ਲੂਣ ਹਰਾਮੀ ਤੋਂ, ਸੱਚੇ ਦੇ ਬਣਾਏ ਤਖਤ ਤੱਕ ਦਾ ਸਫਰ
੫੦੦-੬੦੦ ਸਾਲ ਪਹਿਲਾਂ ਜੋ ਗਰੂ ਬਾਬੇ ਨਾਨਕ ਸਾਹਿਬ ਜੀ ਨੇ ਦੇਖਿਆ ਹੂ ਬ ਹੂ ਅੱਜ ਹੋ ਰਿਹਾ ਹੈ। ਅੱਗੇ ਕਾਜੀਆਂ, ਬ੍ਰਹਾਮਣਾਂ ਨੇ ਲੁੱਟ ਮਚਾਈ ਹੋਈ ਸੀ, ਝੂਠ ਦੇ ਫਤਵੇ ਜਾਰੀ ਕਰਨੇ, ਰਿਸ਼ਵਤਾਂ ਵੱਢੀਆਂ ਲੈ ਲੈ ਕੇ ਫਿੱਟਦੇ ਜਾ ਰਹੇ ਸੀ। ਬਿਲਕੁਲ ਅੱਜ ਉਸੇ ਤਰ੍ਹਾਂ ਹੀ ਹੋ ਰਿਹਾ ਹੈ। ਦੇਖਣ ਨੂੰ ਤਾਂ ਧਰਮੀ, ਪਰ ਅੰਦਰ ਪਾਪ ਪਲ ਰਿਹਾ। ਸੱਚੇ ਦੇ ਬਣਾਏ ਤਖਤ 'ਤੇ ਅੱਜ ਪਹਿਲਾ ਵਾਂਗ ਕਾਜੀਆਂ ਤੇ ਬ੍ਰਹਾਮਣਾਂ ਦਾ ਬੋਲ ਬਾਲਾ ਹੈ। ਫਰਕ ਸਿਰਫ ਇੰਨ੍ਹਾਂ ਹੈ ਕਿ ਇਨ੍ਹਾਂ ਦੇ ਰੂਪ ਬਦਲ ਗਏ। ਅੱਜ ਦੇ ਸਿੱਖਾਂ ਵਿੱਚ ਵੀ ਬ੍ਰਾਹਮਣ ਤੇ ਉਸ ਸਮੇਂ ਦੇ ਕਾਜੀ ਵੜ ਬੈਠੇ ਨੇ, ਸੱਚੇ ਦੇ ਤਖਤ ਦਾ ਸਫਰ ਕਰਨ ਨੂੰ ੩੦੦ ਸੌ ਸਾਲ ਦਾ ਸਮਾਂ ਲੱਗਾ, ਇਸ ਬਣਾਏ ਹੋਏ ਤਖਤ 'ਤੇ ਕੇਵਲ ਸੱਚ ਦਾ ਹੀ ਵਰਤਾਰਾ ਸੀ। ਬਾਹਰੋਂ ਤੇ ਅੰਦਰੋਂ ਇੱਕ ਹੋਣਾ ਪੈਂਦਾ ਸੀ। ਇਸ ਤਖਤ ਤੱਕ ਦਾ ਸਫਰ ਉਹੀ ਕਰ ਸਕਦਾ ਸੀ, ਜੋ ਸੱਚੇ ਵਾਂਗ ਡਰ ਰਹਿਤ ਹੋਵੇ, ਸੱਚਾ ਇਨਸਾਫੀ ਹੋਵੇ, ਜਿਹੜਾ ਇਸ ਗੱਲ ਨੂੰ ਅੰਦਰ ਵਸਾਈ ਰੱਖੇ ਕਿ ਪੰਥ ਵਸੇ ਮੈ ਉਜੜਾਂ, ਮਨ ਚਾਉ ਮੇਰਾ... ਉਹ ਸਿਰਫ ਆਪਣੇ ਉਸ ਸੱਚੇ ਮਾਲਕ ਦਾ ਹੀ ਚਾਕਰ ਰਹੇ, ਨਾ ਕਿ ਕਿਸੇ ਬੇਈਮਾਨ, ਜਾਲਮ ਦਾ ਚਾਕਰ ਬਣੇ...
