ਕੈਟੇਗਰੀ

ਤੁਹਾਡੀ ਰਾਇ



ਨਿਰਮਲ ਸਿੰਘ ਕੰਧਾਲਵੀ
ਮਨੁ ਬੇਚੈ ਸਤਿਗੁਰ ਕੈ ਪਾਸਿ (ਸੁਖਮਨੀ ਸਾਹਿਬ-੨੮੬)
ਮਨੁ ਬੇਚੈ ਸਤਿਗੁਰ ਕੈ ਪਾਸਿ (ਸੁਖਮਨੀ ਸਾਹਿਬ-੨੮੬)
Page Visitors: 2906

ਮਨੁ ਬੇਚੈ ਸਤਿਗੁਰ ਕੈ ਪਾਸਿ (ਸੁਖਮਨੀ ਸਾਹਿਬ-੨੮੬)
ਰਾਵੀ ਦੇ ਕੰਢੇ ਕੰਢੇ ਘੋੜ-ਸਵਾਰਾਂ ਦਾ ਇੱਕ ਛੋਟਾ ਜਿਹਾ ਕਾਫ਼ਲਾ ਆ ਰਿਹਾ ਹੈ। ਕਾਫ਼ਲੇ ਦਾ ਆਗੂ ਇੱਕ ਨੌਜੁਆਨ ਹੈ ਜਿਸ ਦਾ ਘੋੜਾ ਸਭ ਤੋਂ ਅੱਗੇ ਹੈ। ਦਿਨ ਢਲ਼ ਚੁੱਕਿਆ ਹੈ, ਹਵਾ ਵੀ ਥੋੜ੍ਹੀ ਥੋੜ੍ਹੀ ਰੁਮਕਣ ਲੱਗ ਪਈ ਹੈ। ਵੈਸੇ ਵੀ ਦਰਿਆ ਦਾ ਕਿਨਾਰਾ ਹੋਣ ਕਰਕੇ ਮੌਸਮ ਖ਼ੁਸ਼ਗਵਾਰ ਹੈ। ਆਗੂ ਨੇ ਧੌਣ ਪਿਛਾਂਹ ਘੁੰਮਾਈ ਤੇ ਸਾਥੀਆਂ ਨੂੰ ਸੰਬੋਧਿਤ ਹੋਇਆ, “ਸਾਥੀਓ, ਦਰਿਆ ਦੇ ਕਿਨਾਰੇ ਬੜਾ ਰਮਣੀਕ ਸਥਾਨ ਹੈ, ਆਪਾਂ ਸਵੇਰ ਦੇ ਤਾਰੇ ਦੀ ਲੋਅ ਨਾਲ਼ ਤੁਰੇ ਹੋਏ ਆਂ, ਮੇਰਾ ਖ਼ਿਆਲ ਐ ਕਿ ਇੱਥੇ ਰਾਤਰੀ ਵਿਸ਼ਰਾਮ ਕਰ ਲਈਏ, ਥੋੜ੍ਹੀ ਦੂਰ `ਤੇ ਇੱਕ ਪਿੰਡ ਵੀ ਨਜ਼ਰ ਆਉਂਦੈ, ਕਿਸੇ ਚੀਜ਼ ਦੀ ਲੋੜ ਪਈ ਤਾਂ ਉੱਥੋਂ ਲੈ ਆਵਾਂਗੇ”।
ਬਾਕੀ ਸਾਰਿਆਂ ਨੇ ਹਾਮੀ ਭਰੀ ਤੇ ਉਹਨਾਂ ਨੇ ਘੋੜੇ ਖਲ੍ਹਿਆਰੇ ਤੇ ਚਿੱਟੀ ਦੁੱਧ ਵਰਗੀ ਰੇਤਾ ਉੱਪਰ ਚਾਦਰਾਂ ਵਿਛਾਉਣ ਲੱਗੇ।
