ਕੈਂਡੀ ਕਰਸ਼ ! (ਨਿੱਕੀ ਕਹਾਣੀ)
ਓਹ ਵੇਖ ! ਸੈਟ ਕਰ ਕੈਮਰਾ ! ਭਾਈ ਸਾਹਿਬ ਤਾਬਿਆ ਬੈਠ ਕੇ ਕੈਂਡੀ ਕਰਸ਼ ਖੇਡ ਰਹੇ ਨੇ ! (ਜਪਮੀਤ ਸਿੰਘ ਨੇ
ਦੁਰਲਭ ਸਿੰਘ ਨੂੰ ਮੋਢਾ ਮਾਰਿਆ)
ਮੈਂ ਵੀਡੀਓ ਬਣਾ ਲਿੱਤੀ ਹੈ, ਬਾਅਦ ਵਿੱਚ ਇਨ੍ਹਾਂ ਨਾਲ ਗੱਲ ਕਰਾਂਗੇ ! (ਦੁਰਲਭ ਸਿੰਘ ਨੇ ਕਿਹਾ)
ਦੋ ਕੁ ਘੰਟੇ ਬਾਅਦ ਓਹ ਭਾਈ ਸਾਹਿਬ ਨੂੰ ਕਮਰੇ ਵਿੱਚ ਮਿਲਦੇ ਹਨ .... !
ਜਪਮੀਤ ਸਿੰਘ (ਨਾਰਾਜ਼ਗੀ ਨਾਲ): ਤੁਹਾਨੂੰ ਪਤਾ ਵੀ ਹੈ ਕੀ ਤੁਸੀਂ ਤਾਬਿਆ ਬੈਠ ਕੇ ਕੀ ਕਰ ਰਹੇ ਸੀ ?
ਸੰਗਤਾਂ ਨੂੰ ਤਾਂ ਧੋਖਾ ਦੇ ਲਵੋਗੇ ਪਰ ਗੁਰੂ ਨੂੰ ਕਿਵੇਂ ਧੋਖਾ ਦਵੋਗੇ ?
ਭਾਈ ਸਾਹਿਬ (ਗੱਲ ਅਣਗੋਲੀ ਕਰਦੇ ਹੋਏ): ਪਿਛਲੇ ਦਸ ਦਿਨਾਂ ਤੋ "ਇੱਕ ਸੌ ਤੀਹਵੇਂ ਲੇਵਲ" ਤੇ ਅਟਕਿਆ ਹੋਇਆ ਸੀ ! ਅੱਜ ਗੁਰੂ ਕਿਰਪਾ ਸਦਕਾ ਤਾਬਿਆ ਬੈਠ ਕੇ ਓਹ ਲੇਵਲ ਵੀ ਪਾਰ ਹੋ ਗਿਆ ! ਵੈਸੇ ਵੀ ਵੀਰ, ਤੁਸੀਂ ਪੜਿਆ ਨਹੀਂ ਕਦੀ ਕੀ
"ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ" ! ਵੈਸੇ ਵੀ ਆਪਣੇ ਆਫਿਸ ਵਿੱਚ ਡਿਉਟੀ ਕਰਦੇ ਹੋਏ ਲੋਕ ਗੇਮਾਂ ਨਹੀਂ ਖੇਡਦੇ ?
ਦੁਰਲਭ ਸਿੰਘ (ਹੈਰਾਨੀ ਨਾਲ) : ਲਾਨਤ ਹੈ ! ਤੁਹਾਡੇ ਵਰਗੇ ਬੱਚੇ ਹੀ ਹੁੰਦੇ ਹਨ ਜੋ ਪਿਓ ਦੀ ਗੋਦੀ ਵਿੱਚ ਬੈਠ ਕੇ ਉਸਦੀ ਦਾੜੀ ਪੁੱਟਦੇ ਹਨ ! ਆਪਣੀ ਆਤਮਿਕ ਕਮਜੋਰੀ ਨੂੰ ਤੁਸੀਂ ਗੁਰਬਾਣੀ ਦੇ ਗਲਤ ਅਰਥ ਕਰ ਕੇ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ? ਨਾਲੇ ਚੋਰ ਤੇ ਨਾਲੇ ਚਤਰ ?
