ਅੱਜ ਦੀ ਤਾਜ਼ਾ ਖਬਰ ! (ਨਿੱਕੀ ਕਹਾਣੀ)
ਚੁੱਕ ਲਓ ਤੇ ਪਾਓ ਪੁੱਠਾ, ਉਤਾਰੋ ਪੈਂਟ ਈਮਾਨਦਾਰਾਂ ਦੀ ! ਰੱਤਾ ਵੀ ਕਿਓਂ ਫਿਕਰ ਨਹੀਂ ਕਰਦੇ ਰਿਸ਼ਵਤ ਦੇ ਬਾਜ਼ਾਰਾਂ ਦੀ ? (ਬਸ ਅੱਡੇ ਦੇ ਸਾਹਮਣੇ ਬਲਜੀਤ ਸਿੰਘ ਆਪਣੀ ਮੰਡਲੀ ਨਾਲ ਨੁੱਕੜ ਨਾਟਕ "ਭੋਲਾ ਕਾਨੂਨ" ਖੇਡ ਰਿਹਾ ਸੀ)
ਆਓ ਜੀ ਆਓ, ਮਾਫ਼ੀ ਲੈ ਜਾਓ ! ਉਠਾਈਗਿਰੇ ਨੂੰ ਮਿਲੇਗੀ, ਜੇਬਕਤਰੇ ਨੂੰ ਮਿਲੇਗੀ ਤੇ ਮਿਲੇਗੀ ਕਾਲੇ ਚੋਰ ਨੂੰ ! ਤੁਸੀਂ ਵੀ ਨਾ ਭੁੱਲ ਜਾਣਾ ਪੂਰਾ ਕਰਣਾ ਸਾਡੀ ਲੋੜ ਨੂੰ (ਰਿਸ਼ਵਤ ਖੋਰ ਜੱਜ ਬਣੇ ਗੁਰਮੀਤ ਸਿੰਘ ਨੇ ਕਾਫੀਆ ਮਿਲਾਉਂਦੇ ਬੋਲਿਆ)
ਚੋਰ ਕੁਲਜੀਤ ਸਿੰਘ : ਜੱਜ ਸਾਹਿਬ ! ਮੈਂ ਤਾਂ ਕਾਨੂਨ ਦੀ ਬਹੁਤ ਇੱਜਤ ਕਰਦਾ ਹਾਂ ਤੇ ਕਦੀ ਸੁਪਣੇ ਵਿੱਚ ਵੀ ਕਾਨੂਨ ਤੋੜਨ ਦੀ ਸੋਚ ਨਹੀਂ ਸਕਦਾ ! ਚੋਰੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ! (ਆਪਣੇ ਵਕੀਲ ਵੱਲ ਵੇਖਦਾ ਹੈ ਜਿਸਨੇ ਪਹਿਲਾਂ ਹੀ ਜੱਜ ਨਾਲ ਮਾਇਆ ਦੀ ਮਦਦ ਲੈ ਕੇ ਸੈਟਿੰਗ ਕਰ ਲਈ ਸੀ)
ਜੱਜ ਗੁਰਮੀਤ ਸਿੰਘ : ਤੁਸੀਂ ਬਹੁਤ ਹੀ ਨਿਮਰਤਾ ਅੱਤੇ ਹਲੀਮੀ ਭਰੇ ਸ਼ਬਦਾਂ ਵਿੱਚ ਸਪਸ਼ਟੀਕਰਨ ਦਿੱਤਾ ਹੈ, ਕੀ ਤੁਸੀਂ ਚੋਰੀ ਕਰਨਾ ਤਾਂ ਦੂਰ, ਚੋਰੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ ! ਅਸੀਂ ਕਾਨੂਨ ਦੀ ਰੋਸ਼ਿਨੀ ਵਿੱਚ ਬੜੀ ਦੀਰਘ ਵਿਚਾਰ ਕਰਨ ਉਪਰੰਤ ਤੁਹਾਡੇ ਯਾਚਨਾ ਪੱਤਰ ਅੱਤੇ ਸਪਸ਼ਟੀਕਰਨ ਨੂੰ ਪ੍ਰਵਾਨ ਕਰਦੇ ਹੋਏ ਤੁਹਾਨੂੰ ਸਾਰੇ ਇਲਜ਼ਾਮਾਂ ਤੋ ਬਰੀ ਕਰਦੇ ਹਾਂ ਤੇ ਹਿਦਾਇਤ ਕਰਦੇ ਹਾਂ ਕੀ ਅੱਗੇ ਤੋ ਪਕੜੇ ਨਾ ਜਾਣਾ !