ਤਦੇ ਉਹਨਾਂ ਦਾ ਆਗੂ ਬੋਲਿਆ, “ਲਉ ਬਈ ਸੱਜਣੋ, ਤੁਸੀਂ ਕਰੋ ਰਾਤ ਦੇ ਅੰਨ-ਪਾਣੀ ਦਾ ਬੰਦੋਬਸਤ ਤੇ ਮੈਂ ਇੱਥੇ ਇੱਕ ਤਪੇ ਦਾ ਪਤਾ ਕਰਨੈ, ਏਸੇ ਪਿੰਡ `ਚੋਂ ਈ ਪਤਾ ਕਰ ਲੈਨੇ ਆਂ, ਹੈਗਾ ਏਸੇ ਇਲਾਕੇ `ਚ ਹੀ, ਸੁਣਿਐ ਬੜਾ ਪਹੁੰਚਿਆ ਹੋਇਆ” ਤੇ ਏਨਾ ਕਹਿ ਕੇ ਨੌਜੁਆਨ ਆਗੂ ਨੇ ਘੋੜੇ ਨੂੰ ਅੱਡੀ ਲਾਈ ਤੇ ਰਵਾਂ-ਰਵੀਂ ਪਿੰਡ ਵਲ ਨੂੰ ਵਗ ਤੁਰਿਆ।
ਜਦ ਉਹ ਪਿੰਡ ਦੇ ਬਾਹਰਵਾਰ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਇੱਕ ਬਜ਼ੁਰਗ਼ ਖੇਤਾਂ ਵਲੋਂ ਘਾਹ ਦੀ ਪੰਡ ਸਿਰ ਉੱਤੇ ਚੁੱਕੀ ਆ ਰਿਹਾ ਸੀ। ਨਜ਼ਦੀਕ ਪਹੁੰਚ ਕੇ ਨੌਜੁਆਨ ਨੇ ਬੜੀ ਨਿਮਰਤਾ ਨਾਲ ਕਿਹਾ, ““ਬਜ਼ੁਰਗ਼ੋ, ਰਾਮ ਰਾਮ!”
ਬਜ਼ੁਰਗ਼ ਨੇ ਥੋੜ੍ਹੀ ਜਿਹੀ ਧੌਣ ਉਤਾਂਹ ਚੁੱਕ ਕੇ ਦੇਖਿਆ ਤੇ ਕਿਹਾ, “ਰਾਮ ਰਾਮ ਬਈ ਜੁਆਨਾ”।
“ਬਾਬਾ ਜੀ, ਏਸ ਇਲਾਕੇ `ਚ ਕਿਸੇ ਨਾਨਕ ਤਪੇ ਦਾ ਡੇਰਾ ਵੀ ਐ?”
“ਹਾਂ ਭਾਈ ਹੈਗਾ” ਬਜ਼ੁਰਗ਼ ਨੇ ਜਵਾਬ ਦਿਤਾ
“ਕੀ ਤੁਸੀਂ ਜਾਣਦੇ ਓ ਨਾਨਕ ਤਪੇ ਨੂੰ?” ਨੌਜੁਆਨ ਨੇ ਪੁੱਛਿਆ।
“ਹਾਂ ਭਾਈ, ਚੰਗੀ ਤਰ੍ਹਾਂ ਜਾਣਨੇ ਆਂ” ਬਜ਼ੁਰਗ਼ ਨੇ ਧੌਣ ਹੋਰ ਉੱਚੀ ਕਰ ਕੇ ਨੌਜਵਾਨ ਨੂੰ ਗਹੁ ਨਾਲ਼ ਦੇਖਿਆ।
“ਉਹਦਾ ਡੇਰਾ ਏਸੇ ਪਿੰਡ `ਚ ਈ ਆ ਕਿ ਹੋਰ ਕਿਸੇ ਪਿੰਡ `ਚ ਆ?” ਨੌਜੁਆਨ ਹੁਣ ਤਪੇ ਬਾਰੇ ਜਾਨਣ ਲਈ ਹੋਰ ਉਤਸੁਕ ਹੋ ਗਿਆ।
‘ਭਾਈ ਗੁਰਮੁਖਾ, ਏਸੇ ਪਿੰਡ `ਚ ਈ ਐ ਡੇਰਾ’
“ਫੇਰ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਣੇ ਆਂ!”