ਜਪਮੀਤ ਸਿੰਘ (ਸਮਝਾਉਂਦੇ ਹੋਏ) : ਵੀਰ ! ਆਪਣੀ ਨਿਜੀ ਜਿੰਦਗੀ ਵਿੱਚ ਤੁਸੀਂ ਕੁਝ ਵੀ ਖੇਲੋ, ਤੁਹਾਨੂੰ ਕੌਣ ਰੋਕਦਾ ਹੈ ? ਪਰ ਜਦੋਂ ਅਸੀਂ ਇੱਕ ਸਕੂਲ ਜਾਂ ਆਫਿਸ ਵਿੱਚ ਹੁੰਦੇ ਹਾਂ ਤਾਂ ਅਨੁਸ਼ਾਸਨ ਹੋਣਾ ਬਹੁਤ ਜਰੂਰੀ ਹੈ ਵਰਨਾ ਸਾਰੀ ਕਲਾਸ ਜਾਂ ਆਫਿਸ ਦਾ ਮਾਹੌਲ ਵਿਗੜ ਜਾਵੇਗਾ ! ਤੁਹਾਡੇ ਵਰਗੇ ਬੰਦੇ ਸਿਰਫ ਰੋਟੀ ਖਾਤਿਰ ਹੀ ਇਸ ਸੇਵਾ ਦੇ ਕੰਮ ਨਾਲ ਜੁੜਦੇ ਹਨ ਤੇ ਆਪਣੇ ਕਰਮਾਂ ਕਰਕੇ ਆਪ ਤਾਂ ਬਦਨਾਮੀ ਖੱਟਦੇ ਹੀ ਹੋ ਪਰ ਆਪਣੇ ਗੁਰੂ ਨੂੰ ਵੀ ਕਲੰਕ ਲਾਉਂਦੇ ਹੋ ! ਤੁਹਾਡੇ ਲਈ ਤਾਂ ਸ਼ਾਇਦ ਇਹ ਸਰੂਪ, ਇਹ ਕਕਾਰ ਵੀ ਸਿਰਫ "ਨੌਕਰੀ ਲਈ ਜਰੂਰੀ ਇੱਕ ਵਰਦੀ" ਹੀ ਹਨ !
ਭਾਈ ਸਾਹਿਬ (ਥੋੜਾ ਸ਼ਰਮਿੰਦਾ ਹੁੰਦੇ ਹੋਏ) : ਵਾਕਈ ਹੀ ਗੇਮ ਖੇਡਣ ਦੇ "ਲੋਭ" ਨੇ ਮੇਰੀ ਮੱਤ ਮਾਰ ਦਿੱਤੀ ਸੀ ਤੇ ਫੜੇ ਜਾਣ ਤੇ ਮੈਂ ਬਜਾਏ ਗਲਤੀ ਮੰਨਣ ਦੇ "ਹੰਕਾਰ" ਵਿੱਚ ਆ ਕੇ ਤੁਹਾਨੂੰ "ਕ੍ਰੋਧ" ਵਿੱਚ ਗਲਤ ਮਾੜਾ-ਚੰਗਾ ਬੋਲਿਆ ! ਮੈਨੂੰ ਇੱਕ ਮੌਕਾ ਦਿਓ, ਮੈਂ ਦੁਬਾਰਾ ਸੰਗਤ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ !
ਦੁਰਲਭ ਸਿੰਘ : ਗੁਰੂ "ਧਰਮ ਦੀ ਕਿਰਤ" ਕਰਨਾ ਸਿਖਾਉਂਦੇ ਹਨ ਤੇ ਤੁਸੀਂ ਸ਼ਾਇਦ ਗਲਤੀ ਨਾਲ "ਧਰਮ ਨੂੰ ਕਿਰਤ" ਸਮਝ ਲਿਆ ਸੀ ! ਜਿਸ ਨੇ ਵੀ "ਧਰਮ ਨੂੰ ਕਿਰਤ" ਬਣਾਇਆ ਹੈ ਉਸਨੇ "ਧਰਮ ਅੱਤੇ ਮਨੁਖਤਾ ਦਾ ਨੁਕਸਾਨ" ਹੀ ਕੀਤਾ ਹੈ ! ਮਨੁੱਖ ਗਲਤੀਆਂ ਦਾ ਪੁਤਲਾ ਹੈ, ਤੁਹਾਡੀ ਉਮਰ ਅਜੇ ਘੱਟ ਹੈ ਤੇ ਤੁਹਾਨੂੰ ਇੱਕ ਮੌਕਾ ਦੇਣ ਵਿੱਚ ਕੋਈ ਦਿੱਕਤ ਵੀ ਨਹੀਂ ਹੈ, ਬਸ਼ਰਤੇ ਯਾਦ ਰਹੇ ਕੀ "ਧਰਮ ਖੇਡਣ ਦਾ ਵਿਸ਼ਾ ਨਹੀਂ ਹੈ" ਬਲਕਿ "ਧਰਮ ਸਚ ਕਮਾਉਣ ਦਾ ਵਿਸ਼ਾ ਹੈ"!
ਜਪਮੀਤ ਸਿੰਘ (ਮਜਾਕ ਵਿੱਚ) : ਹੁਣ "ਧਰਮ ਸਚ ਕਮਾਉਣ ਦਾ ਵਿਸ਼ਾ ਹੈ" ਨੂੰ "ਧਰਮ ਕਮਾਉਣ ਦਾ ਵਿਸ਼ਾ ਹੈ" ਨਾ ਸਮਝ ਲੈਣਾ ! (ਜੋਰ ਦੀ ਹਸਦਾ ਹੈ)
ਬਲਵਿੰਦਰ ਸਿੰਘ ਬਾਈਸਨ
http://nikkikahani.com/