ਬੇੰਡੀਕੂਟ ਪ੍ਰਬੰਧਕੀ ਚੂਹਾ ! (ਨਿੱਕੀ ਕਹਾਣੀ)
ਰਾਜਾ ਅਕਬਰ ਵੀ ਜਦੋਂ ਗੁਰੂ ਘਰ ਆਇਆ ਤਾਂ ਉਸਨੇ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਸੰਗਤ ਨਾਲ ਲੰਗਰ ਛਕਿਆ ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਮੱਥਾ ਟੇਕਣ (ਭਾਵ ਦਰਸ਼ਨ ਕਰਨ) ਗਿਆ ! (ਸੱਕਤਰ ਕੁਲਜੀਤ ਸਿੰਘ ਸਟੇਜ ਸੇਕ੍ਰੇਟਰੀ ਦੀ ਸੇਵਾ ਨਿਭਾਉਂਦੇ ਹੋਏ ਸੰਗਤਾਂ ਨੂੰ ਦਸ ਰਹਿਆ ਸੀ)
ਅਜੋਕੇ ਸਮੇਂ ਵਿੱਚ ਗੁਰਦੁਆਰੇ ਦੇ ਪ੍ਰਬੰਧਕ ਤਾਂ ਫਿਰ ਅਕਬਰ ਨਾਲੋਂ ਵੀ ਵੱਡੇ ਰਾਜੇ ਹੋਣਗੇ ? (ਗੁਰਮੀਤ ਕੌਰ ਨੇ ਆਪਣੇ ਵੱਡੇ ਭਰਾ ਹਰਜੀਤ ਸਿੰਘ ਨੂੰ ਪੁਛਿਆ)
ਹਰਜੀਤ ਸਿੰਘ : ਇਹ ਕਿਹੜੀ ਗੱਲ ਤੋਰ ਦਿੱਤੀ ਤੂੰ ?
ਗੁਰਮੀਤ ਕੌਰ : ਮੈਂ ਕਦੀ ਇਨ੍ਹਾਂ ਪ੍ਰਬੰਧਕਾਂ ਨੂੰ ਆਮ ਸੰਗਤ ਨਾਲ ਬੈਠ ਕੇ ਲੰਗਰ ਛਕਦੇ (ਜਿਆਦਾਤਰ ਨਹੀਂ ਛਕਦੇ) ਨਹੀਂ ਵੇਖਿਆ ! ਸੇਵਾਦਾਰ ਇਨ੍ਹਾਂ ਦੇ ਕਮਰਿਆਂ ਵਿੱਚ ਹੀ ਲੰਗਰ ਵਰਤਾਉਂਦੇ ਹਨ (ਬਹੁਤੀ ਵਾਰੀ ਦੇਸੀ ਘਿਓ ਵਾਲਾ ਸਪੇਸ਼ਲ ਲੰਗਰ) ! ਕੀ ਇਹ ਸੰਗਤ ਨਾਲੋ ਜਾਂ ਰਾਜੇ ਅਕਬਰ ਨਾਲੋਂ ਵੀ ਆਪਣੇ ਆਪ ਨੂੰ ਉੱਚਾ ਸਮਝਦੇ ਹਨ ? ਇਹ ਨਿਮਾਣੇ ਕਿਓਂ ਨਹੀਂ ਨਜ਼ਰ ਆਉਂਦੇ ? ਕਿਓਂ ਇਨ੍ਹਾਂ ਦੀਆਂ ਹਰਕਤਾਂ "ਹੰਕਾਰੀ ਰਾਜੇ" ਨਾਲ ਮਿਲਦੀਆਂ ਹਨ ?