“ਹਾਂ ਭਾਈ, ਜ਼ਰੂਰ ਜਾਣਨੇ ਆਂ, ਤੂੰ ਜਾਣੈ ਉਹਨਾਂ ਦੇ ਡੇਰੇ ਜੁਆਨਾ?” ਬਜ਼ੁਰਗ਼ ਨੇ ਪੁੱਛਿਆ
“ਜੀ ਹਾਂ, ਲੈ ਚਲੋਂ ਤਾਂ ਤੁਹਾਡੀ ਬਹੁਤ ਮਿਹਰਬਾਨੀ” ਨੌਜੁਆਨ ਨੇ ਨਿਮਰਤਾ ਨਾਲ਼ ਕਿਹਾ।
ਇਸ ਸਾਰੇ ਸਮੇਂ ਦੌਰਾਨ ਨੌਜੁਆਨ ਘੋੜੇ `ਤੇ ਹੀ ਬੈਠਾ ਰਿਹਾ ਅਤੇ ਬਜ਼ੁਰਗ਼ ਧੌਣ ਪਿਛਾਂਹ ਨੂੰ ਕਰ ਕੇ ਗੱਲਬਾਤ ਕਰਦਾ ਰਿਹਾ।
“ਲੈ ਫੇਰ ਇਵੇਂ ਕਰ ਜੁਆਨਾ ਕਿ ਘੋੜੇ ਦੀਆਂ ਵਾਗਾਂ ਮੈਨੂੰ ਫੜਾ ਦੇ ਤੇ ਮੇਰੇ ਪਿੱਛੇ ਪਿੱਛੇ ਤੁਰਿਆ ਆ”।
ਨੌਜੁਆਨ ਨੇ ਘੋੜੇ ਦੀਆਂ ਵਾਗਾਂ ਬਜ਼ੁਰਗ਼ ਨੂੰ ਫੜਾ ਦਿਤੀਆਂ ਤੇ ਦੋਵੇਂ ਅੱਗੜ ਪਿੱਛੜ ਤੁਰ ਪਏ। ਦੋ ਕੁ ਗਲ਼ੀਆਂ ਦੇ ਮੋੜ ਮੁੜ ਕੇ ਬਜ਼ੁਰਗ਼ ਰੁਕ ਗਿਆ ਤੇ ਉਹਨੇ ਘਾਹ ਦੀ ਪੰਡ ਸਿਰ ਤੋਂ ਉਤਾਰ ਕੇ ਇੱਕ ਪਾਸੇ ਰੱਖ ਦਿਤੀ। ਇੱਕ ਪਾਸੇ ਖੂਹੀ ਸੀ ਤੇ ਭੌਣੀ `ਤੇ ਡੋਲ ਲਟਕ ਰਿਹਾ ਸੀ। ਨੇੜੇ ਇੱਕ ਦਰਖ਼ਤ ਸੀ। ਬਜ਼ੁਰਗ਼ ਬੋਲਿਆ, “ਲੈ ਬਈ ਜੁਆਨਾ, ਘੋੜੇ ਨੂੰ ਦਰਖ਼ਤ ਨਾਲ਼ ਬੰਨ੍ਹ ਦੇ ਤੇ ਡੋਲ ਨਾਲ਼ ਪਾਣੀ ਖਿੱਚ ਕੇ ਹੱਥ ਮੂੰਹ ਧੋ ਕੇ ਤਾਜ਼ਾ ਦਮ ਹੋ ਲੈ, ਥੱਕਿਆ ਹੋਵੇਂਗਾ। ਹੱਥ ਮੂੰਹ ਧੋ ਕੇ ਔਹ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਜਾਈਂ ਉੱਥੇ ਈ ਆ ਨਾਨਕ ਤਪੇ ਦਾ ਡੇਰਾ।”
“ਸਤਿਬਚਨ ਬਾਬਾ ਜੀ” ਕਹਿ ਕੇ ਨੌਜੁਆਨ ਘੋੜੇ ਨੂੰ ਬੰਨ੍ਹਣ ਲੱਗ ਪਿਆ। ਘੋੜਾ ਬੰਨ੍ਹ ਕੇ ਜਦ ਉਹਨੇ ਪਿਛਾਂਹ ਦੇਖਿਆ ਤਾਂ ਬਜ਼ੁਰਗ਼ ਜਾ ਚੁੱਕਾ ਸੀ।
ਖ਼ੈਰ ਉਹਨੇ ਹੱਥ-ਮੂੰਹ ਧੋਤਾ ਤੇ ਬਜ਼ੁਰਗ਼ ਦੇ ਦੱਸੇ ਹੋਏ ਮੁਤਾਬਕ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਿਆ ਗਿਆ।
ਅੰਦਰ ਵਿਹੜੇ `ਚ ਗਿਆ ਤਾਂ ਬੜਾ ਹੈਰਾਨ ਹੋਇਆ ਕਿ ਇੱਥੇ ਡੇਰੇ ਵਾਲ਼ੀ ਤਾਂ ਕੋਈ ਗੱਲ ਹੀ ਨਹੀਂ ਸੀ। ਨਾ ਧੂਣਾ ਧੁਖਦਾ ਸੀ, ਨਾ ਜਟਾਂ ਵਾਲ਼ੇ ਸੁਆਹ ਨਾਲ਼ ਲਿਬੜੇ ਨੰਗ ਧੜੰਗੇ ਸਾਧ ਕਿਧਰੇ ਦਿਸਦੇ ਸਨ। ਇਹ ਤਾਂ ਆਮ ਘਰਾਂ ਵਰਗਾ ਹੀ ਘਰ ਸੀ। ਉਹ ਸੋਚਣ ਲੱਗਾ ਕਿ ਸ਼ਾਇਦ ਉਹ ਗ਼ਲਤ ਥਾਂ `ਤੇ ਆ ਗਿਆ ਸੀ। ਉਹ ਅਜੇ ਏਸੇ ਉਧੇੜ-ਬੁਣ ਵਿੱਚ ਸੀ ਕਿ ਉਹੋ ਹੀ ਬਜ਼ੁਰਗ਼ ਅੰਦਰੋਂ ਨਿੱਕਲਿਆ ਤੇ ਬੋਲਿਆ, “ਕਿੱਦਾਂ ਬਈ ਜੁਆਨਾ, ਆ ਗਿਐਂ? ਨੌਜਵਾਨ ਨੇ ਗਹੁ ਨਾਲ਼ ਦੇਖਿਆ ਕਿ ਬਜ਼ੁਰਗ਼ ਤਾਂ ਉਹੋ ਹੀ ਸੀ, ਪਰ ਸਿਰ `ਤੇ ਸਾਫ਼ਾ ਸੁਆਰ ਕੇ ਬੰਨ੍ਹਿਆ ਹੋਇਆ ਸੀ, ਕੰਮ-ਕਾਰ ਵਾਲ਼ੇ ਕੱਪੜਿਆਂ ਦੀ ਥਾਂ ਹੁਣ ਸਾਫ਼-ਸੁਥਰੇ ਕੱਪੜੇ ਪਹਿਨੇ ਹੋਏ ਸਨ ਤੇ ਚਿਹਰੇ ਤੇ ਇੱਕ ਅਗੰਮੀ ਨੂਰ ਸੀ।
ਨੌਜਵਾਨ ਨੇ ਕਾਹਲੇ ਪੈਂਦਿਆਂ ਕਿਹਾ, “ਬਾਬਾ ਜੀ, ਜੇ ਤਪਾ ਜੀ ਨੂੰ ਜਲਦੀ ਮਿਲਾ ਦਿੰਦੇ ਤਾਂ ਚੰਗਾ ਸੀ, ਮੇਰੇ ਸਾਥੀ ਦਰਿਆ ਦੇ ਕੰਢੇ ਮੇਰਾ ਇੰਤਜ਼ਾਰ ਕਰਦੇ ਪਏ ਆ, ਉੱਪਰੋਂ ਸ਼ਾਮ ਵੀ ਪੈਣ ਵਾਲ਼ੀ ਐ”।
“ਭਾਈ ਗੁਰਮੁਖਾ, ਮੈਂ ਈ ਆਂ ਨਾਨਕ ਤਪਾ, ਦੱਸ ਕੀ ਸੇਵਾ ਕਰੀਏ ਤੇਰੀ?”