ਹੈਂ ਹੈਂ ਹੈਂ ਪਰ ਅੱਜ ਕੀ ਹੋ ਰਿਹਾ ? ਅੱਜ ਸੱਚੇ ਦੇ ਤਖਤ ਦਾ ਸਫਰ ਉਹੀ ਕਰ ਸਕਦਾ ਜਿਹੜਾ ਰੱਜ ਕੇ ਲੂਣਹਰਾਮੀ ਹੋਵੇ, ਲਾਲਚ ਵਿੱਚ ਫੱਸ ਚੁੱਕਾ ਹੋਵੇ, ਜਿਹੜਾ ਆਪਣੀ ਕੌਮ ਦੀ ਗੈਰਤ ਵੇਚਣ ਨੂੰ ਢਿੱਲ ਨਾ ਲਾਵੇ, ਰਿਸ਼ਵਤਾਂ ਲੈ ਲੈ ਕੇ ਝੂਠ ਦੇ ਹੱਕ ਵਿੱਚ ਫੈਸਲੇ ਕਰ ਦੇਵੇ, ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਕਹੇ ਕਿ ਤੁਸੀਂ ਸਾਡੇ ਪੰਥ ਦਾ ਹਿੱਸਾ ਨਹੀਂ ਹੋ। ਅੱਜ ਸੱਚੇ ਦੇ ਤਖਤ ਦਾ ਸਫਰ ਕਰਨਾ ਬਹੁਤਾ ਔਖਾ ਨਹੀਂ ਰਿਹਾ, ਹੁਣ ਕੋਈ ਲੋੜ ਨਹੀਂ ਸਿਰ ਧੜ ਦੀ ਬਾਜ਼ੀ ਲਾਉਣ ਦੀ, ਕੋਈ ਲੋੜ ਨਹੀਂ ਸੇਵਾ ਤੇ ਸਿਮਰਨ ਦੀ, ਕੋਈ ਲੋੜ ਨਹੀਂ ਕੌਮੀ ਹਿੱਤਾਂ ਲਈ ਮਰਨ ਦੀ, ਜਾਂ ਜੇਲਾਂ ਵਿੱਚ ਸੜਣ ਦੀ, ਕੋਈ ਲੋੜ ਨਹੀਂ ਆਪਣੀ ਜ਼ਮੀਰ ਨੂੰ ਜਾਗਦੀ ਰੱਖਣ ਦੀ,.. ਅੱਗੇ ਸੱਚੇ ਦੇ ਬਣਾਏ ਤਖਤ ਦਾ ਸਫਰ ਕਰਨ ਲਈ ਗੁਰੂ ਤੋਂ ਸਿੱਖਿਆ ਲੈਣੀ ਪੈਂਦੀ ਸੀ, ਤੇ ਗੁਰੂ ਨੂੰ ਆਪਣਾ ਸੱਭ ਕੁੱਝ ਅਰਪਣ ਕਰਨਾ ਪੈਂਦਾ ਸੀ, ਪਰ ਅੱਜ ਇਹ ਲੋੜ ਹੀ ਨਹੀਂ ਰਹੀ। ਅੱਜ ਤਾਂ ਕੇਵਲ ਚਾਰ ਛਿਲੱੜਾਂ ਦਾ ਜੇ ਭਾਰ ਵੱਧ ਹੈ, ਉਧਰ ਨੂੰ ਭੱਜ ਜਾਉ, ਪੂਰੀ ਤਰ੍ਹਾਂ ਆਪਣਾ ਸਵੈਮਾਣ ਉਸ ਦੇ ਗੁਲਾਮ ਕਰ ਦੇਵੋ, ਉਸ ਦੀ ਪੂਰੀ ਚਾਕਰੀ ਕਰੋ, ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਂ ਨੇ ਲੂਣ ਹਰਾਮੀ ਨੂੰ ਬਹੁਤ ਲਾਹਨਤਾਂ ਪਾਈਆਂ ਹਨ, ਲੂਣ ਹਰਾਮੀ ਸ਼ਬਦ ਦੁਰਕਾਰਿਆ ਸ਼ਬਦ ਹੈ, ਭਾਵ ਕਿ ਮਾਲਕ ਨੂੰ ਧੋਖਾ ਦੇਣਾ, ਗੁਰੂ ਸਾਹਿਬ ਜੀ ਫਰਮਾਉਂਦੇ ਨੇ,
"ਜਿਸ ਕਾ ਦੀਆ ਪੈਨੈ ਖਾਇ ॥ ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥
ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥ ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥
ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥ ਦਾਸਿ ਸਲਾਮੁ ਕਰਤ ਕਤ ਸੋਭਾ ॥੨॥
ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥ ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥
ਕਹੁ ਨਾਨਕ ਹਮ ਲੂਣ ਹਰਾਮੀ ॥ ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥" (ਪੰਨਾਂ ੧੯੫)
ਲੂਣ ਹਰਾਮੀ ਇੱਕ ਮੁਹਾਵਰਾ ਹੈ, ਇਸ ਛੋਟੇ ਜਿਹੇ ਸ਼ਬਦ ਪਿੱਛੇ ਬਹੁਤ ਭੇਦ ਨੇ। ਜਿਸ ਤਰ੍ਹਾਂ ਇਨਸਾਨ ਨਮਕ-ਹਰਾਮੀ ਅਤੇ ਪਾਪੀ ਹੈ, ਉਹ ਬੇਸਮਝ ਅਤੇ ਥੋੜ੍ਹੀ ਅਕਲ ਵਾਲਾ ਹੈ। ਲੂਣ ਹਰਾਮੀ = ਖਾਧਾ ਲੂਣ ਹਰਾਮ ਕਰਨ ਵਾਲਾ, ਨ-ਸ਼ੁਕਰਾ, ਅਕ੍ਰਿਤਘਣ। ਬੇਗਾਨਾ = ਓਪਰਾ, ਸਾਂਝ ਨਾਹ ਪਾਣ ਵਾਲਾ। ਅਲਪ = ਥੋੜੀ। ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮੱਤ ਵਾਲਾ ਹੈ, ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ...ਗੁਰਬਾਣੀ ਵਿੱਚ ਵੀ ਮਨੁੱਖ ਨੂੰ ਉਸ ਪ੍ਰਮਾਤਮਾ ਦੇ ਸਦਾ ਰਿਣੀ ਰਹਿਣ ਦੀ ਪ੍ਰੇਰਣਾ ਕੀਤੀ ਗਈ ਹੈ, ਜਿਸ ਦਾ ਦਿੱਤਾ ਜੀਵਨ, ਪਦਾਰਥ, ਮਨੁੱਖ ਵਰਤ ਰਿਹਾ ਹੈ। ਧਰਮ, ਮਾਨਵੀ ਗੁਣਾਂ ਦੀ ਸੋਝੀ ਰੱਖਣ ਅਤੇ ਇਨ੍ਹਾਂ ਦੀ ਪਾਲਣਾ ਕਰਨ ਵਾਲੇ ਲੋਕ ਸਦਾ ਹੀ ਅਹਿਸਾਨ ਫਰਾਮੋਸ਼ੀ ਦੀ ਮਾੜੀ ਬਿਰਤੀ ਤੋਂ ਬਚ ਕੇ ਰਹਿੰਦੇ ਹਨ। ਸਿੱਖ ਗੁਰੂ ਸਾਹਿਬਾਨ ਨੇ ਬੇਅੰਤ ਘਾਲਣਾਵਾਂ ਘਾਲ ਕੇ ਮਹਾਨ ਪ੍ਰਾਪਤੀਆਂ ਮਨੁੱਖਤਾ ਦੀ ਝੋਲੀ ਪਾਈਆਂ। ਅਣਗਿਣਤ ਕੁਰਬਾਨੀਆਂ ਕਰਕੇ ਸਾਡੇ ਬਜ਼ੁਰਗਾਂ ਨੇ ਜੋ ਵਿਰਸਾ, ਤਾਰੀਖ, ਅਤੇ ਸੱਭਿਆਚਾਰ ਸਾਨੂੰ ਦਿਤਾ, ਪਰ ਅਸੀਂ ਲੂਣ ਹਰਾਮੀ ਦੇ ਸ਼ਿਕਾਰ ਬਣ ਗਏ, ਗੁਰੂ ਸਾਹਿਬ ਮਿਹਰਾਂ ਕਰਦੇ ਸਾਡੇ ਝੋਲੀ ਬਖਸ਼ਿਸ ਨਾਲ ਭਰ ਦਿੰਦੇ, ਪਰ ਅਸੀਂ ਆਪਣੀ ਸੋਚ ਮੱਤ ਅਧੀਨ ਸਭ ਕੁੱਝ ਗਵਾ ਲੈਦੇ ਹਾਂ।