ਬਣੇ ਰਹੋ ਪਗਲਾ ! ਕੰਮ ਕਰੇਗਾ ਅਗਲਾ ! ਚੋਰੀ ਕਰੋ ਭਾਵੇਂ ਨਾ ਕਰੋ ਪਰ ਚੋਰੀ ਨਾ ਕਰਨ ਦੀ ਗੱਲ ਤੇ ਅੜੇ ਰਹੋ ! (ਬਾਹਰ ਆਉਣ ਤੋ ਬਾਅਦ ਵਕੀਲ ਨੇ ਅੱਖ ਬਚਾ ਕੇ ਕੁਲਜੀਤ ਸਿੰਘ ਨੂੰ ਅੱਖ ਮਾਰੀ)
ਚੋਰ ਕੁਲਜੀਤ ਸਿੰਘ: 'ਲੋਕਾਂ ਨੂੰ ਕਹਿਣਾ ਜਾਗਦੇ ਰਹੋ ਅਤੇ ਚੋਰਾਂ ਨੂੰ ਕਹਿਣਾ ਲੱਗੇ ਰਹੇ'' ! ਅਜੇ ਪਿਛਲੀ ਵਾਰ ਹੀ ਇੱਕ ਅਜੇਹੇ ਬੰਦੇ ਨੂੰ ਤੁਸੀਂ ਸਜ਼ਾ ਕਰਾਈ ਸੀ ਜੋ ਆਪਣੀ ਬੇਗੁਨਾਹੀ ਦੇ ਸਬੂਤ ਵਿਖਾਉਂਦਾ ਰਿਹਾ ਪਰ ਤੁਸੀਂ ਉਸਨੂੰ ਸਜ਼ਾ ਕਰਵਾ ਹੀ ਦਿੱਤੀ ! "ਸਬੂਤ ਨਕਲੀ ਹੋਣ, ਕੋਈ ਦਿੱਕਤ ਨਹੀਂ ਪਰ ਨੋਟ ਹਮੇਸ਼ਾ ਅਸਲੀ ਹੀ ਹੋਣੇ ਚਾਹੀਦੇ ਹਨ !" (ਦੋਵੇਂ ਜੋਰ ਦੀ ਹਸਦੇ ਹਨ)
ਵਕੀਲ : ਲਿਆਕਤ (ਕਾਨੂਨ ਦੀ ਚੋਰ-ਮੋਰੀਆਂ ਦੀ ਜਾਣਕਾਰੀ) ਅੱਤੇ ਤਾਕਤ (ਅੰਗੂਠੇ ਨਾਲ ਪੈਸੇ ਦਾ ਇਸ਼ਾਰਾ ਕਰਦਾ ਹੈ) ਨਾਲ ਸਾਰੇ ਕੰਮ ਹੋ ਜਾਂਦੇ ਹਨ !
"ਅੱਜ ਦੀ ਤਾਜ਼ਾ ਖਬਰ" - "ਅੱਜ ਦੀ ਤਾਜ਼ਾ ਖਬਰ" : ਅਕਾਲ ਤਖ਼ਤ ਤੋਂ ਜੱਥੇਦਾਰਾਂ ਨੇ ਡੇਰਾ ਮੁਖੀ ਨੂੰ ਸਾਰੇ ਇਲਜ਼ਾਮਾਂ ਤੋ ਬਰੀ ਕੀਤਾ ! (ਬੱਤੀਆਂ ਤੇ ਖੜਾ ਅਖਬਾਰ ਵੇਚਣ ਵਾਲਾ ਹੌਕਾ ਲਾ ਰਿਹਾ ਸੀ)
ਓਏ ! ਇਹ ਤਾਂ ਮੇਰੇ ਵਾਲੀ ਗੱਲ ਹੋ ਗਈ ਦਿਸਦੀ ਹੈ ! ਤੁਹਾਡੀ ਲਿਆਕਤ ਅੱਤੇ ਤਾਕਤ ਵਾਲੀ ਗੱਲ ਵਾਕਈ ਹੀ ਕਾਮਿਆਬ ਨਜਰ ਆਉਂਦੀ ਹੈ (ਕਹਿੰਦੇ ਹੋਏ ਚੋਰ ਕੁਲਜੀਤ ਸਿੰਘ ਜੋਰ ਜੋਰ ਦੀ ਹੱਸਣ ਲੱਗਾ)
ਬਲਵਿੰਦਰ ਸਿੰਘ ਬਾਈਸਨ
http://nikkikahani.com/