ਹਰਜੀਤ ਸਿੰਘ (ਭੈਣ ਦੇ ਸਿਰ ਤੇ ਰੱਖ ਰਖਦਾ ਹੋਇਆ) : ਗੁਰੂ ਕਾ ਲੰਗਰ ਸਿਖੀ ਦੇ ਚਾਰ ਸਿਧਾਂਤ ਪੇਸ਼ ਕਰਦਾ ਹੈ, ਸਮਾਜਿਕ ਬਰਾਬਰਤਾ, ਭਾਈਚਾਰਕ ਸਾਂਝੀਵਾਲਤਾ, ਪਰਉਪਕਾਰ ਅਤੇ ਸੇਵਾ ! ਜਿਆਦਾਤਰ ਪ੍ਰਬੰਧਕੀ ਸੀਟ ਦੀ ਤਾਕਤ ਦੇ ਨਸ਼ੇ ਵਿੱਚ ਆਪਣੇ ਆਪ ਨੂੰ ਸੰਗਤ ਨਾਲੋਂ ਉੱਚਾ ਸਮਝਦੇ ਹਨ (ਚੋਣਾਂ ਤੋ ਪਹਿਲਾਂ ਨਹੀਂ),
ਭਾਈਚਾਰਕ ਸਾਂਝੀਵਾਲਤਾ ਓਹ ਸਾਹਮਣੇ ਵਾਲੇ ਦੇ ਜੁੱਤੇ ਵੇਖ ਦੇ ਕਰਦੇ ਹਨ (ਅਮੀਰ ਗਰੀਬ ਵੇਖ ਕੇ), ਪਰਉਪਕਾਰ ਲਈ ਉਨ੍ਹਾਂ ਦਾ ਮੰਤਰ ਸਾਫ਼ ਹੁੰਦਾ ਹੈ ਕੀ "ਵਾਹਿਗੁਰੂ ਸਭਦਾ ਭਲਾ ਕਰ, ਸ਼ੁਰੁਆਤ ਮੇਰੇ ਤੋ ਕਰ" ਤੇ ਅਖੀਰ ਵਿੱਚ ਸੇਵਾ ਇਨ੍ਹਾਂ ਦੀ ਨਿਹਕਾਮੀ ਨਹੀਂ ਹੁੰਦੀ ਬਲਕਿ ਦਿਖਾਵਾ ਜਿਆਦਾ ਹੁੰਦਾ ਹੈ ਇਸੀ ਕਰ ਕੇ ਇਨ੍ਹਾਂ ਨੂੰ ਸੁਆਮੀ (ਪਰਮੇਸ਼ਵਰ) ਦੀ ਪ੍ਰਾਪਤੀ ਨਹੀਂ ਹੋ ਸਕਦੀ !
ਗੁਰਮੀਤ ਕੌਰ : ਵੈਸੇ ਤਾਂ ਇਨ੍ਹਾਂ ਪ੍ਰਬੰਧਕਾਂ ਵਿੱਚ ਕੁਝ ਚੰਗੇ ਬੰਦੇ ਵੀ ਹੋਣਗੇ ਤੇ ਇਸੀ ਕਰਕੇ ਇਹ ਪ੍ਰਬੰਧ ਚੱਲੀ ਜਾਂਦਾ ਹੈ ਵਰਨਾ ਸ਼ਾਇਦ ਗੁਰੂ ਸਾਹਿਬ ਦੇ ਸਿਧਾਂਤ ਤੋ ਦੂਰ ਬੈਠੇ ਪ੍ਰਬੰਧਕ ਉਸ "ਬੇੰਡੀ ਕੂਟ ਚੂਹੇ" ਵਾਂਗ ਹਨ ਜੋ ਜਿਸ ਬਿਲਡਿੰਗ ਜਾਂ ਰੁੱਖ ਦੀ ਨੀਹਾਂ ਵਿੱਚ ਰਹਿੰਦਾ ਹੈ, ਉਨ੍ਹਾਂ ਨੂੰ ਪੂਰੀ ਤਰਾਂ ਖੋਖਲਾ ਕਰ ਦਿੰਦਾ ਹੈ ! ਇਸਦਾ ਇਲਾਜ਼ ਇਹ ਹੈ ਕੀ ਸੰਗਤ ਆਪ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗੇ ਤੇ ਗੁਰਬਾਣੀ ਤੋ ਚਾਨਣ ਲੈ ਕੇ "ਗੁਰਮਤ ਦੀ ਦੁਆਈ" ਇਨ੍ਹਾਂ "ਮਨਮਤੀ ਚੂਹਿਆਂ" ਨੂੰ ਦੇਣ ਤਾਂਕਿ "ਇਸ ਗੁਰਮਤਿ ਦੀ ਦੁਆਈ ਨੂੰ ਖਾ ਕੇ, ਮਨਮਤ ਰੂਪੀ ਚੂਹਾ ਮਰੇ ਬਾਹਰ ਜਾ ਕੇ" !
ਬਲਵਿੰਦਰ ਸਿੰਘ ਬਾਈਸਨ
+91 9212522725
http://nikkikahani.com/