ਆਉ ਅੱਜ ਆਪਣੀ ਕੌਮ ਵਿੱਚ ਜਿਨ੍ਹਾਂ ਨੇ ਲੂਣ ਖਾਹ ਕੇ ਹਰਾਮ ਕੀਤਾ, ਉਨ੍ਹਾਂ ਨੂੰ ਵਿਚਾਰਦੇ ਹਾਂ। ਜਿਨ੍ਹਾਂ ਨੇ ਅੱਜ ਸਿੱਖੀ ਦੀਆਂ ਰੱਜ ਕੇ ਧੱਜੀਆਂ ਉਡਾ ਦਿੱਤੀਆਂ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਦਾ ਖਾ ਕੇ ਅੱਜ ਪਿੱਠ ਦਿਖਾ ਦਿੱਤੀ। ਤੁਸੀਂ ਕੀ ਕਹੋਗੇ ਉਨ੍ਹਾਂ ਲੋਕਾਂ ਨੂੰ ਗੁਰੂ ਸਾਹਿਬ ਜੀ ਨੇ ਤਾਂ ਇਨ੍ਹਾਂ ਨੂੰ ਲੂਣ ਹਰਾਮੀ ਕਿਹਾ ਹੈ.. ਤਖਤਾਂ ਦੇ ਜਥੇਦਾਰ, ਪ੍ਰਚਾਰਕ, ਰਾਗੀ ਜਿਨ੍ਹਾਂ ਦੇ ਅੱਜ ਚਿਹਰੇ ਬਿਲਕੁਲ ਨੰਗੇ ਹੋ ਚੁੱਕੇ ਨੇ।
ਗੱਲ ਸੁਰੂ ਕਰਦੇ ਹਾਂ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰਾਂ ਤੋਂ... ਜਾਣਕਾਰੀ ਮੁਤਾਬਕ ਗਿਆਨੀ ਗੁਰਬਚਨ ਸਿੰਘ ਜੋ ਮੌਜੂਦਾ ਜਥੇਦਾਰ ਹਨ, ਸਣੇ ੨੯ ਜਥੇਦਾਰ ਬਣ ਚੁੱਕੇ ਨੇ... ਜਿਨ੍ਹਾਂ ਨੇ ਸੱਚੇ ਦੇ ਤਖਤ ਦੀ ਸੇਵਾ ਦਾ ਮੌਕਾ ਮਿਲਿਆ। ਇਤਹਾਸ ਕਦੇ ਵੀ ਗਲਤੀ ਕਰਨ ਵਾਲੇ ਨੂੰ ਬਖਸ਼ਦਾ ਨਹੀਂ। ਜਿਨ੍ਹਾਂ ਜਿਨ੍ਹਾਂ ਨੇ ਲੂਣ ਹਰਾਮੀ ਕੀਤੀ, ਉਨਾਂ ਵਿੱਚ ਅਰੂੜ ਸਿੰਘ, ਕਿਰਪਾਲ ਸਿੰਘ, ਪੂਰਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ ਤੇ ਅੱਜ ਜੋ ਮੌਜੂਦਾ ਜਥੇਦਾਰ ਗੁਰਬਚਨ ਸਿੰਘ ਹੈ। ਗੁਰਬਚਨ ਸਿੰਘ ਨੂੰ ਕਦ ਦਾ ਇਸ ਪੱਦਵੀ ਤੋਂ ਹਟਾਇਆ ਜਾਣਾ ਸੀ, ਪਰ ਇਸ ਤੋ ਵੱਡਾ ਅਜੇ ਹੋਰ ਲੂਣ ਹਰਾਮੀ ਨਹੀਂ ਜੰਮਿਆ ਹੈਗਾ, ਪਰ ਇੰਤਜ਼ਾਰ ਹੋ ਰਿਹਾ, ਕਿਸੇ ਹੋਰ ਲੂਣ ਹਰਾਮੀ ਦਾ...