ਨੌਜੁਆਨ ਇਹ ਸੁਣ ਕੇ ਇੱਕ ਵਾਰੀ ਤਾਂ ਭੌਂਚੱਕਾ ਹੋ ਗਿਆ ਕਿ ਇਹ ਕਿਸ ਤਰ੍ਹਾਂ ਦਾ ਤਪਾ ਐ, ਤਪਿਆਂ ਵਾਲੀ ਤਾਂ ਕੋਈ ਵੀ ਗੱਲ ਨਹੀਂ ਪਰ ਫੇਰ ਵੀ ਹੌਸਲਾ ਕਰ ਕੇ ਕਹਿਣ ਲੱਗਾ,
“ਤਪਾ ਜੀ, ਫੇਰ ਤਾਂ ਬਹੁਤ ਭੁੱਲ ਹੋਈ ਮੇਰੇ ਕੋਲੋਂ, ਤੁਸੀਂ ਪੈਦਲ ਮੇਰੇ ਘੋੜੇ ਦੀਆਂ ਵਾਗਾਂ ਫੜੀ ਆਏ ਤੇ ਮੈਂ ਘੋੜੇ ਉੱਤੇ ਬੈਠਾ ਰਿਹਾ, ਮੇਰੇ ਪਾਸੋਂ ਘੋਰ ਅਪਰਾਧ ਹੋ ਗਿਆ ਜੀ”। ਲਗਦਾ ਸੀ ਨੌਜੁਆਨ ਹੁਣੇ ਹੀ ਰੋ ਪਵੇਗਾ।
ਬਾਬੇ ਨੇ ਨੌਜੁਆਨ ਵਲ ਦੇਖਿਆ, ਜਿਸ ਨੇ ਅੱਖਾਂ ਧਰਤੀ `ਚ ਗੱਡੀਆਂ ਹੋਈਆਂ ਸਨ ਤੇ ਪੁੱਛਿਆ,
“ਤੇਰਾ ਨਾਮ ਕੀ ਐ ਨੌਜੁਆਨਾ?”
