ ਜਾਵੇ, ਅੱਥਰਾ ਹੋ ਜਾਵੇ, ਫ਼ਿਰ ਭਿਆਨਕ ਤਬਾਹੀ ਦਾ ਰਾਹ ਖੁੱਲ ਜਾਂਦਾ ਹੈ। ਇਸ ਲਈ ਜੁਆਨੀ ਕਿਸੇ ਕੌਮ, ਦੇਸ਼, ਸਮਾਜ ਦੀ ਕਿਸਮਤ ਘੜਨ ਵਾਲੀ ਚਮਕਾਉਣ ਵਾਲੀ, ਰੁਸ਼ਨਾਉਣ ਵਾਲੀ ਵੀ ਹੋ ਸਕਦੀ ਹੈ ਅਤੇ ਕਾਲੀ ਸਿਆਹ ਕਰਨ ਵਾਲੀ ਵੀ ਹੋ ਸਕਦੀ।
ਸਿੱਖ ਕੌਮ ਦੇ ਦਾਨਸ਼ਮੰਦ ਆਗੂਆਂ ਨੇ ਜੁਆਨੀ ਦੀ ਮਹਾਨਤਾ ਨੂੰ ਜਾਣਦਿਆਂ ਬੁਝੱਦਿਆ ਇਸਨੂੰ ਕੌਮ ਦੇ ਹਰਿਆਵਲ ਦਸਤੇ ਵਜੋਂ ਪ੍ਰਵਾਨ ਕੀਤਾ ਅਤੇ ਜੁਆਨੀ ਨੂੰ ਸਹੀ ਸੇਧ ਦੇਣ ਲਈ, ਅਗਵਾਈ ਕਰਨ ਲਈ, ਦਿਸ਼ਾ-ਨਿਰਦੇਸ਼ ਨਿਰਧਾਰਤ ਕਰਨ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅੱਜ ਦੇ ਦਿਨ ਸਥਾਪਨਾ ਕੀਤੀ। ਜਿਵੇਂ ਅਸੀਂ ਉਪਰ ਜ਼ਿਕਰ ਕੀਤਾ ਹੈ ਕਿ ਜੁਆਨੀ ਸ਼ੂਕਦਾ ਵੇਗ ਹੁੰਦੀ ਹੈ, ਇਸ ਲਈ ਇਸਨੂੰ ਅਨੁਸ਼ਾਸਨ ਰੂਪੀ ਦਰਿਆ ਦੇ ਦੋ ਮਜ਼ੂਬਤ ਕਿਨਾਰਿਆਂ ਦੀ ਡਾਢੀ ਲੋੜ ਹੁੰਦੀ ਹੈ, ਜਿਹੜੇ ਉਸਨੂੰ ਹੜ ਦਾ ਰੂਪ ਧਾਰ ਕੇ ਤਬਾਹੀ ਮਚਾਉਣ ਤੋਂ ਰੋਕੀ ਰੱਖਣ, ਅਟਕਾਈ ਰੱਖਣ। ਸਿੱਖ ਸਟਡੈਂਟਸ ਫੈਡਰੇਸ਼ਨ ਸਿੱਖ ਜੁਆਨੀ ਨੂੰ ਅਨੁਸ਼ਾਸਨਬੰਦ ਕਰਕੇ, ਕੌਮ ਦੀ ਚੜਦੀ ਕਲਾ ਲਈ ਸਮਰਪਿਤ ਕਰਨ ਹਿੱਤ ਸਥਾਪਿਤ ਕੀਤੀ ਗਈ ਸੀ।
ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮੁੱਢਲੇ ਦੌਰ ’ਚ ਲਾਸਾਨੀ ਇਤਿਹਾਸ ਸਿਰਜਿਆ, ਸਿੱਖ ਜੁਆਨੀ ਨੂੰ ਸਿੱਖੀ ਸਿਧਾਂਤਾਂ ਦੀ ਜਾਗਰੂਕ ਪਹਿਰੇਦਾਰ ਬਣਾਇਆ।ਪ੍ਰੰਤੂ ਜਦੋਂ ਸ਼ੈਤਾਨ, ਮਕਾਰ, ਚਲਾਕ, ਸੁਆਰਥੀ, ਦੰਭੀ, ਪਾਖੰਡੀ ਤੇ ਲੋਭੀ ਲਾਲਸੀ ਰਾਜਸੀ ਆਗੂਆਂ ਨੇ ਇਨਾਂ ਸਿੱਖ ਨੌਜਵਾਨਾਂ ਨੂੰ ਆਪਣੀ ਸਿਆਸੀ ਖੇਡ ਦੇ ਮੋਹਰੇ ਬਣਾ ਲਿਆ, ਉਦੋਂ ਹੀ ਇਹ ਹਰਿਆਵਲ ਦਸਤਾ ਸੁੱਕਣਾ ਸ਼ੁਰੂ ਹੋ ਗਿਆ ਅਤੇ ਅੱਜ ਪੂਰੀ ਤਰਾਂ ਰੁੰਡ-ਮੁਰੰਡ ਹੋ ਚੁੱਕਾ ਹੈ। ਅੱਜ ਜਦੋਂ ਕੌਮ ਦੇ ਹਰਿਆਵਲ ਦਸਤੇ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਕਿੰਨੇ ਕੁ ਸਿੱਖ ਨੌਜਵਾਨਾਂ ਦੇ ਮਨਾਂ ’ਚ ਸਿੱਖ ਜੁਆਨੀ ਦੇ ਇਸ ਨਰੋਏ ਪਲੇਟਫਾਰਮ ਲਈ ਪਿਆਰ, ਸਤਿਕਾਰ ਜਾਂ ਸਮਰਪਿਤ ਭਾਵਨਾ ਹੈ, ਇਹ ਲੇਖਾ-ਜੋਖਾ ਤਾਂ ਜੁਆਨੀ ਨੂੰ ਵੀ ਕੌਮ ਦੀਆਂ ਜੁੰਮੇਵਾਰ ਧਿਰਾਂ ਨੂੰ ਕਰਨਾ ਪਵੇਗਾ। ਜਿਸ ਜੁਆਨੀ ਨੇ ਦਰਿਆਵਾਂ ਦੇ ਵਹਿਣ ਮੋੜਣੇ ਹੁੰਦੇ ਹਨ, ਅੱਜ ਉਸ ਜੁਆਨੀ ਦੇ ਨਕੇਲ, ਉਨਾਂ ਦੇ ਆਗੂਆਂ ਨੇ ਖ਼ੁਦ ਆਪਣੇ ਹੱਥੀ ਖੁਦਗਰਜ਼ ਆਗੂਆਂ ਦੇ ਹੱਥ ਫੜਾ ਛੱਡੀ ਹੈ। ਜਿਹੜੇ ਜੁਆਨੀ ਨੂੰ ‘ਪੁਤਲੀਆਂ’ ਵਾਗੂੰ ਆਪਣੀਆਂ ਉਗਲਾਂ ਤੇ ਨਚਾਈ ਜਾਂਦੇ ਹਨ।
ਕਿਥੇ ਕੌਮ ਨੂੰ ਆਪਣੇ ਹਰਿਆਵਲ ਦਸਤੇ ਤੇ ਮਾਣ ਹੁੰਦਾ ਸੀ, ਕਿਥੇ ਅੱਜ ਉਸ ਦਸਤੇ ਨੂੰ ਜੜੋਂ ਪੁੱਟਣ ਲਈ ਸੁਆਰਥੀ ਸਿੱਖ ਆਗੂਆਂ ਨੇ ਨੌਜਵਾਨਾਂ ਦੀਆਂ ਅਜਿਹੀਆਂ ਜਥੇਬੰਦੀਆਂ ਖੜੀਆਂ ਕਰ ਦਿੱਤੀਆਂ ਹਨ, ਜਿਨਾਂ ਨੂੰ ਆਮ ਲੋਕ ‘ਸਮੈਕ’ ਵਰਗੇ ਮਾਰੂ, ਖ਼ਤਰਨਾਕ ਨਸ਼ੇ ਦੇ ਨਾਮ ਨਾਲ ਬੁਲਾਉਂਦੇ ਹਨ। ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ ਸਕੂਲਾਂ, ਕਾਲਜ ’ਚ ਸਿੱਖੀ ਦੇ ਬੂਟੇ ਨੂੰ ਪ੍ਰਭਾਵਿਤ ਕਰਨ ਵਾਲੀ ‘ਨਰਸਰੀ’ ਨਹੀਂ ਰਹਿ ਗਈ, ਸਗੋਂ ਰਾਜਸੀ ਚੌਧਰ ਬਣਾਈ ਰੱਖਣ ਵਾਲੇ ਬੁੱਢੇ ਆਗੂਆਂ ਦਾ ਰਾਜਸੀ ਲਾਹੇ ਦੀ ਖੇਡ ਦਾ ਸ਼ਿਕਾਰ ਹੋ ਗਈ। ਇਹੋ ਕਾਰਣ ਹੈ ਕਿ ਅੱਜ ਇਸ ਜਥੇਬੰਦੀ ਦੀ ਕਿਧਰੇ ਪ੍ਰਭਾਵਸ਼ਾਲੀ ਹੋਂਦ ਵਿਖਾਈ ਨਹੀਂ ਦਿੰਦੀ। ਸਿਰਫ਼ ਤੇ ਸਿਰਫ਼ ਅਖ਼ਬਾਰੀ ਖ਼ਬਰਾਂ ਲਈ ਫੈਡਰੇਸ਼ਨ ਦੇ ਨਾਮ ਦੀ ਵਰਤੋਂ ਕੀਤੀ ਜਾਂਦੀ ਹੈ। ਬੱਸ! ਇਸ ਤੋਂ ਅੱਗੇ ਫੈਡਰੇਸ਼ਨ ਦੀ ਕੋਈ ਲੋੜ ਤੇ ਕੋਈ ਕੰਮ ਬਾਕੀ ਨਹੀਂ ਰਹਿ ਜਾਂਦਾ।
ਜਸਪਾਲ ਸਿੰਘ ਹੇਰਾਂ