ਮੈਂ ਹੁਣ ਇਨ੍ਹਾਂ ਮੁੱਖ ਸੇਵਾਦਾਰਾਂ ਦੀ ਲੂਣ ਹਰਾਮੀ ਦੇ ਕਾਲੀ ਲਿਸਟ ਲਿਖ ਨਹੀਂ ਸਕਦਾ, ਪਰ ਸਿੱਖ ਸੰਗਤ ਭਲੀ-ਭਾਂਤ ਜਾਣੂ ਹੈ, ਮੌਜੂਦਾ ਮੁੱਖ ਸੇਵਾਦਾਰ ਤਾਂ ਹੱਦ ਨਾਲੋਂ ਵੱਧ ਕਰੀ ਜਾ ਰਿਹਾ ਹੈ, ਰਾਗੀ ਬਲਬੀਰ ਸਿੰਘ, ਸ੍ਰੀ ਨਗਰ ਵਾਲਾ ਹਰਜਿੰਦਰ ਸਿੰਘ, ਰੰਗੀਲਾ, ਹਰਵਿੰਦਰ ਸਿੰਘ ਦਿੱਲੀ, ਨਿਰਮਲ ਸਿੰਘ, ਪਾਉਂਟੇ ਵਾਲਾ ਅਤੇ ਕਈ ਹੋਰ... ਜਿਨ੍ਹਾਂ ਨੇ ਸਾਰੀ ਜਿੰਦਗੀ ਗੁਰੂ ਦਾ ਕੀਰਤਨ ਕੀਤਾ, ਪਰ ਪੈਸੇ, ਚਮਚਾਗਿਰੀ ਦੀ ਹਦ ਬੰਨੇ ਟੱਪ ਗਏ... "ਹੈ ਨਾ, ਪੂਰੇ ਲੂਣ ਹਰਾਮੀ...
ਅੱਜ ਸੱਚੇ ਦੇ ਬਣਾਏ ਤਖਤ ਦਾ ਸਫਰ ਕੋਈ ਕੌਮੀ ਦਰਦ ਰੱਖਣ ਵਾਲਾ, ਕੌਮ ਲਈ ਆਪਾ ਵਾਰਨ ਵਾਲਾ ਨਹੀਂ ਕਰ ਸਕਦਾ । ਜੇ ਅੱਜ ਇਹ ਸਫਰ ਕਰ ਸਕਦਾ ਉਹ ਕੇਵਲ ਰੱਜ ਕੇ ਲੂਣ ਹਰਾਮੀਹੋਵੇ.........
ਦੁਸਮਣਾਂ 'ਤੇ ਕੀ ਗਿਲਾ ਕਰਾਂ ਮੇਰੇ ਸੱਚੇ ਪਾਤਸ਼ਾਹਾ,
ਤੇਰੇ ਸਿਰਦਾਰਾਂ ਚੰਦ ਛਿੱਲੜਾਂ ਬਦਲੇ ਵੇਚ ਦਿੱਤੀਆਂ ਸਰਦਾਰੀਆਂ !!!
ਹਰਜਿੰਦਰਪਾਲ ਸਿੰਘ ਰਾਜੋਵਾਲੀਆ