“ਮੇਰਾ ਨਾਮ ਲਹਿਣਾ ਹੈ ਜੀ” ਨੌਜੁਆਨ ਨੇ ਮਰੀਅਲ਼ ਜਿਹੀ ਆਵਾਜ਼ `ਚ ਉੱਤਰ ਦਿਤਾ। ਉਹ ਅਜੇ ਵੀ ਸ਼ਰਮਿੰਦਗੀ ਦੇ ਅਹਿਸਾਸ ਨਾਲ਼ ਦੱਬਿਆ ਪਿਆ ਸੀ।
ਬਾਬੇ ਨੇ ਬੜੀ ਗਹੁ ਨਾਲ਼ ਨੌਜਵਾਨ ਨੂੰ ਸਿਰ ਤੋਂ ਪੈਰਾਂ ਤਾਈਂ ਦੇਖਿਆ ਤੇ ਬੋਲਿਆ, “ਭਾਈ ਗੁਰਮੁਖਾ, ਤੂੰ ਲਹਿਣੇਦਾਰ ਤੇ ਅਸੀਂ ਦੇਣਦਾਰ ਤੇ ਲਹਿਣੇਦਾਰ ਹਮੇਸ਼ਾ ਘੋੜਿਆਂ `ਤੇ ਚੜ੍ਹ ਕੇ ਹੀ ਆਉਂਦੇ ਹੁੰਦੇ ਐ”।
“ਤਪਾ ਜੀ, ਮੈਨੂੰ ਹੋਰ ਸ਼ਰਮਿੰਦਾ ਨਾ ਕਰੋ, ਮੇਰੇ ਪਾਸੋਂ ਤਾਂ ਪਹਿਲਾ ਭਾਰ ਹੀ ਨਹੀਂ ਚੁੱਕਿਆ ਜਾ ਰਿਹਾ”।
“ਨਾ ਭਾਈ ਨਾ, ਤੂੰ ਇੰਜ ਨਾ ਮਹਿਸੂਸ ਕਰ, ਤੂੰ ਲਹਿਣੇਦਾਰ ਈ ਏਂ”।
“ਤਪਾ ਜੀ, ਮੈਨੂੰ ਕਈ ਸਾਲ ਹੋ ਗਏ ਭਟਕਦੇ ਨੂੰ, ਟਿਕਾਣਾ ਨਹੀਂ ਮਿਲਿਆ, ਹੁਣ ਮੈਨੂੰ ਕਈ ਸਾਲ ਹੋ ਗਏ ਜਥਾ ਲੈ ਕੇ ਦੇਵੀ ਦੇ ਜਾਂਦਿਆਂ ਪਰ ਮੈਂ ਜੋ ਲੱਭਦਾਂ ਉਹ ਨਹੀਂ ਮਿਲਦਾ”, ਨੌਜੁਆਨ ਨੇ ਆਪਣਾ ਦੁਖ ਫੋਲਿਆ।
“ਨੌਜੁਆਨ ਦਾ ਦਰਦ ਬਾਬੇ ਦੇ ਦਿਲ ਵਿੱਚ ਲਹਿ ਗਿਆ। ਨੌਜੁਆਨ ਨੂੰ ਹੌਸਲਾ ਦਿੰਦਿਆਂ ਪੁੱਛਿਆ,
“ਨੌਜਵਾਨਾ ਕੋਈ ਹੋਰ ਸਵਾਲ?”
“ਤਪਾ ਜੀ ਸਵਾਲਾਂ ਦੀ ਗੱਠੜੀ ਚੁੱਕੀ ਤਾਂ ਮੈਂ ਦਰ ਦਰ ਭਟਕਦਾ ਫਿਰਦਾਂ”
“ਇਹ ਭਟਕਣ ਦਾ ਸਮਾਂ ਹੁਣ ਖ਼ਤਮ ਹੋ ਗਿਐ, ਪੁੱਛ ਕੀ ਪੁੱਛਣੈ?” ਬਾਬਾ ਬੋਲਿਆ
“ਜੀ ਮੈਨੂੰ ਅੱਜ ਤੱਕ ਕਿਸੇ ਨੇ ਰੱਬ ਬਾਰੇ ਸਹੀ ਨਹੀਂ ਦੱਸਿਆ। ਕਿਸੇ ਨੇ ਸੂਰਜ ਦੀ ਪੂਜਾ, ਕਿਸੇ ਨੇ ਬ੍ਰਿਛਾਂ ਦੀ ਪੂਜਾ ਤੇ ਕਿਸੇ ਨੇ ਮਨੁੱਖ ਨੂੰ ਹੀ ਰੱਬ ਬਣਾ ਧਰਿਆ, ਬਾਬਾ ਜੀ ਮੈਨੂੰ ਕਮਲ਼ਾ ਕਰ ‘ਤਾ ਏਹਨਾਂ ਲੋਕਾਂ ਨੇ, ਹੁਣ ਦੇਵੀ ਮੰਦਰ ਦੇ ਪੁਜਾਰੀ ਟਾਲ਼ੀ ਜਾਂਦੇ ਐ ਕਈ ਸਾਲਾਂ ਤੋਂ”। ਨੌਜਵਾਨ ਦਾ ਮਨ ਭਰਿਆ ਪਿਆ ਸੀ।
“ਲੈ ਫੇਰ ਸੁਣ ਰੱਬ ਕੀ ਐ ਤੇ ਉਹਦਾ ਸਰੂਪ ਕੀ ਐ, ਧਿਆਨ ਨਾਲ਼ ਸੁਣੀਂ” ਬਾਬੇ ਨੇ ਉਹਨੂੰ ਖ਼ਬਰਦਾਰ ਕੀਤਾ ਤੇ ਉਚਾਰਿਆ,
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
ਉਚਾਰ ਕੇ ਬਾਬੇ ਨੇ ਨੌਜੁਆਨ ਵਲ ਦੇਖਿਆ ਜੋ ਕਿ ਅੰਤਰ ਧਿਆਨ ਹੋਇਆ ਬੈਠਾ ਸੀ। ਬਾਬੇ ਨੇ ਹੁਣ ਬੜੀ ਸਰਲ ਭਾਸ਼ਾ ਵਿੱਚ ਨੌਜਵਾਨ ਨੂੰ ਇਹਦੇ ਅਰਥ ਸਮਝਾਏ। ਨੌਜੁਆਨ ਹੈਰਾਨ ਸੀ ਕਿ ਬਾਬੇ ਨੇ ਏਨੀ ਸਰਲ ਭਾਸ਼ਾ `ਚ ਉਹ ਘੁੰਡੀ ਖੋਲ੍ਹ ਦਿਤੀ ਸੀ ਜੋ ਅਜ ਤਕ ਕਿਸੇ ਨੇ ਨਹੀਂ ਸੀ ਖੋਲ੍ਹੀ ਸਗੋਂ ਉਹ ਜਿਹਨਾਂ ਕੋਲ਼ ਵੀ ਆਪਣੀ ਵੇਦਨਾ ਕਹਿਣ ਗਿਆ ਸੀ ਉਹ ਉਸ ਨੂੰ ਕਿਸੇ ਹੋਰ ਹੀ ਭਾਸ਼ਾ `ਚ ਉਲਝਾਉਂਦੇ ਰਹੇ ਸਨ। ਨੌਜੁਆਨ ਨੂੰ ਲੱਗਿਆ ਕਿ ਉਹਦੀ ਮੰਜ਼ਲ ਉਸ ਨੂੰ ਮਿਲ ਗਈ ਸੀ। ਹੋਰ ਵੀ ਬਚਨ ਬਿਲਾਸ ਹੁੰਦੇ ਰਹੇ। ਬਾਬੇ ਨੇ ਫੇਰ ਪੁੱਛਿਆ, “ਨੌਜੁਆਨਾ ਕੋਈ ਹੋਰ ਪ੍ਰਸ਼ਨ?”
“ਬਾਬਾ ਜੀ, ਮਨ ਬੜਾ ਚੰਚਲ ਐ ਇਸਨੂੰ ਕਿਵੇਂ ਕਾਬੂ ਕਰਾਂ?”
“ਯਾਦ ਐ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਘੋੜੇ ਦੀਆਂ ਵਾਗਾਂ ਮੈਨੂੰ ਫੜਾ ਦੇ ਪਿੱਛੇ ਪਿੱਛੇ ਚਲਿਆ ਆ!”
“ਹਾਂ, ਬਾਬਾ ਜੀ”
ਬਸ ਇੰਜ ਹੀ ਆਪਣੇ ਮਨ ਦੀਆਂ ਵਾਗਾਂ ਮੈਨੂੰ ਫੜਾ ਦੇ ਤੇ ਨਿਸ਼ਚਿੰਤ ਹੋ ਜਾ” ਬਾਬੇ ਨੇ ਅੰਮ੍ਰਿਤਮਈ ਦ੍ਰਿਸ਼ਟੀ ਨੌਜੁਆਨ ਦੇ ਚਿਹਰੇ `ਤੇ ਸੁੱਟਦਿਆਂ ਕਿਹਾ।
ਨੌਜੁਆਨ ਨੇ ਸਿਰ ਝੁਕਾਇਆ।
ਤੇ ਪਾਠਕ ਜਨੋਂ, ਆਪਾਂ ਸਾਰਿਆਂ ਨੇ ਉਹ ਇਤਿਹਾਸ ਪੜ੍ਹਿਆ ਹੈ ਕਿ ਭਾਈ ਲਹਿਣਾ ਆਪਣਾ ਮਨ ਬਾਬੇ ਨੂੰ ਦੇ ਕੇ ਕਿਵੇਂ ਬਾਬੇ `ਚ ਅਭੇਦ ਹੋ ਕੇ ਗੁਰੂ ਅੰਗਦ ਹੋ ਗਿਆ।

ਸਿੱਖਾ! ਗੁਰੂ ਨਾਨਕ ਤਾਂ ਹੁਣ ਵੀ ਤੈਨੂੰ ਆਵਾਜ਼ਾਂ ਮਾਰਦੈ ਕਿ ਆਪਣੇ ਮਨ ਦੀਆਂ ਵਾਗਾਂ ਉਹਨੂੰ ਫੜਾ ਦੇ ਪਰ ਸਿੱਖ ਕਹਿੰਦੈ ਬਾਬਾ ਹੋਰ ਭਾਵੇਂ ਸਭ ਕੁੱਝ ਲੈ ਲੈ ਪਰ ਮੈਂ ਮਨ ਨਹੀਂ ਦੇ ਸਕਦਾ। ਵਧੀਆ ਚੰਦੋਏ, ਰੇਸ਼ਮੀ ਰੁਮਾਲੇ, ਸੋਨੇ ਦੇ ਪੱਤਰੇ, ਅਨੇਕਾਂ ਪ੍ਰਕਾਰ ਦੇ ਲੰਗਰ, ਅਖੰਡ ਪਾਠ, ਸੰਪਟ ਪਾਠ ਕਰਵਾ ਦਊਂ ਪਰ ਮਨ, ਬਾਬਾ ਮੈਂ ਮਨ ਨਹੀਂ ਦੇ ਸਕਦਾ। ਅੱਜ ਕਲ ਕੋਈ ਟਾਵਾਂ ਸਿੱਖ ਹੀ ਬਚਿਆ ਹੋਵੇਗਾ ਜਿਸ ਦਾ ਮਨ ਕਿਸੇ ਸਾਧ ਬੂਬਨੇ ਕੋਲ਼ ਗਿਰਵੀ ਨਾ ਪਿਆ ਹੋਵੇ। ਹੁਕਮਨਾਮਾ ਬਾਣੀ ਦਾ ਸੁਣ ਕੇ ਵੀ ਕਹਿਣਾ ਸਾਧ ਬੂਬਨੇ ਦਾ ਮੰਨਿਆ ਜਾਂਦਾ ਹੈ। ਸਿੱਖਾ ਕੀ ਹੋ ਗਿਆ ਤੈਨੂੰ?
ਸਲਾਮ ਜਵਾਬ ਦੋਵੇਂ ਹੀ ਕਰੀ ਜਾਨੈਂ

ਨਿਰਮਲ ਸਿੰਘ ਕੰਧਾਲਵੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.